ਕੋਰੋਨਾ ਵਾਇਰਸ ਕਿਉਂ ਅਤੇ ਕਿਵੇਂ?

02/07/2020 1:44:04 AM

ਬਲਬੀਰ ਪੁੰਜ

ਚੀਨ ਵਿਚ ਪੈਦਾ ਹੋਇਆ ਕੋਰੋਨਾ ਵਾਇਰਸ ਹੁਣ ਭਾਰਤ ਸਮੇਤ ਦੁਨੀਆ ਦੇ 25 ਦੇਸ਼ਾਂ ਨੂੰ ਡਰਾਉਣ ਲੱਗਾ ਹੈ। ਚੀਨ ਤੋਂ ਬਾਹਰ ਫਿਲੀਪੀਨਜ਼ ਵਿਚ ਇਸ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਆਪਣੇ ਦੇਸ਼ ਵਿਚ ਵੀ ਸ਼ੱਕੀ ਮਰੀਜ਼ ਸਾਹਮਣੇ ਆਉਣ ਲੱਗੇ ਹਨ। ਕੇਰਲ ’ਚ 3 ਮਰੀਜ਼ਾਂ ਵਿਚ ਇਸ ਦੇ ਲੱਛਣ ਮਿਲਣ ਤੋਂ ਬਾਅਦ Ãਰਾਜ ਸਰਕਾਰ ਨੇ ਸੂਬੇ ਵਿਚ ਸੂਬਾਈ ਆਫਤ ਐਲਾਨ ਕਰ ਦਿੱਤੀ ਹੈ, ਜਦਕਿ ਦਿੱਲੀ ਸਮੇਤ ਦੇਸ਼ ਦੇ ਹੋਰ ਕੁਝ ਖੇਤਰਾਂ ਵਿਚ ਸ਼ੱਕੀ ਇਨਫੈਕਸ਼ਨ ਪੀੜਤ ਮਰੀਜ਼ਾਂ ਦੇ ਦਾਖਲ ਹੋਣ ਦੀ ਖ਼ਬਰ ਆ ਰਹੀ ਹੈੈ। ਦੁਨੀਆ ਭਰ ਤੋਂ ਸਾਹਮਣੇ ਆ ਰਹੇ ਮਾਮਲਿਆਂ ਤੋਂ ਚਿੰਤਤ ਵਿਸ਼ਵ ਸਿਹਤ ਸੰਗਠਨ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਸਬੰਧਤ ‘ਅੰਤਰਰਾਸ਼ਟਰੀ ਸਿਹਤ ਐਮਰਜੈਂਸੀ’ ਦਾ ਐਲਾਨ ਕਰ ਚੁੱਕਾ ਹੈ। ਸੁਭਾਵਿਕ ਹੈ ਕਿ ਕੋਰੋਨਾ ਵਾਇਰਸ ਤੋਂ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਭਾਰਤ ਸਮੇਤ ਬਾਕੀ ਦੁਨੀਆ ਦੇ ਸਾਰੇ ਦੇਸ਼ ਹਰ ਸੰਭਵ ਉਪਾਅ ਕਰ ਰਹੇ ਹਨ। ਬੀਤੇ ਦਿਨੀਂ ਹੀ ਚੀਨ ਵਿਚ ਫਸੇ 647 ਭਾਰਤੀ ਨਾਗਰਿਕਾਂ ਨੂੰ ਮੋਦੀ ਸਰਕਾਰ ਦੋ ਟੁਕੜਿਆਂ ਵਿਚ ਏਅਰਲਿਫਟ ਕਰ ਚੁੱਕੀ ਹੈ, ਜਿਨ੍ਹਾਂ ਦੀ ਮੈਡੀਕਲ ਜਾਂਚ ਜਾਰੀ ਹੈੈ। ਆਲੋਚਨਾ ਹੋਣ ਤੋਂ ਬਾਅਦ ਪਾਕਿਸਤਾਨ ਵੀ ਚੀਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਆਇਆ ਹੈ। ਇਸ ਤੋਂ ਪਹਿਲਾਂ ਉਸ ਨੇ ਨਾਕਾਫੀ ਮੈਡੀਕਲ ਸਹੂਲਤਾਂ ਦਾ ਹਵਾਲਾ ਦੇ ਕੇ ਆਪਣੇ ਲੋਕਾਂ ਨੂੰ ਚੀਨ ਤੋਂ ਵਾਪਸ ਦੇਸ਼ ਲਿਆਉਣ ਤੋਂ ਨਾਂਹ ਕਰ ਦਿੱਤੀ ਸੀ। ਇਹ ਵਾਇਰਸ ਕਿੰਨਾ ਖਤਰਨਾਕ ਹੋ ਚੁੱਕਾ ਹੈ, ਇਸ ਦਾ ਜਵਾਬ ਚੀਨ ਵਿਚ ਸਾਹਮਣੇ ਆਉਣ ਵਾਲੇ ਸ਼ੱਕੀ ਮਾਮਲਿਆਂ ਦੇ ਅੰਕੜਿਆਂ ਵਿਚ ਲੁਕਿਆ ਹੈ। ਬੀਤੇ ਐਤਵਾਰ (2 ਫਰਵਰੀ) ਨੂੰ ਪੰਜ ਹਜ਼ਾਰ, ਤਾਂ ਸੋਮਵਾਰ (3 ਫਰਵਰੀ) ਨੂੰ ਤਿੰਨ ਹਜ਼ਾਰ ਤੋਂ ਜ਼ਿਆਦਾ ਨਵੇਂ ਸ਼ੱਕੀ ਮਰੀਜ਼ਾਂ ਦਾ ਪਤਾ ਲੱਗਾ ਹੈ, ਜਿਨ੍ਹਾਂ ’ਚੋਂ ਕੁਝ ਦੀ ਹਾਲਾਤ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਇਹ ਲੇਖ ਲਿਖੇ ਜਾਣ ਤਕ ਅਧਿਕਾਰਤ ਅੰਕੜਿਆਂ ਅਨੁਸਾਰ, ਇਸ ਵਾਇਰਸ ਨਾਲ ਚੀਨ ਵਿਚ 500 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, 20,000 ਤੋਂ ਵੱਧ ਇਨਫੈਕਸ਼ਨ ਪ੍ਰਭਾਵਿਤ ਹਨ ਅਤੇ ਡੇਢ ਲੱਖ ਲੋਕਾਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ।

ਸੱਚ ਤਾਂ ਇਹ ਹੈ ਕਿ ਚੀਨ ਦੇ ਗੈਰ-ਰਸਮੀ ਅੰਕੜੇ ਸਰਕਾਰੀ ਦਾਅਵਿਆਂ ਤੋਂ ਕਿਤੇ ਜ਼ਿਆਦਾ ਭਿਆਨਕ ਜਾਪ ਰਹੇ ਹਨ ਕਿਉਂਕਿ ਆਪਣੀ ਪੁਰਾਣੀ ਫਿਤਰਤ ਅਨੁਸਾਰ ਚੀਨ ਆਪਣੇ ਦੇਸ਼ ਦੀ ਸਥਿਤੀ ਨੂੰ ਜਨਤਕ ਨਹੀਂ ਕਰ ਰਿਹਾ। ਇਹ ਗੱਲ ਉਸ ਘਟਨਾ ਤੋਂ ਵੀ ਸਪੱਸ਼ਟ ਹੈ, ਜਿਸ ਵਿਚ ਇਕ ਚੀਨੀ ਡਾਕਟਰ ਨੂੰ ਦਸੰਬਰ ਵਿਚ ਇਸ ਲਈ ਹਿਰਾਸਤ ਵਿਚ ਲਿਆ ਗਿਆ ਸੀ ਕਿਉਂਕਿ ਉਸ ਨੇ ਕੋਰੋਨਾ ਵਾਇਰਸ ਦੇ 7 ਮਾਮਲਿਆਂ ਦੀ ਜਾਣਕਾਰੀ ਇਕ ਚੈਟ ਵਿਚ ਜਨਤਕ ਕਰ ਦਿੱਤੀ ਸੀ। ਇਸ ਦਾ ਅਰਥ ਇਹ ਹੋਇਆ ਕਿ ਚੀਨ ਵਿਚ ਇਹ ਵਾਇਰਸ ਦਸੰਬਰ ਵਿਚ ਹੀ ਸਰਗਰਮ ਹੋ ਗਿਆ ਸੀ। ਚੀਨ ਦਾ ਅਜਿਹਾ ਹੀ ਵਤੀਰਾ ਸਾਲ 2003-04 ਵਿਚ ਵੀ ਦਿਸਿਆ ਸੀ, ਜਦੋਂ ਸਰਸ ਨਾਂ ਦੇ ਵਾਇਰਸ ਦੀ ਲਪੇਟ ਵਿਚ ਆਉਣ ਨਾਲ 800 ਵਿਅਕਤੀਆਂ ਦੀ ਮੌਤ ਹੋ ਗਈ ਸੀ। ਬਰਤਾਨਵੀ ਅਖ਼ਬਾਰ ‘ਦਿ ਸਨ’ ਦਾ ਦਾਅਵਾ ਹੈ ਕਿ ਚੀਨ ਵਿਚ ਕਈ ਰਾਹਗੀਰ ਬੇਹੋਸ਼ ਹੋ ਕੇ ਮਰ ਰਹੇ ਹਨ ਅਤੇ ਵਧੇਰਿਆਂ ਵਿਚ ਜਾਂਚ ਤੋਂ ਬਾਅਦ ਕੋਰੋਨਾ ਵਾਇਰਸ ਮਿਲਿਆ ਹੈ। ਸਥਿਤੀ ਇਹ ਹੋ ਗਈ ਹੈ ਕਿ 1.45 ਅਰਬ ਦੀ ਆਬਾਦੀ ਵਾਲੇ ਚੀਨ ਵਿਚ ਮੈਡੀਕਲ ਯੰਤਰਾਂ ਦੀ ਕਮੀ ਹੋ ਗਈ ਹੈ। ਇਸ ਵਾਇਰਸ ਨਾਲ ਉਸ ਦੀ ਆਰਥਿਕ ਸਥਿਤੀ ਨੂੰ ਵੱਡਾ ਨੁਕਸਾਨ ਤਾਂ ਪਹੁੰਚ ਹੀ ਰਿਹਾ ਹੈ, ਨਾਲ ਹੀ ਉੱਤਰੀ ਕੋਰੀਆ, ਜਾਪਾਨ, ਵੀਅਤਨਾਮ ਆਦਿ ਦੇਸ਼ਾਂ ਵਿਚ ਚੀਨ-ਵਿਰੋਧੀ ਭਾਵਨਾ ਵੀ ਭੜਕ ਉੱਠੀ ਹੈ, ਜਿਨ੍ਹਾਂ ਵਿਚ ਕਈ ਰੈਸਟੋਰੈਂਟਾਂ, ਹੋਟਲਾਂ ਵਿਚ ਚੀਨੀ ਨਾਗਰਿਕਾਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ। ਆਖਿਰ ਚੀਨ ਸਮੇਤ ਬਾਕੀ ਵਿਸ਼ਵ ਇਸ ਸਥਿਤੀ ਵਿਚ ਕਿਵੇਂ ਪਹੁੰਚਿਆ? ਕੋਰੋਨਾ ਵਾਇਰਸ ਕੁਝ ਵਿਸ਼ੇਸ਼ ਪ੍ਰਜਾਤੀਆਂ ਦੇ ਪਸ਼ੂ-ਪੰਛੀਆਂ ਵਿਚ ਪਾਇਆ ਜਾਂਦਾ ਹੈ, ਜਿਨ੍ਹਾਂ ਵਿਚ ਚਮਗਿੱਦੜ ਅਤੇ ਸੱਪ ਵਰਗੇ ਜੀਵ ਸ਼ਾਮਿਲ ਹਨ। ਜਦੋਂ ਇਹ ਵਾਇਰਸ ਮਨੁੱਖ ਵਿਚ ਪਹੁੰਚਿਆ ਤਾਂ ਇਸ ਨੇ ਖ਼ੁਦ ਨੂੂੰ ਇਸ ਤਰ੍ਹਾਂ ਵਿਕਸਿਤ ਕਰ ਲਿਆ ਕਿ ਇਹ ਇਨਸਾਨਾਂ ਵਿਚ ਵੀ ਜੀਵਤ ਰਹਿ ਸਕੇ। ਇਸ ਦਾ ਇਹੀ ਬਦਲਿਆ ਹੋਇਆ ਰੂਪ ਡਾਕਟਰਾਂ ਦੇ ਸਾਹਮਣੇ ਚੁਣੌਤੀ ਬਣ ਗਿਆ ਹੈ। ਹੁਣ ਕੋਰੋਨਾ ਵਾਇਰਸ ਮਨੁੱਖ ਵਿਚ ਕਿਵੇਂ ਪਹੁੰਚਿਆ, ਇਸ ਦਾ ਜਵਾਬ ਲੱਭਣਾ ਔਖਾ ਨਹੀਂ ਕਿਉਂਕਿ ਮਨੁੱਖਾਂ ਵਲੋਂ ਪਸ਼ੂ-ਪੰਛੀਆਂ ਦੇ ਮਾਸ ਦੀ ਵਰਤੋਂ ਅੱਜ ਦੁਨੀਆ ਭਰ ਵਿਚ ਕੀਤੀ ਜਾਂਦੀ ਹੈ।

ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਤੋਂ ਹੋਈ। ਇਥੋਂ ਦੇ ਹੁਆਨਾਨ ਬਾਜ਼ਾਰ ਵਿਚ ਚਮਗਿੱਦੜ, ਸੱਪ, ਚੂਹੇ, ਲੂੰਬੜੀ, ਮਗਰਮੱਛ, ਭੇੜੀਆ, ਮੋਰ ਅਤੇ ਊਠ ਸਮੇਤ 112 ਜੀਵਾਂ ਦਾ ਮਾਸ ਵੀ ਵਿਕਦਾ ਹੈ–ਜਿੱਥੋਂ ਇਹ ਵਾਇਰਸ ਮਨੁੱਖ ਦੇ ਅੰਦਰ ਪਹੁੰਚਿਆ। ਇਹੀ ਕਾਰਣ ਹੈ ਕਿ ਵੁਹਾਨ ਇਸ ਦਾ ਕੇਂਦਰ ਬਣਿਆ ਹੋਇਆ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਚਮਗਿੱਦੜਾਂ ਨੇ ਬਿੱਲੀ ਵਰਗੇ ਕਈ ਜੀਵਾਂ ਨੂੰ ਇਨਫੈਕਸ਼ਨ ਨਾਲ ਪ੍ਰਭਾਵਿਤ ਕੀਤਾ ਹੋਵੇਗਾ ਅਤੇ ਉਨ੍ਹਾਂ ਨੂੰ ਇਨਫੈਕਸ਼ਨ ਵਾਲੇ ਜੀਵਾਂ (ਚਮਗਿੱਦੜ ਸਮੇਤ) ਦਾ ਮਾਸ ਖਾਣ ਨਾਲ ਇਹ ਵਾਇਰਸ ਚੀਨੀ ਨਾਗਰਿਕਾਂ ਵਿਚ ਫੈਲ ਗਿਆ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਹੋਰ ਲੋਕਾਂ ਨੂੰ ਇਨਫੈਕਸ਼ਨ ਹੋ ਗਈ। ਚੀਨ ਦੀਆਂ ਖਾਣ-ਪੀਣ ਦੀਆਂ ਆਦਤਾਂ ਤੋਂ ਵਧੇਰੇ ਪਾਠਕ ਜਾਣੂ ਹੋਣਗੇ, ਜੋ ਕੋਰੋਨਾ ਵਾਇਰਸ ਨਾਲ ਮੈਡੀਕਲ ਸੰਘਰਸ਼ ਵਿਚ ਅੜਿੱਕਾ ਬਣਿਆ ਹੋਇਆ ਹੈ। ਲੱਗਭਗ ਹਰ ਕਿਸਮ ਦੇ ਜੀਵ ਦੇ ਮਾਸ ਦੀ ਵਰਤੋਂ ਇਥੇ ਕੀਤੀ ਜਾਂਦੀ ਹੈ। ਇਸ ਨਾਲ ਸਬੰਧਿਤ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹਨ। ਚੀਨ ਦੇ ਪ੍ਰਸਿੱਧ ਪੁਰਾਤੱਤਵ ਮਾਹਿਰ ਅਤੇ ਵਿਦਵਾਨ ਕੁਆਂਗ-ਚਿਹਚਾਂਗ ਦਾ ਕਹਿਣਾ ਹੈ–ਸਦੀਆਂ ਤੋਂ ਇਥੇ ਆਮ ਲੋਕਾਂ ਦੇ ਘਰ ਰੋਜ਼ਾਨਾ ਭੋਜਨ ਵਿਚ 4 ਕਿਸਮ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸਮੂਹ ਹੁੰਦੇ ਹਨ–ਅਨਾਜ, ਸਬਜ਼ੀਆਂ, ਫਲ ਅਤੇ ਮਾਸ। ਇਹੀ ਕਾਰਣ ਹੈ ਕਿ ਉਥੇ ਅਕਸਰ ਰੋਜ਼ਾਨਾ ਜੀਵ ਮਾਸ ਦੀ ਵਰਤੋਂ ਕੀਤੀ ਜਾਂਦੀ ਹੈ। ਮੈਂ ਸ਼ੰਘਾਈ ਅਤੇ ਬੀਜਿੰਗ ਦਾ ਦੌਰਾ ਕਰ ਚੁੱਕਾ ਹਾਂ ਪਰ ਉਥੇ ਆਜ਼ਾਦ ਹੋ ਕੋ ਬਾਜ਼ਾਰਾਂ ਵਿਚ ਘੁੰਮਣ ਦਾ ਮੌਕਾ ਨਹੀਂ ਮਿਲਿਆ ਪਰ ਚੀਨ ਵਲੋਂ ਕੰਟਰੋਲ ਵਿਚ ਲਏ ਹਾਂਗਕਾਂਗ ਵਿਚ ਮੇਰੇ 1996-97 ਦੇ ਨਿੱਜੀ ਦੌਰੇ ਵਿਚ ਮੈਂ ਚੀਨੀ ਖਾਣ-ਪੀਣ ਨੂੰ ਨੇੜਿਓਂ ਦੇਖਿਆ ਸੀ। ਵਿਸ਼ਵ ਵਿਚ ਕੋਰੋਨਾ ਵਾਇਰਸ ਵਰਗੀਆਂ ਮਹਾਮਾਰੀਆਂ ਕੁਦਰਤ ਨਾਲ ਛੇੜਛਾੜ ਕਰਨ ਨਾਲ ਪੈਦਾ ਹੁੰਦੀਆਂ ਹਨ। ਚਾਰਲਸ ਡਾਰਵਿਨ ਨੇ 1858 ਵਿਚ ‘ਕ੍ਰਮਵਿਕਾਸ ਸਿਧਾਂਤ’ ਨੂੰ ਵਿਸ਼ਵ ਦੇ ਸਾਹਮਣੇ ਰੱਖਿਆ ਸੀ। ਕੈਥੋਲਿਕ ਚਰਚ ਵਲੋਂ ਸਥਾਪਿਤ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਹੋਏ ਡਾਰਵਿਨ ਨੇ ਪਤਾ ਲਾਇਆ ਸੀ ਕਿ ਬਹੁਤ ਸਾਰੇ ਪੇੜ-ਪੌਦਿਆਂ ਅਤੇ ਜੀਵ-ਪ੍ਰਜਾਤੀਆਂ ਦਾ ਆਪਸ ਵਿਚ ਡੂੰਘਾ ਸਬੰਧ ਹੈ, ਜਿਸ ਦਾ ਨਿਰਮਾਣ ਪ੍ਰਮਾਤਮਾ ਨੇ ਮਨੁੱਖੀ ਵਰਤੋਂ ਲਈ ਨਹੀਂ ਕੀਤਾ ਸੀ।

ਜੀਵ ਹੱਤਿਆ ਨੂੰ ਅਸੀਂ ਸੱਭਿਅਕ ਨਹੀਂ ਕਹਿ ਸਕਦੇ। ਅੱਜ ਦੁਨੀਆ ਭਰ ਵਿਚ ‘ਵੀਗਨਵਾਦ’ ਦਾ ਰਿਵਾਜ ਜ਼ੋਰਾਂ ’ਤੇ ਹੈ, ਜੋ ਵਿਸ਼ਵ ਪੱਧਰੀ ਸਮਾਜ ਵਿਚ ਪ੍ਰਮੁੱਖ ਵਰਗ ਲਈ ਇਕ ਵੱਕਾਰ ਦਾ ਪ੍ਰਤੀਕ ਬਣ ਗਿਆ ਹੈ। ਅਸਲ ਵਿਚ ‘ਵੀਗਨ’ ਸ਼ੁੱਧ ਸ਼ਾਕਾਹਾਰ ਦਾ ਇਕ ਸਰੂਪ ਹੈ, ਜਿਸ ਦਾ ਜਨਮ ਹਿੰਦੂ ਵੈਦਿਕ-ਕਾਲਖੰਡ, ਭਾਵ ਪ੍ਰਾਚੀਨ ਭਾਰਤ ਵਿਚ ਹੋਇਆ ਸੀ। ਇਸ ਦਾ ਅਭਿਆਸ ਭਾਰਤ ਵਿਚ ਉਦੋਂ ਤੋਂ ਲੈ ਕੇ ਅੱਜ ਵੀ ਜਾਰੀ ਹੈ, ਜਦੋਂ ਦੁਨੀਆ ਵਿਚ ਪ੍ਰਭੂ ਈਸਾ ਮਸੀਹ ਦਾ ਜਨਮ ਵੀ ਨਹੀਂ ਹੋਇਆ ਸੀ। ਇਹ ਗੱਲ ਵੱਖਰੀ ਹੈ ਕਿ ਬੀਤੇ ਸਮੇਂ ਵਿਚ ਹੋਰ ਵਿਦੇਸ਼ੀ ਵਿਚਾਰ ਧਾਰਾਵਾਂ, ਮਜ਼੍ਹਬਾਂ ਅਤੇ ਸੱਭਿਆਚਾਰਾਂ ਦੇ ਭਾਰਤ ਵਿਚ ਆਉਣ ਨਾਲ ਇਸ ਵਿਚ ਘਾਲਾਮਾਲਾ ਹੁੰਦਾ ਗਿਆ। ਇਸਲਾਮੀ ਹਮਲਾਵਰਾਂ, ਪੁਰਤਗਾਲੀਆਂ, ਫਰਾਂਸੀਸੀਆਂ, ਅੰਗਰੇਜ਼ਾਂ ਅਤੇ ਖੱਬੇਪੱਖੀਆਂ ਦੇ ਭਾਰਤ ਆਉਣ ਨਾਲ ਇਥੋਂ ਦੇ ਮੂਲ ਸੱਭਿਆਚਾਰ ਨੂੰ ਸਭ ਤੋਂ ਵੱਧ ਨੁਕਸਾਨ ਪੁੱਜਾ ਹੈ। ਇਹੋ ਕਾਰਣ ਹੈ ਕਿ ਮੌਜੂਦਾ ਭਾਰਤ ਦੇ ਇਕ ਵਰਗ ਦੀ ਵੈਦਿਕ ਹਿੰਦੂ ਰਵਾਇਤਾਂ, ਸੱਭਿਆਚਾਰ, ਰੀਤੀ-ਰਿਵਾਜਾਂ ਅਤੇ ਮਾਨਤਾਵਾਂ ਦੇ ਪ੍ਰਤੀ ਨਫਰਤ ਪ੍ਰਤੱਖ ਹੈ। ਕੀ ਇਹ ਸੱਚ ਨਹੀਂ ਕਿ ਵੈਦਿਕ ਸੱਭਿਆਚਾਰ ਕੁਦਰਤ ਦੀ ਰਖਵਾਲੀ ਨੂੰ ਨਾ ਸਿਰਫ ਉਤਸ਼ਾਹਿਤ ਕਰਦਾ ਹੈ, ਸਗੋਂ ਸਾਰੇ ਪਸ਼ੂ-ਪੰਛੀਆਂ, ਨਦੀਆਂ, ਪਹਾੜ ਆਦਿ ਦੇ ਕਲਿਆਣ ਦਾ ਭਾਵ ਵੀ ਇਸ ਵਿਚ ਨਿਹਿੱਤ ਹੈ। ਹਿੰਦੂ ਮਾਨਤਾਵਾਂ ਦੇ ਅਨੁਸਾਰ ਦੇਵੀ-ਦੇਵਤਿਆਂ ਦੀਆਂ 33 ਕਿਸਮਾਂ ਹਨ, ਜਿਨ੍ਹਾਂ ਵਿਚ 12 ਆਦਿੱਤਿਆ, 11 ਰੁਦਰ, 8 ਵਸੁ, ਇੰਦਰ ਅਤੇ ਪ੍ਰਜਾਪਤੀ ਹਨ। ਜਿਨ੍ਹਾਂ 8 ਵਸੁਆਂ ਦਾ ਵਰਣਨ ਵੇਦਾਂ ਵਿਚ ਹੈ-ਵੇਰੂ-ਆਪ, ਧਰੁਵ, ਚੰਦਰਮਾ, ਧਰਤੀ, ਹਵਾ, ਅੱਗ, ਜਲ ਅਤੇ ਆਕਾਸ਼ ਸ਼ਾਮਿਲ ਹਨ। ਹਿੰਦੂ ਸਮਾਜ ਵਿਚ ਵਧੇਰੇ ਲੋਕ ਇਨ੍ਹਾਂ ਸਾਰੀਆਂ ਵਸੁਆਂ ਦੀ ਅਰਾਧਨਾ ਕਰਦੇ ਹਨ, ਨਾਲ ਹੀ ਇਸ ਨੂੰ ਨੁਕਸਾਨ ਪਹੁੰਚਾਉਣ ਜਾਂ ਦੂਸ਼ਿਤ ਕਰਨ ਨੂੰ ਪਾਪ ਦੇ ਬਰਾਬਰ ਰੱਖਦੇ ਹਨ। ਇਹੀ ਨਹੀਂ, ਭਾਰਤੀ ਸੱਭਿਆਚਾਰ ਵਿਚ ਗਊ, ਕੁੱਤਾ, ਬਿੱਲੀ, ਚੂਹਾ, ਹਾਥੀ, ਸ਼ੇਰ, ਬਘਿਆੜ ਆਦਿ ਅਤੇ ਇਥੋਂ ਤਕ ਕਿ ਸੱਪਾਂ ਨੂੰ ਵੀ ਪ੍ਰਮੁੱਖ ਸਥਾਨ ਦਿੱਤਾ ਗਿਆ ਹੈ। ਕੀ ਇਨ੍ਹਾਂ ਸਾਰੀਆਂ ਵੈਦਿਕ ਪ੍ਰੰਪਰਾਵਾਂ ਦੇ ਪਿੱਛੇ ਜੀਵ ਅਤੇ ਕੁਦਰਤੀ ਰਖਵਾਲੀ ਦਾ ਸੰਦੇਸ਼ ਨਿਹਿੱਤ ਨਹੀਂ? ਕੌੜਾ ਸੱਚ ਹੈ ਕਿ ਇਹ ਸਾਰੀਆਂ ਗੱਲਾਂ ਅੱਜ ਸਿਰਫ ਰੀਤੀ-ਰਿਵਾਜਾਂ ਅਤੇ ਪ੍ਰੰਪਰਾਵਾਂ ਤਕ ਸੀਮਤ ਰਹਿ ਗਈਆਂ ਹਨ, ਜੋ ਆਮ ਵਤੀਰੇ ’ਚ ਪ੍ਰਤੀਬਿੰਬਤ ਨਹੀਂ ਹੁੰਦੀਆਂ ਹਨ। ਮਨੁੱਖ ਅੱਜ ਤਕਨੀਕੀ ਤੌਰ ’ਤੇ ਕਿਤੇ ਵੱਧ ਵਿਕਸਿਤ ਅਤੇ ਤਾਕਤਵਰ ਤਾਂ ਹੋ ਗਿਆ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਉਹ ਕੁਦਰਤ ਨਾਲ ਖਿਲਵਾੜ ਕਰਨ ਲੱਗੇ। ਸੱਚ ਤਾਂ ਇਹ ਹੈ ਕਿ ਮਨੁੱਖ ਨੂੰ ਆਪਣੀ ਹੱਦ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਉਸ ਹੱਦ ਨੂੰ ਟੱਪਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਸ ਦੀ ਇਕ ਨਿਸ਼ਚਿਤ ਕੀਮਤ ਅਦਾ ਕਰਨੀ ਹੀ ਪਵੇਗੀ। ਜੇਕਰ ਦੁਨੀਆ ਦੀ ਆਉਣ ਵਾਲੀ ਪੀੜ੍ਹੀ ਨੂੰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਸੁਰੱਖਿਅਤ ਰੱਖਣਾ ਹੈ ਤਾਂ ਵਿਸ਼ਵ ਪੱਧਰੀ ਸਮਾਜ ਨੂੰ ਕੁਦਰਤ ਦੇ ਪ੍ਰਤੀ ਹਰੇਕ ਦਰਸ਼ਨ ਦੇ ਦ੍ਰਿਸ਼ਟੀਕੋਣ ਦਾ ਈਮਾਨਦਾਰੀ ਨਾਲ ਮੁਲਾਂਕਣ ਕਰਨਾ ਚਾਹੀਦਾ ਹੈੈ। ਕੀ ਮੌਜੂਦਾ ਮਾਹੌਲ ’ਚ ਅਜਿਹਾ ਸੰਭਵ ਹੈ?

(punjbalbir@gmail.com)

Bharat Thapa

This news is Content Editor Bharat Thapa