ਬਲੂਮਬਰਗ ਗਲੋਬਲ ਬਿਜ਼ਨੈੱਸ ਫੋਰਮ ’ਚ ਉਦਯੋਗਪਤੀਆਂ ਨੂੰ PM ਮੋਦੀ ਵਲੋਂ ਸੱਦਾ

09/26/2019 1:31:22 PM

ਨਿਊਯਾਰਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੁਨੀਆ ਭਰ ਦੀਆਂ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਾਰਪੋਰੇਟ ਕਰ ਦੀ ਦਰ ਵਿਚ ਕਟੌਤੀ ਕਰ ਕੇ ਉਨ੍ਹਾਂ ਲਈ ਸੁਨਹਿਰਾ ਮੌਕਾ ਸਿਰਜਿਆ ਹੈ। ਉਨ੍ਹਾਂ ਨੇ ਦੇਸ਼ ਵਿਚ ਕਾਰੋਬਾਰੀ ਮਾਹੌਲ ਨੂੰ ਸੁਧਾਰਨ ਲਈ ਹੋਰ ਉਪਾਅ ਕਰਨ ਦਾ ਵੀ ਵਾਅਦਾ ਕੀਤਾ।

ਮੋਦੀ ਨੇ ਬਲੂਮਬਰਗ ਗਲੋਬਲ ਬਿਜ਼ਨੈੱਸ ਫੋਰਮ ਵਿਚ ਕੰਪਨੀਆਂ ਦੇ ਮੁਖੀਆਂ ਨੂੰ ਿਕਹਾ ਕਿ ਜੇਕਰ ਤੁਸੀਂ ਵੱਡੇ ਬਾਜ਼ਾਰ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਆਓ, ਜੇਕਰ ਤੁਸੀਂ ਸਟਾਰਅਪ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਆਓ। ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਾਰਪੋਰੇਟ ਕਰ ਦੀ ਪ੍ਰਭਾਵੀ ਦਰ ਨੂੰ ਕਰੀਬ 35 ਫੀਸਦੀ ਤੋਂ ਘਟਾ ਕੇ 25.17 ਫੀਸਦੀ ’ਤੇ ਲਿਆ ਦਿੱਤਾ ਹੈ। ਓਧਰ ਪ੍ਰਧਾਨ ਮੰਤਰੀ ਨੇ 5 ਸਾਲਾਂ ਵਿਚ 50 ਖਰਬ ਡਾਲਰ ਦੀ ਅਰਥਵਿਵਸਥਾ ਬਣਨਾ ਸੰਭਵ ਦੱਸਿਆ ਹੈ।

ਸਮਾਰੋਹ ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ, ਭੂਟਾਨ ਦੇ ਪ੍ਰਧਾਨ ਮੰਤਰੀ ਲੋਤੇ ਸ਼ੇਰਿੰਗ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਮੀ ਸੀਨ ਲੁੰਗ, ਜਮੈਕਾ ਦੇ ਪ੍ਰਧਾਨ ਮੰਤਰੀ ਐਂਡ੍ਰਿਊ ਮਾਈਕਲ ਓਲਨੇਸ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਿਸਿੰਡਾ ਆਰਡਰਨ ਸਮੇਤ ਕਈ ਰਾਸ਼ਟਰ ਮੁਖੀਆਂ ਨੇ ਹਿੱਸਾ ਲਿਆ।

ਹਸੀਨਾ ਨੇ ਪਿਤਾ ਦੇ ਆਦਰਸ਼ ਦੇ ਰੂਪ ਵਿਚ ਕੀਤਾ ਯਾਦ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜੇਦ ਨੇ ਮਹਾਤਮਾ ਗਾਂਧੀ ਨੂੰ ਆਪਣੇ ਪਿਤਾ ਦੇ ਆਦਰਸ਼ ਦੇ ਰੂਪ ਵਿਚ ਯਾਦ ਕੀਤਾ। ਉਨ੍ਹਾਂ ਕਿਹਾ ਕਿ ਗਾਂਧੀ ਜੀ ਸ਼ਾਂਤੀਪ੍ਰਿਯ ਬੰਗਾਲੀਆਂ ’ਤੇ ਪਾਕਿਸਤਾਨ ਦੇ ਸ਼ਾਸਕਾਂ ਦੇ ਅੱਤਿਆਚਾਰ ਅਤੇ ਸ਼ੋਸ਼ਣ ਵਿਰੁੱਧ ਉਨ੍ਹਾਂ ਦੇ ਪਿਤਾ ਸ਼ੇਖ ਮੁਜਿਬੁਰ ਰਹਿਮਾਨ ਦੇ ਅਹਿੰਸਾਤਮਕ ਸੰਘਰਸ਼ ਦੇ ਆਦਰਸ਼ ਸਨ। ਗਾਂਧੀ ਜੀ ਦੇ ਵਿਚਾਰਾਂ ਨੇ ਬੰਦਬੰਧੂ ਦੇ ਅੰਦੋਲਨ ਨੂੰ ਆਕਾਰ ਦੇਣ ਵਿਚ ਸਹਿਯੋਗ ਕੀਤਾ।

ਗਾਂਧੀ ਭਾਰਤੀ ਸਨ ਪਰ ਸਿਰਫ ਭਾਰਤ ਦੇ ਨਹੀਂ ਸਨ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ’ਤੇ ਸੰਯੁਕਤ ਰਾਸ਼ਟਰ ਵਿਚ ਆਪਣੇ ਵਿਚਾਰ ਰੱਖਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਗਾਂਧੀ ਭਾਰਤੀ ਸਨ ਪਰ ਉਹ ਸਿਰਫ ਭਾਰਤ ਦੇ ਨਹੀਂ ਸਨ ਅਤੇ ਇਹ ਮੰਚ ਇਸ ਦੀ ਜਿਊਂਦੀ ਜਾਗਦੀ ਉਦਾਹਰਣ ਹੈ। ਮੋਦੀ ਸਮੇਤ ਵਿਸ਼ਵ ਦੇ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿਚ ਗਾਂਧੀ ਸੌਰ ਪਾਰਕ ਦਾ ਉਦਘਾਟਨ ਕੀਤਾ ਅਤੇ ਗਾਂਧੀ ਦੀ 150ਵੀਂ ਜਯੰਤੀ ’ਤੇ ਸੰਯੁਕਤ ਰਾਸ਼ਟਰ ਨੇ ਉਨ੍ਹਾਂ ਦੀ ਯਾਦ ਵਿਚ ਇਕ ਡਾਕ ਟਿਕਟ ਵੀ ਜਾਰੀ ਕੀਤੀ।

ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਮੋਦੀ ਨੇ ਕਿਹਾ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕੇ ਜਿਨ੍ਹਾਂ ਨਾਲ ਗਾਂਧੀ ਜੀ ਕਦੇ ਮਿਲੇ ਨਹੀਂ, ਉਹ ਵੀ ਉਨ੍ਹਾਂ ਦੇ ਜੀਵਨ ਤੋਂ ਕਿੰਨਾ ਪ੍ਰਭਾਵਿਤ ਰਹੇ। ਮਾਰਟਿਨ ਲੂਥਰ ਕਿੰਗ ਜੂਨੀਅਰ ਹੋਣ ਜਾਂ ਨੈਲਸਨ ਮੰਡੇਲਾ ਉਨ੍ਹਾਂ ਦੇ ਵਿਚਾਰਾਂ ਦਾ ਆਧਾਰ ਮਹਾਤਮਾ ਗਾਂਧੀ ਦੀ ਸੋਚ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੀਤੇ 5 ਸਾਲਾਂ ਵਿਚ ਅਸੀਂ ਜਨ ਹਿੱਸੇਦਾਰੀ ਨੂੰ ਤਰਜੀਹ ਦਿੱਤੀ ਹੈ। ਭਾਵੇਂ ਸਵੱਛ ਭਾਰਤ ਅਭਿਆਨ ਹੋਵੇ ਜਾਂ ਡਿਜੀਟਲ ਇੰਡੀਆ ਹੋਵੇ, ਜਨਤਾ ਇਨ੍ਹਾਂ ਮੁਹਿੰਮਾਂ ਦੀ ਅਗਵਾਈ ਹੁਣ ਖੁਦ ਕਰ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਦੋਸਤੀ ਵਿਚ ਡੂੰਘਾਈ ਲਈ 3 ਦਿਨ ਦੇ ਅੰਦਰ ਹੋਈ ਦੂਸਰੀ ਬੈਠਕ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਨਾਲ ਜੰਗ ਦੀ ਸੰਭਾਵਨਾ ਦੀ ਚਿਤਾਵਨੀ ਦਿੱਤੀ।