ਸੁਪਨਿਆਂ ਦੇ ਘਰ ਲਈ ਕਰਜ਼ਾ ਹੋਵੇਗਾ ਸਸਤਾ

10/08/2019 7:53:50 AM

ਹੈਦਰਾਬਾਦ— ਪਿਛਲੇ ਹਫਤੇ ਆਰ. ਬੀ. ਆਈ. ਵੱਲੋਂ 25 ਆਧਾਰ ਅੰਕ ਰੇਪੋ ਦਰ ਘਟਾਉਣ ਨਾਲ ਹੁਣ ਹੋਮ ਲੋਨ ਦੀਆਂ ਵਿਆਜ ਦਰਾਂ ਛੇਤੀ ਹੀ ਘੱਟ ਹੋ ਜਾਣਗੀਆਂ। ਅਜਿਹੀ ਸਥਿਤੀ ਇਕ ਦਹਾਕੇ ਤੋਂ ਬਾਅਦ ਪੈਦਾ ਹੋਈ ਹੈ।ਪਿਛਲੀ ਵਾਰ 2009 ’ਚ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਸਮੇਤ ਬੈਂਕਾਂ ਵੱਲੋਂ 8 ਫੀਸਦੀ ਵਿਆਜ ’ਤੇ ਘਰਾਂ ਲਈ ਕਰਜ਼ਿਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਕਰਜ਼ਦਾਰਾਂ ਨੂੰ ਉਤਸ਼ਾਹਤ ਕਰਨ ਲਈ ਐੱਸ. ਬੀ. ਆਈ. ਨੇ ਫਿਕਸਡ-ਕਮ-ਫਲੋਟਿੰਗ ਕਰਜ਼ੇ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਟੀਜ਼ਰ ਕਰਜ਼ਿਆਂ ਦੇ ਤੌਰ ’ਤੇ ਜਾਣਿਆ ਜਾਂਦਾ ਸੀ, ਜਿਸ ਅਧੀਨ 1-2 ਵਰ੍ਹਿਆਂ ਲਈ ਫਿਕਸਡ 8 ਫੀਸਦੀ ਵਿਆਜ ਦਰਾਂ ’ਤੇ ਕਰਜ਼ੇ ਪੇਸ਼ ਕੀਤੇ ਸਨ ਅਤੇ ਬਾਅਦ ’ਚ ਇਸ ਦੀ ਦਰ 10 ਫੀਸਦੀ ਤੋਂ ਵੱਧ ਕੀਤੀ ਗਈ ਸੀ।

ਅਕਤੂਬਰ ਮਹੀਨੇ ਦੀ ਸ਼ੁਰੂਆਤ ਦੌਰਾਨ ਅਨੇਕਾਂ ਜਨਤਕ ਖੇਤਰ ਦੇ ਕਰਜ਼ਦਾਤਿਆਂ ਨੇ 8.2 ਅਤੇ 8.4 ਫੀਸਦੀ ਦੇ ਦਰਮਿਆਨ ਪ੍ਰਭਾਵੀ ਦਰ ’ਤੇ ਰੇਪੋ-ਲਿੰਕਡ ਹੋਮ ਲੋਨ ਚਾਲੂ ਕੀਤੇ ਹਨ। ਰੇਪੋ ਦਰ ਉਹ ਦਰ ਹੁੰਦੀ ਹੈ, ਜਿਸ ਅਧੀਨ ਰਿਜ਼ਰਵ ਬੈਂਕ ਵਲੋਂ ਬੈਂਕਾਂ ਨੂੰ ਕਰਜ਼ਾ ਪ੍ਰਦਾਨ ਕੀਤਾ ਜਾਂਦਾ ਹੈ।

ਜਦਕਿ ਕੁਝ ਕੁ ਬੈਂਕ ਜਿਵੇਂ ਸਿੰਡੀਕੇਟ ਬੈਂਕ ਹਰ ਮਹੀਨੇ ਵਿਆਜ ਦਰ ਸੋਧਦਾ ਹੈ, ਬਾਕੀ ਬੈਂਕ ਜਿਵੇਂ ਹਰ ਤਿਮਾਹੀ ਨੂੰ ਸੋਧ ਕਰਦਾ ਹੈ। ਇਸ ਦਾ ਭਾਵ ਇਹ ਹੈ ਕਿ ਵਿਆਜ ਦਰਾਂ ਦੇ ਅਗਲੇ ਮਹੀਨੇ ਜਾਂ ਜਨਵਰੀ 2020 ’ਚ ਡਿੱਗਣ ਦੀ ਸੰਭਾਵਨਾ ਹੈ। ਇਸ ਸਬੰਧ ਵਿਚ ਵਿਸਤਾਰ ’ਚ ਸਿੰਡੀਕੇਟ ਬੈਂਕ ਦੇ ਸੀ. ਈ. ਓ. ਅਤੇ ਐੱਮ. ਡੀ. ਮਿਤ੍ਰੰਜਯ ਮਹਾਪਾਤਰਾ ਨੇ ਦੱਸਿਆ ਹੈ ਕਿ ਅਸੀਂ ਮਹੀਨਾਵਾਰੀ ਦਰਾਂ ਸੋਧਦੇ ਹਾਂ ਅਤੇ ਪਿਛਲੇ ਹਫਤੇ ਦੀ ਰੇਪੋ ਦਰ ਅਗਲੇ ਮਹੀਨੇ ਤੱਕ ਚਲੀ ਜਾਵੇਗੀ।

ਬੈਂਕਾਂ ਦੀ ਰੇਪੋ ਦਰ ਹੁਣ 8.35 ਫੀਸਦੀ ’ਤੇ ਖੜ੍ਹਦੀ ਹੈ, ਜਦਕਿ ਯੂਨੀਅਨ ਬੈਂਕ ਆਫ ਇੰਡੀਆ ਦੇ ਹੋਮ ਲੋਨ ਮੌਜੂਦਾ ਸਮੇਂ 8.25 ਫੀਸਦੀ ਹਨ ਅਤੇ ਜਲਦੀ ਹੀ ਇਹ ਦਰ ਡਿੱਗ ਜਾਵੇਗੀ।ਮੌਜੂਦਾ ਸਮੇਂ ’ਚ ਐੱਸ. ਬੀ. ਆਈ. ਦੀ ਰੇਪੋ ਦਰ 8.2 ਫੀਸਦੀ ਹੈ ਅਤੇ ਛੇਤੀ ਹੀ ਇਹ ਡਿੱਗ ਕੇ 7.95 ਹੋ ਜਾਵੇਗੀ ਪਰ ਸਿੰਡੀਕੇਟ ਬੈਂਕ ਦੇ ਉਲਟ ਐੱਸ. ਬੀ. ਆਈ. 3 ਮਹੀਨਿਆਂ ’ਚ ਇਕ ਵਾਰ ਦਰਾਂ ਸੋਧਦਾ ਹੈ, ਭਾਵ ਕਿ ਜਨਵਰੀ ਤੱਕ। ਵੈਸੇ ਸੂਤਰਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਸ ਦਾ ਅਸਰ ਜਨਵਰੀ ਤੋਂ ਪਹਿਲਾਂ ਹੋ ਜਾਵੇਗਾ। ਇਹ ਜਾਣਕਾਰੀ ਐੱਸ. ਬੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ।


Related News