ਹੁਣ ਮਾਲਗੱਡੀ ਲੇਟ ਹੋਣ 'ਤੇ ਵੀ ਮਿਲੇਗਾ ਹਰਜਾਨਾ, ਗੋਇਲ ਨੇ ਦਿੱਤਾ ਸੰਕੇਤ

01/20/2020 1:58:10 PM

ਨਵੀਂ ਦਿੱਲੀ— ਹੁਣ ਮਾਲਗੱਡੀ ਲੇਟ ਪਹੁੰਚਣ 'ਤੇ ਵੀ ਹਰਜਾਨਾ ਮਿਲ ਸਕਦਾ ਹੈ। ਨਰਿੰਦਰ ਮੋਦੀ ਸਰਕਾਰ 'ਚ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਮਾਲਗੱਡੀਆਂ ਨੂੰ ਨਿਰਧਾਰਤ ਸਮੇਂ ਮੁਤਾਬਕ ਚਲਾਉਣ ਲਈ ਵੱਖਰੇ ਟਰੈਕ ਦੀ ਜ਼ਰੂਰਤ ਦੱਸਦੇ ਹੋਏ ਇਸ ਦਾ ਸੰਕੇਤ ਦਿੱਤਾ ।

ਸ਼ਨੀਵਾਰ ਨੂੰ ਗੋਇਲ ਨੇ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ (ਡੀ. ਐੱਫ. ਸੀ. ਸੀ. ਆਈ. ਐੱਲ.) ਦੇ ਸਥਾਪਨਾ ਦਿਵਸ 'ਤੇ ਕਿਹਾ ਕਿ ਮਾਲਗੱਡੀਆਂ ਅਤੇ ਯਾਤਰੀ ਰੇਲ ਗੱਡੀਆਂ ਦੇ ਤੇਜ਼ੀ ਨਾਲ ਸੰਚਾਲਨ ਲਈ ਦੋਹਾਂ ਨੂੰ ਵੱਖਰੇ ਟਰੈਕਾਂ ਦੀ ਜ਼ਰੂਰਤ ਹੈ। ਰੇਲ ਮੰਤਰੀ ਨੇ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦਾ ਹਵਾਲਾ ਦਿੱਤਾ, ਜੋ ਤੇਜਸ ਟਰੇਨ ਦੇ ਦੇਰੀ 'ਚ ਪਹੁੰਚਣ 'ਤੇ ਮੁਸਾਫਰਾਂ ਨੂੰ ਮੁਆਵਜ਼ਾ ਦਿੰਦੀ ਹੈ।

ਗੋਇਲ ਨੇ 500 ਕਿਲੋਮੀਟਰ ਸਮਰਪਿਤ ਫਰੇਟ ਕੋਰੀਡੋਰ ਨੂੰ ਪੂਰਾ ਕਰਨ ਲਈ ਡੀ. ਐੱਫ. ਸੀ. ਸੀ. ਆਈ. ਐੱਲ. ਨੂੰ ਵਧਾਈ ਦਿੱਤੀ ਤੇ ਮਾਰਚ 2020 ਤੱਕ ਇਸ ਨੂੰ 991 ਕਿਲੋਮੀਟਰ ਦਾ ਟੀਚਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਮੰਤਰੀ ਨੇ ਟਰੇਨਾਂ ਦੇ ਟਾਈਮ ਨਾਲ ਚੱਲਣ ਤੇ ਪਹੁੰਚਣ 'ਤੇ ਜ਼ੋਰ ਦਿੱਤਾ। ਉੱਥੇ ਹੀ, ਡੀ. ਐੱਫ. ਸੀ. ਸੀ. ਆਈ. ਐੱਲ. ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਭਾਰਤੀ ਰੇਲਵੇ ਨੈੱਟਵਰਕ ਨੂੰ ਅਪਗ੍ਰੇਡ ਕਰ ਰਹੀ ਹੈ, ਖਾਸ ਤੌਰ 'ਤੇ ਦਿੱਲੀ-ਮੁੰਬਈ ਤੇ ਦਿੱਲੀ-ਹਾਵੜਾ ਮਾਰਗਾਂ 'ਤੇ ਤੇਜ਼ ਤੇ ਆਧੁਨਿਕ ਟਰੇਨਾਂ ਨੂੰ ਚਲਾਉਣ ਦੀ ਦਿਸ਼ਾ 'ਤੇ ਕੰਮ ਕੀਤਾ ਜਾ ਰਿਹਾ ਹੈ।


Related News