ਕਿਸਦੀ ਨਜ਼ਰ ਲੱਗੀ ਮੇਰੇ ਪੰਜਾਬ ਨੂੰ!

05/17/2021 3:28:21 AM

ਹਰੀਸ਼ ਰਾਏ ਢਾਂਡਾ

ਸਿੰਧੂ ਘਾਟੀ ਸੱਭਿਅਤਾ ਇਸ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਾਤਾਵਾਂ ਵਿਚੋਂ ਇਕ ਸਭ ਤੋਂ ਪ੍ਰਾਚੀਨ ਸੱਭਿਅਤਾ ਹੈ। ਇਸ ਸੱਭਿਅਤਾ ’ਤੇ ਪੂਰੀ ਦੁਨੀਆ ਮਾਣ ਕਰਦੀ ਸੀ। ਇਹ ਸੱਭਿਅਤਾ ਸਿੰਧੂ ਨਦੀ ਅਤੇ ਉਸ ’ਚ ਰਲਣ ਵਾਲੀਆਂ ਨਦੀਅਾਂ ਦੇ ਇਲਾਕੇ ਵਾਲੀ ਸੱਭਿਅਤਾ ਸੀ। ਇਸ ਸੱਭਿਅਤਾ ਵਿਚ ਸਭ ਤੋਂ ਵੱਡੇ ਪ੍ਰਭਾਵਸ਼ਾਲੀ ਅਤੇ ਭੂਗੋਲਿਕ ਇਲਾਕੇ ਦਾ ਨਾਂ ਪੰਜਾਬ ਸੀ। ਸਿੰਧੂ ਘਾਟੀ ਸੱਭਿਅਤਾ ਦਾ ਨਾਂ ਸਿੰਧੂ ਨਦੀ ਤੋਂ ਪਿਆ ਹੈ ਅਤੇ ਇਸ ਤੋਂ ਹੀ ਵਿਗੜਦਾ-ਵਿਗੜਦਾ ਹਿੰਦੁਸਤਾਨ ਦਾ ਨਾਂ ਯੂਰਪੀਅਨਾਂ ਨੇ ਇੰਡੀਆ ਪਾ ਦਿੱਤਾ। ਪੰਜਾਬ ਦਾ ਨਾਂ ਆਪਣੇ-ਆਪ ਵਿਚ ਸਵੈ-ਪਰਿਭਾਸ਼ਾ ਵਾਲਾ ਹੈ। ‘ਪੰਜ’ ਤੋਂ ਮਤਲਬ ਪੰਜ ਅਤੇ ‘ਆਬ’ ਤੋਂ ਮਤਲਬ ਪਾਣੀ।

ਇਹ ਫਾਰਸੀ ਸ਼ਬਦ ਹਨ ਅਤੇ ਪੰਜ ਦਰਿਆਵਾਂ ਵਾਲੀ ਧਰਤੀ ਪੰਜਾਬ ਨਦੀਅਾਂ ਜੇਹਲਮ, ਝਨਾਬ, ਰਾਵੀ, ਬਿਆਸ, ਸਤਲੁਜ ਹਨ। ਇਹ ਪੰਜਾਬ ਉੱਤਰ ਦੇ ’ਚ ਤਿੱਬਤ ਤੋਂ ਸ਼ੁਰੂ ਹੋ ਕੇ ਹਿੰਦੂਕੁਸ਼ ਦੀਅਾਂ ਪਹਾੜੀਅਾਂ ਤੋਂ ਫਿਰਦਾ ਸਿੰਧ ਨਾਲ ਲੱਗਦਾ ਆਖਿਰਕਾਰ ਰਾਜਸਥਾਨ ਨਾਲ ਘੁੰਮਦਾ ਹੋਇਆ ਇਲਾਕਾ ਸੀ। ਇਹ ਇਕ ਬਹੁਤ ਹੀ ਵਿਸ਼ਾਲ, ਸ਼ਕਤੀਸ਼ਾਲੀ ਪੰਜਾਬ ਪੂਰੇ ਵਿਸ਼ਵ ਭਰ ’ਚ ਉੱਨਤੀ, ਪ੍ਰਗਤੀ ਦੀ ਇਕ ਜਿਊਂਦੀ-ਜਾਗਦੀ ਉਦਾਹਰਣ ਸੀ। ਅੱਜ ਤੋਂ ਸੈਂਕੜੇ ਸਾਲ ਪਹਿਲਾਂ, ਸਿੰਧ ਦੇ ਚੜ੍ਹਦੇ ਕੰਢੇੇ ’ਤੇ ਸਥਾਪਿਤ ਤਕਸਿਲਾ ਸ਼ਹਿਰ ਵਿਚ ਵਿਸ਼ਵ ਪ੍ਰਸਿੱਧ ਤਕਸਿਲਾ ਯੂਨੀਵਰਸਿਟੀ ਦੀ ਉਸਾਰੀ ਹੋਈ ਸੀ। ਇਸ ਯੂਨੀਵਰਸਿਟੀ ’ਚ ਰੋਮਨ, ਪਰਸ਼ੀਅਨ ਅਤੇ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਅਾਂ ਵਿਚੋਂ ਮੰਨੇ-ਪ੍ਰਮੰਨੇ ਵਿਦਵਾਨਾਂ ਦਾ ਡੇਰਾ ਸੀ ਅਤੇ ਬਹੁਤ ਵੱਡੀ ਲਾਇਬ੍ਰੇਰੀ ਦਾ ਹੋਣਾ ਦੱਸਿਆ ਜਾਂਦਾ ਹੈ। ਇਹੀ ਉਹੀ ਇਲਾਕਾ ਹੈ, ਜਿਥੇ ਵਿਸ਼ਵ ਦੀ ਸਭ ਤੋਂ ਪੁਰਾਣੀ ਭਾਸ਼ਾ ਸੰਸਕ੍ਰਿਤ ਭਾਸ਼ਾ ਦਾ ਜਨਮ ਹੋਇਆ ਅਤੇ ਇਸ ਭਾਸ਼ਾ ’ਚੋਂ ਪੂਰੇ ਏਸ਼ੀਆ ਅਤੇ ਇਥੋਂ ਤਕ ਕਿ ਰੂਸ ਤੱਕ ਇਸ ਭਾਸ਼ਾ ਦੇ ਪ੍ਰਭਾਵ ਨਾਲ ਅਨੇਕਾਂ ਨਵੀਅਾਂ ਭਾਸ਼ਾਵਾਂ ਦਾ ਜਨਮ ਹੋਇਆ। ਸਭ ਤੋਂ ਪੁਰਾਣੀ ਸੱਭਿਅਤਾ ਹੜੱਪਾ ਅਤੇ ਮੋਹੰਜਦੜੋ ਦਾ ਵੀ ਵਿਸਤਾਰ ਇਸੇ ਪੰਜਾਬ ਵਿਚ ਹੋਇਆ।

ਸਿਆਸਤ ਦੀ ਭੇਟ ਚੜ੍ਹਦੇ ਅੰਗਰੇਜ਼ਾਂ ਨੇ ਇਸ ਪੰਜਾਬ ਨੂੰ ਕਮਜ਼ੋਰ ਕਰਨ ਦੀ ਨੀਤੀ ਅਧੀਨ ਇਸ ਦੀ ਵੰਡ ਕੀਤੀ। ਇਹ ਵਰਨਣਯੋਗ ਹੋਵੇਗਾ ਕਿ ਕਲਕੱਤੇ ਰਾਹੀਂ ਹਿੰਦੁਸਤਾਨ ’ਚ ਆਪਣੇ ਪੈਰ ਪਸਾਰਨ ਤੋਂ ਪਹਿਲਾਂ ਅੰਗਰੇਜ਼ਾਂ ਨੇ ਸਿੰਧ ਨਦੀ ਰਾਹੀਂ ਇਸ ਇਲਾਕੇ ’ਚ ਵੜ ਕੇ ਪੈਰ ਪਸਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਨਾਕਾਮਯਾਬ ਰਹੇ ਸਨ।

ਹਿੰਦੁਸਤਾਨ ’ਚ ਰਾਜ ਸਥਾਪਿਤ ਕਰਨ ਉਪਰੰਤ ਵੀ ਪੰਜਾਬ ਅੰਗਰੇਜ਼ਾਂ ਦੇ ਅਧੀਨ ਆਉਣ ਵਾਲਾ ਸਭ ਤੋਂ ਆਖਰੀ ਸੂਬਾ ਸੀ ਅਤੇ ਅੰਗਰੇਜ਼ਾਂ ਦੀ ਗੁਲਾਮੀ ਵੀ ਸਭ ਤੋਂ ਘੱਟ ਸਮੇਂ ਲਈ ਪੰਜਾਬ ਨੇ ਕੀਤੀ ਹੈ। ਦੋ ਵਿਸ਼ਵ ਜੰਗਾਂ ਵਿਚ ਅੰਗਰੇਜ਼ਾਂ ਦੇ ਪਾਲੇ ਦੀ ਜਿੱਤ ਯਕੀਨੀ ਬਣਾਉਣ ’ਚ ਪੰਜਾਬ ਦੇ ਸੂਰਮਿਅਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਅੰਗਰੇਜ਼ਾਂ ਅਤੇ ਜਰਮਨੀ ’ਚ ਲੜਾਈ ਵਿਚਕਾਰ ਲੜਾਈ ਦਾ ਜਿੱਤ ਦਾ ਫਰਕ ਕੇਵਲ ਤੇ ਕੇਵਲ ਪੰਜਾਬੀ ਫੌਜਾਂ ਕਰਕੇ ਰਿਹਾ ਹੈ, ਜਿਨ੍ਹਾਂ ਦੀ ਮਿਸਾਲ ਅੱਜ ਤੱਕ ਪੂਰੇ ਯੂਰਪ ਵਿਚ ਲੋਕ ਕਥਾਵਾਂ ਵਾਂਗ ਪ੍ਰਚੱਲਿਤ ਹੈ ਅਤੇ ਅੱਜ ਤੱਕ ਲੜਾਈ ’ਚ ਸ਼ਹੀਦ ਪੰਜਾਬੀ ਫੌਜੀਅਾਂ ਨੂੰ ਵੱਖ-ਵੱਖ ਯੂਰਪੀਅਨ ਮੁਲਕ ਆਪਣੇ-ਆਪਣੇ ਦੇਸ਼ਾਂ ’ਚ ਯਾਦ ਵਜੋਂ ਹਰ ਸਾਲ ਤਿਉਹਾਰ ਦੇ ਰੂਪ ਵਿਚ ਮਨਾਉਂਦੇ ਹਨ।

ਅੱਜ ਪੰਜਾਬ ਸੁੰਗੜਦਾ-ਸੁੰਗੜਦਾ ਤੇ ਹਿੰਦੁਸਤਾਨ ਦੀ ਜਮਹੂਰੀਅਤ ’ਚ 13 ਪਾਰਲੀਮੈਂਟ ਸੀਟਾਂ ਵਾਲਾ ਇਕ ਨਿੱਕਾ ਜਿਹਾ ਸੂਬਾ ਹੈ। ਪੰਜਾਬ ਦੇ ਮਿਹਨਤਕਸ਼ ਲੋਕਾਂ ਦੇ ਸਦਕੇ ਪੰਜਾਬ ਫਿਰ ਵੀ ਹਿੰਦੁਸਤਾਨ ਦੇ ਸਿਰਮੌਰ ਵਜੋਂ ਜਾਣਿਆ ਜਾਣ ਵਾਲਾ ਸੂਬਾ ਰਿਹਾ ਹੈ। ਪੰਜਾਬ ਨੇ ਚਾਹੇ ਹਰੀ ਕ੍ਰਾਂਤੀ ਰਾਹੀਂ ਦੇਸ਼ ਦੇ ਅਨਾਜ ਸੰਕਟ ਦੀ ਪੂਰਤੀ ਕੀਤੀ, ਸਨਅਤੀ ਅਦਾਰੇ ਵਿਚ ਵਿਸ਼ਵ ਪੱਧਰ ’ਤੇ ਪੰਜਾਬ ਨੇ ਛਾਪ ਛੱਡੀ, ਪੰਜਾਬੀਅਾਂ ਦੀ ਅਗਾਂਹਵਧੂ ਮਾਨਸਿਕਤਾ ਸਦਕਾ ਪੂਰੇ ਵਿਸ਼ਵ ਭਰ ਵਿਚ ਪੰਜਾਬੀਅਾਂ ਨੇ ਆਪਣੀ ਧਾਕ ਜਮਾਈ ਹੈ ਅਤੇ ਪੰਜਾਬੀਅਾਂ ਦਾ ਨਾਂ ਵਿਸ਼ਵ ਭਰ ਵਿਚ ਸਤਿਕਾਰ ਵਜੋਂ ਜਾਣਿਆ ਜਾਂਦਾ ਹੈ।

ਪੰਜਾਬ ਇਕ ਤਕੜੇ ਆਰਥਿਕ ਢਾਂਚੇ ਵਾਲਾ ਪੰਜਾਬ ਜਾਣਿਆ ਜਾਂਦਾ ਸੀ ਅਤੇ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਹਿੰਦੁਸਤਾਨ ਵਿਚ ਸਭ ਤੋਂ ਵੱਧ ਸੀ ਪਰ ਅੱਜ ਚਲਦੇ-ਚਲਦੇ ਪੰਜਾਬ 13ਵੇਂ ਨੰਬਰ ’ਤੇ ਆ ਖੜ੍ਹਾ ਹੈ। ਹਰਿਆਣਾ ਇਸ ਮਾਪਦੰਡ ਵਿਚ ਪੰਜਾਬ ਤੋਂ ਅੱਗੇ ਹੈ, ਹਿਮਾਚਲ ਪ੍ਰਦੇਸ਼ ਪੰਜਾਬ ਦੇ ਬਰਾਬਰ ਹੈ। ਪੰਜਾਬ ਦੀ ਆਰਥਿਕ ਜੀ. ਡੀ. ਪੀ. ਦੀ ਤੁਲਨਾ ’ਚ 45.5% ਘਾਟੇ ਵਾਲੀ ਹੈ।

ਪੰਜਾਬ ਦਾ ਬਜਟ 24828 ਕਰੋੜ ਰੁਪਏ ਘਾਟੇ ਵਾਲਾ ਹੈ। ਅੱਜ ਪੰਜਾਬ ਦੀ ਹਿੰਦੁਸਤਾਨ ਦੇ ਸੂਬਿਅਾਂ ਵਿਚੋਂ ਤਰੱਕੀ ਦੀ ਵਾਧਾ ਦਰ ਹੇਠੋਂ ਦੂਜੇ ਨੰਬਰ ’ਤੇ ਹੈ ਤੇ ਸਿਰਫ ਮਣੀਪੁਰ ਪੰਜਾਬ ਤੋਂ ਪਿੱਛੇ ਹੈ। ਪੰਜਾਬ ਅੱਜ ਲਗਭਗ 3 ਲੱਖ ਕਰੋੜ ਰੁਪਏ ਦੇ ਕਰਜ਼ੇ ਤਹਿਤ ਪਹੁੰਚਣ ਵਾਲਾ ਹੈ ਅਤੇ ਅਰਥ-ਸ਼ਾਸਤਰੀਅਾਂ ਅਨੁਸਾਰ ਪੰਜਾਬ ਦਾ ਕਰਜ਼ਾ 2024-25 ’ਚ 3,73,988 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ, ਜੋ 31 ਮਾਰਚ 2019 ਦੀ ਕਰਜ਼ਾ ਰਾਸ਼ੀ 1,79,130 ਕਰੋੜ ਤੋਂ ਦੁੱਗਣੀ ਹੋਵੇਗੀ।

ਪੰਜਾਬ ਦੇ ਜ਼ਮੀਨੀ ਪਾਣੀ ਦੇ ਸਰੋਤ ਲਗਾਤਾਰ ਡਿੱਗ ਰਹੇ ਹਨ। ਕਈ ਮਾਹਿਰਾਂ ਅਨੁਸਾਰ ਪੰਜਾਬ ਰੇਗਿਸਤਾਨ ਬਣਨ ਵੱਲ ਚੱਲ ਰਿਹਾ ਹੈ। ਪੰਜਾਬ ਜੀ. ਡੀ. ਪੀ. ਦੇ ਪੱਧਰ ਨਾਲ 1981 ਵਿਚ ਪਹਿਲੇ ਨੰਬਰ ’ਤੇ ਸੀ ਅਤੇ 2000 ਵਿਚ ਚੌਥੇ ਨੰਬਰ ’ਤੇ ਪੱਛੜ ਗਿਆ ਅਤੇ ਇਹ ਪੱਛੜਣ ਦਾ ਸਿਲਸਿਲਾ ਲਗਾਤਾਰ ਬਰਕਰਾਰ ਹੈ, ਭਾਵ ਪੰਜਾਬ ਦਾ ਭਵਿੱਖ ਬਹੁਤ ਗੰਭੀਰ ਹੈ। ਪੰਜਾਬ ਦਾ ਨੌਜਵਾਨ ਵਿਦੇਸ਼ੀ ਮੁਲਕਾਂ ਵੱਲ ਰੁਖ ਕਰ ਚੁੱਕਾ ਹੈ ਅਤੇ ਵੱਡੇ ਪੱਧਰ ’ਤੇ ਪਲਾਇਨ ਹੋ ਰਿਹਾ ਹੈ। ਇਹ ਦਸ਼ਾ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਹਿੰਦੁਸਤਾਨ ਦੀ ਜਮਹੂਰੀਅਤ ਵਿਚ ਹਰ ਸੂਬੇ ਦਾ ਭਵਿੱਖ ਅਤੇ ਲਗਾਮ ਜੇਤੂ ਸਿਆਸੀ ਅਨਸਰਾਂ ਦੇ ਹੱਥ ਹੁੰਦੀ ਹੈ। ਅੱਜ ਪੰਜਾਬ ਦੀ ਲਗਾਮ ਕੈਪਟਨ ਅਮਰਿੰਦਰ ਸਿੰਘ ਦੀ ਕਮਾਨ ਹੇਠਾਂ ਪਿਛਲੀ ਅਸੈਂਬਲੀ ਵਿਚ 77 ਵਿਧਾਇਕਾਂ ਦੀ ਜਿੱਤ ਨਾਲ ਇਕ ਬਹੁਤ ਵੱਡੀ ਸਥਿਰ ਬਹੁਮਤ ਨਾਲ ਹਾਸਲ ਹੈ। ਅੱਜ ਪੰਜਾਬ ਆਰਥਿਕ ਮੰਦੀ, ਬੇਰੋਜ਼ਗਾਰੀ, ਸਨਅਤ ਦੇ ਖਾਤਮੇ, ਸਿੱਖਿਆ ਦੇ ਡਿੱਗਦੇ ਮਿਆਰ, ਸਿਹਤ ਸੇਵਾਵਾਂ ਦੀ ਕਮੀ, ਜ਼ਮੀਨੀ ਪਾਣੀਅਾਂ ਦੇ ਪਤਨ, ਨਸ਼ਿਅਾਂ ਦੀ ਲਾਹਨਤ, ਦੁਸ਼ਮਣ ਮੁਲਕ ਵਲੋਂ ਘੁਸਪੈਠ ਆਦਿ ਨਾਲ ਜੂਝ ਰਿਹਾ ਹੈ ਅਤੇ ਇਹ ਸਭ ਕੁਝ ਚਲਦੇ ਪਿਛਲੇ ਇਕ ਸਾਲ ਤੋਂ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਵੀ ਝੱਲ ਰਿਹਾ ਹੈ।

ਇਸ ਸਮੇਂ ਮੌਕੇ ਦੀ ਸਰਕਾਰ ਜਾਂ ਉਸ ਦੇ ਚੁਣੇ ਹੋਏ ਵਿਧਾਇਕਾਂ ਵਲੋਂ ਪੰਜਾਬ ਦੀ ਗੰਭੀਰ ਹਾਲਤ ਨਾਲ ਨਜਿੱਠਣ ਲਈ ਕੋਈ ਵਿਉਂਤ ਬਣਦੀ ਨਜ਼ਰ ਨਹੀਂ ਆਉਂਦੀ, ਸਗੋਂ ਰੋਜ਼ਾਨਾ ਅਖਬਾਰਾਂ ਵਿਚ ਇਨ੍ਹਾਂ ਲੀਡਰਾਂ ਵਲੋਂ ਆਪਣੀ ਕੁਰਸੀ ਬਚਾਉਣ ਜਾਂ ਆਪਣੇ ਭਵਿੱਖੀ ਸਿਆਸੀ ਲਾਭ ਹਾਸਲ ਕਰਨ ਲਈ ਮਹਾਭਾਰਤ ਚੱਲਦਾ ਨਜ਼ਰ ਆ ਰਿਹਾ ਹੈ। ਇਹ ਬੁੜ੍ਹੀਅਾਂ ਵਾਂਗੂ ਮਿਹਣੋ-ਮਿਹਣੀ ਹੁੰਦੇ ਨਿੱਤ ਨਜ਼ਰ ਆਉਂਦੇ ਹਨ।

ਕੀ ਪੰਜਾਬ ਇਸ ਕਾਬਿਲ ਨਹੀਂ ਕਿ ਪੰਜਾਬ ਦੇ ਮਸਲਿਅਾਂ ਨੂੰ ਸੁਲਝਾਉਣ ਲਈ ਪੰਜਾਬ ਦੇ ਸੱਤਾਧਾਰੀ ਲੀਡਰ ਪੁਰਜ਼ੋਰ ਕੋਸ਼ਿਸ਼ ਕਰ ਕੇ ਵਿਉਂਤ ਬਣਾਉਣ? ਕੀ ਪੰਜਾਬ ਦੀ ਸੱਤਾਧਾਰੀ ਪਾਰਟੀ ਤੋਂ ਪੰਜਾਬ ਦੇ ਲੋਕ ਆਸ ਨਾ ਰੱਖਣ ਕਿ ਪੰਜਾਬ ਦੇ ਗੰਭੀਰ ਮਸਲਿਅਾਂ ਦੇ ਹੱਲ ਕੱਢੇ ਜਾਣ? ਅੱਜ ਪੰਜਾਬ ਦੇ ਲੋਕ ਬੇਵੱਸ ਹਾਲਤ ਵਿਚ ਆਪਣੇ ਆਪ ਨੂੰ ਕਿਉਂ ਮਹਿਸੂਸ ਕਰ ਰਹੇ ਹਨ। ਅੱਜ ਅੰਮ੍ਰਿਤਾ ਪ੍ਰੀਤਮ ਵਲੋਂ ਲਿਖੀਅਾਂ ਉਹ ਸੱਤਰਾਂ ਢੁੱਕਵੀਅਾਂ ਜਾਪਦੀਅਾਂ ਹਨ-

ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰ ਕਬਰਾਂ ਵਿਚੋਂ ਬੋਲ,

ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।

ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ।

ਅੱਜ ਲੱਖਾਂ ਧੀਅਾਂ ਰੋਂਦੀਅਾਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ।

ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤਕ ਆਪਣਾ ਪੰਜਾਬ।

ਅੱਜ ਬੇਲੇ ਲਾਸ਼ਾਂ ਵਿਛੀਅਾਂ ਤੇ ਲਹੂ ਦੀ ਭਰੀ ਝਨਾਬ।

ਪੰਜਾਬ ਅੱਜ ਦੇ ਹਾਲ ਦਾ ਹੱਕਦਾਰ ਨਹੀਂ ਅਤੇ ਮੈਂ ਸਿਰਫ ਇਹੀ ਕਹਿ ਸਕਦਾ ਹਾਂ ਕਿ ਕਿਸ! ਨਜ਼ਰ ਲਾਈ ਮੇਰੇੇ ਪੰਜਾਬ ਨੂੰ!

Bharat Thapa

This news is Content Editor Bharat Thapa