ਵਣ ਸ਼ਕਤੀ ਅਤੇ ਜਲ ਸ਼ਕਤੀ ਨਾਲ ਮਿਲ ਸਕਦਾ ਹੈ ਜਿਊਣ ਲਾਇਕ ਚੌਗਿਰਦਾ

06/08/2019 6:33:20 AM

ਪੂਰਨ ਚੰਦ ਸਰੀਨ

ਹਰ ਸਾਲ ਵਾਂਗ ਇਸ ਵਾਰ ਵੀ 5 ਜੂਨ ਨੂੰ ਚੌਗਿਰਦਾ ਦਿਵਸ ਕੁਝ ਵਾਅਦਿਆਂ, ਭਾਸ਼ਣਾਂ, ਆਯੋਜਨਾਂ ਨਾਲ ਲੰਘ ਗਿਆ। ਪਹਿਲਾਂ ਵਾਂਗ ਵਧਦੇ ਤਾਪ, ਘਟਦੇ ਜਲ ਸੋਮੇ, ਗੰਭੀਰ ਹੁੰਦਾ ਪ੍ਰਦੂਸ਼ਣ ਅਤੇ ਜ਼ਿੰਦਗੀ ਜਿਊਣ ਦੇ ਘੱਟ ਹੁੰਦੇ ਜਾ ਰਹੇ ਕੁਦਰਤੀ ਸੋਮਿਆਂ ਨੂੰ ਲੈ ਕੇ ਚਿੰਤਾਵਾਂ ਅਤੇ ਖਦਸ਼ੇ ਜ਼ਾਹਿਰ ਕੀਤੇ ਗਏ ਅਤੇ ਪੁਰਾਣੇ ਭਰੋਸਿਆਂ ਨੂੰ ਦੁਹਰਾਉਣ ਦੇ ਨਾਲ ਇਹ ਦਿਨ ਵੀ ਭੂਤਕਾਲ ’ਚ ਬਦਲ ਗਿਆ।

ਹੁਣ ਜ਼ਰਾ ਹਕੀਕਤ ’ਤੇ ਨਜ਼ਰ ਮਾਰੀਏ। ਸਾਡੇ ਜੰਗਲ ਜਿਥੇ ਵਾਤਾਵਰਣ ਤੋਂ ਕਾਰਬਨ ਸੋਖਣ ’ਚ ਮਾਹਿਰ ਹਨ ਅਤੇ ਇਕ ਦਰੱਖਤ ਦਾ ਤਿੰਨ-ਚੌਥਾਈ ਹਿੱਸਾ ਪਾਣੀ ਨਾਲ ਭਰਿਆ ਹੁੰਦਾ ਹੈ, ਉਥੇ ਹੀ ਉਸ ਨੂੰ ਆਪਣੀ ਹੀ ਹੋਂਦ ਖਤਰੇ ’ਚ ਲੱਗਦੀ ਹੈ ਕਿਉਂਕਿ ਹਰ ਸਾਲ ਲੱਖਾਂ ਹੈਕਟੇਅਰ ਵਣ ਕੱਟੇ ਜਾਂਦੇ ਹਨ ਅਤੇ ਉਥੋਂ ਦੀ ਜ਼ਮੀਨ ਬੰਜਰ ਹੁੰਦੀ ਜਾਂਦੀ ਹੈ। ਇਕ ਪਾਸੇ ਦੇਸ਼ ਦੇ ਲਗਭਗ 3 ਕਰੋੜ ਲੋਕ ਜੰਗਲਾਂ ’ਤੇ ਨਿਰਭਰ ਹਨ, ਰੋਜ਼ੀ-ਰੋਟੀ ਅਤੇ ਰਹਿਣ ਲਈ ਉਨ੍ਹਾਂ ’ਤੇ ਨਿਰਭਰ ਹਨ, ਦੂਸਰੇ ਪਾਸੇ ਭਿਅਾਨਕ ਅੱਗ ਉਨ੍ਹਾਂ ਨੂੰ ਤੇਜ਼ੀ ਨਾਲ ਭਸਮ ਕਰਦੀ ਜਾ ਰਹੀ ਹੈ। ਅਜਿਹਾ ਕੋਈ ਸਾਲ ਨਹੀਂ ਲੰਘਦਾ, ਜਦੋਂ ਅਗਨੀ ਦੀ ਕਰੋਪੀ ਜੰਗਲਾਂ ਨੂੰ ਨਹੀਂ ਨਿਗਲਦੀ।

ਦੇਸ਼ ਦੇ ਇਕ-ਚੌਥਾਈ ਹਿੱਸੇ ਨੂੰ ਜੰਗਲਾਂ ਨਾਲ ਘਿਰਿਆ ਮੰਨਿਆ ਜਾਂਦਾ ਹੈ, ਤ੍ਰਾਸਦੀ ਇਹ ਹੈ ਕਿ ਇਸ ਵਿਚੋਂ ਅੱਧੇ ਤਬਾਹੀ ਦੇ ਕੰਢੇ ’ਤੇ ਪਹੁੰਚ ਚੁੱਕੇ ਹਨ ਅਤੇ ਅੱਧੇ ਠੀਕ-ਠਾਕ ਸੰਘਣੇ ਜੰਗਲ ਹਨ। ਇਸ ਦਾ ਕੀ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ, ਉਸ ਨੂੰ ਸਮਝਣ ਲਈ ਇਹ ਜਾਣਨਾ ਹੋਵੇਗਾ ਕਿ ਆਖਿਰ ਇਹ ਪੌਦੇ ਕਰਦੇ ਕੀ ਹਨ, ਜਿਨ੍ਹਾਂ ਨੂੰ ਲਾਉਣ ਅਤੇ ਬਚਾਉਣ ਲਈ ਦੁਨੀਆ ਭਰ ’ਚ ਇੰਨੀ ਹਾਹਾਕਾਰ ਮਚੀ ਰਹਿੰਦੀ ਹੈ। ਇਹ ਜੋ ਪੇੜ-ਪੌਦੇ ਹਨ, ਉਹ ਪਾਣੀ, ਕਾਰਬਨ ਅਤੇ ਦੂਸਰੇ ਰਸਾਇਣ ਧਰਤੀ ਅਤੇ ਹਵਾ ਨੂੰ ਦਿੰਦੇ ਹਨ ਅਤੇ ਚਾਰੋਂ ਪਾਸੇ ਫੈਲੀ ਵਨਸਪਤੀ ਦੂਰੋਂ ਮੌਸਮ ’ਤੇ ਕੰਟਰੋਲ ਰੱਖਦੇ ਹੋਏ ਸਾਡੇ ਤੱਕ ਸਾਹ ਲੈਣ ਲਈ ਸ਼ੁੱਧ ਹਵਾ ਅਤੇ ਪੀਣ ਲਈ ਵੱਖ-ਵੱਖ ਸੋਮਿਆਂ ਰਾਹੀਂ ਸਾਫ ਪਾਣੀ ਪਹੁੰਚਾਉਂਦੇ ਰਹਿੰਦੇ ਹਨ।

ਵਣ ਸ਼ਕਤੀ

ਜੰਗਲਾਂ ਦੀ ਇਸ ਮਹੱਤਤਾ ਨੂੰ ਜਿਹੜੇ ਲੋਕਾਂ ਨੇ ਸਮਝਿਆ, ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਵੀ ਇਨ੍ਹਾਂ ਦੀ ਰੱਖਿਆ ਅਤੇ ਪਾਲਣ-ਪੋਸ਼ਣ ਕਰਦੇ ਹਨ। ਚਲੋ, ਤੁਹਾਨੂੰ 19 ਜਨਵਰੀ 2019 ਨੂੰ 96 ਸਾਲ ਦੀ ਉਮਰ ’ਚ ਸਵਰਗਵਾਸ ਹੋਏ ਇਕ ਅਜਿਹੇ ਵਿਅਕਤੀ ਬਾਰੇ ਦੱਸਦੇ ਹਾਂ, ਜਿਸ ਨੂੰ ਬ੍ਰਿਖ ਮਾਨਵ ਦੇ ਨਾਂ ਨਾਲ ਸੱਦਿਆ ਜਾਂਦਾ ਸੀ। ਇਹ ਸਨ ਵਿਸ਼ਵੇਸ਼ਵਰ ਦੱਤ ਸਕਲਾਨੀ, ਜੋ ਟਿਹਰੀ ਗੜਵਾਲ ਦੇ ਇਕ ਪਿੰਡ ’ਚ ਪੈਦਾ ਹੋਏ ਅਤੇ 8 ਸਾਲ ਦੀ ਉਮਰ ਤੋਂ ਹੀ ਅਜਿਹੀ ਧੁਨ ਸਵਾਰ ਹੋਈ ਕਿ ਦਰਖੱਤ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਜੀਵਨ ’ਚ 50 ਲੱਖ ਤੋਂ ਜ਼ਿਆਦਾ ਦਰੱਖਤ ਲਾਏ। ਕਈ ਵਾਰ ਪਿੰਡ ਵਾਲਿਆਂ ਨਾਲ ਝਗੜਾ ਵੀ ਹੋਇਆ ਕਿਉਂਕਿ ਕੁਝ ਲੋਕਾਂ ਨੇ ਸਮਝਿਆ ਕਿ ਇਹ ਇਸ ਤਰ੍ਹਾਂ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ ਪਰ ਉਹ ਆਪਣੀ ਧੁਨ ਦੇ ਪੱਕੇ ਹੋਣ ਕਾਰਣ ਦਰੱਖਤ ਲਾਉਣ ਅਤੇ ਉਨ੍ਹਾਂ ਦੀ ਸੇਵਾ ਕਰਨ ਦੇ ਕੰਮ ’ਚ ਲੱਗੇ ਰਹੇ। ਓਕ, ਦੇਵਦਾਰ, ਭੀਮਲ ਅਤੇ ਚੌੜੇ ਪੱਤਿਆਂ ਵਾਲੇ ਦਰੱਖਤ ਲਾਉਂਦੇ ਸਨ, ਜੋ ਅੱਜ ਇਸ ਸੂਬੇ ਦੀ ਅਨਮੋਲ ਜੰਗਲਾਤ ਸੰਪਤੀ ਹੈ ਪਰ ਇਸੇ ਉੱਤਰਾਖੰਡ ’ਚ ਜੰਗਲਾਂ ਨੂੰ ਅੱਗ ਤੋਂ ਬਚਾਉਣ ਲਈ ਨਾ ਤਾਂ ਢੁੱਕਵੇਂ ਸਾਧਨ ਹਨ ਅਤੇ ਨਾ ਹੀ ਇਸ ਦੇ ਲਈ ਕੋਈ ਸਾਰਥਕ ਅਤੇ ਦੂਰਗਾਮੀ ਯੋਜਨਾ ਹੈ, ਜਿਸ ਨਾਲ ਜੰਗਲਾਂ ਦੀ ਰੱਖਿਆ ਹੋ ਸਕੇ।

ਇਹ ਗੱਲ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਵਣ ਵਿਭਾਗ ਲਈ ਕੁਝ ਸਮਾਂ ਪਹਿਲਾਂ ਫਿਲਮਾਂ ਬਣਾਉਂਦੇ ਸਮੇਂ ਜੰਗਲਾਂ ਦੀ ਦੁਰਦਸ਼ਾ ਦੇਖੀ ਹੈ। ਜਦੋਂ ਕਦੇ ਕਿਸੇ ਦਰੱਖਤ ਨੂੰ ਕੱਟਣ ਦਾ ਦ੍ਰਿਸ਼ ਸਾਹਮਣੇ ਆਉਂਦਾ ਹੈ ਤਾਂ ਸੁੰਦਰ ਲਾਲ ਬਹੂਗੁਣਾ ਦੀ ਯਾਦ ਆ ਜਾਂਦੀ ਹੈ, ਜੋ ਦਰੱਖਤ ਨਾਲ ਲਿਪਟ ਜਾਂਦੇ ਸਨ ਅਤੇ ਬਾਅਦ ’ਚ ਚਿਪਕੋ ਅੰਦੋਲਨ ਦੇ ਸੂਤਰਧਾਰ ਬਣੇ। ਸਾਡੇ ਦੇਸ਼ ’ਚ ਜੰਗਲਾਂ ਨੂੰ ਬਚਾਉਣ ਲਈ ਅਨੇਕ ਤਰ੍ਹਾਂ ਦੇ ਰਸਮੀ ਉਪਾਅ ਕੀਤੇ ਜਾਂਦੇ ਰਹੇ ਹਨ। ਇਕ ਉਦਾਹਰਣ ਹੈ ਕਿ ਮੇਘਾਲਿਆ ’ਚ ਪਵਿੱਤਰ ਵਣ ਸਥਲ ਦੇ ਰੂਪ ’ਚ ਵਿਸ਼ਾਲ ਜੰਗਲੀ ਜਾਇਦਾਦ, ਜਿਥੋਂ ਕੋਈ ਇਕ ਪੱਤਾ ਜਾਂ ਟਾਹਣੀ ਤਕ ਨਹੀਂ ਲਿਜਾ ਸਕਦਾ ਹੈ, ਨੂੰ ਆਸਥਾ ਅਤੇ ਵਿਸ਼ਵਾਸ ਨਾਲ ਜੋੜ ਦਿੱਤਾ ਗਿਆ ਕਿ ਜੇਕਰ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕਰੇਗਾ ਤਾਂ ਵਣ ਦੇਵਤਾ ਦੀ ਸਜ਼ਾ ਦਾ ਭਾਗੀ ਹੋਣਾ ਨਿਸ਼ਚਿਤ ਹੈ।

ਜਲ ਸ਼ਕਤੀ

ਅਸੀਂ ਇਸ ਤਰ੍ਹਾਂ ਸਮਝੀਏ ਕਿ ਅੱਜ ਮਾਰੂਥਲ ਨਾਲ ਘਿਰੇ ਜੈਸਲਮੇਰ ’ਚ ਸਥਾਨਕ ਲੋਕਾਂ ਦੇ ਜਾਗਰੂਕ ਅਤੇ ਹਰਿਆਲੀ ਪ੍ਰਤੀ ਸੰਵੇਦਨਸ਼ੀਲ ਹੋਣ ਕਾਰਣ ਪਾਣੀ ਦੀ ਕਮੀ ਨਹੀਂ ਹੈ, ਜਦਕਿ ਵਿਸ਼ਵ ’ਚ ਸਭ ਤੋਂ ਵੱਧ ਵਰਖਾ ਦਾ ਰਿਕਾਰਡ ਰੱਖਣ ਵਾਲਾ ਚਿਰਾਪੂੰਜੀ ਪਾਣੀ ਦੀ ਘਾਟ ਹੋਣ ਦੇ ਖਤਰੇ ਨਾਲ ਜੂਝ ਰਿਹਾ ਹੈ ਅਤੇ ਉਥੇ ਜਾਣ ’ਤੇ ਹੁਣ ਉਹੋ ਜਿਹੇ ਮਨਮੋਹਕ ਦ੍ਰਿਸ਼ ਨਹੀਂ ਦਿਖਾਈ ਦਿੰਦੇ, ਜਿਹੋ ਜਿਹੇ ਹੁਣ ਤੋਂ 30-40 ਸਾਲ ਪਹਿਲਾਂ ਦਿਖਾਈ ਦਿੰਦੇ ਸਨ। ਇਸ ਦਾ ਕਾਰਣ ਸਿਰਫ ਇਹੀ ਹੋਇਆ ਕਿ ਇਕ ਜਗ੍ਹਾ ਪਾਣੀ ਸਾਂਭ-ਸੰਭਾਲ ਦੇ ਸਾਰੇ ਉਪਾਅ ਕੀਤੇ ਗਏ ਕਿਉਂਕਿ ਉਥੋਂ ਦੇ ਲੋਕਾਂ ਨੂੰ ਪਾਣੀ ਦੀ ਕੀਮਤ ਪਤਾ ਸੀ ਅਤੇ ਦੂਸਰੀ ਜਗ੍ਹਾ ’ਤੇ ਪਾਣੀ ਭਰਪੂਰ ਸੀ, ਇਸ ਲਈ ਪਾਣੀ ਦੀ ਸਾਂਭ-ਸੰਭਾਲ ਪ੍ਰਤੀ ਉਦਾਸੀਨਤਾ ਅਤੇ ਲਾਪਰਵਾਹੀ ਤੋਂ ਕੰਮ ਲਿਆ ਗਿਆ।

ਦਰੱਖਤ ਪਾਣੀ ਸੋਖਦੇ ਹਨ ਅਤੇ ਵਾਤਾਵਰਣ ’ਚ ਛੱਡਦੇ ਹਨ। ਇਕ ਔਸਤ ਦਰੱਖਤ ਇਕ ਦਿਨ ’ਚ 250 ਤੋਂ 400 ਗੈਲਨ ਪਾਣੀ ਸੋਖਣ ਅਤੇ ਛੱਡਣ ਦਾ ਕੰਮ ਕਰਦਾ ਹੈ। ਕਹਿ ਸਕਦੇ ਹਾਂ ਕਿ ਧਰਤੀ ਨੂੰ ਤਿੰਨ-ਚੌਥਾਈ ਪਾਣੀ ਜੰਗਲਾਂ ਤੋਂ ਵਰਖਾ ਦੇ ਜ਼ਰੀਏ ਮਿਲਦਾ ਹੈ। ਇਹੀ ਨਹੀਂ, ਇਕ ਦਰੱਖਤ ਪਾਣੀ ਨੂੰ ਹੜ੍ਹ ਦਾ ਰੂਪ ਲੈਣ ਤੋਂ ਵੀ ਰੋਕਦਾ ਹੈ। ਇਸ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ ਕਿ ਦਰੱਖਤ ਅਤੇ ਪਾਣੀ ਇਕ-ਦੂਜੇ ਦੇ ਪੂਰਕ ਹਨ ਅਤੇ ਇਕ-ਦੂਜੇ ਤੋਂ ਬਿਨਾਂ ਦੂਸਰੇ ਦਾ ਨਾ ਤਾਂ ਮਹੱਤਵ ਅਤੇ ਨਾ ਹੀ ਉਨ੍ਹਾਂ ਦੀ ਆਜ਼ਾਦ ਹੋਂਦ ਬਣੀ ਰਹਿ ਸਕਦੀ ਹੈ।

ਕੀ ਤੁਸੀਂ ਕਿਸੇ ਦਰੱਖਤ ਨਾਲ ਗੱਲ ਕਰਨ ਦਾ ਲੁਤਫ ਉਠਾਇਆ ਹੈ, ਉਸ ਦੇ ਕਿਸੇ ਰਖਵਾਲੇ ਤੋਂ ਪੁੱਛੋ ਤਾਂ ਪਤਾ ਲੱਗੇਗਾ ਕਿ ਦਰੱਖਤ ਨੂੰ ਵੀ ਖੁਸ਼ੀ ਅਤੇ ਅਨੰਦ ਨਾਲ ਝੂਮਣਾ ਆਉਂਦਾ ਹੈ ਅਤੇ ਉਹ ਆਪਣੇ ਕੱਟਣ ਜਾਂ ਸੁੱਕਾ ਠੁੱਠ ਬਣ ਜਾਣ ’ਤੇ ਦੁੱਖ ਮਹਿਸੂਸ ਕਰਦਾ ਹੈ, ਇਸ ਲਈ ਦਰੱਖਤਾਂ ’ਚ ਜੀਵਨ ਦੀ ਕਲਪਨਾ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਨਦੀ, ਝਰਨੇ ਜਾਂ ਤਲਾਬ ਦੇ ਨੇੜੇ-ਤੇੜੇ ਉਸ ਦੀ ਆਵਾਜ਼ ਸੁਣੀ ਜਾ ਸਕਦੀ ਹੈ।

ਕੁਦਰਤ ਦੀ ਵਿਵਸਥਾ ਦੇਖੋ ਕਿ ਪਾਣੀ ਦੀ ਨਮੀ ਨੂੰ ਦਰੱਖਤ ਆਪਣੇ ਅੰਦਰ ਸੋਖ ਲੈਂਦੇ ਹਨ ਅਤੇ ਫਿਰ ਪੂਰੇ ਵਾਤਾਵਰਣ ਨੂੰ ਠੰਡਾ ਕਰ ਦਿੰਦੇ ਹਨ। ਇਸੇ ਆਧਾਰ ’ਤੇ ਅੱਜ ਪੀਣ ਲਈ ਪਾਣੀ ਇਕੱਠਾ ਕਰਨ ਦੀ ਵਿਧੀ ’ਤੇ ਸਫਲਤਾਪੂਰਵਕ ਕੰਮ ਹੋ ਰਿਹਾ ਹੈ ਅਤੇ ਅਸੀਂ ਹਾਂ ਕਿ ਜੰਗਲ ਅਤੇ ਪਾਣੀ ਦੋਵਾਂ ਹੀ ਸਾਧਨਾਂ ਨੂੰ ਬਰਬਾਦ ਕਰਨ ’ਤੇ ਤੁਲੇ ਹੋਏ ਹਾਂ ਅਤੇ ਸਿਰਫ ਗੱਲਾਂ ਨਾਲ ਹੀ ਉਨ੍ਹਾਂ ਦੀ ਸੰਭਾਲ ਕਰਨਾ ਚਾਹੁੰਦੇ ਹਨ।

ਅੱਜ ਅਸੀਂ ਜੋ ਸਾਹ ਲੈਣ ਲਈ ਸ਼ੁੱਧ ਹਵਾ ਦੇ ਸੰਕਟ ਨਾਲ ਜੂਝ ਰਹੇ ਹਾਂ, ਉਸ ਦਾ ਸਭ ਤੋਂ ਵੱਡਾ ਕਾਰਣ ਦਰੱਖਤ ਅਤੇ ਪਾਣੀ ਦੀ ਕਦਰ ਨਾ ਕਰਨਾ ਹੈ। ਵਣ ਖੇਤਰ ਘੱਟ ਹੁੰਦੇ ਜਾਣ ਨਾਲ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਖਬਰਾਂ ਮੁਤਾਬਕ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਬੰਗਾਲ, ਰਾਜਸਥਾਨ ’ਚ ਹੋਣ ਵਾਲੀਆਂ 50 ਫੀਸਦੀ ਤੋਂ ਵੱਧ ਮੌਤਾਂ ਲਈ ਹਵਾ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ। ਮਰਨ ਵਾਲਿਆਂ ’ਚੋਂ ਅੱਧੇ 70 ਸਾਲ ਤੋਂ ਘੱਟ ਉਮਰ ਦੇ ਹਨ ਭਾਵ ਨੌਜਵਾਨ ਪੀੜ੍ਹੀ ਅਤੇ ਸਮਾਜ ਦੇ ਵਿਕਾਸ ’ਚ ਸਾਰਥਕ ਅਤੇ ਸਿਰੜੀ ਹੋ ਕੇ ਯੋਗਦਾਨ ਪਾ ਸਕਣ ਵਾਲੀ ਆਬਾਦੀ ਬੇਵਕਤੀ ਮੌਤ ਦਾ ਸ਼ਿਕਾਰ ਹੋ ਰਹੀ ਹੈ। ਇਸ ਦੇ ਉਲਟ ਜੇਕਰ ਹਵਾ ਪ੍ਰਦੂਸ਼ਣ ਨਾ ਹੋਵੇ ਤਾਂ ਇਨਸਾਨ ਦੀ ਉਮਰ 17 ਸਾਲ ਵਧ ਸਕਦੀ ਹੈ।

ਜਿਥੋਂ ਤਕ ਪਾਣੀ ਦੀ ਸ਼ਕਤੀ ਦੀ ਗੱਲ ਹੈ, ਸਾਡੀਆਂ ਸਾਰੀਆਂ ਨਦੀਆਂ ਪ੍ਰਦੂਸ਼ਿਤ ਹੋਣ ਦੇ ਭਿਅਾਨਕ ਦੌਰ ’ਚੋਂ ਲੰਘ ਰਹੀਆਂ ਹਨ। ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਪ੍ਰੇਸ਼ਾਨ ਕਰ ਸਕਦੇ ਹਨ। ਅਸਲ ’ਚ ਸਾਡੀ ਸੋਚ ਅਤੇ ਕਥਨੀ ਅਤੇ ਕਰਨੀ ’ਚ ਕੋਈ ਤਾਲਮੇਲ ਨਾ ਹੋਣਾ ਅਤੇ ਵਿਗਿਆਨ ਅਤੇ ਟੈਕਨਾਲੋਜੀ ਪ੍ਰਤੀ ਉਦਾਸੀਨਤਾ ਹੈ। ਮਿਸਾਲ ਦੇ ਤੌਰ ’ਤੇ ਸਾਡੇ ਸ਼ਹਿਰਾਂ, ਕਸਬਿਆਂ ਅਤੇ ਦਿਹਾਤੀ ਇਲਾਕਿਆਂ ’ਚ ਵੱਡੀ ਸਮੱਸਿਆ ਨਾਲਿਆਂ ਅਤੇ ਨਾਲੀਆਂ, ਉਥੇ ਕੋਈ ਤਲਾਬ, ਨਹਿਰ ਜਾਂ ਝੀਲ ਹੈ ਤਾਂ ਉਨ੍ਹਾਂ ’ਚ ਗੰਦਗੀ ਨੂੰ ਬੇਰੋਕ-ਟੋਕ ਸੁੱਟਣ ਅਤੇ ਜਮ੍ਹਾ ਹੁੰਦੇ ਜਾਣ ਦਾ ਅੰਤਹੀਣ ਸਿਲਸਿਲਾ ਚੱਲ ਰਿਹਾ ਹੈ। ਸਾਲਾਂ ਤਕ ਇਨ੍ਹਾਂ ਦੀ ਸਫਾਈ ਨਾ ਹੋਣ ਕਾਰਣ ਇਥੇ ਰਹਿਣ ਵਾਲਿਆਂ ਨੂੰ ਨਵੀਆਂ-ਨਵੀਆਂ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਕਈ ਜਗ੍ਹਾ ਤਾਂ ਇਸ ਹੱਦ ਤਕ ਗੰਦਗੀ ਰਹਿੰਦੀ ਹੈ ਕਿ ਉਥੇ ਰਹਿਣਾ ਤਾਂ ਕੀ ਉਸ ਜਗ੍ਹਾ ਤੋਂ ਲੰਘਣਾ ਵੀ ਕਿਸੇ ਖਤਰੇ ਤੋਂ ਘੱਟ ਨਹੀਂ ਹੈ।

ਹੁਣ ਸਾਡੇ ਇਥੇ ਸਾਡੀ ਹੀ ਸਵਦੇਸ਼ੀ ਲੈਬ, ਜੋ ਨਾਗਪੁਰ ’ਚ ਹੈ ਅਤੇ ਨੀਰੀ ਦੇ ਨਾਂ ਨਾਲ ਦੁਨੀਆ ਭਰ ’ਚ ਵੱਕਾਰ ਹਾਸਲ ਕਰ ਚੁੱਕੀ ਹੈ। ਉਸ ਨੇ ਇਕ ਅਜਿਹੀ ਟੈਕਨਾਲੋਜੀ ਦਾ ਵਿਕਾਸ ਕੀਤਾ ਹੈ, ਜਿਸ ਨਾਲ ਇਨ੍ਹਾਂ ਨਾਲੇ-ਨਾਲੀਆਂ, ਝੀਲਾਂ ਅਤੇ ਤਲਾਬਾਂ ਦੀ ਵਰਤੋਂ ਕਰ ਕੇ ਉਸ ਜਗ੍ਹਾ ਨੂੰ ਚੰਗੇ-ਖਾਸੇ ਘੁੰਮਣ ਵਾਲੇ ਸਥਾਨ ’ਚ ਬਦਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸ਼ਹਿਰ ਹੋਵੇ ਜਾਂ ਦਿਹਾਤ, ਕਈ ਜਗ੍ਹਾ ਤਾਂ ਕੂੜੇ ਦੇ ਪਹਾੜ ਬਣ ਗਏ ਹਨ, ਇਨ੍ਹਾਂ ਨੂੰ ਸਾਡੀ ਹੀ ਲੈਬ ’ਚ ਬਣੀ ਟੈਕਨਾਲੋਜੀ ਦੀ ਵਰਤੋਂ ਨਾਲ ਸਸਤੇ ਈਂਧਨ ਅਤੇ ਜੈਵਿਕ ਖਾਦ ’ਚ ਬਦਲਿਆ ਜਾ ਸਕਦਾ ਹੈ। ਅਜਿਹਾ ਨਹੀਂ ਹੈ ਕਿ ਇਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ। ਮੈਂ ਖੁਦ ਆਪਣੀਆਂ ਫਿਲਮਾਂ ਦੇ ਨਿਰਮਾਣ ਦੌਰਾਨ ਅਜਿਹੇ ਬਹੁਤ ਸਾਰੇ ਕਸਬੇ ਅਤੇ ਜ਼ਿਲੇ ਦੇਖੇ ਹਨ, ਜਿਥੇ ਇਨ੍ਹਾਂ ਦੀ ਸਹੀ ਵਰਤੋਂ ਹੋਈ ਅਤੇ ਅੱਜ ਉਥੇ ਭਰਪੂਰ ਖੁਸ਼ਹਾਲੀ ਹੈ।

ਜਦੋਂ ਅਜਿਹਾ ਹੈ ਤਾਂ ਉਦਾਹਰਣ ਲਈ ਦਿੱਲੀ ’ਚ ਕੂੜੇ ਦੇ ਪਹਾੜ ਦਾ ਕੁਤੁਬਮੀਨਾਰ ਦੇ ਅਾਕਾਰ ਦਾ ਹੋ ਜਾਣਾ ਕੀ ਕਹਾਣੀ ਕਹਿੰਦਾ ਹੈ, ਇਹ ਸਮਝਣਾ ਕੋਈ ਮੁਸ਼ਕਿਲ ਨਹੀਂ ਹੈ। ਇਸੇ ਤਰ੍ਹਾਂ ਦਿੱਲੀ ਅਤੇ ਨੋਇਡਾ ’ਚ ਜੋ ਨਾਲਾ ਉਥੇ ਆਫਤ ਦਾ ਕਾਰਣ ਬਣ ਚੁੱਕਾ ਹੈ ਅਤੇ ਮੁੰਬਈ ’ਚ ਵਿਚੋ-ਵਿਚ ਵਹਿੰਦਾ ਵਿਸ਼ਾਲ ਨਾਲਾ ਅਤੇ ਇਸੇ ਤਰ੍ਹਾਂ ਦੇ ਦੂਸਰੇ ਮਹਾਨਗਰਾਂ ’ਚ ਬਦਬੂ ਅਤੇ ਗੰਦਗੀ ਨਾਲ ਭਰੇ ਨਾਲੇ ਇਨ੍ਹਾਂ ਸ਼ਹਿਰਾਂ ਦੇ ਮੱਥੇ ’ਤੇ ਕਲੰਕ ਵਾਂਗ ਦਿਖਾਈ ਦਿੰਦੇ ਹਨ ਤਾਂ ਉਸ ਬਾਰੇ ਕੁਝ ਨਾ ਕਿਹਾ ਜਾਏ, ਇਹੀ ਬਿਹਤਰ ਹੋਵੇਗਾ। ਇਹ ਹਾਲਤ ਇਸ ਲਈ ਹੈ ਕਿਉਂਕਿ ਇਹ ਸੂਬਾਈ ਸਰਕਾਰਾਂ ਤੋਂ ਲੈ ਕੇ ਕੇਂਦਰ ਸਰਕਾਰ ਤਕ ਦੇ ਇਸ ਮਾਮਲੇ ’ਚ ਕੁੰਭਕਰਨੀ ਨੀਂਦ ਸੁੱਤੇ ਹੋਣ ਕਾਰਣ ਹੋ ਰਿਹਾ ਹੈ।

ਇਹ ਸਾਡੇ ਨੀਤੀ ਨਿਰਧਾਰਕਾਂ ਅਤੇ ਸ਼ਾਸਨ ਦੀ ਵਾਗਡੋਰ ਫੜੀ ਸੱਤਾਧਾਰੀ ਪਾਰਟੀਆਂ ਦੀ ਮਾਨਸਿਕਤਾ ’ਤੇ ਨਿਰਭਰ ਹੈ ਕਿ ਉਹ ਜਨਤਾ ਨੂੰ ਪ੍ਰਦੂਸ਼ਣ ਤੋਂ ਮੁਕਤੀ ਦਿਵਾਉਣ ਦਾ ਕੰਮ ਕਰਨ, ਨਹੀਂ ਤਾਂ ਚੌਗਿਰਦਾ ਦਿਵਸ ਦੀ ਖਾਨਾਪੂਰਤੀ ਤਾਂ ਹਰ ਸਾਲ ਹੁੰਦੀ ਹੀ ਰਹਿੰਦੀ ਹੈ।

 

Bharat Thapa

This news is Content Editor Bharat Thapa