ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ ਨਾਲ ਜੁੜਨਾ ਜਾਂ ਨਾ ਜੁੜਨਾ ਬੇਯਕੀਨੀ ਦੇ ਭੰਵਰ ’ਚ

04/25/2022 2:31:46 AM

ਰਹੀ ਨਾ ਤਾਕਤ-ਏ-ਗੁਫਤਾਰ ਔਰ ਅਗਰ ਹੋ ਭੀ
ਤੋ ਕਿਸ ਉਮੀਦ ਪੇ ਕਹੀਏ ਕਿ ਆਰਜ਼ੂ ਕਯਾ ਹੈ।
ਉਰਦੂ ਦੇ ਮਹਾਨ ਸ਼ਾਇਰ ਮਿਰਜ਼ਾ ਗਾਲਿਬ ਨੇ ਇਹ ਸ਼ੇਅਰ ਲਗਭਗ 200 ਸਾਲ ਪਹਿਲਾਂ ਲਿਖਿਆ ਸੀ ਪਰ ਅੱਜ ਦੇ ਸੰਦਰਭ ’ਚ ਕਾਂਗਰਸ ਪਾਰਟੀ ਨੂੰ ਲੈ ਕੇ ਇਹ ਗੱਲ ਸਟੀਕ ਜ਼ਰੂਰ ਬੈਠਦੀ ਹੈ। ਦਿ ਗ੍ਰੈਂਡ ਓਲਡ ਪਾਰਟੀ ਕਾਂਗਰਸ ਦਾ ਕਿਸੇ ਸਮੇਂ ਕੇਂਦਰ ਅਤੇ ਦੇਸ਼ ਦੇ ਵਧੇਰੇ ਸੂਬਿਆਂ ਦੀਆਂ ਸਰਕਾਰਾਂ ’ਚ ਦਬਦਬਾ ਰਿਹਾ ਪਰ ਪਿਛਲੇ ਕੁਝ ਸਾਲਾਂ ਤੋਂ ਕੇਂਦਰ ਦੇ ਨਾਲ-ਨਾਲ ਸੂਬਿਆਂ ’ਚ ਵੀ ਸੱਤਾ ਤੋਂ ਵਾਂਝਿਆਂ ਹੋ ਕੇ ਲਗਾਤਾਰ ਖੋਰੇ ਵੱਲ ਵਧ ਰਹੀ ਇਹ ਪਾਰਟੀ ਅੱਜ ਸਿਰਫ 2 ਸੂਬਿਆਂ ਤੱਕ ਸੁੰਗੜ ਕੇ ਹਾਸ਼ੀਏ ’ਤੇ ਆ ਗਈ ਹੈ।
5 ਸੂਬਿਆਂ ਦੀਆਂ ਚੋਣਾਂ ’ਚ ਭਾਰੀ ਹਾਰ ਨੂੰ ਦੇਖਦੇ ਹੋਏ ਕੁਝ ਸਮੇਂ ਤੋਂ ਇਕ ਵਾਰ ਫਿਰ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ’ਚ ਲਿਆਉਣ ਦੀ ਕਵਾਇਦ ਸ਼ੁਰੂ ਹੋਈ ਹੈ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ਲਈ ਇਕ ਆਸ ਦੀ ਕਿਰਨ ਬਣ ਸਕਦੇ ਹਨ।
‘ਪੀ. ਕੇ.’ ਦੇ ਨਾਂ ਨਾਲ ਮਸ਼ਹੂਰ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਇਕ ਹਫਤੇ ਤੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲਬਾਤ ਚੱਲ ਰਹੀ ਹੈ। ਇਸ ’ਚ ਨਾ ਤਾਂ ਰਾਹੁਲ ਅਤੇ ਨਾ ਹੀ ਪ੍ਰਿਯੰਕਾ ਗਾਂਧੀ ਵਢੇਰਾ ਸ਼ਾਮਲ ਸਨ। ਹੁਣ ਜਲਦੀ ਹੀ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਤੀਸਰੀ ਮੁਲਾਕਾਤ ਦੇ ਬਾਅਦ ਇਸ ਸਬੰਧ ’ਚ ਆਖਰੀ ਫੈਸਲਾ ਲਏ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਸਿਆਸੀ ਰਣਨੀਤੀਕਾਰ ਦੇ ਰੂਪ ’ਚ ਪ੍ਰਸ਼ਾਂਤ ਕਿਸ਼ੋਰ ਨੇ ਸਭ ਤੋਂ ਪਹਿਲਾਂ 2011 ’ਚ ਨਰਿੰਦਰ ਮੋਦੀ ਲਈ ਮੁਹਿੰਮ ਚਲਾਈ ਸੀ ਅਤੇ 2014 ’ਚ ਭਾਜਪਾ ਨੂੰ ਲੋਕ ਸਭਾ ਦੀਆਂ ਚੋਣਾਂ ’ਚ ਭਾਰੀ ਬਹੁਮਤ ’ਚ ਜਿੱਤ ਦਿਵਾਉਣ ’ਚ ਮਦਦ ਕੀਤੀ।
ਫਿਰ ਪ੍ਰਸ਼ਾਂਤ ਦੇ ਬਲਬੂਤੇ ’ਤੇ 2016 ’ਚ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਨੇ ਪੰਜਾਬ ’ਚ ਜਿੱਤ ਹਾਸਲ ਕੀਤੀ। 2017 ’ਚ ਆਂਧਰਾ ਪ੍ਰਦੇਸ਼ ’ਚ ਜਗਨਮੋਹਨ ਰੈੱਡੀ ਦੇ ਸਿਆਸੀ ਸਲਾਹਕਾਰ ਨਿਯੁਕਤ ਕੀਤੇ ਗਏ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਦੀ ਪਾਰਟੀ ਨੂੰ 175 ’ਚੋਂ 151 ਸੀਟਾਂ ’ਤੇ ਜਿੱਤ ਦਿਵਾਈ। ਇਸ ਦੇ ਬਾਅਦ ਉਨ੍ਹਾਂ ਨੇ ਬਿਹਾਰ (ਜਦ ਯੂ), ਪੱਛਮੀ ਬੰਗਾਲ (ਤ੍ਰਿਣਮੂਲ ਕਾਂਗਰਸ), ਤਾਮਿਲਨਾਡੂ (ਦ੍ਰਮੁਕ) ਨੂੰ ਜਿੱਤ ਦਿਵਾਈ। ਹੁਣ ਇਸ ਬਾਰੇ ਸੋਨੀਆ ਗਾਂਧੀ ਨਾਲ ਮੁਲਾਕਾਤਾਂ ’ਚ ਪ੍ਰਸ਼ਾਂਤ ਕਿਸ਼ੋਰ ਨੇ 2024 ’ਚ ਹੋਣ ਵਾਲੀਆਂ ਆਮ ਚੋਣਾਂ, ਇਸ ਸਾਲ ਦੇ ਅਖੀਰ ’ਚ ਅਤੇ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਹਿਮਾਚਲ ਪ੍ਰਦੇਸ਼, ਗੁਜਰਾਤ, ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਰਗੇ ਸੂਬਿਆਂ ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਦੁਬਾਰਾ ਆਪਣੇ ਪੈਰਾਂ ’ਚ ਖੜ੍ਹੀ ਕਰਨ ਦੇ ਲਈ ‘ਰੋਡ ਮੈਪ’ ਪੇਸ਼ ਕੀਤਾ।
ਸੋਨੀਆ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਦਿਖਾਏ ਗਏ ਰੋਡ ਮੈਪ ’ਤੇ ਵਿਚਾਰ ਕਰਨ ਲਈ ਗਠਿਤ ਕਮੇਟੀ ’ਚ ਇਸ ਦੀਆਂ ਸਲਾਈਡਾਂ ਦਿਖਾਈਆਂ, ਜਿਸ ’ਚ ਪਾਰਟੀ ਦੇ 2 ਸੂਬਿਆਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (ਰਾਜਸਥਾਨ) ਅਤੇ ਭੂਪੇਸ਼ ਬਘੇਲ (ਛੱਤੀਸਗੜ੍ਹ) ਦੇ ਇਲਾਵਾ ਕਮਲਨਾਥ ਆਦਿ ਸ਼ਾਮਲ ਸਨ। ਅਸ਼ੋਕ ਗਹਿਲੋਤ ਨੇ ਕਥਿਤ ਤੌਰ ’ਤੇ ਪ੍ਰਸ਼ਾਂਤ ਕਿਸ਼ੋਰ ਦੀਆਂ ਸਿਆਸੀ ਖਾਹਿਸ਼ਾਂ ਨੂੰ ਲੈ ਕੇ ਸਵਾਲ ਚੁੱਕੇ ਅਤੇ ਪੁੱਛਿਆ ਕਿ ਉਹ ਪਾਰਟੀ ’ਚ ਕਿੰਨੀ ਦੇਰ ਟਿਕ ਸਕਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਸਿਰਫ ਨਾਂ ਦੇ ਵੱਡੇ ਹੋ ਗਏ ਹਨ।’’
ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਦਿਗਵਿਜੇ ਸਿੰਘ ਨੇ ਵੀ ਪ੍ਰਸ਼ਾਂਤ ਕਿਸ਼ੋਰ ’ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਇਸੇ ਕਾਰਨ ਪਾਰਟੀ ’ਚ ਉਨ੍ਹਾਂ ਦੇ ਪ੍ਰਵੇਸ਼ ’ਤੇ ਇਤਰਾਜ਼ ਹਨ ਪਰ ਪਾਰਟੀ ਉਨ੍ਹਾਂ ਨੂੰ ਸ਼ਾਮਲ ਕਰਨ ਲਈ ਤਿਆਰ ਹੈ ਜਿਸ ਦੇ ਬਾਰੇ ਕਾਂਗਰਸ ਪ੍ਰਧਾਨ ਫੈਸਲਾ ਕਰੇਗੀ। ਇਸ ਦਰਮਿਆਨ ਸੋਨੀਆ ਨਾਲ ਹੋਈ ਗੱਲਬਾਤ ਦੇ 85 ਸਫਿਆਂ ਦੇ ਲੀਕ ਹੋਣ ਦੇ ਬਾਅਦ ਕਾਂਗਰਸ ਪਾਰਟੀ ਦੇ ਅੰਦਰ ਬਵਾਲ ਮਚ ਗਿਆ ਹੈ।
ਮੰਨਿਆ ਜਾਂਦਾ ਹੈ ਕਿ ਪਹਿਲੀ ਗੱਲ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ’ਚ ਅਗਵਾਈ ਦੀ ਗੱਲ ਚੁੱਕੀ ਹੈ। ਦੇਸ਼ ’ਚ ਗਾਂਧੀ ਪਰਿਵਾਰ ਦਾ ਮੈਂਬਰ ਪਾਰਟੀ ਪ੍ਰਧਾਨ ਹੋ ਸਕਦਾ ਹੈ ਪਰ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਦਾ ਪ੍ਰਧਾਨ ਕਿਸੇ ਹੋਰ ਨੇਤਾ ਨੂੰ ਬਣਾਇਆ ਜਾਣਾ ਚਾਹੀਦਾ ਹੈ। ਦੂਜੀ ਗੱਲ, ਕਾਂਗਰਸ ਪਾਰਟੀ ’ਚ ਪੁਰਾਣੇ ਮਹਾਰਥੀਆਂ ਦੀ ਧਾਕ ਅਜੇ ਵੀ ਕਾਇਮ ਹੈ। ਇਨ੍ਹਾਂ ’ਚੋਂ ਕਈ ਤਾਂ ਚੋਣ ਹਾਰ ਚੁੱਕੇ ਹਨ ਅਤੇ ਹੁਣ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਉਹ ਘੱਟ ਹੀ ਜੁੜੇ ਹਨ। ਪਾਰਟੀ ਦੇ ਅਜਿਹੇ ਪੁਰਾਣੇ ਅਤੇ ਸੀਨੀਅਤ ਨੇਤਾ ਕਦੀ ਨਹੀਂ ਚਾਹੁਣਗੇ ਕਿ ਪ੍ਰਸ਼ਾਂਤ ਕਿਸ਼ੋਰ ਪਾਰਟੀ ਨੂੰ ਸੰਭਾਲੇ, ਉਹ ਚਾਹੁਣਗੇ ਕਿ ਉਨ੍ਹਾਂ ਦੀ ਮਨਮਰਜ਼ੀ ਦੇ ਤਹਿਤ ਹੀ ਪਾਰਟੀ ’ਚ ਬਦਲਾਅ ਕੀਤੇ ਜਾਣ।
ਤੀਸਰਾ ਇਹ ਕਿ ਪ੍ਰਸ਼ਾਂਤ ਕਿਸ਼ੋਰ ਚਾਹੁੰਦੇ ਹਨ ਕਿ ਲਗਭਗ 70 ਸੀਟਾਂ ’ਤੇ ਕਾਂਗਰਸ ਆਪਣੇ ਦਮ ’ਤੇ ਚੋਣ ਲੜੇ। ਉਸ ਦੇ ਬਾਅਦ ਹੋਰਨਾਂ ਪਾਰਟੀਆਂ ਨਾਲ ਗਠਜੋੜ ਕੀਤਾ ਜਾਵੇ ਅਤੇ ਹੋਰ ਸੂਬਿਆਂ ’ਚ ਮਜ਼ਬੂਤ ਪਾਰਟੀਆਂ ਨੂੰ ਖੁਦ ਦੇ ਬਲਬੂਤੇ ’ਤੇ ਚੋਣ ਲੜਨ ਦੇਣਾ ਚਾਹੀਦਾ ਹੈ। ਹਾਲਾਂਕਿ ਅਜਿਹੀਆਂ ਗੱਲਾਂ ਲਈ ਕਾਂਗਰਸ ਦੇ ਪੁਰਾਣੇ ਮਹਾਰਥੀ ਨੇਤਾ ਰਾਜ਼ੀ ਨਹੀਂ ਹਨ।
ਚੌਥੀ ਇਹ ਕਿ ਕਾਂਗਰਸ ’ਚ ਸੰਗਠਨ ਦੀਆਂ ਚੋਣਾਂ ਦੋ ਸਾਲਾਂ ਤੋਂ ਹੋਈਆਂ ਨਹੀਂ ਹਨ। ਅਜਿਹੇ ’ਚ ਇਹ ਚੋਣਾਂ ਜਲਦੀ ਕਰਵਾਉਣ ਦੀ ਲੋੜ ਹੈ। ਇਸ ਨਾਲ ਕਾਂਗਰਸ ਕੇਡਰ ਨਿਰਾਸ਼ ਹੋ ਗਿਆ ਹੈ। ਅਜਿਹੀ ਨਿਰਾਸ਼ਾ ਨਾਲ ਉਹ ਪਾਰਟੀ ਛੱਡ ਸਕਦਾ ਹੈ ਜਿਸ ਨਾਲ ਕਾਂਗਰਸ ਪਾਰਟੀ ਵੈਂਟੀਲੇਟਰ ’ਤੇ ਆ ਜਾਵੇਗੀ। ਪ੍ਰਸ਼ਾਂਤ ਲਈ ਇਹ ਗੱਲ ਦੇਖਣੀ ਹੋਵੇਗੀ ਕਿ ਆਖਿਰ ਸੰਸਦ ’ਚ ਪਾਰਟੀ ਨੂੰ ਕੌਣ ਲੀਡ ਕਰੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਯੂ. ਕੇ. ਦੀ ਮਿਸਾਲ ਲਈਏ ਤਾਂ ਉੱਥੇ ਸ਼ੈਡੋ ਕੈਬਨਿਟ ਬਣਾਈ ਗਈ ਹੈ। ਹਰ ਸੰਸਦ ਮੈਂਬਰ ਦੇ ਪਿੱਛੇ ਇਕ ਵਿਰੋਧੀ ਧਿਰ ਦਾ ਸੰਸਦ ਮੈਂਬਰ ਲਾ ਦਿੱਤਾ ਜਾਂਦਾ ਹੈ। ਯੂ. ਕੇ. ਵਾਲੀ ਸ਼ੈਡੋ ਕੈਬਨਿਟ ਦਾ ਇਹ ਮਾਡਲ ਪੀ. ਕੇ. ਕਾਂਗਰਸ ’ਚ ਵੀ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਉਸੇ ਮਾਡਲ ਅਨੁਸਾਰ ਨੀਤੀਆਂ ਬਣਾਈਆਂ ਜਾਣ।
ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਇਹ ਫਾਰਮੂਲਾ ਅਪਣਾਉਣ ਦੀ ਗੱਲ ਕਹੀ ਸੀ। ਇਸ ਨਾਲ ਇਕ ਲੀਡਰ ਹੀ ਨਹੀਂ ਸਗੋਂ ਕਈ ਲੀਡਰ ਹੋ ਜਾਣਗੇ। ਕਈ ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਪੀ. ਕੇ. ਕਾਂਗਰਸ ਲਈ ਅਗਲੇ ਨਵੇਂ ਅਹਿਮਦ ਪਟੇਲ ਬਣਨਾ ਚਾਹੁੰਦੇ ਹਨ ਜਦਕਿ ਪ੍ਰਸ਼ਾਂਤ ਕਿਸ਼ੋਰ ਦਾ ਮੰਨਣਾ ਹੈ ਕਿ ਪਾਰਟੀ ਨੂੰ ਇਕ ਨਵੀਂ ਲੀਡਰਸ਼ਿਪ ਦੀ ਲੋੜ ਹੈ। ਅੱਜ ਦੇ ਮੁੱਦੇ ਕਾਂਗਰਸ ਪਾਰਟੀ ਦੇ ਪਹਿਲਾਂ ਦੇ ਮੁੱਦਿਆਂ ਨਾਲੋਂ ਵੱਖ ਹਨ। ਪਾਰਟੀ ’ਚ ਇਹ ਵੀ ਸਪੱਸ਼ਟ ਨਹੀਂ ਹੈ ਕਿ ਕਿਸ ਵੋਟ ਬੈਂਕ ਨੂੰ ਪਹਿਲ ਦਿੱਤੀ ਜਾਵੇ। ਪਾਰਟੀ ਕੀ ਘੱਟਗਿਣਤੀਆਂ ਜਾਂ ਫਿਰ ਬਹੁਮਤ ਵਾਲਿਆਂ ਨਾਲ ਜਾਣਾ ਚਾਹੁੰਦੀ ਹੈ।
ਓਧਰ ਪੀ. ਕੇ. ਦਾ ਕਹਿਣਾ ਹੈ ਕਿ ਜੇਕਰ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਕਾਂਗਰਸ ਇਸ ’ਚ ਸਾਨੂੰ ਬੇਹੱਦ ਕਮਜ਼ੋਰ ਕੜੀ ਦਿਖਾਈ ਦਿੰਦੀ ਹੈ। ਉਸ ਨੂੰ ਭਾਜਪਾ ਵਾਂਗ ਅਜਿਹੀ ਟੀਮ ਤਿਆਰ ਕਰਨੀ ਹੋਵੇਗੀ ਜੋ 24 ਘੰਟੇ ਤਿਆਰ ਰਹੇ ਫਿਰ ਭਾਵੇਂ ਲੋਕ ਸਭਾ ਦੀਆਂ ਚੋਣਾਂ ਹੋਣ ਜਾਂ ਨਿਗਮ ਦੀਆਂ। ਅਜਿਹੀ ਟੀਮ ਇਨ੍ਹਾਂ ਚੋਣਾਂ ’ਤੇ ਆਪਣੀ ਸਖਤ ਨਿਗਰਾਨੀ ਰੱਖੇ। ਕੀ ਕਾਂਗਰਸ ’ਚ ਪ੍ਰਸ਼ਾਂਤ ਕਿਸ਼ੋਰ ਨੂੰ ਇਕ ਖਾਸ ਅਹੁਦਾ ਦਿੱਤਾ ਜਾਵੇਗਾ? ਕੀ ਉਨ੍ਹਾਂ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਦਾ ਪ੍ਰਧਾਨ ਬਣਾਇਆ ਜਾਵੇਗਾ? ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਪ੍ਰਸ਼ਾਂਤ ਕਿਸ਼ੋਰ ਅਜਿਹਾ ਸਭ ਕੁਝ ਕਰ ਸਕਣਗੇ? ਕੀ ਉਨ੍ਹਾਂ ’ਚ ਇੰਨੀ ਯੋਗਤਾ ਹੈ ਕਿ ਉਹ ਕਾਂਗਰਸ ਵਰਗੀ ਵੱਡੀ ਪਾਰਟੀ ਨੂੰ ਸੰਭਾਲ ਸਕਣ? ਕਾਂਗਰਸ ਪ੍ਰਸ਼ਾਂਤ ਕਿਸ਼ੋਰ ਨੂੰ ਫ੍ਰੀ ਹੈਂਡ ਨਹੀਂ ਦੇ ਸਕਦੀ ਜਦਕਿ ਪੁਰਾਣੇ ਮਹਾਰਥੀਆਂ ਨੂੰ ਸੋਨੀਆ ਗਾਂਧੀ ਨੂੰ ਖੁਦ ਹੈਂਡਲ ਕਰਨਾ ਹੋਵੇਗਾ। ਕੀ ਪ੍ਰਸ਼ਾਂਤ ਕਿਸ਼ੋਰ ਜਵਾਨ ਅਤੇ ਪੁਰਾਣੇ ਮਹਾਰਥੀਆਂ ਦੇ ਦਰਮਿਆਨ ਸੰਤੁਲਨ ਬਿਠਾ ਸਕਣਗੇ।


Gurdeep Singh

Content Editor

Related News