ਕੋਕਾ ਕੋਲਾ ਦਾ ਨਵਾਂ ਧਮਾਕਾ, ਹੁਣ ਵੇਚੇਗੀ ਜਲ ਜ਼ੀਰਾ ਤੇ ਲੱਸੀ

03/30/2019 3:53:54 PM

ਨਵੀਂ ਦਿੱਲੀ— ਕੋਕਾ ਕੋਲਾ ਕੋਲਡ ਡ੍ਰਿੰਕਸ ਦੇ ਘਟਦੇ ਕਾਰੋਬਾਰ ਅਤੇ ਦੇਸੀ ਪ੍ਰਾਡਕਟਸ ਦੀ ਵਧਦੀ ਮਾਰਕੀਟ ਨੂੰ ਦੇਖਦੇ ਹੋਏ ਭਾਰਤ 'ਚ ਹੁਣ 'ਦਾਦੀ ਮਾਂ' ਦੇ ਨੁਸਖੇ 'ਤੇ ਡ੍ਰਿੰਕ ਪ੍ਰਾਡਕਟਸ 'ਚ ਉਤਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਕੋਕਾ ਕੋਲਾ ਭਾਰਤ 'ਚ 2,000 ਸਾਲ ਤੋਂ ਪ੍ਰਚਲਿਤ ਦਾਦੀ ਮਾਂ ਦੇ ਨੁਸਖੇ ਵਾਲੇ ਪ੍ਰਾਡਕਟ ਵੇਚਣ ਦੀ ਤਿਆਰੀ 'ਚ ਹੈ। ਪਹਿਲੀ ਜਲ ਜ਼ੀਰਾ ਵਾਲੀ ਡ੍ਰਿੰਕ ਹੋਵੇਗੀ। ਅਗਲੀ ਡ੍ਰਿੰਕ ਕੱਚੇ ਅੰਬ ਅਤੇ ਮਸਾਲਿਆਂ ਦੇ ਮਿਸ਼ਰਣ ਵਾਲੀ ਹੈ। ਉਸ ਮਗਰੋਂ ਲੱਸੀ ਹੋ ਸਕਦੀ ਹੈ।

ਕੋਕਾ ਕੋਲਾ ਵੱਲੋਂ ਘਰੇਲੂ ਨੁਸਖੇ ਦੇ ਨਾਲ ਉਤਰਨ ਦੀ ਇਕ ਵੱਡੀ ਵਜ੍ਹਾ ਦੁਨੀਆ ਭਰ 'ਚ ਕੋਲਡ ਡ੍ਰਿੰਕਸ ਦੀ ਖਪਤ ਡਿੱਗਣਾ ਹੈ। ਉੱਥੇ ਹੀ, ਲੋਕ ਸਿਹਤ ਨੂੰ ਲੈ ਕੇ ਪਹਿਲਾਂ ਤੋਂ ਕਾਫੀ ਜਾਗਰੂਕ ਹੋ ਗਏ ਹਨ। ਇਕ ਰਿਪੋਰਟ ਮੁਤਾਬਕ, ਪਿਛਲੇ ਤਿੰਨ ਸਾਲਾਂ 'ਚ ਜਲ ਜ਼ੀਰਾ ਵਰਗੇ ਪੈਕੇਡ ਪ੍ਰਾਡਕਟਸ ਦੀ ਮੰਗ 'ਚ 32 ਫੀਸਦੀ ਦੀ ਤੇਜ਼ੀ ਆਈ ਹੈ, ਜੋ ਕੋਲਡ ਡ੍ਰਿੰਕਸ ਦੀ ਮੰਗ ਤੋਂ ਤਿੰਨ ਗੁਣਾ ਵੱਧ ਹੈ। ਕੋਕ ਦੇ ਭਾਰਤ 'ਚ ਸੀ. ਈ. ਓ. ਟੀ. ਕ੍ਰਿਸ਼ਣ ਕੁਮਾਰ ਨੇ ਮੁੰਬਈ 'ਚ ਇਕ ਇੰਟਰਵਿਊ 'ਚ ਕਿਹਾ ਕਿ ਭਾਰਤ ਦੇ 29 ਸੂਬੇ ਕੰਪਨੀ ਲਈ 29 ਦੇਸ਼ਾਂ ਦੇ ਬਰਾਬਰ ਹਨ। ਲੋਕ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ ਅਤੇ ਭੋਜਨ ਤੇ ਪੀਣ ਦੀਆਂ ਆਦਤਾਂ ਵੀ ਵੱਖ-ਵੱਖ ਹਨ।
ਹੁਣ ਤਕ ਭਾਰਤ 'ਚ ਜਲ ਜ਼ੀਰਾ ਵਰਗੇ ਰਿਵਾਇਤੀ ਡ੍ਰਿੰਕਸ ਬਣਾਉਣ 'ਚ ਛੋਟੇ-ਛੋਟੇ ਕਾਰੋਬਾਰ ਹੀ ਲੱਗੇ ਹੋਏ ਹਨ ਪਰ ਹੁਣ ਕੋਕਾ ਕੋਲਾ ਵੀ ਇਸ 'ਚ ਉਤਰਨ ਲਈ ਪੱਬਾਂ ਭਾਰ ਹੈ। ਰਿਪੋਰਟਾਂ ਮੁਤਾਬਕ, ਮਿੰਟ ਮੇਡ ਵਿਟਿੰਗੋ, ਜ਼ੀਕੋ ਕੋਕੋਨੈੱਟ ਵਾਟਰ ਨੂੰ ਲਾਂਚ ਕਰਨ ਮਗਰੋਂ ਹੁਣ ਕੰਪਨੀ ਜਲ ਜ਼ੀਰਾ ਤੇ ਆਮ ਪੰਨਾ ਵਰਗੇ ਦੇਸੀ ਪ੍ਰਾਡਕਟਸ ਲਾਂਚ ਕਰਨ ਵਾਲੀ ਹੈ।


Related News