ਅੱਜ ਜਲ ਦਿਵਸ ’ਤੇ ਵਿਸ਼ੇਸ਼, ਸਮਝੋ ਬੜੇ ਕੀਮਤੀ ਪਾਣੀ ਦੀ ਮਹੱਤਤਾ

03/22/2021 3:54:36 AM

ਯੋਗੇਸ਼ ਕੁਮਾਰ ਗੋਇਲ 

ਮਹਾਰਾਸ਼ਟਰ ਹੋਵੇ ਜਾਂ ਰਾਜਸਥਾਨ, ਬਿਹਾਰ ਹੋਵੇ ਜਾਂ ਝਾਰਖੰਡ ਜਾਂ ਫਿਰ ਦੇਸ਼ ਦੀ ਰਾਜਧਾਨੀ ਦਿੱਲੀ, ਹਰ ਸਾਲ ਖਾਸ ਕਰ ਕੇ ਗਰਮੀ ਦੇ ਮੌਸਮ ’ਚ ਦੇਸ਼ ਭਰ ’ਚ ਥਾਂ–ਥਾਂ ਪਾਣੀ ਨੂੰ ਲੈ ਕੇ ਲੋਕਾਂ ਦਰਮਿਆਨ ਆਪਸ ’ਚ ਕੁੱਟ-ਮਾਰ ਜਾਂ ਝਗੜੇ-ਫਸਾਦ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਹਾਲਾਂਕਿ ਅਜਿਹਾ ਨਹੀਂ ਹੈ ਕਿ ਪਾਣੀ ਦੀ ਘਾਟ ਨੂੰ ਲੈ ਕੇ ਪੈਦਾ ਇਹ ਸੰਕਟ ਇਕੱਲੇ ਭਾਰਤ ਦੀ ਹੀ ਸਮੱਸਿਆ ਹੋਵੇ ਸਗੋਂ ਅਸਲੀਅਤ ਇਹ ਹੈ ਕਿ ਜਲ ਸੰਕਟ ਹੁਣ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਦੀ ਇਕ ਭਿਆਨਕ ਸਮੱਸਿਆ ਬਣ ਚੁੱਕਾ ਹੈ।

ਇਨ੍ਹਾਂ ਹਾਲਤਾਂ ਨੂੰ ਦੇਖਦੇ ਹੋਏ ਜਲ ਸੰਭਾਲ ਅਤੇ ਰੱਖ-ਰਖਾਅ ਨੂੰ ਲੈ ਕੇ ਦੁਨੀਆ ਭਰ ’ਚ ਲੋਕਾਂ ’ਚ ਜਾਗਰੂਕਤਾ ਫੈਲਾਉਣ ਲਈ ਪ੍ਰਤੀ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਮਨਾਏ ਜਾਣ ਦਾ ਐਲਾਨ ਸੰਯੁਕਤ ਰਾਸ਼ਟਰ ਵਲੋਂ ਸਾਲ 1992 ’ਚ ਰਿਓ ਦਿ ਜੈਨੇਰੀਓ ’ਚ ਆਯੋਜਿਤ ‘ਵਾਤਾਵਰਣ ਅਤੇ ਵਿਕਾਸ ਦਾ ਸੰਯੁਕਤ ਰਾਸ਼ਟਰ ਸੰਮੇਲਨ’ (ਯੂ. ਐੱਨ. ਸੀ. ਈ. ਡੀ.) ’ਚ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਦੇ ਉਸੇ ਐਲਾਨ ਦੇ ਬਾਅਦ ਪਹਿਲਾ ਵਿਸ਼ਵ ਜਲ ਦਿਵਸ 22 ਮਾਰਚ 1993 ਨੂੰ ਮਨਾਇਆ ਗਿਆ ਸੀ।

ਸਹੀ ਮਾਇਨਿਆਂ ’ਚ ਇਹ ਦਿਨ ਜਲ ਦੇ ਮਹੱਤਵ ਨੂੰ ਜਾਣਨ, ਸਮਾਂ ਰਹਿੰਦੇ ਜਲ ਸੰਭਾਲ ਨੂੰ ਲੈ ਕੇ ਸੁਚੇਤ ਹੋਣ ਅਤੇ ਪਾਣੀ ਬਚਾਉਣ ਦਾ ਸੰਕਲਪ ਲੈਣ ਦਾ ਦਿਨ ਹੈ। ਦਰਅਸਲ ਦੁਨੀਆ ਭਰ ’ਚ ਇਸ ਸਮੇਂ ਲਗਭਗ 2 ਅਰਬ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਹੋ ਰਿਹਾ ਅਤੇ ਇਹ ਪਾਣੀ ਮੁਹੱਈਆ ਨਾ ਹੋਣ ਕਾਰਨ ਲੱਖਾਂ ਲੋਕ ਬੀਮਾਰ ਹੋ ਕੇ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ।

ਜੇਕਰ ਗੱਲ ਭਾਰਤ ਦੇ ਸੰਦਰਭ ’ਚ ਕਹੀਏ ਤਾਂ ਸਾਲ 2018 ’ਚ ਸ਼ਿਮਲਾ ਵਰਗੇ ਪਹਾੜੀ ਇਲਾਕੇ ’ਚ ਵੀ ਪਾਣੀ ਦੀ ਕਮੀ ਨੂੰ ਲੈ ਕੇ ਹਾਹਾਕਾਰ ਮਚੀ ਸੀ ਅਤੇ ਉਸ ਦੇ ਅਗਲੇ ਸਾਲ ਚੇਨਈ ’ਚ ਉਹੋ ਜਿਹੀ ਹੀ ਸਥਿਤੀ ਦੇਖੀ ਗਈ ਸੀ। ਇਹ ਮਾਮਲੇ ਜਲ ਸੰਕਟ ਡੂੰਘਾ ਹੋਣ ਦੀ ਸਮੱਸਿਆ ਨੂੰ ਲੈ ਕੇ ਸਾਡੀਆਂ ਅੱਖਾਂ ਖੋਲ੍ਹਣ ਲਈ ਢੁੱਕਵੇਂ ਸਨ ਪਰ ਫਿਰ ਵੀ ਇਸ ਨਾਲ ਨਜਿੱਠਣ ਲਈ ਭਾਈਚਾਰਕ ਤੌਰ ’ਤੇ ਕੋਈ ਗੰਭੀਰ ਯਤਨ ਹੁੰਦੇ ਨਹੀਂ ਦਿਸ ਰਹੇ। ਇਹੀ ਕਾਰਨ ਹੈ ਕਿ ਭਾਰਤ ’ਚ ਹੁਣ ਬਹੁਤ ਸਾਰੇ ਸ਼ਹਿਰ ਸ਼ਿਮਲਾ ਅਤੇ ਚੇਨਈ ਵਰਗੇ ਹਾਲਾਤ ਨਾਲ ਜੂਝਣ ਦੇ ਕੰਢੇ ’ਤੇ ਖੜ੍ਹੇ ਹਨ।

ਹਿੰਦੀ ਅਕਾਦਮੀ ਦਿੱਲੀ ਦੇ ਆਰਥਿਕ ਸਹਿਯੋਗ ਨਾਲ ਪ੍ਰਕਾਸ਼ਿਤ ਪੁਸਤਕ ‘ਪ੍ਰਦੂਸ਼ਣ ਮੁਕਤ ਸਾਂਸੇਂ’ ਮੁਤਾਬਿਕ ਪ੍ਰਿਥਵੀ ਦਾ ਲਗਭਗ ਤਿੰਨ ਚੌਥਾਈ ਹਿੱਸਾ ਪਾਣੀ ਨਾਲ ਭਰਿਆ ਹੈ ਪਰ ਧਰਤੀ ’ਤੇ ਮੌਜੂਦ ਪਾਣੀ ਦੇ ਵਿਸ਼ਾਲ ਸਰੋਤ ’ਚੋਂ ਸਿਰਫ ਇਕ-ਡੇਢ ਫੀਸਦੀ ਪਾਣੀ ਹੀ ਅਜਿਹਾ ਹੈ ਜਿਸ ਦੀ ਵਰਤੋਂ ਪੀਣ ਵਾਲੇ ਪਾਣੀ ਜਾਂ ਰੋਜ਼ਾਨਾ ਕੀਤੇ ਜਾਣ ਵਾਲੇ ਕੰਮਾਂ ਲਈ ਕੀਤੀ ਜਾਣੀ ਸੰਭਵ ਹੈ।

‘ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ’ ਦਾ ਕਹਿਣਾ ਹੈ ਕਿ ਧਰਤੀ ’ਤੇ ਮੁਹੱਈਆ ਪਾਣੀ ਦੀ ਕੁੱਲ ਮਾਤਰਾ ’ਚੋਂ ਸਿਰਫ 3 ਫੀਸਦੀ ਪਾਣੀ ਹੀ ਸਾਫ-ਸੁਥਰਾ ਬਚਿਆ ਹੈ ਅਤੇ ਉਸ ’ਚੋਂ ਵੀ ਲਗਭਗ 2 ਫੀਸਦੀ ਪਾਣੀ ਦੀ ਵਰਤੋਂ ਹੀ ਪੀਣ ਵਾਲੇ ਪਾਣੀ, ਸਿੰਚਾਈ, ਖੇਤੀਬਾੜੀ ਅਤੇ ਉਦਯੋਗਾਂ ਲਈ ਕੀਤੀ ਜਾਂਦੀ ਹੈ। ਬਾਕੀ ਪਾਣੀ ਖਾਰਾ ਹੋਣ ਜਾਂ ਹੋਰਨਾਂ ਕਾਰਨਾਂ ਕਰ ਕੇ ਵਰਤੋਂ ’ਚ ਆਉਣ ਵਾਲਾ ਜਾਂ ਜ਼ਿੰਦਗੀ ਲਈ ਸਹੀ ਨਹੀਂ ਹੈ।

ਧਰਤੀ ’ਤੇ ਮੁਹੱਈਆ ਪਾਣੀ ’ਚੋਂ ਇਸ ਇਕ ਫੀਸਦੀ ਪਾਣੀ ’ਚੋਂ ਵੀ ਲਗਭਗ 95 ਫੀਸਦੀ ਪਾਣੀ ਜ਼ਮੀਨ ਹੇਠਲੇ ਪਾਣੀ ਦੇ ਰੂਪ ’ਚ ਧਰਤੀ ਦੀਆਂ ਹੇਠਲੀਆਂ ਪਰਤਾਂ ’ਚ ਮੌਜੂਦ ਹੈ ਅਤੇ ਬਾਕੀ ਪਾਣੀ ਧਰਤੀ ’ਤੇ ਸਤਹੀ ਜਲ ਦੇ ਰੂਪ ’ਚ ਤਲਾਬਾਂ, ਝੀਲਾਂ, ਨਦੀਆਂ ਜਾਂ ਨਹਿਰਾਂ ’ਚ ਅਤੇ ਮਿੱਟੀ ’ਚ ਨਮੀ ਦੇ ਰੂਪ ’ਚ ਮੁਹੱਈਆ ਹੈ। ਸਪੱਸ਼ਟ ਹੈ ਕਿ ਪਾਣੀ ਸਬੰਧੀ ਸਾਡੀਆਂ ਬਹੁਤ ਜ਼ਿਆਦਾ ਲੋੜਾਂ ਦੀ ਪੂਰਤੀ ਜ਼ਮੀਨ ਹੇਠਲੇ ਪਾਣੀ ਨਾਲ ਹੀ ਹੁੰਦੀ ਹੈ ਪਰ ਇਸ ਜ਼ਮੀਨ ਹੇਠਲੇ ਪਾਣੀ ਦੀ ਮਾਤਰਾ ਵੀ ਇੰਨੀ ਨਹੀਂ ਹੈ ਕਿ ਇਸ ਨਾਲ ਲੋਕਾਂ ਦੀਆਂ ਲੋੜਾਂ ਪੂਰੀਆਂ ਹੋ ਸਕਣ। ਵੈਸੇ ਵੀ ਆਬਾਦੀ ਦੀ ਰਫਤਾਰ ਤਾਂ ਤੇਜ਼ੀ ਨਾਲ ਵਧ ਰਹੀ ਹੈ ਪਰ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧਣ ਦੀ ਬਜਾਏ ਘੱਟ ਰਿਹਾ ਹੈ, ਅਜਿਹੇ ’ਚ ਪਾਣੀ ਦੀ ਘਾਟ ਦਾ ਸੰਕਟ ਡੂੰਘਾ ਹੋਣਾ ਹੀ ਹੈ।

ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਕੁਝ ਸਮਾਂ ਪਹਿਲਾਂ ਦੁਨੀਆ ਨੂੰ ਦੱਸ ਚੁੱਕੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਆਉਣ ਵਾਲੇ ਸਾਲਾਂ ’ਚ ਪਾਣੀ ਦੀ ਘਾਟ ਗੰਭੀਰ ਸੰਘਰਸ਼ ਦਾ ਕਾਰਨ ਬਣ ਸਕਦੀ ਹੈ। ਜੇਕਰ ਧਰਤੀ ’ਤੇ ਜਲ ਸੰਕਟ ਇਸੇ ਕਦਰ ਡੂੰਘਾ ਹੁੰਦਾ ਰਿਹਾ ਤਾਂ ਇਸ ਨੂੰ ਯਕੀਨਨ ਮਨ ਕੇ ਚੱਲਣਾ ਹੋਵੇਗਾ ਕਿ ਪਾਣੀ ਹਾਸਲ ਕਰਨ ਲਈ ਵੱਖ-ਵੱਖ ਦੇਸ਼ ਆਪਸ ’ਚ ਟਕਰਾਉਣ ਲੱਗਣਗੇ ਅਤੇ ਦੋ ਵੱਖ-ਵੱਖ ਦੇਸ਼ਾਂ ਦਰਮਿਆਨ ਜੰਗ ਦੀ ਨੌਬਤ ਵੀ ਆ ਸਕਦੀ ਹੈ ਅਤੇ ਜਿਵੇਂ ਕਿ ਖਦਸ਼ੇ ਪ੍ਰਗਟਾਏ ਜਾ ਰਹੇ ਹਨ ਕਿ ਅਗਲੀ ਸੰਸਾਰ ਜੰਗ ਵੀ ਪਾਣੀ ਦੇ ਕਾਰਨ ਲੜੀ ਜਾ ਸਕਦੀ ਹੈ। ਜੇਕਰ ਜਲ ਸੰਕਟ ਵਧਦੇ ਜਾਣ ਦੀ ਸਥਿਤੀ ’ਚ ਵਾਕਈ ਅਜਿਹਾ ਹੀ ਕੁਝ ਹੋਇਆ ਤਾਂ ਇਸ ਦੁਨੀਆ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜ਼ਾ ਲਗਾਉਂਦੇ ਹੋਏ ਵੀ ਕਲੇਜਾ ਕੰਬ ਉੱਠਦਾ ਹੈ। ਭਾਰਤ-ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਪਾਣੀ ਦੇ ਮੁੱਦੇ ਨੂੰ ਲੈ ਕੇ ਤਣਾਤਣੀ ਚੱਲਦੀ ਰਹੀ ਹੈ।

ਇਸ ਦੇ ਇਲਾਵਾ ਉੱਤਰੀ ਅਫਰੀਕਾ ਦੇ ਕੁਝ ਦੇਸ਼ਾਂ ਦਰਮਿਆਨ ਵੀ ਪਾਣੀ ਦੇ ਕਾਰਨ ਝਗੜੇ ਹੁੰਦੇ ਰਹਿੰਦੇ ਹਨ। ਇਜ਼ਰਾਈਲ ਤੇ ਜੌਰਡਨ ਅਤੇ ਮਿਸਰ ਤੇ ਇਥੋਪੀਆ ਵਰਗੇ ਹੋਰ ਦੇਸ਼ਾਂ ਦਰਮਿਆਨ ਵੀ ਪਾਣੀ ਨੂੰ ਲੈ ਕੇ ਕਾਫੀ ਗਰਮਾ-ਗਰਮੀ ਦੇਖੀ ਜਾਂਦੀ ਰਹੀ ਹੈ। ਖੈਰ ਦੂਸਰੇ ਦੇਸ਼ਾਂ ਦੀ ਤਾਂ ਗੱਲ ਹੀ ਛੱਡੋ, ਆਪਣੇ ਹੀ ਦੇਸ਼ ’ਚ ਵੱਖ-ਵੱਖ ਸੂਬਿਆਂ ਦਰਮਿਆਨ ਪਾਣੀ ਦੇ ਬਟਵਾਰੇ ਦੇ ਮਾਮਲੇ ’ਚ ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਡੂੰਘੇ ਮਤਭੇਦ ਕਾਇਮ ਹਨ ਅਤੇ ਇਸੇ ਕਾਰਨ ਸੂਬਿਆਂ ਦੇ ਆਪਸੀ ਸਬੰਧਾਂ ’ਚ ਕਾਫੀ ਖਟਾਸ ਵੀ ਪੈਦਾ ਹੋ ਚੁੱਕੀ ਹੈ ਅਤੇ ਵਰਤਮਾਨ ’ਚ ਵੀ ਪਾਣੀਆਂ ਦੀ ਵੰਡ ਦਾ ਮਾਮਲਾ ਲਗਾਤਾਰ ਅੱਧ-ਵਿਚਾਲੇ ਲਟਕਿਆ ਰਹਿਣ ਨਾਲ ਕੁਝ ਸੂਬਿਆਂ ’ਚ ਜਲ ਸੰਕਟ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ।

ਦੇਸ਼ ’ਚ ਜਲ ਸੰਕਟ ਦੇ ਭਿਆਨਕ ਰੂਪ ਧਾਰਨ ਕਰਦੇ ਜਾਣ ਦੇ ਪਿੱਛੇ ਆਬਾਦੀ ਦੇ ਧਮਾਕੇ ਦੀ ਸਮੱਸਿਆ ਦੇ ਨਾਲ-ਨਾਲ ਪਾਣੀ ਦੀ ਉਪਲੱਬਧਤਾ ’ਚ ਹੁੰਦੀ ਜਾ ਰਹੀ ਘਾਟ ਤਾਂ ਜ਼ਿੰਮੇਵਾਰ ਹੈ ਹੀ, ਇਸ ਦੇ ਇਲਾਵਾ ਪਾਣੀ ਦੀ ਦੁਰਵਰਤੋਂ, ਘਟੀਆ ਪ੍ਰਬੰਧ ਅਤੇ ਦੂਸ਼ਿਤ ਹੁੰਦਾ ਪੀਣ ਵਾਲਾ ਪਾਣੀ ਆਦਿ ਹੋਰ ਵੀ ਕਈ ਅਜਿਹੇ ਕਾਰਨ ਹਨ, ਜੋ ਸਮੱਸਿਆ ਲਈ ਪ੍ਰਮੁੱਖ ਤੌਰ ’ਤੇ ਜ਼ਿੰਮੇਵਾਰ ਹਨ। ਜੇਕਰ ਅਸੀਂ ਵਾਕਿਆ ਹੀ ਜਲ ਸੰਕਟ ਦਾ ਹੱਲ ਚਾਹੁੰਦੇ ਹਾਂ ਤਾਂ ਸਮਾਂ ਰਹਿੰਦੇ ਸਾਨੂੰ ਸਮਝਣਾ ਹੋਵੇਗਾ ਕਿ ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਅਤੇ ਅਸੀਂ ਖੁਦ ਪਾਣੀ ਦਾ ਨਿਰਮਾਣ ਨਹੀਂ ਕਰ ਸਕਦੇ। ਇਸ ਲਈ ਅਸੀਂ ਇਹ ਸਮਝ ਲਈਏ ਕਿ ਅਸੀਂ ਕੁਦਰਤ ਦੇ ਖਜ਼ਾਨੇ ਤੋਂ ਜਿੰਨਾ ਪਾਣੀ ਲੈਂਦੇ ਹਾਂ ਉਹ ਅਸੀਂ ਉਸ ਨੂੰ ਵਾਪਸ ਮੋੜਨਾ ਵੀ ਹੈ ਅਤੇ ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਕੁਦਰਤੀ ਸੋਮਿਆਂ ਨੂੰ ਦੂਸ਼ਿਤ ਹੋਣ ਤੋਂ ਬਚਾਈਏ, ਮੀਂਹ ਦੇ ਪਾਣੀ ਦੀ ਸੰਭਾਲ ਕਰੀਏ ਅਤੇ ਧਰਤੀ ’ਚੋਂ ਪਾਣੀ ਦੀ ਬੇਲੋੜੀ ਖਿਚਾਈ ਨਾ ਕਰੀਏ।

Bharat Thapa

This news is Content Editor Bharat Thapa