ਚੀਨੀ ਫੌਜ ’ਚ ਫੈਲਿਆ ਵਿਆਪਕ ਪੱਧਰ ’ਤੇ ਭ੍ਰਿਸ਼ਟਾਚਾਰ

04/07/2022 3:10:32 PM

ਬੀਜਿੰਗ- ਚੀਨ ਦੀ ਕਮਿਊਨਿਸਟ ਪਾਰਟੀ ਆਪਣੀ 20 ਲੱਖ ਦੀ ਪੈਦਲ ਫੌਜ ਦੇ ਦਮ ’ਤੇ ਹੀ ਆਪਣੇ ਹਰ ਗੁਆਂਢੀ ਦੀ ਜ਼ਮੀਨ ਹਥਿਆ ਰਹੀ ਹੈ ਅਤੇ ਵਿਵਾਦ ਖੜ੍ਹਾ ਕਰਦੀ ਹੈ। ਦਰਅਸਲ ਚੀਨ ਦੀ ਜਿੰਨੀ ਵੱਡੀ ਫੌਜ ਹੈ, ਉਸ ’ਚ ਓਨੇ ਹੀ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਵੀ ਫੈਲਿਆ ਹੈ। ਦੁਨੀਆ ਨੂੰ ਦਿੱਸਦਾ ਹੈ ਕਿ ਇਹ ਚੀਨ ਦੀ ਫੌਜ ਹੈ ਪਰ ਅਸਲੀਅਤ ’ਚ ਪੀ. ਐੱਲ. ਏ. ਆਪਣੇ ਸ਼ੁਰੂਆਤੀ ਦੌਰ ਤੋਂ ਹੀ ਕਮਿਊਨਿਸਟ ਪਾਰਟੀ ਦੀ ਫੌਜ ਹੈ, ਜਿਸ ਦੀ ਵਰਤੋਂ ਉਹ ਦੇਸ਼-ਵਿਦੇਸ਼ ’ਚ ਆਪਣਾ ਚਿਹਰਾ ਬਚਾਉਣ ਲਈ ਕਰਦੀ ਆਈ ਹੈ। ਫੌਜ ’ਚ ਵਿਆਪਕ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸ਼ੀ ਜਿਨਪਿੰਗ ਨੇ ਸੱਤਾ ਸੰਭਾਲਦੇ ਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਸਾਲ 2012 ’ਚ ਕਰ ਦਿੱਤੀ ਸੀ ਜਿਸ ਦੇ ਬਾਅਦ ਤੋਂ ਹੁਣ ਤੱਕ ਚੀਨੀ ਫੌਜ ਦੇ 160 ਜਨਰਲ ਪੱਧਰ ਦੇ ਅਧਿਕਾਰੀਆਂ ਦੀ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਜਾਂਚ ਕੀਤੀ ਜਾ ਚੁੱਕੀ ਹੈ। ਇਹ ਗਿਣਤੀ ਪੀ. ਐੱਲ. ਏ. ਦੇ ਬਣਨ ਦੇ 100 ਸਾਲ ਤੋਂ ਹੁਣ ਤੱਕ ਜੰਗ ’ਚ ਮਾਰੇ ਗਏ ਜਨਰਲਾਂ ਤੋਂ ਵੀ ਕਿਤੇ ਵੱਧ ਹੈ।

ਫੌਜ ’ਚ ਭ੍ਰਿਸ਼ਟਾਚਾਰ ਦਾ ਪੱਧਰ ਵਿਆਪਕ ਹੈ। ਆਮ ਤੌਰ ’ਤੇ ਫੌਜ ਦੇ ਵਾਹਨਾਂ ਅਤੇ ਰਾਕੇਟ ਦਾਗਣ ਵਾਲੇ ਹਥਿਆਰਾਂ ਨੂੰ ਕਬਾੜ ਕਹਿ ਕੇ ਵੇਚ ਦਿੱਤਾ ਜਾਂਦਾ ਹੈ, ਤੇਲ ਨੂੰ ਵੀ ਇੰਝ ਹੀ ਵੇਚ ਦਿੱਤਾ ਜਾਂਦਾ ਹੈ ਜਿਨ੍ਹਾਂ ਲਾਂਚਰਾਂ ’ਚੋਂ 10 ਰਾਕੇਟ ਦਾਗੇ ਜਾਂਦੇ ਹਨ ਉਨ੍ਹਾਂ ਦੇ ਬਾਰੇ ’ਚ ਰਿਪੋਰਟ ’ਚ ਕਿਹਾ ਜਾਂਦਾ ਹੈ ਕਿ ਇਨ੍ਹਾਂ ’ਚੋਂ 100 ਤੋਂ ਵੱਧ ਰਾਕੇਟ ਦਾਗੇ ਜਾ ਚੁੱਕੇ ਹਨ ਅਤੇ ਹੁਣ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹੀ ਹਾਲ ਫੌਜ ’ਚ ਪ੍ਰਮੋਸ਼ਨ ਦਾ ਹੈ, ਭਾਵੇਂ ਅਹੁਦਾ ਸਕੁਐਡਰਨ ਲੀਡਰ ਦਾ ਹੋਵੇ ਜਾਂ ਫੌਜ ਦੇ ਜਨਰਲ ਦਾ। ਚੀਨੀ ਫੌਜ ’ਚ ਸਭ ਤੋਂ ਭ੍ਰਿਸ਼ਟ ਅਧਿਕਾਰੀ ਜੋ ਸੀ. ਸੀ. ਪੀ. ਦੇ ਮਿਲਟਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਦੇ ਅਹੁਦੇ ’ਤੇ ਤਾਇਨਾਤ ਹਨ, ਦੇ ਨਾਂ ਸੂ ਸਤਾਈਹੋਊ ਅਤੇ ਕੁਓ ਬੋਕਸੀਯੋਂਗ ਹਨ।

ਇਨ੍ਹਾਂ ਦੋਵਾਂ ਵਿਰੁੱਧ ਕਮਿਊਨਿਸਟ ਪਾਰਟੀ ਦੀ ਹੋਈ ਇਕ ਬ੍ਰੀਫਿੰਗ ’ਚ ਜਾਣਕਾਰੀ ਸਾਹਮਣੇ ਆਈ ਕਿ ਸੂ ਸਤਾਈਹਊ ਰਿਸ਼ਵਤ ਲੈ ਕੇ ਅਹੁਦਿਆਂ ਦੀ ਅਲਾਟਮੈਂਟ ਕਰਦਾ ਸੀ। ਉਹ ਫੌਜ ਦੇ ਨਾਲ-ਨਾਲ ਆਰਮੀ ਪੁਲਸ ’ਚ ਰਿਸ਼ਵਤ ਲੈ ਕੇ ਮਲਾਈਦਾਰ ਅਹੁਦੇ ਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਦਾ ਸੀ ਅਤੇ ਦੂਸਰੇ ਅਧਿਕਾਰਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਵੀ ਕਰਦਾ ਸੀ। ਸਾਲ 2014 ’ਚ ਫਿਨਿਕਸ ਵੀਕਲੀ ’ਚ ਛਪੀ ਇਕ ਰਿਪੋਰਟ ਅਨੁਸਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਜਾਂਚ ਟੀਮ ਨੂੰ ਸੂ ਦੇ 2000 ਮੀਟਰ ਵਿਸ਼ਾਲ ਬੰਗਲੇ ਦੇ ਜ਼ਮੀਨਦੋਜ਼ ਤਲ ’ਚ ਯੂਰੋ, ਡਾਲਰ ਅਤੇ ਚੀਨੀ ਯੂਆਨ ਦੇ ਭੰਡਾਰ ਮਿਲੇ, ਜਿਨ੍ਹਾਂ ਨੂੰ ਉਨ੍ਹਾਂ ਲਈ ਗਿਣ ਸਕਣਾ ਸੰਭਵ ਨਹੀਂ ਸੀ, ਇਸ ਲਈ ਉਨ੍ਹਾਂ ਨੇ ਸਾਰੀਆਂ ਕਰੰਸੀਆਂ ਨੂੰ ਤੋਲਿਆ ਤਾਂ ਉਸ ਦਾ ਭਾਰ 1 ਟਨ ਨਿਕਲਿਆ। ਕੁਝ ਕਰੰਸੀਆਂ ਦੇ ਪੈਕੇਟ ਪਹਿਲਾਂ ਤੋਂ ਸੀਲ ਪੈਕ ’ਚ ਰੱਖੇ ਸਨ। ਇਸ ਦੇ ਇਲਾਵਾ ਉੱਥੇ ਿਕੰਨੇ ਸਾਰੇ ਐਂਟੀਕ ਸਾਮਾਨ ਮਿਲੇ ਜਿਸ ’ਚ ਵੱਖ-ਵੱਖ ਚੀਨੀ ਰਾਜਵੰਸ਼ਾਂ ਦੀ ਜੇਡ ਦੀਆਂ ਬਣੀਆਂ ਕਲਾਕਾਰੀਆਂ, ਮੂਰਤੀਆਂ ਅਤੇ ਪੇਂਟਿੰਗਜ਼ ਸ਼ਾਮਲ ਸਨ। ਜਾਂਚ ਟੀਮ ਨੂੰ 12 ਆਰਮੀ ਟਰੱਕਾਂ ’ਚ ਉਹ ਸਾਰਾ ਸਾਮਾਨ ਭਰ ਕੇ ਲਿਜਾਣਾ ਪਿਆ।

ਪੀ. ਐੱਲ. ਏ. ਦੇ ਜਨਰਲ ਲਿਊ ਯਾਤਸੋਈ ਅਨੁਸਾਰ ਫੌਜ ਦੇ ਲਾਜਿਸਟਿਕ ਵਿਭਾਗ ਦੇ ਉਪ ਮੰਤਰੀ ਨੇ ਇਹ ਅਹੁਦਾ ਹਾਸਲ ਕਰਨ ਲਈ ਸੂ ਤਸਾਈਹੋਊ ਨੂੰ ਗਾਇਕਾਵਾਂ, ਅਭਿਨੇਤਰੀਆਂ ਅਤੇ ਹੋਸਟੈਸ ਪਰੋਸੀਆਂ ਜਿੱਥੇ ਪਹੁੰਚ ਕੇ ਉਸ ਨੇ 200 ਅਰਬ ਯੂਆਨ ਜਾਂ 3.2 ਅਰਬ ਅਮਰੀਕੀ ਡਾਲਰ ਦੇ ਵਾਰੇ-ਨਿਆਰੇ ਕੀਤੇ। ਹਾਂਗਕਾਂਗ ਤੋਂ ਛਪਣ ਵਾਲੀ ਟ੍ਰੈਂਡਜ਼ ਮੈਗਜ਼ੀਨ ਨੇ ਸਾਲ 2016 ’ਚ ਪੀ. ਐੱਲ. ਏ. ਦੇ ਇਕ ਅੰਦਰੂਨੀ ਦਸਤਾਵੇਜ਼ ਨੂੰ ਆਧਾਰ ਬਣਾ ਕੇ ਇਕ ਰਿਪੋਰਟ ਛਾਪੀ ਸੀ, ਜਿਸ ਦੇ ਅਨੁਸਾਰ ਸੂ ਤਸਾਈਹੋਊ ਨੇ ਸਾਲ 2000-2012 ’ਚ 80 ਮਹਿਲਾ ਅਧਿਕਾਰੀਆਂ ਨੂੰ ਉੱਚੇ ਫੌਜੀ ਅਹੁਦਿਆਂ ’ਤੇ ਪ੍ਰਮੋਟ ਕੀਤਾ ਸੀ ਜਿਨ੍ਹਾਂ ’ਚੋਂ ਇਸ ਦੇ ਸਾਰਿਆਂ ਨਾਲ ਸੈਕਸ ਸਬੰਧਾਂ ਦੀ ਪੁਸ਼ਟੀ ਕੀਤੀ ਗਈ ਸੀ। ਇਸ ਦੇ ਬਾਅਦ ਸੂ ਨੂੰ ਗ੍ਰਿਫਤਾਰ ਕੀਤਾ ਗਿਆ, ਕੁਝ ਹੀ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਅਧਿਕਾਰਤ ਤੌਰ ’ਤੇ ਉਸ ਦੀ ਮੌਤ ਦਾ ਕਾਰਨ ਕੈਂਸਰ ਦੱਸਿਆ ਗਿਆ ਜਦਕਿ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਉਹ ਏਡਸ ਨਾਲ ਮਰਿਆ ਸੀ। ਇਕ ਹੋਰ ਚੀਨੀ ਫੌਜੀ ਅਧਿਕਾਰੀ ਕੁਓ ਬੋਕਸੀਆਂਗ,ਜਿਸ ਨੇ ਨਾ ਸਿਰਫ ਫੌਜ ਦੀਆਂ ਕਈ ਸ਼ਹਿਰਾਂ ’ਚ ਜ਼ਮੀਨਾਂ ਵੇਚੀਆਂ ਸਗੋਂ ਹਥਿਆਰਾਂ ਦੀ ਖਰੀਦੋ-ਫਰੋਖਤ ’ਚ ਰਿਸ਼ਵਤ ਵੀ ਲਈ। ਉਸ ਦੇ ਘਰੋਂ 9 ਨਕਲੀ ਪਾਸਪੋਰਟ ਮਿਲੇ ਸਨ। ਉਹ ਸੂ ਤੋਂ ਪਹਿਲਾਂ ਫੌਜੀ ਅਧਿਕਾਰੀ ਸੀ ਜੋ ਮਹਿਲਾ ਅਧਿਕਾਰੀਆਂ ਦੇ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਸ਼ਾਮਲ ਪਾਇਆ ਗਿਆ ਸੀ।

ਜਾਣਕਾਰਾਂ ਦਾ ਮੰਨਣਾ ਹੈ ਕਿ ਚੀਨੀ ਫੌਜ ’ਚ ਫੈਲੇ ਭ੍ਰਿਸ਼ਟਾਚਾਰ ਦੀ ਜੜ੍ਹ ਤੰਗ ਸ਼ਯਾਓ ਫਿੰਗ ਦੀਆਂ ਨੀਤੀਆਂ ਸਨ ਜੋ ਉਨ੍ਹਾਂ ਨੇ ਫੌਜ ਲਈ ਸਾਲ 1985 ’ਚ ਲਾਗੂ ਕੀਤੀਆਂ ਸਨ। ਇਸ ਦੇ ਤਹਿਤ ਫੌਜ ਨੂੰ ਕਾਰੋਬਾਰੀ ਕੰਮ ਕਰਨ ਦਿੱਤੇ ਗਏ, ਜਿਸ ’ਚ ਵਪਾਰ ਅਤੇ ਵਣਜ ਸ਼ਾਮਲ ਸੀ। ਇਸ ਦੇ ਪਿੱਛੇ ਕਾਰਨ ਫੌਜ ਵੱਲੋਂ ਆਪਣੇ ਫੌਜੀਆਂ ਦੇ ਲਈ ਭੋਜਨ ਦੀ ਵਿਵਸਥਾ ਕਰਨੀ ਸੀ। ਤੰਗ ਸ਼ਯਾਓ ਫਿੰਗ ਨੇ ਨੀਤੀ ਬਣਾਈ ਕਿ ਫੌਜ ਦੇ ਖਰਚ ਦਾ 60 ਫੀਸਦੀ ਹਿੱਸਾ ਸੂਬਾ ਦੇਵੇਗਾ ਅਤੇ ਬਾਕੀ 40 ਫੀਸਦੀ ਫੌਜ ਖੁਦ ਖਰਚ ਕਰੇਗੀ। ਇਸ ਦੇ ਤਹਿਤ ਸੀ. ਸੀ. ਪੀ. ਦੇ ਮਿਲਟਰੀ ਰਿਸਰਚ ਯੂਨਿਟਾਂ ਨੇ ਜਨਤਕ ਕਾਰੋਬਾਰੀ ਸ਼ਾਖਾ ਦਾ ਰੂਪ ਲੈ ਲਿਆ ਅਤੇ ਹਵਾਈ ਜਹਾਜ਼, ਕਾਰਾਂ ਅਤੇ ਇੱਥੋਂ ਤੱਕ ਕਿ ਏਅਰ ਕੰਡੀਸ਼ਨਰ ਵੀ ਬਣਾਉਣ ਲੱਗੇ। ਚੀਨ ’ਚ ਅੱਜ ਦੀ ਮਸ਼ਹੂਰ ਇਲੈਕਟ੍ਰਾਨਿਕ ਕੰਪਨੀ ਛੇਂਗਹਾਂਗ ਪਹਿਲਾਂ ਮਿਲਟਰੀ ਰਿਸਰਚ ਇੰਸਟੀਚਿਊਟ ਸੀ, ਜੋ ਰਾਡਾਰ ਬਣਾਉਂਦੀ ਸੀ। ਇਸੇ ਤਰ੍ਹਾਂ ਚੀਨ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਕੰਪਨੀ ਪਾਲੀ, ਅੱਜ ਫਰਿੱਜ, ਮਾਈਕ੍ਰੋਵੇਵ ਔਵਨ’, ਇਲੈਕਟ੍ਰਿਕ ਕੈਟਲ, ਵਾਸ਼ਿੰਗ ਮਸ਼ੀਨ ਵਰਗੇ ਯੰਤਰ ਬਣਾ ਰਹੀ ਹੈ।

ਪੀ. ਐੱਲ. ਏ. ਨੇ 80 ਦੇ ਦਹਾਕੇ ’ਚ ਆਪਣੇ ਬਣਾਏ ਹਥਿਆਰਾਂ ਅਤੇ ਦੂਸਰੇ ਯੰਤਰਾਂ ਅਤੇ ਇਲੈਕਟ੍ਰਾਨਿਕ ਉਤਪਾਦਾਂ ਦੀ ਦੇਸ਼ ਦੇ ਬਾਹਰ ਸਮੱਗਲਿੰਗ ਕਰਨੀ ਸ਼ੁਰੂ ਕੀਤੀ, ਜੋ ਇੰਨੇ ਵੱਡੇ ਪੱਧਰ ’ਤੇ ਹੋਣ ਲੱਗੀ ਕਿ ਸਤੰਬਰ 1998 ’ਚ ਚੀਨ ਦੇ ਪ੍ਰਧਾਨ ਮੰਤਰੀ ਜੂ ਰਾਂਗਜ਼ੀ ਨੇ ਇਕ ਮੀਟਿੰਗ ਸੱਦੀ ਅਤੇ ਕਿਹਾ ਕਿ ਚੀਨ ਤੋਂ ਹੋਣ ਵਾਲੀ ਸਮੱਗਲਿੰਗ ’ਚ ਫੌਜ ਦਾ ਵੱਡਾ ਹੱਥ ਹੈ। 125 ਅਰਬ ਅਮਰੀਕੀ ਡਾਲਰ ਦੀ ਸਮੱਗਲਿੰਗ ’ਚ 78.6 ਅਰਬ ਡਾਲਰ ਦੀ ਸਮੱਗਿਲੰਗ ਫੌਜ ਵੱਲੋਂ ਹੁੰਦੀ ਹੈ। ਰੋਂਗਜ਼ੀ ਨੇ ਕਿਹਾ ਕਿ ਜੇਕਰ ਇਸ ਦੇ ਇਕ ਤਿਹਾਈ ਹਿੱਸੇ ’ਤੇ ਟੈਕਸ ਲਾਇਆ ਜਾਵੇ ਤਾਂ ਉਹ ਰਕਮ 25.2 ਅਰਬ ਡਾਲਰ ਦੀ ਹੋਵੇਗੀ ਜੋ ਸਰਕਾਰੀ ਖਜ਼ਾਨੇ ’ਚ ਆਵੇਗੀ ਪਰ ਇਹ ਧਨਰਾਸ਼ੀ ਫੌਜੀ ਅਧਿਕਾਰੀਆਂ ਦੀਆਂ ਜੇਬਾਂ ’ਚ ਜਾ ਰਹੀ ਹੈ। 1990 ਦੀ ਸ਼ੁਰੂਆਤ ’ਚ ਜਿਆਂਗ ਜੇਮਿਨ ਸੀ. ਸੀ. ਪੀ. ਦੇ ਮੁਖੀ ਬਣੇ। ਉਨ੍ਹਾਂ ਨੇ ਫੌਜ ਦੀਆਂ ਵਪਾਰਕ ਸਰਗਰਮੀਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਪਰ ਇਹ ਜੁਗਤ ਕੰਮ ਨਾ ਆਈ ਅਤੇ ਫੌਜ ਪਹਿਲਾਂ ਵਾਂਗ ਵਪਾਰਕ ਸਰਗਰਮੀਆਂ ’ਚ ਸ਼ਾਮਲ ਰਹੀ । ਸ਼ੀ ਜਿਨਪਿੰਗ ਨੇ ਆਉਂਦੇ ਹੀ ਫੌਜ ਦੀਆਂ ਵਪਾਰਕ ਸਰਗਰਮੀਆਂ ’ਤੇ ਰੋਕ ਲਾਈ, ਪਿਛਲੇ 10 ਸਾਲਾਂ ’ਚ 160 ਜਨਰਲਾਂ ’ਤੇ ਕਾਰਵਾਈ ਦੇ ਇਲਾਵਾ 18000 ਕਰਨਲ ਰੈਂਕ ਦੇ ਫੌਜੀ ਅਧਿਕਾਰੀਆਂ ਨੂੰ ਅਹੁਦੇ ਤੋਂ ਹੇਠਾਂ ਦਾ ਅਹੁਦਾ ਦਿੱਤਾ ਜਿਸ ਨਾਲ ਕਈ ਅਧਿਕਾਰੀ ਡਿਪ੍ਰੈਸ਼ਨ ਦਾ ਸ਼ਿਕਾਰ ਹੋਏ ਅਤੇ ਕੁਝ ਨੇ ਆਪਣੇ ਜੁਰਮ ਦੇ ਬਦਲੇ ਸਜ਼ਾ ਪਾਉਣ ਦੇ ਡਰ ਤੋਂ ਖੁਦਕੁਸ਼ੀ ਤੱਕ ਕਰ ਲਈ। ਸ਼ੀ ਜਿਨਪਿੰਗ ਵੱਲੋਂ ਚੁੱਕੇ ਗਏ ਕਦਮ ਦਿਖਾਉਂਦੇ ਹਨ ਕਿ ਕਮਿਊਨਿਸਟ ਪਾਰਟੀ ਦੀ ਫੌਜੀ ਇਕਾਈ ’ਚ ਫੈਲਿਆ ਭ੍ਰਿਸ਼ਟਾਚਾਰ ਇਕ ਸਭ ਤੋਂ ਵੱਡੀ ਸੰਸਥਾਗਤ ਸਮੱਸਿਆ ਹੈ ਨਾ ਕਿ ਕਦੀ ਕਦੀ ਹੋਣ ਵਾਲੀ ਸਮੱਸਿਆ।


DIsha

Content Editor

Related News