ਸਿਆਸੀ ਖਾਹਿਸ਼ਾਂ ਨਾਲ ਟੁੱਟਦੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ‘ਯਾਦਵ ਪਰਿਵਾਰ’

05/01/2022 2:34:26 AM

-ਵਿਜੇ ਕੁਮਾਰ

ਆਪਣਾ ਦੇਸ਼ ਸਿਆਸੀ ਖਾਹਿਸ਼ਾਂ ਦੇ ਕਾਰਨ ਪੁਰਾਣੇ ਰਜਵਾੜਿਆਂ ਤੋਂ ਲੈ ਕੇ ਆਜ਼ਾਦੀ ਦੇ ਬਾਅਦ ਸਿਆਸੀ ਪਾਰਟੀਆਂ ਦੇ ਪਤਨ ਦਾ ਗਵਾਹ ਰਿਹਾ ਹੈ ਅਤੇ ਦੇਸ਼ ਦੀ ਆਜ਼ਾਦੀ ਦੇ ਬਾਅਦ ਬਣੀਆਂ ਕਈ ਪਾਰਟੀਆਂ ਟੁੱਟਣ ਦਾ ਸ਼ਿਕਾਰ ਬਣੀਆਂ। ਇਨ੍ਹੀਂ ਦਿਨੀਂ ਹੁਣ ਦੇਸ਼ ਦੀਆਂ 120 ਲੋਕ ਸਭਾ ਸੀਟਾਂ ’ਤੇ ਪ੍ਰਭਾਵ ਰੱਖਣ ਵਾਲੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ 2 ਸਭ ਤੋਂ ਵੱਡੇ ਸਿਆਸੀ ‘ਯਾਦਵ’ ਪਰਿਵਾਰਾਂ ਦੇ ਮੈਂਬਰਾਂ ਦੀਆਂ ਖਾਹਿਸ਼ਾਂ ਦੇ ਕਾਰਨ ਉਨ੍ਹਾਂ ’ਚ ਅੰਦਰੂਨੀ ਕਲੇਸ਼ ਜ਼ੋਰਾਂ ’ਤੇ ਹੈ।
ਸਮਾਜਵਾਦੀ ਪਾਰਟੀ ਦੀ ਸਥਾਪਨਾ 1992 ’ਚ ਮੁਲਾਇਮ ਸਿੰਘ ਯਾਦਵ ਨੇ ਚੰਦਰਸ਼ੇਖਰ ਦੀ ਅਗਵਾਈ ਵਾਲੀ ‘ਸਮਾਜਵਾਦੀ ਜਨਤਾ ਪਾਰਟੀ’ ਤੋਂ ਵੱਖ ਹੋ ਕੇ ਕੀਤੀ ਸੀ। ਮੁਲਾਇਮ ਸਿੰਘ ਦੇ ਪਰਿਵਾਰ ’ਚ 2017 ’ਚ ਅਸਹਿਮਤੀ ਦੇ ਸੁਰ ਉਸ ਸਮੇਂ ਉਭਰੇ ਜਦੋਂ ਉਨ੍ਹਾਂ ਦੇ ਭਰਾ ਸ਼ਿਵਪਾਲ ਯਾਦਵ ਨੇ ਪਹਿਲਾਂ ‘ਸਮਾਜਵਾਦੀ ਸੈਕੁਲਰ ਮੋਰਚਾ’ ਬਣਾਇਆ ਅਤੇ ਫਿਰ ਚੋਣ ਲੜਨ ਲਈ ‘ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ’ (ਪ੍ਰਸਪਾ) ਦਾ ਗਠਨ ਕੀਤਾ। ਇਸੇ ਦਰਮਿਆਨ ਚੋਣਾਂ ਤੋਂ ਠੀਕ ਪਹਿਲਾਂ ਮੁਲਾਇਮ ਸਿੰਘ ਯਾਦਵ ਦੀ ਦੂਸਰੀ ਪਤਨੀ ਸਾਧਨਾ ਸਿੰਘ ਦੇ ਪੁੱਤਰ ਪ੍ਰਤੀਕ ਯਾਦਵ ਦੀ ਪਤਨੀ ਅਪਰਨਾ ਯਾਦਵ ਨੇ 19 ਜਨਵਰੀ ਨੂੰ ਭਾਜਪਾ ’ਚ ਸ਼ਾਮਲ ਹੋ ਕੇ ਧਮਾਕਾ ਕਰ ਦਿੱਤਾ।
ਇਸ ਝਟਕੇ ਤੋਂ ਉਭਰਨ ਲਈ ਅਖਿਲੇਸ਼ ਯਾਦਵ ਨੇ ਸ਼ਿਵਪਾਲ ਯਾਦਵ ਨਾਲ ਗਠਜੋੜ ਕਰ ਕੇ ਚੋਣ ਲੜੀ ਪਰ ਅਖਿਲੇਸ਼ ਵੱਲੋਂ ਸ਼ਿਵਪਾਲ ਨੂੰ ਲੋੜੀਂਦੀਆਂ ਸੀਟਾਂ ਨਾ ਦੇਣ ਕਾਰਨ ਦੋਵਾਂ ਦਰਮਿਆਨ ਵਿਵਾਦ ਫਿਰ ਵਧ ਗਿਆ ਅਤੇ ਇਨ੍ਹੀਂ ਦਿਨੀਂ ਸ਼ਿਵਪਾਲ ਭਤੀਜੇ ਅਖਿਲੇਸ਼ ਯਾਦਵ ਨਾਲ ਕਾਫੀ ਨਾਰਾਜ਼ ਦੱਸੇ ਜਾ ਰਹੇ ਹਨ। ਸੂਬੇ ਦੀ ਸਿਆਸਤ ’ਚ ਚਾਚੇ-ਭਤੀਜੇ ਦੀ ਲੜਾਈ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਦੇ ਬਾਅਦ ਦੋਵਾਂ ਦੇ ਦਰਮਿਆਨ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ ਅਤੇ ਸ਼ਿਵਪਾਲ ਯਾਦਵ ਦੇ ਆਪਣੇ ਸਮਰਥਕਾਂ ਨਾਲ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਜ਼ੋਰਾਂ ’ਤੇ ਹੈ ਜਿਸ ਦੇ ਸਬੰਧ ’ਚ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ : ‘‘ਜੇਕਰ ਸਾਡੇ ਚਾਚੇ ਨੂੰ ਭਾਜਪਾ ਲੈਣਾ ਚਾਹੁੰਦੀ ਹੈ ਤਾਂ ਦੇਰ ਕਿਉਂ ਕਰ ਰਹੀ ਹੈ? ਮੈਨੂੰ ਚਾਚਾ ਜੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਪਰ ਭਾਜਪਾ ਦੱਸ ਸਕਦੀ ਹੈ ਕਿ ਉਹ ਕਿਉਂ ਖੁਸ਼ ਹੈ? ਚਾਚਾ ਭਾਜਪਾ ’ਚ ਜਾਣਾ ਚਾਹੁੰਦੇ ਹਨ ਤਾਂ ਚਲੇ ਜਾਣ, ਇਸ ’ਚ ਦੇਰ ਕਿਉਂ ਕਰ ਰਹੇ ਹਨ!’’
ਇਸ ਦੇ ਜਵਾਬ ’ਚ ਸ਼ਿਵਪਾਲ ਯਾਦਵ ਨੇ ਮੋੜਵਾਂ ਵਾਰ ਕਰਦੇ ਹੋਏ ਕਿਹਾ ਹੈ ਕਿ ‘‘ਇਹ ਇਕ ਗੈਰ-ਜ਼ਿੰਮੇਵਾਰਾਨਾ ਅਤੇ ਨਾਦਾਨੀ ਵਾਲਾ ਬਿਆਨ ਹੈ। ਮੈਂ ਹਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਜੇਤੂ ਸਪਾ ਦੇ 111 ਵਿਧਾਇਕਾਂ ’ਚੋਂ ਇਕ ਹਾਂ। ਜੇਕਰ ਉਹ ਮੈਨੂੰ ਭਾਜਪਾ ’ਚ ਭੇਜਣਾ ਚਾਹੁੰਦੇ ਹਨ ਤਾਂ ਮੈਨੂੰ ਪਾਰਟੀ ’ਚੋਂ ਕੱਢ ਦੇਣ।’’ ਸ਼ਿਵਪਾਲ ਯਾਦਵ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਮਾਜਵਾਦੀ ਪਾਰਟੀ ’ਚ ਉਨ੍ਹਾਂ ਦੀ ਲਗਾਤਾਰ ਅਣਦੇਖੀ ਹੋਈ ਹੈ ਅਤੇ ਉਨ੍ਹਾਂ ਨੂੰ ਪਾਰਟੀ ’ਚ ਨਿਰਾਦਰ ਦੇ ਸਿਵਾਏ ਕੁਝ ਨਹੀਂ ਮਿਲਿਆ : ‘‘ਜੇਕਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਆਸਾਨੀ ਨਾਲ ਸੱਤਾ ਤੋਂ ਹਟਾਇਆ ਜਾ ਸਕਦਾ ਸੀ ਪਰ ‘ਵਿਨਾਸ਼ਕਾਲੇ ਵਿਪਰੀਤ ਬੁੱਧੀ’।’’
ਦੂਜੇ ਪਾਸੇ ਬਿਹਾਰ ’ਚ ਰਾਸ਼ਟਰੀ ਜਨਤਾ ਪਾਰਟੀ (ਰਾਜਦ) ਦੇ ਮੁਖੀ ਲਾਲੂ ਯਾਦਵ ਦਾ ਪਰਿਵਾਰ ਵੀ ਇਨ੍ਹੀਂ ਦਿਨੀਂ ਭਾਰੀ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੈ ਅਤੇ ਲਾਲੂ ਦੇ ਵੱਡੇ ਬੇਟੇ ਤੇਜ ਪ੍ਰਤਾਪ ਅਤੇ ਛੋਟੇ ਬੇਟੇ ਤੇਜਸਵੀ ਯਾਦਵ ’ਚ ਕੁਝ ਸਮੇਂ ਤੋਂ ਮਤਭੇਦਾਂ ਦੀ ਚਰਚਾ ਜ਼ੋਰਾਂ ’ਤੇ ਹੈ ਜਿਨ੍ਹਾਂ ਨੂੰ ਲਾਲੂ ਯਾਦਵ ਸਾਧ ਨਹੀਂ ਪਾ ਰਹੇ। ਹੁਣ ਜਦਕਿ ਤੇਜਸਵੀ ਯਾਦਵ ਨੂੰ ਲਾਲੂ ਯਾਦਵ ਲਗਭਗ ਆਪਣਾ ਵਾਰਿਸ ਐਲਾਨ ਕਰ ਚੁੱਕੇ ਹਨ ਅਤੇ ਉਹ ਰਾਜਦ ’ਚ ਰੋਜ਼ਾਨਾ ਮਜ਼ਬੂਤ ਹੁੰਦੇ ਜਾ ਰਹੇ ਹਨ, ਅਜਿਹੇ ’ਚ ਰਾਬੜੀ ਦੇਵੀ ਵੀ ਇਹੀ ਚਾਹੁੰਦੀ ਹੈ ਕਿ ਤੇਜਸਵੀ ਯਾਦਵ ਦੇ ਹੱਥਾਂ ’ਚ ਪਾਰਟੀ ਦੀ ਕਮਾਨ ਹੋਵੇ ਪਰ ਉਨ੍ਹਾਂ ਦੀ ਇਹ ਵੀ ਇੱਛਾ ਹੈ ਕਿ ਤੇਜ ਪ੍ਰਤਾਪ ਦੀ ਹੈਸੀਅਤ ਵੀ ਘੱਟ ਨਾ ਹੋਵੇ ਪਰ ਪਾਰਟੀ ’ਚ ਤੇਜ ਪ੍ਰਤਾਪ ਦੀ ਹੈਸੀਅਤ ਤੇਜਸਵੀ ਵਰਗੀ ਨਹੀਂ ਹੈ।
ਪਾਰਟੀ ਦਾ ਕੋਈ ਵੱਡਾ ਨੇਤਾ ਤੇਜ ਪ੍ਰਤਾਪ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਅਤੇ ਸਮੇਂ-ਸਮੇਂ ’ਤੇ ਤੇਜ ਪ੍ਰਤਾਪ ਯਾਦਵ ਵੱਲੋਂ ਚੁੱਕੇ ਜਾਣ ਵਾਲੇ ‘ਨਾਟਕੀ’ ਕਦਮਾਂ ਨਾਲ ਪਰਿਵਾਰ ’ਚ ਵਿਵਾਦ ਪੈਦਾ ਹੁੰਦਾ ਰਹਿੰਦਾ ਹੈ। ਤੇਜ ਪ੍ਰਤਾਪ ਲੰਬੇ ਸਮੇਂ ਤੋਂ ਆਪਣੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵੱਖਰੇ, ਵਿਧਾਇਕ ਦੇ ਤੌਰ ’ਤੇ ਅਲਾਟ ਆਪਣੇ ਸਰਕਾਰੀ ਬੰਗਲੇ ’ਚ ਰਹਿ ਰਹੇ ਸਨ ਪਰ 26 ਅਪ੍ਰੈਲ ਨੂੰ ਅਚਾਨਕ ਉਹ ਆਪਣੀ ਮਾਂ ਰਾਬੜੀ ਦੇਵੀ ਦੀ ਰਿਹਾਇਸ਼ ’ਤੇ ਪਹੁੰਚੇ ਅਤੇ ਉੱਥੇ ਰਾਤ ਬਿਤਾਉਣ ਦੇ ਨਾਲ ਹੀ ਇਹ ਐਲਾਨ ਕਰ ਦਿੱਤਾ ਕਿ ਹੁਣ ਉਹ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਅਲਾਟ ਬੰਗਲੇ ’ਚ ਨਹੀਂ ਰਹਿਣਗੇ।
ਉਨ੍ਹਾਂ ਦੇ ਮਾਂ ਦੀ ਰਿਹਾਇਸ਼ ’ਚ ਫਿਰ ਤੋਂ ਪਰਤ ਆਉਣ, ਭਾਵ ਇਸ ‘ਪੁਨਰਮਿਲਣ’ ਨੂੰ ਪਰਿਵਾਰ ਦੇ ਲਈ ਖੁਸ਼ੀ ਤੋਂ ਵੱਧ ‘ਖਦਸ਼ਿਆਂ’ ਭਰਿਆ ਮੰਨਿਆ ਜਾ ਰਿਹਾ ਹੈ, ਜਿਸ ਦਾ ਸੰਕੇਤ ਤੇਜ ਪ੍ਰਤਾਪ ਦੇ 25 ਅਪ੍ਰੈਲ ਦੇ ਟਵੀਟ ਤੋਂ ਮਿਲਦਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਹੈ ਕਿ ਉਹ (ਰਾਜਦ ਤੋਂ) ਆਪਣਾ ਅਸਤੀਫਾ ਜਲਦੀ ਹੀ ਆਪਣੇ ਪਿਤਾ ਲਾਲੂ ਪ੍ਰਸਾਦ ਨੂੰ ਸੌਂਪ ਦੇਣਗੇ। ਕੁਝ ਸਮਾਂ ਪਹਿਲਾਂ ਪਾਰਟੀ ਦੀ ਯੂਥ ਇਕਾਈ ਦੇ ਇਕ ਅਹੁਦੇਦਾਰ ਵੱਲੋਂ ਤੇਜ ਪ੍ਰਤਾਪ ਦੇ ਵਿਰੁੱਧ ਲਾਏ ਗਏ ਗੰਭੀਰ ਦੋਸ਼ਾਂ ਤੋਂ ਪੈਦਾ ਵਿਵਾਦ ਨੇ ਵੀ ਪਾਰਟੀ ਲਈ ਇਕ ਅਣਸੁਖਾਵੀਂ ਸਥਿਤੀ ਪੈਦਾ ਕਰ ਰੱਖੀ ਹੈ। ਅਸਲ ’ਚ ਸਿਆਸੀ ਪਾਰਟੀਆਂ ’ਚ ਟੁੱਟਣ ਅਤੇ ਪਰਿਵਾਰਾਂ ’ਚ ਚੁੱਕ-ਥਲ ਦਾ ਸਿਲਸਿਲਾ ਨਿੱਜੀ ਖਾਹਿਸ਼ਾਂ ਦਾ ਹੀ ਨਤੀਜਾ ਹੈ। ਅਜਿਹੇ ’ਚ ਕਹਿਣਾ ਮੁਸ਼ਕਲ ਹੈ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਦੇ 2 ਸਭ ਤੋਂ ਵੱਡੇ ਸਿਆਸੀ ਪਰਿਵਾਰਾਂ ਦਾ ਅੰਦਰੂਨੀ ਕਲੇਸ਼ ਕਿੱਥੇ ਜਾ ਕੇ ਰੁਕੇਗਾ ਜਿਸ ਨਾਲ ਇਨ੍ਹਾਂ ਦਾ ਸਿਆਸੀ ਆਧਾਰ ਖਿਸਕ ਰਿਹਾ ਹੈ।


Gurdeep Singh

Content Editor

Related News