ਬੱਚੀਆਂ ਅਤੇ ਔਰਤਾਂ ਦੇ ਵਿਰੁੱਧ ਜਬਰ-ਜ਼ਨਾਹ ਵਰਗੇ ਅਪਰਾਧਾਂ ਦੀ ਸੁਨਾਮੀ

04/24/2022 3:02:01 AM

-ਵਿਜੇ ਕੁਮਾਰ
ਦਿੱਲੀ ਦੇ ਨਿਰਭਯਾ ਕਾਂਡ ਦੇ ਬਾਅਦ ਦੇਸ਼ ’ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣ ਦੇ ਬਾਅਦ ਇਸ ਮਾਮਲੇ ’ਚ ਨਿਰਭਯਾ ਫੰਡ ਬਣਾਉਣ ਦੇ ਇਲਾਵਾ ਕਾਨੂੰਨ ਵੀ ਬਣਿਆ ਸੀ ਪਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਨਾਲ ਇਸ ਦਾ ਕੋਈ ਲਾਭ ਸਾਹਮਣੇ ਨਹੀਂ ਆਇਆ।
ਇਸ ਸਮੇਂ ਦੇਸ਼ ’ਚ ਜਿੰਨੀ ਤੇਜ਼ੀ ਨਾਲ ਬੱਚੀਆਂ ਅਤੇ ਔਰਤਾਂ ਦੇ ਵਿਰੁੱਧ ਅਪਰਾਧ ਵਧ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਤਾਂ ਇੰਝ ਜਾਪਦਾ ਹੈ ਜਿਵੇਂ ਦੇਸ਼ ’ਚ ਇਨ੍ਹਾਂ ਵਿਰੁੱਧ ਅਪਰਾਧਾਂ ਦਾ ਹੜ੍ਹ ਨਹੀਂ ਸਗੋਂ ਸੁਨਾਮੀ ਆਈ ਹੋਈ ਹੈ ਜੋ ਸਿਰਫ ਇਕ ਹਫਤੇ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 16 ਅਪ੍ਰੈਲ ਨੂੰ ਇਕ 17 ਸਾਲਾ ਮੁਟਿਆਰ ਨੂੰ ਪੇਟ ਦਰਦ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿਥੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ। ਇਸ ਸਬੰਧ ’ਚ 22 ਅਪ੍ਰੈਲ ਨੂੰ ਤਾਮਿਲਨਾਡੂ ’ਚ ਤੰਜਾਵੁਰ ਆਲ ਵੂਮੈਨ ਪੁਲਸ ਨੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਇਕ 12 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ।
* 17 ਅਪ੍ਰੈਲ ਨੂੰ ਸਹੁਰਿਆਂ ਵੱਲੋਂ ਦਾਜ ਲਈ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਕਾਰਨ ਪੇਕੇ ਰਹਿ ਰਹੀ ਔਰਤ ਨੂੰ ਰਸਤੇ ’ਚ ਘੇਰ ਦੇ ਉਸ ਦੇ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਔਰਤ ਦੇ ਸਹੁਰੇ ਅਤੇ ਉਸ ਦੇ ਸਾਥੀ ਵਿਰੁੱਧ ਮਮਦੋਟ (ਪੰਜਾਬ) ਪੁਲਸ ਨੇ ਕੇਸ ਦਰਜ ਕੀਤਾ।
* 17 ਅਪ੍ਰੈਲ ਨੂੰ ਹੀ ਥਾਣਾ ਸਨੌਰ (ਪੰਜਾਬ) ਦੀ ਪੁਲਸ ਨੇ ਔਰਤ ਦਾ ਉਸੇ ਦੇ ਘਰ ’ਚ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਨਾਮਜ਼ਦ ਕੀਤਾ।
* 18 ਅਪ੍ਰੈਲ ਨੂੰ ਲੁਧਿਆਣਾ ’ਚ ਇਕ ਵਿਅਕਤੀ ਨੇ ਆਪਣੀ 5 ਸਾਲਾ ਗੁਆਂਢੀ ਬੱਚੀ ਨੂੰ ਬਹਿਲਾ-ਫੁਸਲਾ ਕੇ ਆਪਣੇ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।
* 18 ਅਪ੍ਰੈਲ ਵਾਲੇ ਦਿਨ ਹੀ ਕੌਸ਼ਾਂਬੀ (ਬਿਹਾਰ) ਜ਼ਿਲੇ ਦੇ ਚਰਵਾ ਥਾਣਾ ਖੇਤਰ ’ਚ ਇਕ ਵਿਅਕਤੀ ਨੇ ਆਪਣੀ ਹੀ ਨਾਬਾਲਿਗ ਧੀ ਨਾਲ ਮੂੰਹ ਕਾਲਾ ਕਰ ਲਿਆ।
* 19 ਅਪ੍ਰੈਲ ਨੂੰ ਹੈਦਰਾਬਾਦ (ਤੇਲੰਗਾਨਾ) ’ਚ ਟੀ. ਆਰ. ਐੱਸ. ਦੇ ਇਕ ਨੇਤਾ ਦੇ ਬੇਟੇ ਅਤੇ ਉਸ ਦੇ ਮਿੱਤਰ ਨੂੰ 20 ਸਾਲਾ ਮੁਟਿਆਰ ਦਾ ਅਗਵਾ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 19 ਅਪ੍ਰੈਲ ਵਾਲੇ ਦਿਨ ਹੀ ਹਿਸਾਰ (ਹਰਿਆਣਾ) ’ਚ 30 ਸਾਲਾ ਔਰਤ ਨੇ ਆਪਣੇ ਪਤੀ ਦੇ ਵਿਰੁੱਧ ਉਸ ਨਾਲ ਗੈਰ-ਕੁਦਰਤੀ ਸੈਕਸ ਦੀ ਸ਼ਿਕਾਇਤ ਦਰਜ ਕਰਵਾਈ।
* 20 ਅਪ੍ਰੈਲ ਨੂੰ ਕੈਥਲ ਪੁਲਸ ਨੇ ਇਕ 45 ਸਾਲਾ ਔਰਤ ਨਾਲ ਜਬਰ-ਜ਼ਨਾਹ ਅਤੇ ਕਤਲ ਦੇ ਦੋਸ਼ ’ਚ 2 ਵਿਅਕਤੀਆਂ ਨੂੰ ਫੜਿਆ।
* 20 ਅਪ੍ਰੈਲ ਨੂੰ ਹੀ ਬਟਾਲਾ (ਪੰਜਾਬ) ਦੇ ਇਕ ਸਕੂਲ ’ਚ ਇਕ ਅਧਿਆਪਕ ਨੂੰ 2 ਵਿਦਿਆਰਥਣਾਂ ਨੂੰ ਕਾਗਜ਼ ’ਤੇ ਲਿਖੀਆਂ ਗੰਦੀਆਂ ਗੱਲਾਂ ਪੜ੍ਹਨ ਅਤੇ ਆਪਣੀ ਪਿੱਠ ਉਘਾੜ ਕੇ ਦਿਖਾਉਣ ਨੂੰ ਕਹਿਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 21 ਅਪ੍ਰੈਲ ਨੂੰ ਬਸਤੀ (ਰਾਜਸਥਾਨ) ’ਚ ਇਕ ਵਿਆਹ ਸਮਾਗਮ ’ਚ ਸ਼ਾਮਲ ਇਕ ਦੁਸ਼ਟ ਨੇ 3 ਸਾਲਾ ਮਾਸੂਮ ਬੱਚੀ ਨੂੰ ਅਗਵਾ ਅਤੇ ਜਬਰ-ਜ਼ਨਾਹ ਕਰਨ ਦੇ ਬਾਅਦ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਕੇ ਲਾਸ਼ ਖੂਹ ’ਚ ਸੁੱਟ ਦਿੱਤੀ।
* 21 ਅਪ੍ਰੈਲ ਨੂੰ ਉੱਤਰੀ 24 ਪਰਗਨਾ (ਪੱਛਮੀ ਬੰਗਾਲ) ਦੇ ਗਾਯਘਾਟਾ ਇਲਾਕੇ ’ਚ ਵਸੂਦੇਵ ਵਿਸ਼ਵਾਸ ਨਾਂ ਦੇ 32 ਸਾਲਾ ਵਿਅਕਤੀ ਨੂੰ ਇਕ 15 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 22 ਅਪ੍ਰੈਲ ਨੂੰ ਐੱਨ. ਟੀ. ਆਰ. (ਆਂਧਰਾ ਪ੍ਰਦੇਸ਼) ਜ਼ਿਲੇ ਦੇ ਸਰਕਾਰੀ ਹਸਪਤਾਲ ’ਚ ਇਕ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ 2 ਸਿਪਾਹੀ ਗ੍ਰਿਫਤਾਰ ਕੀਤੇ ਗਏ।
* 22 ਅਪ੍ਰੈਲ ਨੂੰ ਹੀ ਪਟਿਆਲਾ (ਪੰਜਾਬ) ਦੇ ਤ੍ਰਿਪੜੀ ਇਲਾਕੇ ’ਚ ਇਕ ਚਿਕਨ ਹਾਊਸ ਦੇ ਮਾਲਕ ਪਰਮਜੀਤ ਸਿੰਘ ਨੂੰ ਇਕ ਮੁਟਿਆਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕਰ ਕੇ ਗਰਭਵਤੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 22 ਅਪ੍ਰੈਲ ਨੂੰ ਹੀ ਮੰਡੀ (ਹਿਮਾਚਲ) ਦੇ ਬਾਲੀਚੌਕੀ ਖੇਤਰ ’ਚ ਜਬਰ-ਜ਼ਨਾਹ ਪੀੜਤ ਨਾਬਾਲਿਗਾ ਨੇ ਖੇਤਰੀ ਹਸਪਤਾਲ ਮੰਡੀ ’ਚ ਬੱਚੀ ਨੂੰ ਜਨਮ ਦਿੱਤਾ। ਉਸ ਦੀ ਸ਼ਿਕਾਇਤ ’ਤੇ ਇਕ ਸਥਾਨਕ ਨਿਵਾਸੀ ਦੇ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
* 22 ਅਪ੍ਰੈਲ ਨੂੰ ਹੀ ਸੁੰਦਰਨਗਰ (ਹਿਮਾਚਲ) ਦੇ ਨਿਹਰੀ ’ਚ 4 ਮਹੀਨੇ ਦੀ ਗਰਭਵਤੀ 19 ਸਾਲਾ ਅਪੰਗ ਲੜਕੀ ਦਾ ਪਤਾ ਲੱਗਾ।
ਔਰਤਾਂ ਵਿਰੁੱਧ ਦਿਲ ਕੰਬਾਅ ਦੇਣ ਵਾਲੇ ਅਜਿਹੇ ਹੀ ਅਪਰਾਧਾਂ ਬਾਰੇ ਦਿੱਲੀ ਹਾਈ ਕੋਰਟ ਦੇ ਜਸਟਿਸ ਚੰਦ੍ਰ ਧਾਰੀ ਸਿੰਘ ਨੇ ਜਬਰ-ਜ਼ਨਾਹ ਦੇ ਇਕ ਮਾਮਲੇ ’ਚ ਅਪਰਾਧੀਆਂ ਦੀ ਸਜ਼ਾ ਬਹਾਲ ਰੱਖਦੇ ਹੋਏ 15 ਫਰਵਰੀ, 2022 ਨੂੰ ਟਿੱਪਣੀ ਕੀਤੀ ਸੀ ਕਿ :
‘‘ਜਬਰ-ਜ਼ਨਾਹ ਇਕ ਔਰਤ ਦੇ ਪਵਿੱਤਰ ਸਰੀਰ ਅਤੇ ਸਮਾਜ ਦੀ ਆਤਮਾ ਵਿਰੁੱਧ ਸਭ ਤੋਂ ਵੱਧ ਜ਼ਾਲਮਾਨਾ ਅਤੇ ਘਿਨਾਉਣੇ ਅਪਰਾਧਾਂ ’ਚੋਂ ਇਕ ਹੈ। ਇਹ ਨਾ ਸਿਰਫ ਪੀੜਤਾ ਦੀ ਸ਼ਾਨ ਸਗੋਂ ਵੱਡੇ ਪੱਧਰ ’ਤੇ ਸਮਾਜ ਦੇ ਵਿਰੁੱਧ ਵੀ ਕੀਤਾ ਜਾਂਦਾ ਹੈ। ਇਸ ਲਈ ਅਜਿਹੇ ਅਪਰਾਧੀਆਂ ਨੂੰ ਰਾਹਤ ਦੇਣਾ ਕਾਨੂੰਨ ਦੇ ਸ਼ਾਸਨ ਦੀ ਧਾਰਨਾ ਵਿਰੁੱਧ ਹੋਵੇਗਾ।’’
ਬੱਚੀਆਂ ਅਤੇ ਔਰਤਾਂ ਵਿਰੁੱਧ ਅਪਰਾਧਾਂ ਦੀਆਂ ਉਕਤ ਘਟਨਾਵਾਂ ਜਿੱਥੇ ਦੇਸ਼ ’ਚ ਔਰਤਾਂ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਾਉਂਦੀਆਂ ਹਨ, ਉਥੇ ਹੀ ਸਮਾਜ ’ਚ ਫੈਲ ਰਹੀ ਅਸ਼ਲੀਲਤਾ ਦੇ ਭੈੜੇ ਨਤੀਜਿਆਂ ਵੱਲ ਵੀ ਇਸ਼ਾਰਾ ਕਰਦੀਆਂ ਹਨ।
ਇਸ ਲਈ ਜਿੱਥੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਸਮੱਗਰੀ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਲੋੜ ਹੈ, ਉਥੇ ਹੀ ਅਪਰਾਧੀਆਂ ਨੂੰ ਫੜਨ ਦੇ ਲਈ ਪੁਲਸ ਨੂੰ ਆਧੁਨਿਕ ਯੰਤਰਾਂ ਨਾਲ ਲੈਸ ਅਤੇ ਮੁਸਤੈਦ ਕਰਨ ਅਤੇ ਵੱਧ ਫਾਸਟ ਟ੍ਰੈਕ ਅਦਾਲਤਾਂ ਕਾਇਮ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਵੀ ਲੋੜ ਹੈ ਤਾਂ ਕਿ ਦੂਜਿਆਂ ਨੂੰ ਨਸੀਹਤ ਮਿਲੇ ਅਤੇ ਉਹ ਇਸ ਤਰ੍ਹਾਂ ਦਾ ਅਪਰਾਧ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ।
 


Gurdeep Singh

Content Editor

Related News