ਸੁਖਬੀਰ ਸਿੰਘ ਬਾਦਲ ’ਤੇ ਭਰੋਸਾ ਕਿਉਂ ਨਹੀਂ?

10/01/2020 2:50:55 AM

ਜਸਵੰਤ ਸਿੰਘ ‘ਅਜੀਤ’

ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਜੋ ਕਈ ਦਹਾਕਿਅਾਂ ਤੋਂ ਸਿੱਖਾਂ ਅਤੇ ਹੋਰ ਪੰਜਾਬੀਅਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇ ਦੇ ਨਾਲ, ਉਨ੍ਹਾਂ ਦੀ ਅਗਵਾਈ ਕਰਦਾ ਚਲਾ ਆ ਰਿਹਾ ਹੈ। ਅੱਜ ਉਸ ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਕੋਈ ਭਰੋਸਾ ਕਰਨ ਲਈ ਤਿਆਰ ਦਿਖਾਈ ਨਹੀਂ ਦੇ ਰਿਹਾ। ਹਾਲਾਂਕਿ ਖੇਤੀਬਾੜੀ ਬਿੱਲਾਂ ਦੇ ਸਵਾਲ ’ਤੇ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੇ ਹੋਣ ਦੇ ਦਾਅਵੇ ਦੇ ਨਾਲ ਨਾ ਸਿਰਫ ਖੁਦ ਹੀ ਕੇਂਦਰ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹਿਆ ਸਗੋਂ ਆਪਣੀ ਪਤਨੀ ਹਰਸਿਮਰਤ ਕੌਰ ਕੋਲੋਂ ਕੇਂਦਰੀ ਮੰਤਰੀ ਮੰਡਲ ’ਚੋਂ ਅਸਤੀਫਾ ਦਿਵਾ, ਉਨ੍ਹਾਂ ਨੂੰ ਵੀ ਆਪਣੇ ਨਾਲ ਮੈਦਾਨ ’ਚ ਉਤਾਰ ਲਿਆ। ਇਸ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ। ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਅੰਦੋਲਨ ਦੇ ਪ੍ਰਤੀ ਆਪਣੀ ਵਫਾਦਾਰੀ ਸਾਬਿਤ ਕਰਨ ਲਈ ਐੱਨ.ਡੀ.ਏ. ਨਾਲੋਂ ਅਲਗ ਹੋਣ ਅਤੇ ਦਹਾਕਿਅਾਂ ਤੋਂ ਭਾਜਪਾ ਦੇ ਨਾਲ ਚਲੇ ਆ ਰਹੇ ਗਠਜੋੜ ਨੂੰ ਵੀ ਤੋੜਣ ਦਾ ਐਲਾਨ ਕਰਨਾ ਪਿਆ। ਇੰਨਾ ਕੁਝ ਕਰਨ ਦੇ ਬਾਵਜੂਦ ਉਹ ਪੰਜਾਬ ਦੇ ਕਿਸਾਨਾਂ ਦਾ ਭਰੋਸਾ ਜਿੱਤ ਨਹੀਂ ਸਕੇ।

ਦੂਜੇ ਪਾਸੇ ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ(ਬ) ਮੌਜੂਦਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਜੋ ਆਪਣੀ ਪ੍ਰਧਾਨਗੀ ਕਾਲ ਤੋਂ ਲੈ ਕੇ ਹੁਣ ਤਕ ਦੇਸ਼ ਦੇ ਕਾਨੂੰਨਾਂ ਨੂੰ ‘ਟਿਚ’ ਦੱਸਦੇ ਹੋਏ, ਦਲ ਦੇ ਦੋ ਸੰਵਿਧਾਨਾਂ ਜਿਨ੍ਹਾਂ ’ਚੋਂ ਇਕ ਦੇ ਸਹਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਅਾਂ ਚੋਣਾਂ ਅਤੇ ਦੂਸਰੇ ਦੇ ਸਹਾਰੇ ਦੇਸ਼ ਦੀਅਾਂ ਲੋਕਤੰਤਰਿਕ ਸੰਸਥਾਵਾਂ, ਲੋਕ ਸਭਾ, ਵਿਧਾਨ ਸਭਾ ਅਤੇ ਸਥਾਨਕ ਸਰਕਾਰਾਂ ਆਦਿ ਦੀਅਾਂ ਚੋਣਾਂ ਲੜਦੇ ਆ ਰਹੇ ਹਨ, ਦੇ ਨਾਲ ਸਿਆਸਤ ਕਰ ਰਹੇ ਹਨ। ‘ਦੋ ਬੇੜੀਅਾਂ’ ਉਤੇ ਸਵਾਰ ਹੋ ਕੇ ਚਲਦੇ ਆਉਣ ਦੇ ਬਾਵਜੂਦ ਦੋਵਾਂ ਧਿਰਾਂ ਦੇ ਚੋਣ ਕਮਿਸ਼ਨਾਂ ’ਚੋਂ ਕਿਸੇ ਨੇ ਵੀ ਉਨ੍ਹਾਂ ਦੀ ‘ਈਮਾਨਦਾਰੀ ’ਤੇ ਖਦਸ਼ਾ ਪ੍ਰਗਟ ਨਹੀਂ ਕੀਤਾ ਅਤੇ ਨਾ ਹੀ ਕਿਸੇ ਅਦਾਲਤ ਨੇ ਉਨ੍ਹਾਂ ’ਤੇ ਕੋਈ ਸਵਾਲ ਹੀ ਖੜ੍ਹਾ ਕੀਤਾ ਹੈ।

ਸਿਆਸੀ ਮਾਹਿਰ : ਅਕਾਲੀ ਸਿਆਸਤ ਨਾਲ ਜੁੜੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ‘ਦੋ ਬੇੜੀਅਾਂ’ ਉਤੇ ਸਵਾਰ ਹੋ ਕੇ ਵੀ ਬੜੇ ਸੰਤੁਲਿਤ ਬਿਆਨ ਦਿੰਦੇ ਹੋਏ, ਕਾਨੂੰਨੀ ਪੰਜੇ ’ਤੋਂ ਬਚਦੇ ਚਲੇ ਆ ਰਹੇ ਹਨ, ਜਦਕਿ ਸੁਖਬੀਰ ਸਿੰਘ ਬਾਦਲ ਇਕ ਤਾਂ ਅਸੰਤੁਲਿਤ ਬਿਆਨ ਦਿੰਦੇ ਹਨ, ਦੂਸਰਾ ਉਹ ਆਪਣੇ ਬਿਆਨ ਦਾ ਨਤੀਜਾ ਤੁਰੰਤ ਹੀ ਆਪਣੇ ਪੱਖ ’ਚ ਆਇਆ ਦੇਖਣਾ ਚਾਹੁੰਦੇ ਹਨ। ਜਦੋਂ ਉਨ੍ਹਾਂ ਨੂੰ ਆਪਣੀ ਇਹ ਆਸ ਪੂਰੀ ਹੁੰਦੀ ਦਿਖਾਈ ਨਹੀਂ ਦਿੰਦੀ ਤਾਂ ਉਹ ਤੁਰੰਤ ਹੀ ਨਵਾਂ ਬਿਆਨ ਦਾਗ ਦਿੰਦੇ ਹਨ। ਇਨ੍ਹਾਂ ਸਿਆਸੀ ਮਾਹਿਰਾਂ ਅਨੁਸਾਰ ਜਦੋਂ ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਦੇ ਅਸਤੀਫੇ ਦਾ ਸਾਰਥਿਕ ਅਸਰ ਹੁੰਦਾ ਨਾ ਦੇਖਿਆ, ਤਾਂ ਤੁਰੰਤ ਐੱਨ.ਡੀ.ਏ. ਨਾਲੋਂ ਅੱਲਗ ਹੋਣ ਅਤੇ ਭਾਜਪਾ ਨਾਲੋਂ ਸਬੰਧ ਤੋੜਣ ਦਾ ਐਲਾਨ ਕਰ ਦਿੱਤਾ। ਜਦੋਂ ਉਨ੍ਹਾਂ ਦਾ ਇਹ ਤੀਰ ਵੀ ਨਿਸ਼ਾਨੇ ’ਤੇ ਨਾ ਲੱਗਾ ਤਾਂ ਉਨ੍ਹਾਂ ਨੇ ਇਕਦਮ ਕਿਸਾਨ ਅੰਦੋਲਨ ਨਾਲ ਜੁੜੀਆਂ ਆ ਰਹੀਅਾਂ ‘ਆਪ’ ਅਤੇ ਕਾਂਗਰਸ ਆਦਿ ਪਾਰਟੀਅਾਂ ’ਤੇ ਹੱਲਾ ਬੋਲ ਦਿੱਤਾ। ਉਨ੍ਹਾਂ ਦੇ ਇਸ ਹੱਲੇ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਉਨ੍ਹਾਂ ਦਾ ਨਵਾਂ ਬਿਆਨ ਆ ਗਿਆ। ‘2022 ’ਚ ਸਾਡੀ ਸਰਕਾਰ ਲਿਆ ਦਿਓ, ਖੇਤੀਬਾੜੀ ਬਿੱਲ ਲਾਗੂ ਨਹੀਂ ਹੋਣ ਦਿਆਂਗੇ।’’ ਇਨ੍ਹਾਂ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਨ੍ਹਾਂ ਬਿਆਨਾਂ ਦਾ ਲੋਕਾਂ ’ਚ ਸਿੱਧਾ ਸੰਦੇਸ਼ ਇਹ ਚਲਾ ਗਿਆ ਕਿ ਸੁਖਬੀਰ ਸਿੰਘ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ’ਚ ਉਸ ਨੂੰ ਸਹਿਯੋਗ ਦੇਣ ਨਹੀਂ ਸਗੋਂ 2022 ’ਚ ਪੰਜਾਬ ’ਚ ਆਪਣੀ ਸਰਕਾਰ ਬਣਾਉਣ ਲਈ ਜ਼ਮੀਨ ਤਿਆਰ ਕਰਨ ਲਈ ਮੈਦਾਨ ’ਚ ਉਤਰੇ ਹਨ।

ਭਰੋਸਾ ਨਾ ਕਰਨ ਦਾ ਇਕ ਹੋਰ ਕਾਰਨ : ਅਕਾਲੀ ਸਿਆਸਤ ਨਾਲ ਸੰਬੰਧਤ, ਸਿਆਸੀ ਮਾਹਿਰ, ਸੁਖਬੀਰ ’ਤੇ ਭਰੋਸਾ ਨਾ ਕੀਤੇ ਜਾਣ ਦਾ ਇਕ ਕਾਰਨ ਇਹ ਵੀ ਮੰਨਦੇ ਹਨ ਕਿ ਸੁਖਬੀਰ ਨੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਨ ਲਈ ਮੈਦਾਨ ’ਚ ਉਤਰਨ ਤੋਂ ਪਹਿਲਾਂ ਖੇਤੀਬਾੜੀ ਆਰਡੀਨੈਂਸ ਦਾ ਸਮਰਥਨ ਕਰਨ ਲਈ ਕਈ ਪ੍ਰੈੱਸ ਕਾਨਫਰੰਸਾਂ ਕੀਤੀਅਾਂ ਅਤੇ ਹਰਸਿਮਰਤ ਕੌਰ ਨੇ ਖੇਤੀਬਾੜੀ ਆਰਡੀਨੈਂਸ ਦੇ ਪੱਖ ’ਚ ਕਈ ਬਿਆਨ ਜਾਰੀ ਕੀਤੇ। ਜਿਨ੍ਹਾਂ ’ਚ ਵਿਰੋਧੀਅਾਂ ਨੂੰ ਵੀ ਲੰਬੇ ਹੱਥੀਂ ਲਿਆ ਗਿਆ। ਮਾਹਿਰਾਂ ਅਨੁਸਾਰ ਦੋਵਾਂ ਦੇ ਇਨ੍ਹਾਂ ਬਿਆਨਾਂ ’ਤੇ ਅਾਧਾਰਿਤ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਅਾਂ ਹਨ ਅਤੇ ਉਨ੍ਹਾਂ ਨੂੰ ਸ਼ੇਅਰ ਕਰ ਕੇ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਅਤੇ ਦਲ ਦੇ ਉਪ ਪ੍ਰਧਾਨ ਸਿਧਵਾਂ ਨੇ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਗਏ ਆਪਣੇ ਅਸਤੀਫੇ ’ਚ ਵੀ ਇਹ ਖਦਸ਼ਾ ਪ੍ਰਗਟ ਕੀਤਾ ਕਿ ਸਰਕਾਰ ਅਤੇ ਐੱਨ.ਡੀ.ਏ. ਨਾਲੋਂ ਅਲੱਗ ਹੋਣ ਅਤੇ ਭਾਜਪਾ ਨਾਲੋਂ ਨਾਤਾ ਤੋੜਣ ਦਾ ਫੈਸਲਾ, ਸੁਖਬੀਰ ਦੇ ਕਿਸੇ ਨਿੱਜੀ ਸਵਾਰਥ ’ਤੇ ਅਾਧਾਰਿਤ ਹੋ ਸਕਦਾ ਹੈ।

ਸਿੱਖ ਧਰਮ ਬਨਾਮ ਸਿਆਸੀ ਸੱਤਾ : ਇਕ ਪ੍ਰਮੁੱਖ ਇਤਿਹਾਸਕਾਰ ਨੇ ਸੱਤਾ ’ਚ ਆਉਣ ’ਤੇ ਮਨੁੱਖ ਦੀ ਕੀ ਦਸ਼ਾ ਹੁੰਦੀ ਹੈ? ਇਸ ਸਵਾਲ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਜਦੋਂ ਕੋਈ ਵਿਅਕਤੀ ਸਮਾਜ ’ਚ ਵਿਸ਼ੇਸ਼ ਸਥਾਨ ਜਾਂ ਅਹੁਦਾ ਪ੍ਰਾਪਤ ਕਰ ਲੈਂਦਾ ਹੈ ਅਤੇ ਉਸ ਦੇ ਨਤੀਜੇ ਵਜੋਂ ਉਹ ਵਿਸ਼ੇਸ਼ ਅਧਿਕਾਰਾਂ, ਸੁੱਖ-ਸਹੂਲਤਾਂ ਦਾ ਅਨੰਦ ਮਾਣਨ ਲੱਗਦਾ ਹੈ, ਤਾਂ ਉਸ ਦੇ ਅੰਦਰੋਂ ਹੌਲੀ-ਹੌਲੀ ਕੌਮੀ ਭਾਈਚਾਰੇ ਦੀ ਭਾਵਨਾ ਦਮ ਤੋੜਣ ਲੱਗਦੀ ਹੈ। ਸੱਤਾ ਦੀ ਲਾਲਸਾ ਨੇ ਸਿੱਖਾਂ ਨੂੰ ਕਿਤੋਂ ਦਾ ਕਿਤੇ ਪਹੁੰਚਾ ਦਿੱਤਾ, ਇਸ ਦਾ ਜ਼ਿਕਰ ਕਰਦੇ ਹੋਏ ਉਹ ਕਹਿੰਦੇ ਹਨ ਕਿ ‘ਸੱਤਾ ਹੱਥਾਂ ’ਚ ਆਉਂਦੇ ਹੀ ਖਾਲਸੇ ਦੇ ਅੰਦਰ ਦੀ ਆਪਸੀ ਪਿਆਰ ਅਤੇ ਸਹਿਯੋਗ ਦੀ ਭਾਵਨਾ ਕਮਜ਼ੋਰ ਹੋਣ ਲੱਗੀ ਅਤੇ ਇਸ ਦੀ ਥਾਂ ਆਪਸੀ ਵਿਰੋਧਾਂ, ਖਦਸ਼ਿਅਾਂ ਅਤੇ ਈਰਖਾ ਨੇ ਲੈ ਲਈ। ਖਾਲਸੇ ਦੀ ਸੰਗਠਨ ਭਾਵਨਾ ਨਿੱਜਵਾਦ ਅਤੇ ਹੰਕਾਰ ਨੇ ਨਿਗਲ ਲਈ।’ ਸ਼ਾਇਦ ਇਹੀ ਕਾਰਨ ਹੈ ਕਿ ਬੀਤੇ ਲੰਬੇ ਸਮੇਂ ਤੋਂ ਸਿੱਖ ਜਗਤ ’ਚ ਇਹ ਗੱਲ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਜੇਕਰ ਸਿੱਖ ਧਰਮ ਦੀ ਆਜ਼ਾਦ ਹੋਂਦ ਅਤੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਬਚਾਈ ਰੱਖਣਾ ਹੈ ਤਾਂ ਧਰਮ ਅਤੇ ਸਿਆਸਤ ਨੂੰ ਇਕ ਦੂਸਰੇ ਨਾਲੋਂ ਅੱਲਗ ਕਰਨਾ ਹੀ ਹੋਵੇਗਾ। ਇਸ ਸੋਚ ਦੇ ਧਾਰਨੀ ਸਿੱਖਾਂ ਦੀ ਮਾਨਤਾ ਹੈ ਕਿ ਸਿੱਖ ਇਕ ਵਿਦਰੋਹੀ ਤੇ ਬਾਗੀ ਕੌਮ ਹੈ, ਜਿਸ ਨੇ ਸੌੜੀ ਧਾਰਮਿਕ ਸੋਚ, ਕਰਮਕਾਂਡਾਂ, ਪਾਖੰਡਾਂ ਆਦਿ ਦੇ ਨਾਲ ਜਬਰ ਤੇ ਜ਼ੁਲਮ ਦੇ ਵਿਰੁੱਧ ਜੂਝਣ ਦਾ ਸੰਕਲਪ ਕੀਤਾ ਹੋਇਆ ਹੈ। ਦੂਜੇ ਪਾਸੇ ਰਾਜਸੱਤਾ ਨਾ ਤਾਂ ਜ਼ੁਲਮ ਅਤੇ ਬੇਇਨਸਾਫੀ ਦਾ ਸਹਾਰਾ ਲਏ ਬਿਨਾਂ ਕਾਇਮ ਹੋ ਸਕਦੀ ਹੈ ਅਤੇ ਨਾ ਹੀ ਇਨ੍ਹਾਂ ਦੇ ਬਿਨਾਂ ਕਾਇਮ ਰੱਖੀ ਜਾ ਸਕਦੀ ਹੈ। ਇਨ੍ਹਾਂ ਹੀ ਸਿੱਖਾਂ ਦੇ ਅਨੁਸਾਰ ਸਿੱਖ ਧਰਮ ਦੀਅਾਂ ਕਦਰਾਂ-ਕੀਮਤਾਂ ਅਤੇ ਮਰਿਆਦਾਵਾਂ ਦੀ ਰੱਖਿਆ ਤਾਂ ਹੀ ਕੀਤੀ ਜਾ ਸਕਦੀ ਹੈ ਜਦਕਿ ਉਸ ਨੂੰ ਸਿਆਸੀ ਸੱਤਾ ਲਾਲਸਾ ਤੋਂ ਮੁਕਤ ਰੱਖਿਆ ਜਾਵੇ ਕਿਉਂਕਿ ਸਿਆਸਤ ’ਚ ਗੈਰ-ਸਿਧਾਂਤਕ ਸਮਝੌਤੇ ਕੀਤੇ ਜਾ ਸਕਦੇ ਹਨ ਪਰ ਧਰਮ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦਾ ਗੈਰ-ਸੰਵਿਧਾਨਿਕ ਸਮਝੌਤਾ ਕੀਤਾ ਜਾਣਾ ਸੰਭਵ ਨਹੀਂ ਹੋ ਸਕਦਾ।

... ਅਤੇ ਅਖੀਰ ’ਚ : ਇਨ੍ਹਾਂ ਹੀ ਦਿਨਾਂ ’ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀ, ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਮੈਂਬਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਮੇਟੀ ਦੇ ਮੁਖੀਅਾ ਕੋਲੋਂ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਲੰਬੇ ਸੱਤਾ ਕਾਲ ਦੌਰਾਨ ਕੋਈ ਹਸਪਤਾਲ ਬਣਾਇਆ ਹੈ, ਕੋਈ ਨਵਾਂ ਸਕੂਲ, ਕਾਲਜ ਜਾਂ ਤਕਨੀਕੀ ਸੰਸਥਾਵਾਂ ਕਾਇਮ ਕੀਤੀਆਂ ਹਨ? ਗੁਰਦੁਆਰਾ ਕਮੇਟੀ ਅਤੇ ਆਪਣੇ ਪਾਬੰਦ ਅਧੀਨ ਸਿੱਖਿਆ ਸੰਸਥਾਵਾਂ ਦੇ ਕਰਮਚਾਰੀਅਾਂ ਨੂੰ ਸਮੇਂ ’ਤੇ ਤਨਖਾਹ ਦੇਣ ਦਾ ਪ੍ਰਬੰਧ ਕੀਤਾ ਹੈ। ਸਿੱਖਿਆ ਸੰਸਥਾਵਾਂ ਦੇ ਪ੍ਰਬੰਧ ਅਤੇ ਉਨ੍ਹਾਂ ’ਚ ਦਿੱਤੀ ਜਾ ਰਹੀ ਸਿੱਖਿਆ ਦੇ ਪੱਧਰ ’ਚ ਕੋਈ ਸੁਧਾਰ ਕੀਤਾ ਹੈ? ਆਦਿ ਸਵਾਲ ਪੁੱਛਣ ਦੇ ਬਾਅਦ ਉਨ੍ਹਾਂ ਨੇ ਖੁਦ ਹੀ ਉਨ੍ਹਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਥੇ ਦਿੱਤੇ ਗਏ ਹਰ ਸਵਾਲ ਦਾ ਜਵਾਬ ਨਾਂਹ ’ਚ ਹੈ। ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਲੰਬੇ ਸੱਤਾ ਕਾਲ ਦੌਰਾਨ ਦਿੱਲੀ ਦੇ ਸਿੱਖਾਂ ਲਈ ਕੁਝ ਵੀ ਨਹੀਂ ਕੀਤਾ, ਤਾਂ ਕੀ ਉਹ ਆਪਣੇ ਇਤਿਹਾਸਕ ਗੁਰਦੁਆਰਿਅਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪ, ਪਛਤਾ ਰਹੇ ਹੋਣਗੇ।

Bharat Thapa

This news is Content Editor Bharat Thapa