5-ਜੀ ਲਾਇੰਸੈਂਸ ਲਈ US ਫਰਮਾਂ ਨਾਲ ਸੰਪਰਕ ਸਾਧ ਰਹੀ Huawei

10/19/2019 12:46:58 PM

ਵਾਸ਼ਿੰਗਟਨ— ਬਲੈਕਲਿਸਟਡ ਚੀਨੀ ਕੰਪਨੀ ਹੁਆਵੇਈ 5-ਜੀ ਲਾਇੰਸੈਂਸਿੰਗ ਹਾਸਲ ਕਰਨ ਲਈ ਯੂ. ਐੱਸ. ਟੈਲੀਕਾਮ ਕੰਪਨੀਆਂ ਨਾਲ ਸੰਪਰਕ ਸਾਧ ਰਹੀ ਹੈ। ਫਿਲਹਾਲ ਇਹ ਗੱਲਬਾਤ ਸ਼ੁਰੂ ਦੇ ਦੌਰ 'ਚ ਹੀ ਹੈ। ਮੌਜੂਦਾ ਸਮੇਂ ਅਮਰੀਕਾ 'ਚ 5-ਜੀ ਪ੍ਰਦਾਤਾ ਨਹੀਂ ਹਨ, ਜਦੋਂ ਕਿ ਇਸ ਦੇ ਮੁਕਾਬਲੇ ਯੂਰਪੀ ਨੋਕੀਆ ਅਤੇ ਐਰਿਕਸਨ ਕਾਫੀ ਮਹਿੰਗੇ ਹਨ। ਇਸ ਲਈ ਯੂ. ਐੱਸ. ਟੈਲੀਕਾਮ ਫਰਮਾਂ ਨਾਲ ਹੁਆਵੇਈ ਸੰਪਰਕ 'ਚ ਹੈ।
 

ਰਾਸ਼ਟਰੀ ਸਕਿਓਰਿਟੀ ਨੂੰ ਖਤਰਾ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਨੇ ਇਸ ਸਾਲ ਮਈ 'ਚ ਹੁਆਵੇਈ ਨੂੰ ਬਲੈਕ ਲਿਸਟ 'ਚ ਪਾ ਦਿੱਤਾ ਸੀ, ਯਾਨੀ ਕੋਈ ਵੀ ਅਮਰੀਕੀ ਕੰਪਨੀ ਸਰਕਾਰ ਦੀ ਬਿਨਾਂ ਇਜ਼ਾਜਤ ਤੋਂ ਇਸ ਚੀਨੀ ਕੰਪਨੀ ਨਾਲ ਸੌਦਾ ਨਹੀਂ ਕਰ ਸਕਦੀ। ਇੰਨਾ ਹੀ ਨਹੀਂ ਵਾਸ਼ਿੰਗਟਨ ਨੇ ਇਸ ਕੰਪਨੀ ਖਿਲਾਫ ਬੈਂਕ ਧੋਖਾਧੜੀ, ਇਰਾਨ ਵਿਰੁੱਧ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਤੇ ਵਪਾਰਕ ਸੂਚਨਾਵਾਂ ਦੀ ਚੋਰੀ ਦੇ ਦੋਸ਼ ਵੀ ਲਾਏ ਸਨ।
ਜ਼ਿਕਰਯੋਗ ਹੈ ਕਿ ਹੁਆਵੇਈ ਵਿਸ਼ਵ ਦੀ ਸਭ ਤੋਂ ਵੱਡੀ ਟੈਲੀਕਾਮ ਉਪਕਰਣ ਪ੍ਰਦਾਤਾ ਕੰਪਨੀ ਹੈ। ਯੂ. ਐੱਸ. 'ਚ ਬਲੈਕ ਲਿਸਟ ਸੂਚੀ 'ਚ ਹੋਣ ਕਾਰਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਟੈਲੀਕਾਮ ਫਰਮਾਂ ਨੂੰ ਹੁਆਵੇਈ ਨਾਲ ਕੋਈ ਵੀ ਸਮਝੌਤਾ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣੀ ਹੋਵੇਗੀ ਪਰ ਇਸ ਨੂੰ ਹਰੀ ਝੰਡੀ ਮਿਲਣਾ ਇੰਨਾ ਸੌਖਾ ਨਹੀਂ ਲੱਗ ਰਿਹਾ।


Related News