ਰਿਲਾਇੰਸ ਇੰਡਸਟਰੀਜ਼ 'ਚ ਸੁਤੰਤਰ ਨਿਰਦੇਸ਼ਕ ਬਣੇ KV ਚੌਧਰੀ

10/19/2019 3:09:43 PM

ਨਵੀਂ ਦਿੱਲੀ— ਸਾਬਕਾ ਸੀ. ਵੀ. ਸੀ. ਤੇ ਸੀ. ਬੀ. ਡੀ. ਟੀ. ਪ੍ਰਮੁਖ ਕੇ. ਵੀ. ਚੌਧਰੀ ਇਕ ਸੁਤੰਤਰ ਨਿਰਦੇਸ਼ਕ ਦੇ ਰੂਪ 'ਚ ਭਾਰਤ ਦੀ ਸਭ ਤੋਂ ਵੱਡੀ ਬਾਜ਼ਾਰ ਪੂੰਜੀਕਰਨ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਬੋਰਡ 'ਚ ਸ਼ਾਮਲ ਹੋਏ ਹਨ। 1978 ਬੈਚ ਦੇ ਭਾਰਤੀ ਰੈਵੇਨਿਊ ਸੇਵਾ (ਆਈ. ਆਰ. ਐੱਸ.) ਅਧਿਕਾਰੀ ਚੌਧਰੀ ਨੂੰ ਅਗਸਤ 2014 'ਚ ਸੈਂਟਰਲ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਮੁਖੀ ਦੇ ਤੌਰ 'ਚ ਨਿਯੁਕਤ ਕੀਤਾ ਗਿਆ ਸੀ, ਜੋ ਇਨਕਮ ਟੈਕਸ ਵਿਭਾਗ ਦੀ ਉੱਚ ਨੀਤੀ ਸੰਸਥਾ ਹੈ।

 

ਜੂਨ 2015 'ਚ ਸੈਂਟਰਲ ਵਿਜੀਲੈਂਸ ਕਮਿਸ਼ਨਰ (ਸੀ. ਵੀ. ਸੀ.) ਬਣਾਏ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਸੇਵਾਮੁਕਤੀ 'ਤੇ ਉਨ੍ਹਾਂ ਨੂੰ ਕਾਲੇ ਧਨ ਨਾਲ ਸੰਬੰਧਤ ਮੁੱਦਿਆਂ 'ਤੇ ਰੈਵੇਨਿਊ ਵਿਭਾਗ 'ਚ ਵੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਰਿਲਾਇੰਸ ਇੰਡਸਟਰੀਜ਼ ਨੇ ਸਟਾਕ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਚੌਧਰੀ ਕੰਪਨੀ ਦੇ ਕਿਸੇ ਵੀ ਨਿਰਦੇਸ਼ਕ ਨਾਲ ਸੰਬੰਧਤ ਨਹੀਂ ਹਨ।

ਜ਼ਿਕਰਯੋਗ ਹੈ ਕਿ ਮਾਰਕੀਟ ਕੈਪ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਆਰ. ਆਈ. ਐੱਲ. ਯਾਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਜੁਲਾਈ-ਸਤੰਬਰ ਤਿਮਾਹੀ 'ਚ ਮੁਨਾਫਾ 11.5 ਫ਼ੀਸਦੀ ਵਧ ਕੇ 11,262 ਕਰੋੜ ਰੁਪਏ ਰਿਹਾ ਹੈ। ਇਸ ਦੌਰਾਨ ਕੰਪਨੀ ਦੀ ਆਮਦਨ 1.48 ਲੱਖ ਕਰੋੜ ਰੁਪਏ ਰਹੀ ਹੈ। ਰਿਲਾਇੰਸ ਇੰਡਸਟਰੀਜ਼ 9 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਬਾਜ਼ਾਰ ਪੂੰਜੀਕਰਨ (ਐੱਮ. ਕੈਪ) ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ। ਦੂਜੀ ਤਿਮਾਹੀ ਦੇ ਵਿੱਤੀ ਨਤੀਜੇ ਆਉਣ ਤੋਂ ਪਹਿਲਾਂ ਰਿਲਾਇੰਸ ਦੇ ਸ਼ੇਅਰਾਂ 'ਚ ਆਈ ਤੇਜ਼ੀ ਕਾਰਨ ਇਹ ਸੰਭਵ ਹੋਇਆ ਹੈ।