ਕਦੋਂ ਅਤੇ ਕਿਵੇਂ ਰੁਕੇਗਾ ਸਮਾਜਕ ਪ੍ਰਦੂਸ਼ਣ?

10/06/2015 6:40:25 PM

ਬਹੁਤ ਸਮੇਂ ਤੋਂ ਮਨੁੱਖ ਨੂੰ ਕਈ ਤਰ੍ਹਾਂ ਦੇ ਪ੍ਰਦੂਸ਼ਣਾਂ ਨੇ ਘੇਰ ਰੱਖਿਆ ਹੈ, ਜਿਨ੍ਹਾਂ ਵਿਚ ਪਾਣੀ ਦਾ ਪ੍ਰਦੂਸ਼ਣ, ਹਵਾ ਦਾ ਪ੍ਰਦੂਸ਼ਣ ਅਤੇ ਆਵਾਜ਼ ਪ੍ਰਦੂਸ਼ਣ ਪ੍ਰਮੁੱਖ ਹਨ ਪਰ ਇਨ੍ਹਾਂ ਸਭ ਤੋਂ ਵੱਧ ਖਤਰਨਾਕ ਇਕ ਪ੍ਰਦੂਸ਼ਣ ਹੈ- ਸਮਾਜਿਕ ਪ੍ਰਦੂਸ਼ਣ, ਜਿਹੜਾ ਅਜੇ ਲੁਕਿਆ ਹੈ ਪਰ ਬਹੁਤ ਸਮੇਂ ਤੋਂ ਸਮਾਜ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਖਤਰਨਾਕ ਪ੍ਰਦੂਸ਼ਣ ਹੁੰਦੇ ਹੋਇਆ ਵੀ ਸਮਾਜ ਪ੍ਰੇਮੀ ਅਜੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਵਿਰੁੱਧ ਸਿੱਖਿਆ ਦੇਣ ਵਿਚ ਅਫਸਲ ਰਹੇ ਹਨ। ਸਮਾਜਿਕ ਪ੍ਰਦੂਸ਼ਣ ਤੋਂ ਭਾਵ ਹੈ ਸਾਡੇ ਸਮਾਜ ਦਾ ਗੰਧਲਾ ਹੋਣਾ, ਮਨੁੱਖੀ ਪਿਆਰ ਅਤੇ ਪ੍ਰੇਮ ਤੋਂ ਸੱਖਣਾ ਹੋਣਾ ਅਤੇ ਮਨੁੱਖੀ ਜੀਵਨ ਨੂੰ ਦੂਸ਼ਤ ਭਰਿਆ ਬਣਾਉਣਾ।
ਸਮਾਜ ਵਿਚ ਵਿਚਰਦਿਆਂ ਅਸੀਂ ਦੇਖਦੇ ਹਾਂ ਕਿ ਪਾਣੀ ਦੇ ਪ੍ਰਦੂਸ਼ਣ ਲਈ ਹੁਣ ਲੋਕ ਜਾਗਰੂਕ ਹੋਣ ਲੱਗੇ ਹਨ, ਵਿਗਿਆਨਿਕ ਦ੍ਰਿਸ਼ਟੀ ਤੋਂ ਵੀ ਲੋਕਾਂ ਨੂੰ ਸਮਝ ਆਉਣ ਲੱਗੀ ਹੈ। ਪਾਣੀ ਨੂੰ ਪਿਤਾ ਦਾ ਖਿਤਾਬ ਦਿੱਤਾ ਗਿਆ ਹੈ ਇਸ ਲਈ ਇਸ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਹਰ ਮਨੁੱਖ ਦਾ ਫਰਜ਼ ਬਣਦਾ ਹੈ। ਸਿੱਖਿਆ ਦੇ ਪ੍ਰਸਾਰ ਨਾਲ ਲੋਕਾਂ ਦਾ ਧਿਆਨ ਪਾਣੀ ਦੀ ਸ਼ੁਧਤਾ ਵੱਲ ਜਾਣ ਲੱਗਿਆ ਹੈ। ਇਸ ਸਬੰਧ ਵਿਚ ਭਾਵੇਂ ਇਨਸਾਨ ਬਹੁਤ ਲੇਟ ਜਾਗਿਆ ਹੈ ਪਰ ''''ਦੇਰ ਆਏ ਦਰੁੱਸਤ ਆਏ'''' ਦੀ ਕਹਾਵਤ ਅਨੁਸਾਰ ਕੁਝ ਚੰਗਾ ਹੋਣ ਲੱਗਿਆ ਹੈ। ਬੁੱਧੀਜੀਵੀ ਲੋਕ ਪਾਣੀ ਦੇ ਪ੍ਰਦੂਸ਼ਣ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਕੇ ਚੰਗੀ ਜਾਗਰੂਕਤਾ ਦਾ ਕੰਮ ਕਰ ਰਹੇ ਹਨ। ਇਥੋਂ ਤੱਕ ਕਿ ਹੁਣ ਸਰਕਾਰਾਂ ਵੀ ਜਾਗ ਪਈਆਂ ਹਨ ਤਾਹੀਓ ਤਾਂ ਗੰਗਾ ਸਾਫ ਵਰਗੇ ਵੱਡੇ ਅਭਿਆਨਾਂ ਨੂੰ ਮਨੁੱਖਤਾ ਨਾਲ ਜੋੜਿਆ ਜਾ ਰਿਹਾ ਹੈ।
ਇਸੇ ਤਰ੍ਹਾਂ ਜੇ ਅਸੀਂ ਹਵਾ ਅਤੇ ਆਵਾਜ਼ ਪ੍ਰਦੂਸ਼ਣਾਂ ਦੀ ਗੱਲ ਕਰੀਏ ਤਾਂ ਮਨੁੱਖ ਨੂੰ ਥੋੜ੍ਹੀ ਬਹੁਤੀ ਸਮਝ ਆਉਣ ਲੱਗੀ ਹੈ। ਹਵਾ ਦੇ ਪ੍ਰਦੂਸ਼ਣ ਤੋਂ ਬਚਣ ਲਈ ਰੁੱਖ ਲਗਾਉਣ ਵਰਗੀਆਂ ਅਹਿਮ ਮੁਹਿੰਮਾ ਨੂੰ ਜਨਮ ਮਿਲ ਸਕਿਆ ਹੈ। ਮਨੁੱਖ ਨੂੰ ਸ਼ੁੱਧ ਹਵਾ ਦੀ ਕੀਮਤ ਦੀ ਪਹਿਚਾਣ ਹੋਣ ਲੱਗੀ ਹੈ। ਸਿਆਣੇ ਲੋਕ ਰੁੱਖਾਂ ਨੂੰ ਕੱਟਣ ਤੋਂ ਪਰਹੇਜ਼ ਕਰਨ ਲੱਗੇ ਹਨ। ਇਥੋਂ ਤੱਕ ਕਿ ਗੱਡੀਆਂ ਮੋਟਰਾਂ ਜਾਂ ਆਵਾਜਾਈ ਦੇ ਦੂਜੇ ਗੰਦਾ ਧੂਆਂ ਛੱਡਦੇ ਵਾਹਨਾਂ ਲਈ ਪ੍ਰਦੂਸ਼ਣ ਸਰਟੀਫਿਕੇਟ ਲੈਣਾ ਲਾਜ਼ਮੀ ਕਰ ਦਿੱਤੇ ਗਏ ਹਨ ਪਰ ਅਜੇ ਵੀ ਆਵਾਜ਼ ਪ੍ਰਦੂਸ਼ਣ ਵੱਲ ਘੱਟ ਧਿਆਨ ਦਿੱਤਾ ਜਾ ਰਿਹਾ ਹੈ। ਅੱਜਕੱਲ ਦੇ ਮਨਚਲੇ ਨੌਜਵਾਨ ਤਾਂ ਉੱਚੀ ਹਾਰਨ ਮਾਰਨ ਜਾਂ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਵਾਲੇ ਹਾਰਨ ਮਾਰਨ ਵਿਚ ਆਪਣੀ ਸੇਖੀ ਸਮਝਦੇ ਹਨ ਅਜਿਹੇ ਨੌਜਵਾਨਾਂ ਨੂੰ ਆਵਾਜ਼ ਪ੍ਰਦੂਸ਼ਣ ਬਾਰੇ ਕੁਝ ਹੋਰ ਜਾਨਣ ਦੀ ਲੋੜ ਹੈ। ਭਾਵੇਂ ਵੱਡੇ ਹਸਪਤਾਲਾਂ ਦੇ ਨੇੜੇ ਵੱਡੇ-ਵੱਡੇ ਸਾਈਨ ਬੋਰਡ ਲਗਾ ਕੇ ਕੁਝ ਇਲਾਕਾ ਧੁੰਨੀ ਰਹਿਤ ਰੱਖਿਆ ਜਾਂਦਾ ਹੈ ਪਰ ਇਸ ਦੀ ਲੋਕ ਹਾਲੇ ਪ੍ਰਵਾਹ ਨਹੀਂ ਕਰਦੇ। ਰੱਬ ਸਮਝ ਦੇਵੇ।
ਹੁਣ ਜਿਸ ਸਭ ਤੋਂ ਵੱਧ ਖਤਰਨਾਕ ਪ੍ਰਦੂਸ਼ਣ ਦੀ ਅਸੀਂ ਗੱਲ ਕੀਤੀ ਹੈ, ਮਨੁੱਖ ਨੂੰ ਉਸ ਪਾਸੇ ਉਚੇਚਾ ਧਿਆਨ ਦੇਣ ਦੀ ਜਲਦ ਲੋੜ ਹੈ ਕਿਉਂਕਿ ਅੱਜਕੱਲ ਅਸੀਂ ਟੀ. ਵੀ. ਅਖਬਾਰਾਂ ਵਿਚ ਜੋ ਹਰ ਰੋਜ਼ ਰੇਪ, ਲੜਾਈ, ਝਗੜੇ, ਕਤਲ, ਅਪਹਰਨ ਅਤੇ ਖੁਦਖੁਸ਼ੀਆਂ ਜਿਹੀਆਂ ਖਬਰਾਂ ਸੁਣਦੇ ਜਾਂ ਪੜ੍ਹਦੇ ਹਾਂ ਇਹ ਵਧਦੀਆਂ ਹੀ ਜਾਣਗੀਆਂ ਅਤੇ ਮਨੁੱਖੀ ਸਮਾਜ ਲਈ ਬਹੁਤ ਘਾਤਕ ਹੋਣਗੀਆਂ। ਮਨੁੱਖਤਾ ਦੇ ਬਚਾਅ ਲਈ ਅਤੇ ਸੁਖੀ ਮਨੁੱਖੀ ਜੀਵਨ ਲਈ ਤੁਰੰਤ ਇਸੇ ਵਿਸ਼ੇ ਤੇ ਉਪਰਾਲੇ ਕਰਨ ਦੀ ਲੋੜ ਹੈ। ਇਸ ਸਬੰਧ ਵਿਚ ਸਰਕਾਰਾਂ ਦੀ ਚੁੱਪੀ ਵੀ ਘਾਤਕ ਹੋ ਸਕਦੀ ਹੈ। 
ਜਿਨ੍ਹਾਂ ਕਾਰਨਾਂ ਕਰਕੇ ਸਾਡਾ ਸਮਾਜਕ ਜੀਵਨ ਪ੍ਰਦੂਸ਼ਤ ਹੁੰਦਾ ਜਾ ਰਿਹਾ ਹੈ ਉਨ੍ਹਾਂ ਵਿਚ ਟੀ. ਵੀ. ਦਾ ਅਹਿਮ ਰੋਲ ਹੈ। ਹਰ ਰੋਜ਼ ਟੀ. ਵੀ. ਪਰ ਅਜਿਹੇ ਭੱਦੇ ਸੀਨ ਜਾਂ ਡਾਇਲਾਗ ਦਿਖਾਏ ਜਾਂਦੇ ਹਨ, ਜਿਨ੍ਹਾਂ ਨੂੰ ਦੇਖ ਪਰਿਵਾਰਕ ਪ੍ਰਾਣੀ ਪਾਣੀ-ਪਾਣੀ ਹੋ ਜਾਂਦੇ ਹਨ। ਖਾਸ ਕਰਕੇ ਕਾਮੇਡੀ ਸੀਰੀਅਲਾਂ ਵਿਚ ਦੋਹਰੇ ਮਤਲਬਾਂ ਵਾਲੇ ਅਜਿਹੇ ਡਾਇਲਾਗ ਵਰਤੇ ਜਾਂਦੇ ਹਨ ਜੋ ਸਮਾਜਕ ਪ੍ਰਦੂਸ਼ਣ ਨੂੰ ਫੈਲਾਉਣ ਵਿੱਚ ਅਹਿਮ ਹਿਸਾ ਪਾਉਂਦੇ ਹਨ। ਅਜਿਹਾ ਬੋਲਣ ਵਾਲੇ ਜਾਂ ਬੁਲਾਉਣ ਵਾਲੇ ਤਾਂ ਬਹੁਤ ਖੁਸ਼ ਹੁੰਦੇ ਹਨ ਪਰ ਇਹ ਸਭ ਕੁਝ ਸਮਾਜ ਦੇ ਸੀਨੇ ਨੂੰ ਛੱਲਨੀ ਕਰਦੇ ਹਨ।
ਇਸੇ ਤਰ੍ਹਾਂ ਸੜਕਾਂ ਤੇ ਚਲਦੀਆਂ ਬੱਸਾਂ ਵਿੱਚ ਵਜਦੇ ਗੰਦੇ, ਭੱਦੇ ਅਤੇ ਘਟੀਆ ਸੋਚ ਵਾਲੇ ਗਾਣੇ, ਸਵਾਰੀਆਂ ਦਾ ਮਨੋਰੰਜਨ ਨਹੀਂ ਕਰਦੇ ਸਗੋਂ ਸਮਾਜਿਕ ਪ੍ਰਦੂਸ਼ਣ ਅਤੇ ਆਵਾਜ਼ ਪ੍ਰਦੂਸ਼ਣ ਦੋਹਾਂ ਲਈ ਆਪਣਾ ਵੱਡਾ ਯੋਗਦਾਨ ਪਾ ਰਹੇ ਹੁੰਦੇ ਹਨ। ਅਜਿਹੇ ਗਾਣਿਆਂ ਦੇ ਵਜਦੇ ਸਵਾਰੀਆਂ ਹੇਠ ਉਤਰ ਕੇ ਹੀ ਸੁੱਖ ਦਾ ਸਾਹ ਲੈਂਦੀਆਂ ਹਨ। ਇਹੀ ਕਾਰਨ ਹੈ ਕਿ ਪਿਛਲੇ ਦਿਨੀ ਖਾਸ ਬੱਸਾਂ ਵਿੱਚ ਅਸੀਂ ਜੋ ਵਾਪਰੀਆਂ ਮੰਦਭਾਗੀਆਂ ਖਬਰਾਂ ਸੁਣੀਆਂ ਹਨ । ਉਹ ਸੱਭਿਅਤ ਸਮਾਜ ਦੇ ਲਈ ਕਲੰਕ ਹਨ। ਮਨੁੱਖਤਾ ਨੂੰ ਲੀਰੋ ਲੀਰ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਸਮਾਜ ਨੂੰ ਵੱਡੇ ਪੱਧਰ ਤੇ ਪ੍ਰਦੂਸ਼ਤ ਕਰਦੀਆਂ ਹਨ।
ਕਈ ਗੀਤਕਾਰਾਂ ਵਲੋਂ ਵੀ ਸ਼ਰਾਬ ਦਾ ਸੇਵਨ ਕਰਨ ਅਤੇ ਹਥਿਆਰਾਂ ਦੀ ਵਰਤੋਂ ਵਾਲੇ ਗੀਤ ਰਚ ਕੇ ਸਮਾਜ ਨੂੰ ਪ੍ਰਦੂਸ਼ਤ ਕੀਤਾ ਜਾਂਦਾ ਹੈ। ਇਨ੍ਹਾਂ ਗੀਤਾਂ ਨੂੰ ਹੀ ਕਈ ਗਾਇਕ ਆਪਣੀ ਝੂਠੀ ਸੋਹਰਤ ਖਾਤਰ ਗਾ ਕੇ ਸਮਾਜ ਵਿਚ ਬੁਰਾਈਆਂ ਦਾ ਬੀਜ ਬੀਜਦੇ ਹਨ ਪਰ ਇਹ ਸਭ ਕੁਝ ਸਮਾਜ ਲਈ ਕਦੇ ਵੀ ਚੰਗਾ ਨਹੀਂ ਹੋ ਸਕਦਾ।
ਇਨ੍ਹਾਂ ਸਾਰੇ ਸਮਾਜ ਨੂੰ ਪ੍ਰਦੂਸ਼ਤ ਕਰਨ ਵਾਲੇ ਕਾਰਣਾਂ ਨੂੰ ਲੋਕਾਂ ਵਲੋਂ ਨਿੰਦਨਾ ਬਣਦਾ ਹੈ। ਸਰਕਾਰਾਂ ਨੂੰ ਆਪਣੇ ਵਸੀਲਿਆਂ ਰਾਹੀ ਹਰ ਬੁਰਾਈ ਤੇ ਨੱਥ ਪਾਉਣ ਦੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਗੀਤਕਾਰਾਂ ਨੂੰ ਸਮਾਜਿਕ ਸੇਧ ਅਤੇ ਮਨੁੱਖਤਾ ਦੀ ਭਲਾਈ ਵਾਲੇ ਗੀਤ ਰਚਨੇ ਚਾਹੀਦੇ ਹਨ। ਚੰਗੇ ਗਾਇਕਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ ਗੀਤਾਂ ਨੂੰ ਕਦੇ ਵੀ ਆਪਣੇ ਪੇਸ਼ੇ ਵਿਚ ਥਾਂ ਨਹੀਂ ਦੇਣੀ ਚਾਹੀਦੀ। ਨਹੀਂ ਤਾਂ ਜਦੋਂ ਲੋਕਾਂ ਵਿਚ ਜਾਗਰੂਕਤਾ ਆ ਗਈ ਤਾਂ ਉਨ੍ਹਾਂ ਦਾ ਸਮਾਜ ਵਿਚ ਸਤਿਕਾਰ ਦੀ ਥਾਂ, ਸਮਾਜ ਵਿਰੋਧੀਆਂ ਵਾਲਾ ਸਥਾਨ ਹੋਵੇਗਾ। ਟੀ. ਵੀ. ਉਤੇ ਨੰਗੇਜ਼, ਮੰਦੀ ਭਾਸ਼ਾ, ਗੰਦੇ ਸੀਨ ਦਿਖਾਉਣਾ ਬੰਦ ਕਰਨ ਲਈ ਸਰਕਾਰਾਂ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ। ਇਸ ਸਭ ਕੁਝ ਲਈ ਜਲਦੀ ਉਪਰਾਲਿਆਂ ਦੀ ਲੋੜ ਹੈ।

ਬਹਾਦਰ ਸਿੰਘ ਗੋਸਲ
ਮੋ: 98764-52223


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।