ਕੀ ਭਾਰਤੀਆਂ ਨੂੰ ਜਲਦ ਹੀ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ’ਚ ਸਥਿਤ ਸ਼ਾਰਦਾਪੀਠ ਦੇ ਦਰਸ਼ਨ ਹੋਣਗੇ

01/13/2020 2:05:31 AM

ਵਿਨੀਤ ਨਾਰਾਇਣ

ਅੱਜ ਸਾਡੇ ਦਫਤਰ ’ਚ ਸ਼ਾਰਦਾਪੀਠ ਕਸ਼ਮੀਰ ਦੇ ਸ਼ੰਕਰਾਚਾਰੀਆ ਸਵਾਮੀ ਅੰਮ੍ਰਿਤਨੰਦ ਦੇਵ ਤੀਰਥ ਪਧਾਰੇ। ਉਨ੍ਹਾਂ ਨੇ ਇਸ ਵਿਸ਼ੇ ’ਚ ਹੇਠ ਲਿਖੀ ਜਾਣਕਾਰੀ ਦਿੱਤੀ। 1947 ’ਚ ਜਦੋਂ ਭਾਰਤ ਆਜ਼ਾਦ ਹੋਇਆ ਸੀ, ਉਦੋਂ ਜੰਮੂ-ਕਸ਼ਮੀਰ ਦਾ ਕੁਲ ਖੇਤਰਫਲ ਸੀ 2,22,236 ਵਰਗ ਕਿਲੋਮੀਟਰ, ਜਿਸ ’ਚੋਂ ਚੀਨ ਅਤੇ ਪਾਕਿਸਤਾਨ ਨੇ ਮਿਲ ਕੇ ਲੱਗਭਗ ਅੱਧੇ ਜੰਮੂ-ਕਸ਼ਮੀਰ ’ਤੇ ਕਬਜ਼ਾ ਕੀਤਾ ਹੋਇਆ ਹੈੈ ਅਤੇ ਭਾਰਤਵਰਸ਼ ਕੋਲ ਸਿਰਫ 2,02,387 ਵਰਗ ਕਿਲੋਮੀਟਰ ਕਸ਼ਮੀਰ ਭੂਮੀ ਬਾਕੀ ਹੈ। ਜੰਮੂ-ਕਸ਼ਮੀਰ ਦੇ ਜੋ ਹਿੱਸੇ ਅੱਜ ਸਾਡੇ ਕੋਲ ਨਹੀਂ ਹਨ, ਉਨ੍ਹਾਂ ’ਚ ਗਿਲਗਿਤ, ਬਾਲਟਿਸਤਾਨ, ਬਜਾਰਤ, ਚਿੱਲਾਸ, ਹਾਜੀ ਪੀਰ ਆਦਿ ਹਿੱਸੇ ’ਤੇ ਪਾਕਿਸਤਾਨ ਦਾ ਸਿੱਧਾ ਸ਼ਾਸਨ ਹੈ ਅਤੇ ਮੁਜ਼ੱਫਰਾਬਾਦ, ਮੀਰਪੁਰ, ਕੋਟਲੀ ਅਤੇ ਸ਼ੰਬ ਆਦਿ ਇਲਾਕੇ, ਹਾਲਾਂਕਿ ਖੁਦਮੁਖਤਿਆਰ ਸ਼ਾਸਨ ’ਚ ਹਨ ਪਰ ਇਹ ਇਲਾਕੇ ਵੀ ਪਾਕਿ ਦੇ ਕੰਟਰੋਲ ਵਿਚ ਹਨ।

ਪਾਕਿਸਤਾਨ ਕੰਟਰੋਲ ਵਾਲੇ ਇਸੇ ਕਸ਼ਮੀਰ ਦੇ ਮੁਜ਼ੱਫਰਾਬਾਦ ਜ਼ਿਲੇ ਦੀ ਹੱਦ ਦੇ ਕੰਢੇ ਤੋਂ ਪਵਿੱਤਰ ਕ੍ਰਿਸ਼ਨ-ਗੰਗਾ ਨਦੀ ਵਹਿੰਦੀ ਹੈ। ਕ੍ਰਿਸ਼ਨ-ਗੰਗਾ ਨਦੀ ਉਹੀ ਹੈ, ਜਿਸ ਵਿਚ ਸਮੁੰਦਰ ਮੰਥਨ ਤੋਂ ਬਾਅਦ ਬਾਕੀ ਬਚੇ ਅੰਮ੍ਰਿਤ ਨੂੰ ਰਾਖਸ਼ਸਾਂ ਤੋਂ ਲੁਕੋ ਕੇ ਰੱਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਬ੍ਰਹਮਾ ਜੀ ਨੇ ਉਸ ਦੇ ਕੰਢੇ ਮਾਂ ਸ਼ਾਰਦਾ ਦਾ ਮੰਦਰ ਬਣਾ ਕੇ ਉਨ੍ਹਾਂ ਨੂੰ ਉਥੇ ਸਥਾਪਿਤ ਕੀਤਾ ਸੀ।

ਜਿਸ ਦਿਨ ਤੋਂ ਮਾਂ ਸ਼ਾਰਦਾ ਉਥੇ ਬਿਰਾਜਮਾਨ ਹੋਈ, ਉਸ ਦਿਨ ਤੋਂ ਹੀ ਸਾਰਾ ਕਸ਼ਮੀਰ ਉਨ੍ਹਾਂ ਦੀ ਅਰਾਧਨਾ ਕਰਦਾ ਰਿਹਾ ਹੈ ਅਤੇ ਉਨ੍ਹਾਂ ਕਸ਼ਮੀਰੀਆਂ ਉੱਤੇ ਮਾਂ ਸ਼ਾਰਦਾ ਦੀ ਅਜਿਹੀ ਕ੍ਰਿਪਾ ਹੋਈ ਕਿ ਆਸ਼ਟਾਂਗਯੋਗ ਅਤੇ ਆਸ਼ਟਾਂਗਹਿਰਦੈ ਲਿਖਣ ਵਾਲੇ ਵਾਗਭਟ ਉਥੇ ਹੀ ਜਨਮੇ, ਨੀਲਮਤ ਪੁਰਾਣ ਉਥੇ ਹੀ ਰਚਿਆ ਗਿਆ, ਚਰਕ ਸੰਹਿਤਾ, ਸ਼ਿਵ ਪੁਰਾਣ, ਕਲਹਣ ਦੀ ਰਾਜਤਰੰਗਿਣੀ, ਸਾਰੰਗ ਦੇਵ ਦੀ ਸੰਗੀਤ ਰਤਨਕਾਰ ਸਭ ਦੇ ਸਭ ਗ੍ਰੰਥ ਉਥੇ ਹੀ ਰਚੇ ਗਏ, ਉਸ ਕਸ਼ਮੀਰ ਵਿਚ ਜੋ ਰਾਮ ਕਥਾ ਲਿਖੀ ਗਈ, ਉਸ ਵਿਚ ਮੱਕੇਸ਼ਵਰ ਮਹਾਦੇਵ ਦਾ ਵਰਣਨ ਸਭ ਤੋਂ ਪਹਿਲਾਂ ਸਪੱਸ਼ਟ ਤੌਰ ’ਤੇ ਆਇਆ। ਸ਼ੈਵ-ਦਾਰਸ਼ਨਿਕਾਂ ਦੀ ਲੰਮੀ ਪ੍ਰੰਪਰਾ ਕਸ਼ਮੀਰ ਤੋਂ ਹੀ ਸ਼ੁਰੂ ਹੋਈ।

ਚਿਕਿਤਸਾ, ਖਗੋਲ ਸ਼ਾਸਤਰ, ਜੋਤਿਸ਼, ਦਰਸ਼ਨ, ਵਿਧੀ, ਨਿਆਂ ਸ਼ਾਸਤਰ, ਪਾਕ ਕਲਾ, ਚਿੱਤਰਕਲਾ ਅਤੇ ਭਵਨ ਸ਼ਿਲਪ ਵਿਧਾਵਾਂ ਦਾ ਵੀ ਪ੍ਰਸਿੱਧ ਕੇਂਦਰ ਸੀ ਕਸ਼ਮੀਰ ਕਿਉਂਕਿ ਉਸ ’ਤੇ ਮਾਂ ਸ਼ਾਰਦਾ ਦਾ ਪੂਰਾ-ਪੂਰਾ ਆਸ਼ੀਰਵਾਦ ਸੀ। ਹਿਊਨਸਾਂਗ ਨੇ ਆਪਣੀ ਯਾਤਰਾ ਦੇ ਵੇਰਵੇ ਵਿਚ ਲਿਖਿਆ ਹੈ ਕਿ ਸ਼ਾਰਦਾਪੀਠ ਕੋਲ ਉਸ ਨੇ ਅਜਿਹੇ-ਅਜਿਹੇ ਵਿਦਵਾਨ ਦੇਖੇ, ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿ ਕੋਈ ਇੰਨਾ ਵੀ ਵਿਦਵਾਨ ਹੋ ਸਕਦਾ ਹੈ। ਸ਼ਾਰਦਾਪੀਠ ਦੇ ਕੋਲ ਹੀ ਇਕ ਬਹੁਤ ਵੱਡਾ ਵਿੱਦਿਆਪੀਠ ਸੀ, ਜਿਥੇ ਦੁਨੀਆ ਭਰ ਤੋਂ ਵਿਦਿਆਰਥੀ ਗਿਆਨ ਹਾਸਿਲ ਕਰਨ ਲਈ ਆਉਂਦੇ ਸਨ।

ਮਾਂ ਸ਼ਾਰਦਾ ਦੇ ਉਸ ਪਵਿੱਤਰ ਪੀਠ ਵਿਚ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲਾਂ ਤੋਂ ਹਰ ਸਾਲ ਭਾਦਰਪਦ ਸ਼ੁਕਲ ਪਕਸ਼ ਅਸ਼ਟਮੀ ਦੇ ਦਿਨ ਇਕ ਵਿਸ਼ਾਲ ਮੇਲਾ ਲੱਗਦਾ ਸੀ, ਜਿਥੇ ਭਾਰਤ ਦੇ ਕੋਨੇ-ਕੋਨੇ ਤੋਂ ਵਾਗਦੇਵੀ ਸਰਸਵਤੀ ਦੇ ਉਪਾਸ਼ਕ ਸਾਧਨਾ ਕਰਨ ਆਉਂਦੇ ਸਨ। ਭਾਦਰਪਦ ਮਹੀਨੇ ਦੀ ਅਸ਼ਟਮੀ ਮਿਤੀ ਨੂੰ ਸ਼ਾਰਦਾ ਅਸ਼ਟਮੀ ਇਸੇ ਲਈ ਕਿਹਾ ਜਾਂਦਾ ਸੀ। ਸ਼ਾਰਦਾ ਤੀਰਥ ਸ਼੍ਰੀਨਗਰ ਤੋਂ ਲੱਗਭਗ ਸਵਾ ਸੌ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੈ ਅਤੇ ਉਥੋਂ ਦੇ ਲੋਕ ਤਾਂ ਪੈਦਲ ਮਾਂ ਦੇ ਦਰਸ਼ਨ ਕਰਨ ਜਾਂਦੇ ਸਨ।

ਸ਼ਾਸਤਰਾਂ ’ਚ ਇਕ ਬੜੀ ਰੌਚਕ ਕਥਾ ਮਿਲਦੀ ਹੈ ਕਿ ਕਥਿਤ ਨੀਵੀਂ ਜਾਤੀ ਦੇ ਇਕ ਵਿਅਕਤੀ ਨੂੰ ਭਗਵਾਨ ਸ਼ਿਵ ਦੀ ਉਪਾਸ਼ਨਾ ਨਾਲ ਇਕ ਪੁੱਤਰ ਪ੍ਰਾਪਤ ਹੋਇਆ, ਜਿਸ ਦਾ ਨਾਂ ਉਸ ਜੋੜੇ ਨੇ ਸ਼ਾਂਡਲੀ ਰੱਖਿਆ। ਸ਼ਾਂਡਲੀ ਬਹੁਤ ਪ੍ਰਤਿਭਾਵਾਨ ਸੀ। ਉਸ ਨਾਲ ਈਰਖਾ ਭਾਵ ਰੱਖਣ ਕਾਰਣ ਬ੍ਰਾਹਮਣਾਂ ਨੇ ਉਸ ਦਾ ਯਗੋਪਵਿਤ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਨਿਰਾਸ਼ ਸ਼ਾਂਡਲੀ ਨੂੰ ਰਿਸ਼ੀ ਵਸ਼ਿਸ਼ਟ ਨੇ ਮਾਂ ਸ਼ਾਰਦਾ ਦੇ ਦਰਸ਼ਨ ਕਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਦੀ ਸਲਾਹ ’ਤੇ ਜਦੋਂ ਉਹ ਉਥੇ ਪਹੁੰਚੇ ਤਾਂ ਮਾਂ ਨੇ ਉਨ੍ਹਾਂ ਨੂੰ ਦਰਸ਼ਨ ਦਿੱਤੇ। ਉਨ੍ਹਾਂ ਨੇ ਉਸ ਨੂੰ ਨਾਂ ਦਿੱਤਾ ਰਿਸ਼ੀ ਸ਼ਾਂਡਿਲਯ। ਅੱਜ ਹਿੰਦੂਆਂ ਦੇ ਅੰਦਰ ਹਰੇਕ ਜਾਤੀ ਵਿਚ ਸ਼ਾਂਡਿਲਯ ਗੋਤ ਪਾਇਆ ਜਾਂਦਾ ਹੈ।

ਹਿੰਦੂ ਧਰਮ ਦਾ ਮੰਡਨ ਕਰਨ ਨਿਕਲੇ ਸ਼ੰਕਰਾਚਾਰੀਆ ਜਦੋਂ ਸ਼ਾਰਦਾਪੀਠ ਪਹੁੰਚੇ ਸੀ ਤਾਂ ਉਥੇ ਉਨ੍ਹਾਂ ਨੂੰ ਮਾਂ ਨੇ ਦਰਸ਼ਨ ਦਿੱਤੇ ਸਨ ਅਤੇ ਹਿੰਦੂ ਜਾਤੀ ਨੂੰ ਬਚਾਉਣ ਦਾ ਆਸ਼ੀਰਵਾਦ ਵੀ। ਉਸੇ ਮਾਂ ਸ਼ਾਰਦਾ ਦੀ ਕ੍ਰਿਪਾ ਨਾਲ ਕਸ਼ਮੀਰ ਦੇ ਸ਼ਾਸਕ ਜੈਨੁਲ-ਆਬੇਦੀਨ ਦਾ ਮਨ ਬਦਲ ਗਿਆ ਸੀ, ਜਦੋਂ ਉਹ ਉਨ੍ਹਾਂ ਦੇ ਦਰਸ਼ਨਾਂ ਲਈ ਉਥੇ ਗਿਆ ਸੀ ਅਤੇ ਉਸ ਨੇ ਕਸ਼ਮੀਰ ਵਿਚ ਆਪਣੇ ਬਾਪ ਸਿਕੰਦਰ ਵਲੋਂ ਕੀਤੇ ਹਰ ਪਾਪ ਦਾ ਪਛਤਾਵਾ ਕੀਤਾ। ਇਤਿਹਾਸ ਦੀਆਂ ਕਿਤਾਬਾਂ ਵਿਚ ਆਉਂਦਾ ਹੈ ਕਿ ਮਾਂ ਸ਼ਾਰਦਾ ਦੀ ਉਪਾਸ਼ਨਾ ਵਿਚ ਉਹ ਇੰਨਾ ਲੀਨ ਹੋ ਜਾਂਦਾ ਸੀ ਕਿ ਉਸ ਨੂੰ ਦੁਨੀਆ ਦੀ ਕੋਈ ਖ਼ਬਰ ਨਹੀਂ ਹੁੰਦੀ ਸੀ।

ਭਾਰਤ ਦੇ ਕਈ ਹਿੱਸਿਆਂ ਵਿਚ ਜਦੋਂ ਯਗੋਪਵਿਤ ਸੰਸਕਾਰ ਹੁੰਦਾ ਹੈ ਤਾਂ ਬਟੁਕ ਨੂੰ ਕਿਹਾ ਜਾਂਦਾ ਹੈ ਕਿ ਤੂੰ ਸ਼ਾਰਦਾ ਪੀਠ ਜਾ ਕੇ ਗਿਆਨ ਹਾਸਿਲ ਕਰ ਅਤੇ ਸੰਕੇਤਕ ਤੌਰ ’ਤੇ ਉਹ ਬਟੁਕ ਸ਼ਾਰਦਾਪੀਠ ਦੀ ਦਿਸ਼ਾ ਵਿਚ 7 ਕਦਮ ਅੱਗੇ ਵਧਦਾ ਹੈ ਅਤੇ ਫਿਰ ਕੁਝ ਸਮੇਂ ਬਾਅਦ ਇਸ ਆਸ ਨਾਲ 7 ਕਦਮ ਪਿੱਛੇ ਆਉਂਦਾ ਹੈ ਕਿ ਹੁਣ ਉਸ ਦੀ ਸਿੱਖਿਆ ਮੁਕੰਮਲ ਹੋ ਗਈ ਹੈ ਅਤੇ ਉਹ ਵਿਦਵਾਨ ਬਣ ਕੇ ਉਥੋਂ ਪਰਤ ਰਿਹਾ ਹੈ।

ਇਕ ਸਮਾਂ ਸੀ, ਜਦੋਂ ਇਹ ਸੰਕੇਤਕ ਸੰਸਕਾਰ ਇਕ ਦਿਨ ਅਸਲੀਅਤ ਵਿਚ ਬਦਲਦਾ ਸੀ ਕਿਉਂਕਿ ਉਹ ਬਟੁਕ ਸਿੱਖਿਆ ਹਾਸਿਲ ਕਰਨ ਉਥੇ ਹੀ ਜਾਂਦਾ ਸੀ ਪਰ ਅੱਜ ਬਦਕਿਸਮਤੀ ਨਾਲ ਸਾਡੀ ‘ਮਾਂ ਸ਼ਾਰਦਾ’ ਸਾਡੇ ਕੋਲ ਨਹੀਂ ਹੈ ਅਤੇ ਅਸੀਂ ਉਨ੍ਹਾਂ ਕੋਲ ਜਾਈਏ, ਅਜਿਹੀ ਕੋਈ ਵਿਵਸਥਾ ਨਹੀਂ ਹੈ, ਤਾਂ ਸ਼ਾਇਦ ਹੁਣ ਯਗੋਪਵਿਤ ਦੀ ਇਹ ਰਸਮ ਸੰਕੇਤਕ ਹੀ ਰਹਿ ਜਾਵੇਗੀ ਹਮੇਸ਼ਾ ਲਈ। ਸੰਤਾਂ, ਭਗਤਾਂ, ਕਸ਼ਮੀਰੀ ਪੰਡਿਤਾਂ ਦੀ ਭਾਰਤ ਸਰਕਾਰ ਤੋਂ ਮੰਗ ਹੈ ਕਿ ਸਾਨੂੰ ਸ਼ਾਰਦਾਪੀਠ ਦੀ ਮੁਕਤੀ ਚਾਹੀਦੀ ਹੈ। ਅਸੀਂ ਸ਼ਾਰਦਾਪੀਠ ਤਕ ਜਾਣਾ ਹੈ। ਅਸੀਂ ਦੁਨੀਆ ਨੂੰ ਦੱਸਣਾ ਹੈ ਕਿ ‘‘ਸਿਰਫ ਸ਼ਾਰਦਾ ਸੰਸਕ੍ਰਿਤੀ ਹੀ ਕਸ਼ਮੀਰੀਅਤ’’ ਹੈ ਅਤੇ ਇਸ ਲਈ ਸ਼ਾਰਦਾਪੀਠ ’ਤੇ ਭਾਰਤ ਦਾ ਮੁਕੰਮਲ ਕੰਟਰੋਲ ਹੋਵੇ, ਅਜਿਹੀ ਮੰਗ ਉਠਾਈ ਜਾ ਰਹੀ ਹੈ।

ਜਦੋਂ ਤਕ ਇਹ ਨਹੀਂ ਹੁੰਦਾ, ਘੱਟੋ-ਘੱਟ ਉਦੋਂ ਤਕ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਤਰਜ਼ ਉੱਤੇ ‘ਸ਼ਾਰਦਾ ਦੇਵੀ ਕੋਰੀਡੋਰ’ ਤੁਰੰਤ ਸ਼ੁਰੂ ਹੋਵੇ, ਇਸ ਦੀ ਮੰਗ ਕੀਤੀ ਜਾ ਰਹੀ ਹੈ।

(www.vineetnarain.net)

Bharat Thapa

This news is Content Editor Bharat Thapa