ਦਿੱਲੀ ਵਿਧਾਨ ਸਭਾ ਚੋਣਾਂ ’ਚ ਤਿਕੋਣਾ ਮੁਕਾਬਲਾ

01/20/2020 2:00:51 AM

ਰਾਹਿਲ ਨੋਰਾ ਚੋਪੜਾ

ਝਾਰਖੰਡ ਤੋਂ ਬਾਅਦ ਹੁਣ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਲਈ ਹੋਣ ਜਾ ਰਹੀਆਂ ਚੋਣਾਂ ਵਿਚ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ। ਕਾਂਗਰਸ ਪਾਰਟੀ, ਜਿਸ ਨੇ 15 ਸਾਲਾਂ ਤਕ ਦਿੱਲੀ ’ਤੇ ਰਾਜ ਕੀਤਾ ਪਰ 2015 ਦੀਆਂ ਚੋਣਾਂ ਵਿਚ ਖਾਲੀ ਹੱਥ ਹੋ ਗਈ, ਸੱਤਾ ਵਿਚ ਆਉਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਭਾਜਪਾ ਵੀ 22 ਸਾਲਾਂ ਦਾ ਬਨਵਾਸ ਖਤਮ ਕਰ ਕੇ ਦਿੱਲੀ ਰਾਜ ਦੀ ਸੱਤਾ ’ਤੇ ਕਾਬਜ਼ ਹੋਣ ਲਈ ਸੰਘਰਸ਼ਸ਼ੀਲ ਹੈ। ਤਿੰਨਾਂ ਪਾਰਟੀਆਂ ਨੇ ਨਵੇਂ ਚਿਹਰਿਆਂ ਨਾਲ ਕੁਝ ਪੁਰਾਣੇ ਚਿਹਰਿਆਂ ਨੂੰ ਮਿਲਾ ਕੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਕਾਂਗਰਸ ਉਨ੍ਹਾਂ ਵਿਧਾਨ ਸਭਾ ਖੇਤਰਾਂ ਵਿਚ ‘ਆਪ’ ਦੇ ਵੋਟ ਬੈਂਕ ਵਿਚ ਕਾਫੀ ਸੰਨ੍ਹ ਲਾ ਸਕਦੀ ਹੈ, ਜਿਥੇ ਮੁਸਲਿਮ ਆਬਾਦੀ ਕਾਫੀ ਜ਼ਿਆਦਾ ਹੈ ਅਤੇ ਨਵੇਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਨੇ ਹਿੰਸਾ ਦੀ ਨਿੰਦਾ ਕਰਦੇ ਹੋਏ ਹਾਲ ਹੀ ਵਿਚ ਪਾਸ ਕੀਤੇ ਗਏ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਬਿਆਨ ਦਿੱਤੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦਾ ਚੋਣਾਂ ’ਤੇ ਅਸਰ ਪੈਣਾ ਤੈਅ ਹੈ। ਦਿੱਲੀ ਕਾਂਗਰਸ ਅਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਸੂੁਚੀ ਐਲਾਨ ਦਿੱਤੀ ਹੈ ਪਰ ਇਨ੍ਹਾਂ ਦੋਹਾਂ ਪਾਰਟੀਆਂ ਵਿਚ ਇਕ ਗੱਲ ਸਮਾਨ ਹੈ ਕਿ ਉਹ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਲਈ ‘ਆਪ’ ਦੇ ਮੁੱਖ ਮੰਤਰੀ ਕੇਜਰੀਵਾਲ ਵਿਰੁੱਧ ਆਪਣੇ ਉਮੀਦਵਾਰ ’ਤੇ ਫੈਸਲਾ ਨਹੀਂ ਲੈ ਸਕੀਆਂ ਹਨ। ਇਸ ਦੌਰਾਨ ਲਾਲ ਬਹਾਦੁਰ ਸ਼ਾਸਤਰੀ ਦੇ ਪੋਤੇ ਅਤੇ ‘ਆਪ’ ਵਿਧਾਇਕ ਆਦਰਸ਼ ਸ਼ਾਸਤਰੀ ਨੇ ‘ਆਪ’ ਨੂੰ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ ਅਤੇ ਉਨ੍ਹਾਂ ਨੂੰ ਦੁਆਰਕਾ ਵਿਧਾਨ ਸਭਾ ਖੇਤਰ ਤੋਂ ਟਿਕਟ ਦਿੱਤੀ ਗਈ ਹੈ। ਨਿਸ਼ਚਿਤ ਤੌਰ ’ਤੇ ਇਨ੍ਹਾਂ ਤਿੰਨਾਂ ਪਾਰਟੀਆਂ ਵਿਚ ਇਹ ਮੁਕਾਬਲਾ ਇਕ ਨਵੇਂ ਸਿਆਸੀ ਯੁੱਗ ਦੀ ਸ਼ੁਰੂਆਤ ਕਰੇਗਾ ਕਿਉਂਕਿ ਕੁਝ ਕਾਨੂੰਨਾਂ ਵਿਚ ਕੀਤੀ ਗਈ ਸੋਧ ਅਤੇ ਉਨ੍ਹਾਂ ਵਿਰੁੱਧ ਜਾਰੀ ਅੰਦੋਲਨ ਭਵਿੱਖ ਦੀ ਰਾਜਨੀਤੀ ’ਤੇ ਅਸਰ ਪਾਉਣਗੇ।

ਲਖਨਊ ’ਚ ਪ੍ਰਿਯੰਕਾ ਦਾ ਨਵਾਂ ਘਰ

ਸਿਆਸੀ ਹਲਕਿਆਂ ਵਿਚ ਅਜਿਹੀ ਚਰਚਾ ਹੈ ਕਿ ਯੂ. ਪੀ. ਸੀ. ਸੀ. ਵਿਚ ਬਿਹਤਰ ਤਾਲਮੇਲ ਲਈ ਪ੍ਰਿਯੰਕਾ ਗਾਂਧੀ ਲਖਨਊ ਸ਼ਿਫਟ ਹੋਵੇਗੀ। ਫਿਲਹਾਲ ਉਹ ਮਹੀਨੇ ਵਿਚ ਇਕ ਵਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿਚ ਜਾਂਦੀ ਹੈ ਪਰ ਜਦੋਂ ਉਥੇ ਉਸ ਦਾ ਆਪਣਾ ਘਰ ਤਿਆਰ ਹੋ ਜਾਵੇਗਾ ਤਾਂ ਚੀਜ਼ਾਂ ਕਾਫੀ ਬਦਲ ਜਾਣਗੀਆਂ, ਹਾਲਾਂਕਿ ਇਸ ਤੋਂ ਬਾਅਦ ਵੀ ਉਹ ਹਫਤੇ ਦੇ ਅਖੀਰ ਵਿਚ ਦਿੱਲੀ ਵਿਚ ਆਪਣੀ ਬੀਮਾਰ ਮਾਂ ਦੇ ਨਾਲ ਉਨ੍ਹਾਂ ਦੀ ਦੇਖਭਾਲ ਕਰਦੇ ਹੋਏ ਬਿਤਾਏਗੀ। ਪ੍ਰਿਯੰਕਾ ਲਈ ਉਨ੍ਹਾਂ ਦੀ ਪੜਦਾਦੀ ਦੇ ਘਰ ਨੂੰ ਤਿਆਰ ਕੀਤਾ ਜਾ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਉਸ ਦੇ ਸ਼ਿਫਟ ਹੋਣ ਲਈ ਕਿਸੇ ਸ਼ੁੱਭ ਮਿਤੀ ਦੀ ਉਡੀਕ ਕੀਤੀ ਜਾ ਰਹੀ ਹੈ।

ਅਨਿਲ ਵਿਜ ਅਤੇ ਮਨੋਹਰ ਲਾਲ ਖੱਟੜ ਵਿਚਾਲੇ ਤਕਰਾਰ ਵਧੀ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਆਪਣੀ ਸਰਕਾਰ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੱਤਭੇਦਾਂ ਕਾਰਣ ਉਨ੍ਹਾਂ ਦਾ ਫੋਨ ਟੈਪ ਕੀਤਾ ਜਾ ਰਿਹਾ ਹੈ। ਮਨੋਹਰ ਲਾਲ ਖੱਟੜ ਆਰ. ਐੱਸ. ਐੱਸ. ਪ੍ਰਚਾਰਕ ਰਹੇ ਹਨ ਅਤੇ ਆਰ. ਐੱਸ. ਐੱਸ. ਨੇ ਉਨ੍ਹਾਂ ਨੂੰ 2014 ਦੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਡੈਪੂਟੇਸ਼ਨ ’ਤੇ ਭਾਜਪਾ ਵਿਚ ਭੇਜਿਆ ਸੀ ਪਰ ਚੋਣ ਪ੍ਰਚਾਰ ਤੋਂ ਬਾਅਦ ਉਨ੍ਹਾਂ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ, ਜੋ ਅਨਿਲ ਵਿਜ ਦੀ ਇੱਛਾ ਦੇ ਵਿਰੁੱਧ ਸੀ ਕਿਉਂਕਿ ਉਹ ਹਰਿਆਣਾ ਭਾਜਪਾ ਦੇ ਸੀਨੀਅਰ ਵਿਧਾਇਕ ਸਨ। ਉਸ ਸਮੇਂ ਕੁਝ ਭਰੋਸਾ ਦਿਵਾਏ ਜਾਣ ’ਤੇ ਉਨ੍ਹਾਂ ਨੇ ਮਨੋਹਰ ਲਾਲ ਖੱਟੜ ਨੂੰ ਮੁੱਖ ਮੰਤਰੀ ਦੇ ਤੌਰ ’ਤੇ ਸਵੀਕਾਰ ਕਰ ਲਿਆ ਸੀ। ਉਸ ਸਮੇਂ ਗ੍ਰਹਿ ਮੰਤਰਾਲਾ ਵੀ ਖੱਟੜ ਕੋਲ ਸੀ। 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਖੱਟੜ ਨੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਤੌਰ ’ਤੇ ਚੋਣ ਲੜੀ ਅਤੇ ਉਹ ਚੋਣ ਜਿੱਤ ਗਏ। ਹਾਲਾਂਕਿ ਅਨਿਲ ਵਿਜ ਨੂੰ ਛੱਡ ਕੇ ਪਿਛਲੀ ਸਰਕਾਰ ਵਿਚ ਮੰਤਰੀ ਰਹੇ ਸਾਰੇ ਉਮੀਦਵਾਰ ਚੋਣ ਹਾਰ ਗਏ ਅਤੇ ਅਜਿਹੀ ਸਥਿਤੀ ਵਿਚ ਦਬਾਅ ਵਿਚ ਖੱਟੜ ਨੂੰ ਅਨਿਲ ਵਿਜ ਨੂੰ ਗ੍ਰਹਿ ਮੰਤਰਾਲਾ ਦੇਣਾ ਪਿਆ। ਬਾਅਦ ਵਿਚ ਸੀ. ਆਈ. ਡੀ. ਵਿਭਾਗ ਨੂੰ ਗ੍ਰਹਿ ਮੰਤਰਾਲੇ ਤੋਂ ਹਟਾ ਕੇ ਆਮ ਪ੍ਰਸ਼ਾਸਨ ਵਿਭਾਗ ਵਿਚ ਮਰਜ ਕਰ ਦਿੱਤਾ ਗਿਆ। ਹੁਣ ਅਨਿਲ ਵਿਜ ਅਪ੍ਰਤੱਖ ਤੌਰ ’ਤੇ ਉਨ੍ਹਾਂ ਦਾ ਫੋਨ ਟੈਪ ਹੋਣ ਲਈ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾ ਰਹੇ ਹਨ ਅਤੇ ਇਸ ਬਾਰੇ ਭਾਜਪਾ ਹਾਈਕਮਾਨ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

nora_chopra@yahoo.com


Bharat Thapa

Content Editor

Related News