ਭਾਰਤੀ ਸਮਾਜ ’ਚ ਜ਼ਹਿਰ ਕਿਸ ਨੇ ਘੋਲਿਆ?

09/11/2020 3:48:33 AM

ਬਲਬੀਰ ਪੁੰਜ

ਉੱਭਰਦੇ ਹੋਏ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ (ਖੁਦਕੁਸ਼ੀ ਜਾਂ ਹੱਤਿਆ!) ਦੀ ਗੁੱਥੀ ਸੁਲਝੀ ਵੀ ਨਹੀਂ ਸੀ ਕਿ ਮਾਮਲੇ ਦੀਅਾਂ ਤਾਰਾਂ ਡਰੱਗਜ਼ ਕਾਰੋਬਾਰ ਨਾਲ ਜੁੜ ਗਈਅਾਂ। ਫਿਲਮ ਅਭਿਨੇਤਰੀ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਸਮੇਤ ਹੋਰਨਾਂ ਲੋਕਾਂ ਦੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵਲੋਂ ਵੱਖ-ਵੱਖ ਧਾਰਾਵਾਂ ’ਚ ਗ੍ਰਿਫਤਾਰੀ-ਇਸ ਦਾ ਪ੍ਰਮਾਣ ਹੈ।

ਬਿਨਾਂ ਸ਼ੱਕ, ਸੁਸ਼ਾਂਤ ਦੀ ਮੌਤ ਇਕ ਵੱਡਾ ਹਾਦਸਾ ਹੈ ਪਰ ਇਸ ’ਚ ਸਾਹਮਣੇ ਆਏ ਡਰੱਗਜ਼ ਦੇ ਕੋਣ ਨੇ ਸਮਾਜ ’ਚ ਪੈਦਾ ਹੋਏ ਇਕ ਗੰਭੀਰ ਰੋਗ ਨੂੰ ਮੁੜ ਤੋਂ ਦਰਸਾ ਦਿੱਤਾ ਹੈ। ਜਿਸ ਤਰ੍ਹਾਂ ਮਹਾਮਾਰੀ ਕੋਵਿਡ-19 ਵਾਇਰਸ ਕਿਸੇ ਵੀ ਵਿਅਕਤੀ ਦੇ ਸਮਾਜਿਕ ਵੱਕਾਰ, ਜਾਤੀ ਅਤੇ ਉਸ ਦੀ ਸੂੂਬਾਈ ਹੱਦ ਤੋਂ ਪਰ੍ਹੇ ਹੋ ਕੇ 45 ਲੱਖ ਤੋਂ ਵੱਧ ਲੋਕਾਂ ਨੂੰ ਇਨਫੈਕਟਿਡ ਕਰ ਕੇ 75 ਹਜ਼ਾਰ ਤੋਂ ਵੱਧ ਲੋਕਾਂ ਦੀ ਜੀਵਨ ਲੀਲਾ ਖਤਮ ਕਰ ਚੁੱਕਾ ਹੈ, ਉਵੇਂ ਹੀ ਡਰੱਗਜ਼ ਨੇ ਭਾਰਤ ਦੇ ਸਾਰੇ ਵਰਗਾਂ, ਭੂਗੋਲਿਕ ਘੇਰੇ ਅਤੇ ਸਮਾਜਿਕ ਪੱਧਰ ਦੇ ਕਰੋੜਾਂ ਲੋਕਾਂ ਨੂੰ ਆਪਣੇ ਚੰੁਗਲ ’ਚ ਲੈ ਲਿਆ ਹੈ।

ਹੁਣ ਤੱਕ ਕੀਤੀ ਜਾਂਚ ਅਤੇ ਦੋਸ਼ਾਂ-ਪ੍ਰਤੀਦੋਸ਼ਾਂ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਸੁਸ਼ਾਂਤ ਵੀ ਡਰੱਗਜ਼ ਦੀ ਜਕੜ ’ਚ ਫਸੇ ਹੋਏ ਸਨ, ਜਿਸ ਦੀ ਸਪਲਾਈ ਉਨ੍ਹਾਂ ਦੀ ਪ੍ਰੇਮਿਕਾ ਰੀਆ ਅਤੇ ਉਸ ਦਾ ਭਰਾ ਸ਼ੌਵਿਕ ‘ਡਰੱਗਜ਼-ਸਿੰਡੀਕੇਟ’ ਰਾਹੀਂ ਕਰ ਰਹੇ ਸਨ। ਮਾਮਲਾ ਸਿਰਫ ਇਨ੍ਹਾਂ ਤੱਕ ਹੀ ਸੀਮਤ ਨਹੀਂ ਹੈ। ਬਾਲੀਵੁੱਡ ’ਚ ਡਰੱਗਜ਼ ਦੀਅਾਂ ਜੜ੍ਹਾਂ ਕਿੰਨੀਅਾਂ ਡੂੰਘੀਅਾਂ ਹਨ, ਇਸ ’ਤੇ ਅਭਿਨੇਤਰੀ ਕੰਗਨਾ ਰਣੌਤ ਦਾ ਦਾਅਵਾ ਕਾਫੀ ਮਹੱਤਵਪੂਰਨ ਹੈ। ਉਨ੍ਹਾਂ ਅਨੁਸਾਰ, ਵੱਡੀਅਾਂ-ਵੱਡੀਅਾਂ ਪਾਰਟੀਅਾਂ ’ਚ 99 ਫੀਸਦੀ ਸਫਲ ਫਿਲਮੀ ਕਲਾਕਾਰ ਡਰੱਗਜ਼ ਦੀ ਵਰਤੋਂ ਕਰਦੇ ਹਨ। ਇਹੀ ਨਹੀਂ, ਇਕ ਟਵੀਟ ’ਚ ਕੰਗਨਾ ਨੇ ਇਹ ਵੀ ਲਿਖਿਆ ਸੀ, ‘‘ਮੈਂ ਰਣਵੀਰ ਸਿੰਘ, ਰਣਬੀਰ ਕਪੂਰ, ਅਯਾਨ ਮੁਖਰਜੀ, ਵਿੱਕੀ ਕੌਸ਼ਲ ਨੂੰ ਬੇਨਤੀ ਕਰਦੀ ਹਾਂ ਕਿ ਉਹ ਡਰੱਗ ਟੈਸਟ ਲਈ ਆਪਣੇ ਬਲੱਡ ਸੈਂਪਲਸ ਦੇਣ। ਅਜਿਹੀਅਾਂ ਅਫਵਾਹਾਂ ਹਨ ਕਿ ਉਨ੍ਹਾਂ ਨੂੰ ਕੋਕੀਨ ਦੇ ਨਸ਼ੇ ਦੀ ਆਦਤ ਹੈ।’’ ਕੀ ਡਰੱਗਜ਼ ਦਾ ਜਾਲ ਹਿੰਦੀ ਸਿਨੇਮਾ ਜਗਤ ਤੱਕ ਸੀਮਤ ਹੈ? ਨਹੀਂ। ਕੰਨੜ ਫਿਲਮ ਅਭਿਨੇਤਰੀ ਸੰਜਨਾ ਗਲਰਾਨੀ ਵੀ ਮੰਗਲਵਾਰ (8 ਸਤੰਬਰ) ਨੂੰ ਡਰੱਗਜ਼ ਮਾਮਲੇ ’ਚ ਗ੍ਰਿਫਤਾਰ ਕੀਤੀ ਗਈ ਹੈ।

ਅਜਿਹਾ ਵੀ ਨਹੀਂ ਹੈ ਕਿ ਸੁਸ਼ਾਂਤ ਮਾਮਲੇ ਤੋਂ ਬਾਅਦ ਪਹਿਲੀ ਵਾਰ ਜਾਂਚ ਏਜੰਸੀਅਾ ਡਰੱਗਜ਼ ਕਾਰੋਬਾਰ ਦੀਅਾਂ ਜੜ੍ਹਾਂ ਫਰੋਲ ਰਹੀਅਾਂ ਹਨ। ਸਿਰਫ ਰੀਆ ਜਾਂ ਸੰਜਨਾ ਵਰਗੇ ਉੱਚੇ ਵਰਗ ਨਾਲ ਹੀ ਨਹੀਂ, ਦੇਸ਼ ’ਚ ਹੇਠਲੇ-ਦਰਮਿਆਨੇ ਵਰਗ ਦੇ ਹਜ਼ਾਰਾਂ-ਲੱਖਾਂ ਨੌਜਵਾਨ (ਨਾਬਾਲਿਗਾਂ ਸਮੇਤ) ਇਸ ਦੀ ਜਕੜ ’ਚ ਹਨ। ਬਦਕਿਸਮਤੀ ਨਾਲ ਦੇਸ਼-ਵਿਰੋਧੀ ਸ਼ਕਤੀਅਾਂ (ਬਾਹਰੀ ਅਤੇ ਅੰਦਰੂਨੀ ਦੋਵੇਂ) ਇਸ ਦੀ ਵਰਤੋਂ ਆਪਣੇ ਏਜੰਡੇ ਦੀ ਪੂਰਤੀ ਲਈ ਕਰ ਰਹੀਅਾਂ ਹਨ।

ਦੇਸ਼ ’ਚ ਹਰੀ ਕ੍ਰਾਂਤੀ ਦੀ ਲੀਡਰਸ਼ਿਪ ਕਰ ਚੁੱਕਾ ਪੰਜਾਬ-ਡਰੱਗਜ਼ ਦਾ ਸੰਤਾਪ ਵਰ੍ਹਿਅਾਂ ਤੋਂ ਝੱਲ ਰਿਹਾ ਹੈ। ਕਈ ਪਰਿਵਾਰ, ਨੌਜਵਾਨ ਅਤੇ ਇਥੋਂ ਤੱਕ ਨਾਬਾਲਿਗ ਇਸ ਦੇ ਘੇਰੇ ’ਚ ਹਨ। ਪਿਛਲੇ ਚਾਰ ਸਾਲਾਂ ’ਚ ਇਥੇ ਲਗਭਗ 39,000 ਟਨ ਨਸ਼ੀਲੀਅਾਂ ਦਵਾਈਅਾਂ (ਡਰੱਗਜ਼) ਜ਼ਬਤ ਕੀਤੀਆਂ ਗਈਆਂ ਹਨ। ਪੰਜਾਬ ਦੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਸਾਲ 2016 ’ਚ ਜਾਰੀ ਅੰਕੜਿਅਾਂ ਅਨੁਸਾਰ, ਸੂਬੇ ਦੇ ਪਿੰਡਾਂ ’ਚ ਲਗਭਗ 67 ਫੀਸਦੀ ਘਰ ਅਜਿਹੇ ਹਨ, ਜਿਥੇ ਘੱਟ ਤੋਂ ਘੱਟ ਇਕ ਵਿਅਕਤੀ ਨਸ਼ਾ ਕਰਦਾ ਹੈ, ਜਦਕਿ ਹਰੇਕ ਹਫਤੇ ਘੱਟ ਤੋਂ ਘੱਟ ਇਕ ਵਿਅਕਤੀ ਦੀ ਡਰੱਗਜ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਮੌਤ ਹੋ ਜਾਂਦੀ ਹੈ।

ਅਖਿਲ ਭਾਰਤੀ ਆਯੁਰ ਵਿਗਿਆਨ ਸੰਸਥਾ (ਏਮਜ਼) ਦੀ ਇਕ ਰਿਪੋਰਟ ਅਨੁਸਾਰ ਪੰਜਾਬ ’ਚ ਹਰ ਸਾਲ 7500 ਕਰੋੜ ਰੁਪਏ ਦਾ ਨਸ਼ਾ ਕਾਰੋਬਾਰ ਹੁੰਦਾ ਹੈ। ਇਸ ’ਚ ਸਰਹੱਦ ਪਾਰ ਦੀ ਸ਼ਮੂਲੀਅਤ ਕਿਸੇ ਤੋਂ ਲੁਕੀ ਨਹੀਂ ਹੈ।

ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਮਦਦ ਨਾਲ ਇਹ ਸਮੱਗਲਰ ਸਰਹੱਦ ਪਾਰੋਂ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ। ਗੁਪਤ ਮਾਰਗਾਂ ਤੋਂ ਇਹ ਨਸ਼ਾ ਈਰਾਨ, ਅਫਗਾਨਿਸਤਾਨ, ਪਾਕਿਸਤਾਨ ਤੋਂ ਹੁੰਦੇ ਹੋਏ ਪੰਜਾਬ ਅਤੇ ਬਾਕੀ ਭਾਰਤ ਤੱਕ ਪਹੁੰਚਾਇਆ ਜਾਂਦਾ ਹੈ। ਇਸੇ ਸਰਵੇਖਣ ਅਨੁਸਾਰ ਪੰਜਾਬ ’ਚ 1.23 ਕਰੋੜ ਲੋਕ ਰੋਜ਼ਾਨਾ ਲਗਭਗ 20 ਕਰੋੜ ਰੁਪਏ ਡਰੱਗਜ਼ ’ਤੇ ਖਰਚ ਕਰ ਰਹੇ ਹਨ। ਅਜਿਹਾ ਵੀ ਨਹੀਂ ਹੈ ਕਿ ਨਸ਼ੇ ਦੀ ਗ੍ਰਿਫਤ ’ਚ ਸਿਰਫ ਅਨਪੜ੍ਹ ਜਾਂ ਬੇਰੋਜ਼ਗਾਰ ਹੀ ਹਨ। 89 ਫੀਸਦੀ ਪੜ੍ਹੇ-ਲਿਖੇ ਨੌਜਵਾਨ ਡਰੱਗਜ਼ ਦੀ ਗ੍ਰਿਫਤ ’ਚ ਹਨ। ਹਾਲਤ ਇਹ ਹੋ ਗਈ ਹੈ ਕਿ ਪੰਜਾਬ ਪੁਲਸ ’ਚ ਭਰਤੀ ਲਈ ਸਰਕਾਰ ਨੇ ਉਮੀਦਵਾਰਾਂ ਦੇ ਡੋਪ ਟੈਸਟ ਨੂੰ ਜ਼ਰੂਰੀ ਕਰ ਦਿੱਤਾ ਹੈ।

ਕੀ ਨਸ਼ਾ ਸਿਰਫ ਪੰਜਾਬ ਦੇ ਨੌਜਵਾਨਾਂ ਨੂੰ ਡੋਬ ਰਿਹਾ ਹੈ? ਨਹੀਂ। ਹੋਰਨਾਂ ਸੂਬਿਅਾਂ ਦੇ ਹਾਲਾਤ ਵੀ ਕੋਈ ਜ਼ਿਆਦਾ ਠੀਕ ਨਹੀਂ ਹਨ। ਇਕ ਸਰਵੇਖਣ ਅਨੁਸਾਰ ਦੇਸ਼ ’ਚ ਹੈਰੋਇਨ-ਅਫੀਮ ਦੇ ਨਸ਼ੇ ਦੀ ਆਦਤ ਨਾਲ 77 ਲੱਖ ਲੋਕ ਬੁਰੀ ਤਰ੍ਹਾਂ ਗ੍ਰਸਤ ਹਨ, ਜਿਨ੍ਹਾਂ ’ਚੋਂ 11 ਲੱਖ ਉੱਤਰ ਪ੍ਰਦੇਸ਼ ਤੋਂ ਹਨ। ਗੱਲ ਜੇਕਰ ਰਾਜਸਥਾਨ ਦੇ ਕੋਟਾ ਦੀ ਕਰੀਏ, ਜੋ ਕਿ ਦੇਸ਼ ਦੇ ਪ੍ਰਮੁੱਖ ਵਿੱਦਿਅਕ ਕੇਂਦਰਾਂ ’ਚੋਂ ਇਕ ਹੈ, ਉਥੇ ਡਰੱਗਜ਼ ਦਾ ਧੰਦਾ ਸ਼ਰੇਆਮ ਹੋਣ ਲੱਗਾ ਹੈ। ਇਕ ਸਥਾਨਕ ਮੀਡੀਆ ਰਿਪੋਰਟ ਅਨੁਸਾਰ, ਇਥੇ ਰੋਜ਼ਾਨਾ 40-50 ਲੱਖ ਰੁਪਏ ਤੱਕ ਦਾ ਡਰੱਗਜ਼ ਕਾਰੋਬਾਰ ਹੁੰਦਾ ਹੈ, ਜਿਸ ’ਚ ਵ੍ਹਟਸਐਪ ਰਾਹੀਂ ਵੀ ਆਰਡਰ ਲਏ ਜਾ ਰਹੇ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ, ਇਕੱਲੇ 2017 ’ਚ ਵੱਖ-ਵੱਖ ਜਾਂਚਕਰਤਾਵਾਂ-ਪੁਲਸ ਬਲ ਵਲੋਂ ਪੂਰੇ ਦੇਸ਼ ’ਚ 3.64 ਲੱਖ ਕਿਲੋਗ੍ਰਾਮ ਡਰੱਗਜ਼ ਦੀ ਖੇਪ ਫੜੀ ਗਈ ਸੀ। 2015 ’ਚ ਇਹ ਅੰਕੜਾ 1.1 ਲੱਖ ਕਿਲੋਗ੍ਰਾਮ ਸੀ। ਹੁਣ ਸੋਚੋ, ਕਿੰਨੇ ਲੱਖ ਕਿਲੋ ਡਰੱਗਜ਼ ਦੀ ਵਰਤੋਂ ਦੇਸ਼ ਦੇ ਕਰੋੜਾਂ ਲੋਕ ਕਰ ਚੁੱਕੇ ਹੋਣਗੇ।

ਡਰੱਗਜ਼ ਅਤੇ ਉਤੇਜਨਾ (ਹਿੰਸਕ ਸਮੇਤ) ਇਕ-ਦੂਸਰੇ ਦੇ ਪੂਰਕ ਹਨ। ਸੰਯੁਕਤ ਰਾਸ਼ਟਰ ਕੌਮਾਂਤਰੀ ਨਸ਼ੀਲੇ ਪਦਾਰਥ ਕੰਟਰੋਲ (ਯੂ. ਐੱਨ. ਓ. ਡੀ. ਸੀ.) ਵਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਦੁਨੀਆ ਭਰ ’ਚ 27 ਕਰੋੜ ਲੋਕ ਡਰੱਗਜ਼ ਦੀ ਵਰਤੋਂ ਕਰਦੇ ਹਨ ਅਤੇ 17 ਦੇਸ਼ਾਂ ’ਚ ਜਿੰਨੇ ਲੋਕਾਂ ਨੇ ਖੁਦਕੁਸ਼ੀਅਾਂ ਕੀਤੀਅਾਂ, ਉਨ੍ਹਾਂ ’ਚ 37 ਫੀਸਦੀ ਤੋਂ ਵੱਧ ਲੋਕ ਡਰੱਗਜ਼ ਦੇ ਨਸ਼ੇ (ਸ਼ਰਾਬ ਸਮੇਤ) ਵਿਚ ਸਨ। ਜੁਲਾਈ 2016 ’ਚ ਰਾਜ ਸਭਾ ’ਚ ਪੇਸ਼ ਕੀਤੇ ਗਏ ਰਾਸ਼ਟਰੀ ਅਪਰਾਧ ਬਿਊਰੋ (ਐੱਨ. ਸੀ. ਬੀ.) ਦੇ ਨਸ਼ੇ ਸੰਬੰਧੀ ਅੰਕੜਿਅਾਂ ਅਨੁਸਾਰ ਡਰੱਗਜ਼ ਦੀ ਆਦਤ ਨਾਲ ਜੁੜੀਅਾਂ ਸਭ ਤੋਂ ਜ਼ਿਆਦਾ ਖੁਦਕੁਸ਼ੀਅਾਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ’ਚ ਹੋਈਅਾਂ। ਉਂਝ ਮਹਾਰਾਸ਼ਟਰ ’ਚ ਡਰੱਗਜ਼ ਨਾਲ ਮੌਤ ਦੇ ਸਭ ਤੋਂ ਵੱਧ ਮਾਮਲੇ ਦਰਜ ਹੁੰਦੇ ਹਨ ਪਰ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਮਾਮਲੇ ’ਚ ਕੇਰਲ 14.2 ਫੀਸਦੀ ਦੇ ਨਾਲ ਪਹਿਲੇ ਸਥਾਨ ’ਤੇ ਹੈ।

ਜਦੋਂ ਭਾਰਤ ’ਚ ਅਫੀਮ, ਚਰਸ, ਕੋਕੀਨ, ਐੱਮ. ਡੀ. ਐੱਮ. ਏ., ਐੱਲ. ਐੱਸ. ਡੀ. ਵਰਗੇ ਕਈ ਕਿਸਮ ਦੇ ਡਰੱਗਜ਼ ਪਾਬੰਦੀਸ਼ੁਦਾ ਹਨ, ਤਾਂ ਇਨ੍ਹਾਂ ਦੀ ਖੇਪ ਦੇਸ਼ ’ਚ ਕਿਥੋਂ ਪਹੁੰਚ ਰਹੀ ਹੈ? ਅਫਗਾਨਿਸਤਾਨ ਦੁਨੀਆ ’ਚ ਅਫੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਥੇ ਸਾਲਾਨਾ 5-6 ਹਜ਼ਾਰ ਟਨ ਅਫੀਮ ਪੈਦਾ ਹੁੰਦੀ ਹੈ। ਕੋਲੰਬੀਅਾਂ, ਬੋਲੀਵੀਆ ਅਤੇ ਪੇਰੂ ਵਿਸ਼ਵ ’ਚ ਕੋਕੀਨ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ ਹਨ। ਤਿੰਨਾਂ ਦੇਸ਼ਾਂ ’ਚ ਇਸ ਦੀ ਖੇਤੀ 1.35 ਲੱਖ ਏਕੜ ਤੋਂ ਵੱਧ ਇਲਾਕੇ ’ਚ ਹੁੰਦੀ ਹੈ। ਮੋਰੱਕੋ ’ਚ ਹਰੇਕ ਸਾਲ 1500 ਟਨ ਚਰਸ ਅਤੇ ਗਾਂਜਾ ਪੈਦਾ ਹੁੰਦਾ ਹੈ, 1.34 ਲੱਖ ਹੈਕਟੇਅਰ ’ਚ ਗਾਂਜੇ ਦੀ ਖੇਤੀ ਹੁੰਦੀ ਹੈ।

ਇਸ ਪੂਰੇ ਘਟਨਾਕ੍ਰਮ ’ਚ ਸਭ ਤੋਂ ਰੋਚਕ ਅਤੇ ਦਿਲਚਸਪ ਪ੍ਰਤੀਕਿਰਿਆ ਮੁਲਜ਼ਮ ਰੀਅਾ ਅਤੇ ਸ਼ੌਵਿਕ ਦੇ ਪਿਤਾ ਸੇਵਾਮੁਕਤ ਲੈਫ. ਕਰਨਲ ਇੰਦਰਜੀਤ ਚੱਕਰਵਰਤੀ ਦੀ ਹੈ। ਰੀਆ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਨ੍ਹਾਂ ਵਲੋਂ 6 ਸਤੰਬਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ, ‘‘ਭਾਰਤ ਨੂੰ ਵਧਾਈ, ਤੁਸੀਂ ਮੇੇਰੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ। ਮੈਨੂੰ ਯਕੀਨ ਹੈ ਕਿ ਇਸ ਦੇ ਬਾਅਦ ਅਗਲਾ ਨੰਬਰ ਮੇਰੀ ਬੇਟੀ ਦਾ ਹੈ ਅਤੇ ਮੈਨੂੰ ਨਹੀਂ ਪਤਾ ਕਿ ਇਸ ਦੇ ਬਾਅਦ ਕਿਸ ਦਾ ਨੰਬਰ ਹੈ। ਤੁਸੀਂ ਇਕ ਮੱਧ ਵਰਗੀ ਪਰਿਵਾਰ ਨੂੰ ਅਸਰਦਾਇਕ ਢੰਗ ਨਾਲ ਤਬਾਹ ਕਰ ਦਿੱਤਾ ਹੈ ਪਰ ਯਕੀਨੀ ਤੌਰ ’ਤੇ ਨਿਅਾਂ ਲਈ ਸਭ ਕੁਝ ਉਚਿਤ ਹੈ। ਜੈ ਹਿੰਦ।’’ ਵਿਅੰਗ ਭਰੇ ਇਸ ਬਿਆਨ ’ਚ ਇੰਦਰਜੀਤ ਖੁਦ ਨੂੰ ਮੱਧ ਵਰਗੀ ਪਰਿਵਾਰ ਨਾਲ ਸੰਬੰਧਤ ਦੱਸ ਰਹੇ ਹਨ। ਅਜੇ ਦੇਸ਼ ਦੀ ਕੁਲ ਆਬਾਦੀ 136 ਕਰੋੜ ’ਚ 30-35 ਫੀਸਦੀ ਆਬਾਦੀ ਮੱਧ ਵਰਗ ਦੀ ਸ਼੍ਰੇਣੀ ’ਚ ਆਉਂਦੀ ਹੈ। ਕੀ ਉਹ ਆਪਣੇ ਬੱਚਿਅਾਂ ਵਲੋਂ ਡਰੱਗਜ਼ ਦੀ ਵਰਤੋਂ ਦੇ ਖੁਲਾਸੇ ’ਤੇ ਅਜਿਹੀ ਦੀ ਪ੍ਰਤੀਕਿਰਿਆ ਦੇਣਗੇ, ਜਿਵੇਂ ਇੰਦਰਜੀਤ ਨੇ ਦਿੱਤੀ ਹੈ? ਰੀਆ ਦੀ ਜੀਵਨ ਸ਼ੈਲੀ ਨੂੰ ਲੈ ਕੇ ਮੀਡੀਆ ’ਚ ਕਈ ਤਰ੍ਹਾਂ ਦੀਅਾਂ ਰਿਪੋਰਟਾਂ ਹਨ। ਡਰੱਗਜ਼ ਦੀ ਖਰੀਦ-ਫਰੋਖਤ ਅਤੇ ਵਰਤਣ ਨਾਲ ਜੁੜੀਅਾਂ ਜਾਣਕਾਰੀਅਾਂ ਤੋਂ ਇਲਾਵਾ ਇਕ ਰਿਪੋਰਟ ਅਨੁਸਾਰ ਰੀਆ ਆਪਣੇ ਪ੍ਰੇਮੀ ਸੁਸ਼ਾਂਤ ਦੀ ‘ਲਿਵ-ਇਨ ਪਾਰਟਨਰ’ ਸੀ। ਇਹ ਦੋ ਬਾਲਿਗਾਂ (ਨੌਜਵਾਨ ਅਤੇ ਮੁਟਿਆਰ) ਦਰਮਿਆਨ ਦਾ ਅਜਿਹਾ ਸੰਬੰਧ ਹੈ ਜਿਥੇ ਦੋਵੇਂ ਵਿਆਹ ਕੀਤੇ ਬਿਨਾਂ ਆਪਣੀ ਮਰਜ਼ੀ ਨਾਲ ਇਕ ਹੀ ਛੱਤ ਦੇ ਹੇਠਾਂ ਪਤੀ-ਪਤਨੀ ਵਾਂਗ ਰਹਿੰਦੇ ਹਨ। ਯੂਰਪੀ ਅਤੇ ਅਮਰੀਕੀ ਦੇਸ਼ਾਂ ਤੋਂ ਹੁੰਦੇ ਹੋਏ ਇਸ ਦਾ ਰਿਵਾਜ ਭਾਰਤ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਸੁਪਰੀਮ ਕੋਰਟ ਵਲੋਂ ਇਸ ਨੂੰ ਬੇਸ਼ੱਕ ਹੀ ਜਾਇਜ਼ਤਾ ਮਿਲ ਚੁੱਕੀ ਹੋਵੇ ਪਰ ਸਮਾਜ ਦਾ ਬਹੁਤ ਵੱਡਾ ਹਿੱਸਾ (ਮੱਧ ਵਰਗੀ ਸਮੇਤ) ਸੱਭਿਆਚਾਰਕ ਰਵਾਇਤਾਂ ਅਤੇ ਨੈਤਿਕਤਾ ਦੀ ਡੋਰ ਨਾਲ ਬੱਝਾ ਹੋਣ ਕਾਰਨ ਇਸ ਨੂੰ ਅਜੇ ਵੀ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੈ।

ਜੇਕਰ ਸਮਾਜ ਨੂੰ ਡਰੱਗਜ਼ ਦੀ ਨਸ਼ਾਖੋਰੀ ਤੋਂ ਮੁਕਤ ਕਰਨਾ ਹੈ ਤਾਂ ਪਰਿਵਾਰ ’ਚ ਸੁਤੰਤਰਤਾ (ਕਿਸੇ ਵੀ ਕਿਸਮ ਦੀ) ਅਤੇ ਮਾਤਾ-ਪਿਤਾ ਪ੍ਰਤੀ ਔਲਾਦਾਂ ਦੀ ਜਵਾਬਦੇਹੀ ’ਚ ਤਾਲਮੇਲ ਸਥਾਪਿਤ ਕਰਨਾ ਹੀ ਹੋਵੇਗਾ। ਕੀ ਮੌਜੂਦਾ ਸਥਿਤੀ ’ਚ ਅਜਿਹਾ ਸੰਭਵ ਹੈ?

Bharat Thapa

This news is Content Editor Bharat Thapa