30 ਜਨਵਰੀ ਤੱਕ Air India ਦੇ ਬੋਲੀਦਾਤਵਾਂ ਦੇ ਨਾਂਵਾਂ ਦੀ ਹੋ ਸਕਦੀ ਹੈ ਘੋਸ਼ਣਾ

01/15/2021 9:42:11 PM

ਨਵੀਂ ਦਿੱਲੀ- ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਦੇ ਨਿੱਜੀਕਰਨ ਲਈ ਬੋਲੀ ਵਿਚ ਹਿੱਸਾ ਲੈਣ ਵਾਲੇ ਨਾਂਵਾਂ ਦੀ ਘੋਸ਼ਣਾ 30 ਜਨਵਰੀ 2021 ਤੱਕ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬੋਲੀ ਦਾ ਦੂਜਾ ਪੜਾਅ ਸ਼ੁਰੂ ਹੋ ਜਾਵੇਗਾ। ਗੌਰਤਲਬ ਹੈ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਏਅਰ ਇੰਡੀਆ ਦੀ ਵਿਕਰੀ ਮਾਰਚ 2021 ਤੱਕ ਪੂਰੀ ਹੋ ਸਕਦੀ ਹੈ।

ਸਰਕਾਰ ਏਅਰ ਇੰਡੀਆ ਵਿਚ ਆਪਣੀ 100 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਇਸ ਸੌਦੇ 'ਤੇ ਗ੍ਰਹਿਣ ਦੇ ਬਦਲ ਹਟਣ ਦਾ ਨਾਂ ਨਹੀਂ ਲੈ ਰਹੇ। 

ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2021 ਵਿਚ ਇਹ ਡੀਲ ਪੂਰੀ ਹੋ ਜਾਵੇਗੀ। ਇਸ ਤੋਂ ਪਹਿਲਾਂ ਸਰਕਾਰ ਨੇ ਏਅਰ ਇੰਡੀਆ ਵਿਚ ਥੋੜ੍ਹੀ ਹਿੱਸੇਦਾਰੀ ਵੇਚਣ ਦਾ ਪ੍ਰਸਤਾਵ ਰੱਖਿਆ ਸੀ ਪਰ ਕੋਈ ਖ਼ਰੀਦਦਾਰ ਨਾ ਮਿਲਣ ਕਾਰਨ ਪੂਰੀ ਹਿੱਸੇਦਾਰੀ ਵੇਚਣ ਦਾ ਫ਼ੈਸਲਾ ਲੈਣਾ ਪਿਆ।

ਸਰਕਾਰ ਦੇ ਮੰਤਰੀ ਮੰਡਲ ਨੇ 27 ਜਨਵਰੀ 2020 ਨੂੰ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਵੇਚਣ ਦੇ ਫ਼ੈਸਲੇ ਨੂੰ ਹਰੀ ਝੰਡੀ ਦਿੱਤੀ ਸੀ। ਸਾਲ 2018 ਵਿਚ ਏਅਰ ਇੰਡੀਆ ਵਿਚ ਹਿੱਸੇਦਾਰੀ ਖ਼ਰੀਦਣ ਲਈ ਕਿਸੇ ਵੀ ਕੰਪਨੀ ਨੇ ਰੁਚੀ ਨਹੀਂ ਦਿਖਾਈ ਸੀ। 31 ਮਾਰਚ 2019 ਤੱਕ ਸਰਕਾਰੀ ਜਹਾਜ਼ ਕੰਪਨੀ 'ਤੇ ਲਗਭਗ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ। ਇਸ ਵਿਚੋਂ ਖ਼ਰੀਦਦਾਰ ਨੂੰ 23,286 ਕਰੋੜ ਰੁਪਏ ਦਾ ਭਾਰ ਆਪਣੇ ਸਿਰ ਲੈਣਾ ਹੋਵੇਗਾ, ਜਦੋਂ ਕਿ ਬਾਕੀ ਕਰਜ਼ ਨੂੰ ਵਿਸ਼ੇਸ਼ ਉਦੇਸ਼ ਲਈ ਬਣਾਏ ਗਏ ਏਅਰ ਇੰਡੀਆ ਐਸੇਟ ਹੋਲਡਿੰਗਜ਼ ਲਿਮਟਿਡ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ।


Sanjeev

Content Editor

Related News