ਅੱਜ ਸਮਾਂ ਮੋਦੀ ਨੂੰ ਇਥੋਂ ਤਕ ਲੈ ਆਇਆ ਹੈ

06/18/2019 7:12:04 AM

ਮਾਸਟਰ ਮੋਹਨ ਲਾਲ 
‘ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈ’। ਕਹਿ ਨਹੀਂ ਸਕਦੇ ਕਿ ਸਮਾਂ ਨਰਿੰਦਰ ਮੋਦੀ ਨੂੰ ਇਥੋਂ ਤਕ ਲਿਆਇਆ ਜਾਂ ਮੋਦੀ ਨੇ ਖ਼ੁਦ ਸਮੇਂ ਨੂੰ ਘੇਰ ਲਿਆ? ਅਕਸਰ ਸਮਾਂ ਜ਼ਾਲਿਮ ਹੁੰਦਾ ਹੈ ਪਰ ਗੰਭੀਰਤਾ ਨਾਲ ਦੇਖੀਏ ਤਾਂ ਲੱਗਦਾ ਹੈ ਕਿ ਮੋਦੀ ਨੇ ਸਮੇਂ ਨੂੰ ਆਪਣੇ ਸੱਚੇ ’ਚ ਢਾਲ ਲਿਆ ਹੈ। ਮੋਦੀ ਦੇ ਜਾਣਕਾਰ ਜਾਣਦੇ ਹਨ ਕਿ ਮੋਦੀ ਸਮਝੌਤਾਵਾਦੀ ਨਹੀਂ ਹਨ। ਜਿਥੇ ਸਮਾਂ ਉਨ੍ਹਾਂ ਨੂੰ ਇਥੋਂ ਤਕ ਲੈ ਆਇਆ ਹੈ, ਉਥੇ ਹੀ ਮੋਦੀ ਦਾ ਵਿਜ਼ਨ ਹਮੇਸ਼ਾ ਸਮੇਂ ਤੋਂ ਅੱਗੇ ਝਾਕਦਾ ਹੈ।

ਮੈਂ ਮੋਦੀ ਨੂੰ ਕਦੇ ਵੀ ਦੁਚਿੱਤੀ ’ਚ ਨਹੀਂ ਦੇਖਿਆ, ਸਪੱਸ਼ਟ ਵਿਜ਼ਨ, ਸਪੱਸ਼ਟ ਉਦੇਸ਼ ਵਿਚਾਲੇ ਕੋਈ ਸਮਝੌਤਾ ਨਹੀਂ। ਵਿਜ਼ਨ ਦੇਸ਼ ਸੇਵਾ, ਸਾਧਨ, ਅਣਥੱਕ ਮਿਹਨਤ ਅਤੇ ਉਦੇਸ਼ ਸਭ ਦਾ ਵਿਕਾਸ। ਇਸ ਦਰਮਿਆਨ ਜੋ ਆਵੇਗਾ, ਕੁਚਲਿਆ ਜਾਵੇਗਾ। ਮੋਦੀ ਦੇ ਜਾਣਕਾਰ ਇਹ ਵੀ ਜਾਣਦੇ ਹਨ ਕਿ ਮੋਦੀ 100 ਸਾਲ ਪਹਿਲਾਂ ਵਾਪਰੀ ਘਟਨਾ ਜਾਂ ਕਿਸੇ ਗੱਲ ਨੂੰ ਭੁੱਲਦੇ ਨਹੀਂ।

ਮੇਰੇ ਇਕ ਮਿੱਤਰ ਦੀ ਜ਼ਮੀਨ ’ਤੇ ਰਾਜਕੋਟ ’ਚ ਲੈਂਡ ਮਾਫੀਆ ਨੇ ਕਬਜ਼ਾ ਕਰ ਲਿਆ। ਉਸ ਨੇ ਆ ਕੇ ਮੇਰੇ ਨਾਲ ਗੱਲ ਕੀਤੀ। ਮੋਦੀ ਉਦੋਂ ਮੁੱਖ ਮੰਤਰੀ ਸਨ ਅਤੇ ਮੈਂ ਇਕ ਸਾਧਾਰਨ ਵਰਕਰ। ਉਨ੍ਹਾਂ ਨੂੰ ਸਾਰੀ ਗੱਲ ਉਨ੍ਹਾਂ ਦੇ ਦਫਤਰ ਵਿਚ ਜਾ ਕੇ ਦੱਸੀ। ਮੋਦੀ ਨੇ ਰਾਜਕੋਟ ਵਿਚ ਡੀ. ਸੀ. ਨੂੰ ਫੋਨ ਕੀਤਾ ਕਿ ਮਾਸਟਰ ਜੀ ਆ ਰਹੇ ਹਨ, ਮਿਲੋ ਅਤੇ ਕੰਮ ਕਰ ਕੇ ਉਸ ਦੀ ਰਿਪੋਰਟ ਮੈਨੂੰ ਦਿਓ।

ਮੈਂ ਉੱਠਣ ਲੱਗਾ ਤਾਂ ਆਦਰ ਸਹਿਤ ਕਿਹਾ–ਮੋਦੀ ਜੀ, ਚਾਹ ਵੀ ਨਹੀਂ ਪੁੱਛੋਗੇ? ਮੋਦੀ ਜੀ ਬੋਲੇ–ਮਾਸਟਰ ਜੀ ਚਾਹ ਚਾਹੀਦੀ ਹੈ ਜਾਂ ਕੰਮ? ਮੈਂ ਕਿਹਾ–ਕੰਮ। ਉਹ ਬੋਲੇ ਕਿ ਤੁਰੰਤ ਰਾਜਕੋਟ ਜਾਓ, ਡੀ. ਸੀ. ਤੁਹਾਡੀ ਉਡੀਕ ਕਰ ਰਿਹਾ ਹੈ। ਕੰਮ ਹੁੰਦਿਆਂ ਹੀ ਚਲੇ ਆਉਣਾ, ਇਕੱਠੇ ਚਾਹ ਪੀਵਾਂਗੇ।

ਸੱਚ ਜਾਣਿਓ, ਰਾਜਕੋਟ ’ਚ ਡੀ. ਸੀ. ਉਡੀਕ ਕਰ ਰਿਹਾ ਸੀ। ਇਕ ਘੰਟੇ ’ਚ ਜ਼ਮੀਨ ਦਾ ਕਬਜ਼ਾ ਛੁਡਾ ਲਿਆ ਗਿਆ। ਮੇਰਾ ਮਿੱਤਰ ਦੰਦਾਂ ਥੱਲੇ ਉਂਗਲੀ ਦਬਾਉਂਦਾ ਕਹਿ ਰਿਹਾ ਸੀ ਕਿ ਵਾਹ! ਮੋਦੀ ਕਮਾਲ ਹੈ।

ਇਹ ਮੋਦੀ ਦੇ ਕੰਮ ਕਰਨ ਦਾ ਢੰਗ ਹੈ। ਮੋਦੀ ਹਮੇਸ਼ਾ ਆਪਣੀਆਂ ਤਰਜੀਹਾਂ ਤੈਅ ਕਰ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਲਾਗੂ ਕਰਨ ’ਚ ਲੱਗ ਜਾਂਦੇ ਹਨ। ਪਿੱਛੇ ਮੁੜ ਕੇ ਦੇਖਣਾ ਹੀ ਨਹੀਂ, ਟੀਚੇ ਤਕ ਪਹੁੰਚਣਾ ਹੈ। ਬਸ, ਇਹੋ ਧੁਨ ਲੱਗੀ ਰਹਿੰਦੀ ਹੈ, ਇਸੇ ਲਈ ਉਨ੍ਹਾਂ ਨੇ ਸਮੇਂ ਨੂੰ ਬੰਨ੍ਹ ਲਿਆ। 2019 ਦੀਆਂ ਲੋਕ ਸਭਾ ਚੋਣਾਂ ’ਚ ਪ੍ਰਚੰਡ ਬਹੁਮਤ ਇੰਝ ਹੀ ਨਹੀਂ ਮਿਲ ਗਿਆ। ਪਤਾ ਸੀ ਕਿ ਮਹਾਗੱਠਜੋੜ ਢਿੱਲਾ ਹੈ, ਖਾਹਿਸ਼ਾਂ ’ਤੇ ਟਿਕਿਆ ਹੈ, ਦੇਸ਼ ਦੇ ਹਿੱਤ ’ਚ ਨਹੀਂ ਹੈ ਅਤੇ ਜਿੱਤੇਗਾ ਵੀ ਨਹੀਂ।

ਉਨ੍ਹਾਂ ਨੇ ਮਹਾਗੱਠਜੋੜ ’ਤੇ ਵਾਰ ਕੀਤਾ ਅਤੇ ਉਸ ਨੂੰ ਚਿੱਤ ਕਰ ਦਿੱਤਾ। ਕਾਂਗਰਸ ਡੁੱਬ ਰਿਹਾ ਜਹਾਜ਼ ਹੈ। ਰਾਹੁਲ ਗਾਂਧੀ ਮੋਦੀ ਦਾ ਬਦਲ ਨਹੀਂ ਹੋ ਸਕਦੇ। ਮੋਦੀ ਸਭ ਤਾੜ ਚੁੱਕੇ ਸਨ। ਇਸੇ ਲਈ ਉਨ੍ਹਾਂ ਨੇ ਤੈਅ ਕਰ ਲਿਆ ਕਿ ਅੱਗੇ ਵਧਣਾ ਹੈ, 18 ਘੰਟੇ ਕੰਮ ਕਰਨਾ ਹੈ। ਉਨ੍ਹਾਂ ਨੇ ਚੋਣਾਂ ’ਚ ਲੱਗਭਗ 150 ਰੈਲੀਆਂ ਨੂੰ ਸੰਬੋਧਨ ਕੀਤਾ। ਇਕ ਦਿਨ ’ਚ 3 ਤੋਂ 4 ਰੈਲੀਆਂ ਕੀਤੀਆਂ। ਚਾਰ ਘੰਟੇ ਲਗਾਤਾਰ ਬੋਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਵਿਰੋਧੀ ਧਿਰ ‘ਚੌਕੀਦਾਰ ਚੋਰ ਹੈ’ ਦੀ ਰਟ ਲਾਉਂਦੀ ਰਹੀ ਤੇ ਮੋਦੀ ਸਾਰੇ ਭਾਰਤ ਦੀ ਜਨਤਾ ਨੂੰ ਆਪਣੇ ਨਾਲ ਲੈ ਉੱਡੇ। ਉਨ੍ਹਾਂ ਨੇ ਨਾ ਸਿਰਫ ਲੋਕ ਸਭਾ ’ਚ ਪ੍ਰਚੰਡ ਬਹੁਮਤ ਹਾਸਿਲ ਕੀਤਾ, ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਦੁਬਾਰਾ ਬਣ ਗਏ।

ਆਪਣੀ ਪਾਰਟੀ ਨੂੰ ਇਕੱਲੇ ਆਪਣੇ ਦਮ ’ਤੇ 303 ਸੰਸਦੀ ਸੀਟਾਂ ਦਿਵਾਈਆਂ, ਅਜਿਹਾ ਹੋਰ ਕੌਣ ਕਰ ਸਕਦਾ ਹੈ? ਕਹਿੰਦੇ ਹਨ ਕਿ ਇਕ ਸੱਚਾ ਦੋਸਤ ਮਿਲ ਜਾਵੇ ਤਾਂ ਇਨਸਾਨ ਦੁਨੀਆ ਜਿੱਤ ਸਕਦਾ ਹੈ। ਮੋਦੀ ਨੂੰ ਅਮਿਤ ਸ਼ਾਹ ਦੇ ਰੂਪ ’ਚ ਇਕ ਸੱਚਾ ਦੋਸਤ ਮਿਲ ਗਿਆ ਤੇ ਦੋਹਾਂ ਨੇ ਮਿਲ ਕੇ ਅਸੰਭਵ ਨੂੰ ਸੰਭਵ ਬਣਾ ਦਿੱਤਾ।

ਮੀਡੀਆ ਚਿੱਲਾਉਣ ਲੱਗਾ ਕਿ ਮੋਦੀ ਨੂੰ ਇੰਨਾ ਪ੍ਰਚੰਡ ਬਹੁਮਤ ਮਿਲਿਆ ਹੈ ਤਾਂ ਹੁਣ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਵੀ ਤਿਆਰ ਹੋ ਜਾਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਮੀਡੀਆ ਮੋਦੀ ਨੂੰ ਚਿੜ੍ਹਾ ਰਿਹਾ ਹੈ। ਮੋਦੀ ਨੂੰ ਸਮੇਂ, ਸਥਾਨ ਅਤੇ ਸਥਿਤੀ ਦੀ ਪਛਾਣ ਕਰਨੀ ਆਉਂਦੀ ਹੈ। ਯਕੀਨੀ ਤੌਰ ’ਤੇ ਮੋਦੀ ਭਾਰਤ ਦੇ ਭਵਿੱਖ ਦੀਆਂ ਯੋਜਨਾਵਾਂ ਤਿਆਰ ਕਰ ਚੁੱਕੇ ਹਨ। ਮੀਡੀਆ ਹੁਣ ਇਹੋ ਕਹੇਗਾ ਨਾ ਕਿ ਭਾਰਤ ਦਾ ਨੌਜਵਾਨ ਨਿਰਾਸ਼ ਤੇ ਬੇਕਾਰ ਹੈ, 6 ਕਰੋੜ ਪੜ੍ਹੇ-ਲਿਖੇ ਨੌਜਵਾਨ ਨੌਕਰੀਆਂ ਦੀ ਉਡੀਕ ’ਚ ਹਨ। ਦੇਸ਼ ’ਚ ਹਰ ਸਾਲ 1 ਕਰੋੜ ਪੜ੍ਹੇ-ਲਿਖੇ ਨੌਜਵਾਨ ਨੌਕਰੀਆਂ ਦੀ ਭਾਲ ’ਚ ਘਰੋਂ ਨਿਕਲਦੇ ਹਨ।

ਚੁਣੌਤੀ ਤਾਂ ਹੈ ਹੀ ਪਰ ਮੋਦੀ ਇਸ ਤੋਂ ਬੇਖ਼ਬਰ ਨਹੀਂ। ਭ੍ਰਿਸ਼ਟਾਚਾਰ ਭਾਰਤ ਦੀ ਰਗ-ਰਗ ਵਿਚ ਸਮਾਇਆ ਹੈ। ਮੋਦੀ ਨੇ ਵਚਨਬੱਧਤਾ ਨਾਲ ਐਲਾਨ ਕੀਤਾ ਹੈ ਕਿ ‘ਨਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ’। ਮੋਦੀ ਖਾਏਗਾ ਵੀ ਕਿਉਂ? ਉਨ੍ਹਾਂ ਦਾ ਪਰਿਵਾਰ ਦੇਸ਼ ਦੇ 1 ਅਰਬ 30 ਕਰੋੜ ਲੋਕ ਹਨ। ਇਸੇ ਲਈ ਮੋਦੀ ਸਾਹਿਬ ਘਪਲੇ ਤਾਂ ਹੋਣ ਨਹੀਂ ਦੇਣਗੇ। ਮੇਰੀ ਇਹ ਗੱਲ ਤਾਂ ਪਾਠਕ ਵੀ ਮੰਨਣਗੇ ਕਿ ਮੋਦੀ ਭ੍ਰਿਸ਼ਟ ਨਹੀਂ। ਉਹ ਬੜਬੋਲੇ ਜ਼ਰੂਰ ਹਨ ਪਰ ਖਾਣ ਵਾਲੇ ਨਹੀਂ।

ਭਾਰਤ ਦਾ ਲਘੂ ਉਦਯੋਗ ਨਿਰਾਸ਼ ਹੈ। ਮੋਦੀ ਨੂੰ ਬੇਨਤੀ ਹੈ ਕਿ ਉਹ ਇਸ ਖੇਤਰ ਦੇ ਲੋਕਾਂ ਦਾ ਭਰੋਸਾ ਜ਼ਰੂਰ ਬਹਾਲ ਕਰਨ। ਅਮਰੀਕੀ ਡਾਲਰ ਦੇ ਸਾਹਮਣੇ ਭਾਰਤੀ ਰੁਪਿਆ ਲਾਚਾਰ ਮਹਿਸੂਸ ਕਰ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਨਿੱਤ ਵਧਦੀਆਂ ਕੀਮਤਾਂ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਮੋਦੀ ਆਪਣੇ ਸਮੇਂ ਦੌਰਾਨ ਮਹਿੰਗਾਈ ’ਤੇ ਰੋਕ ਲਾ ਗਏ ਤਾਂ ਸਮਝੋ ਭਾਰਤ ਦੀਆਂ ਸਾਰੀਆਂ ਔਰਤਾਂ ਮੋਦੀ ਦੀ ਜੈ-ਜੈਕਾਰ ਕਰਨਗੀਆਂ। ਮੋਦੀ ਦੇ ਐਲਾਨ ਮੀਡੀਆ ਨੂੰ ਸੋਚਣ ਲਈ ਮਜਬੂਰ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਜੀ. ਡੀ. ਪੀ. ਵਧਾਉਣ ’ਚ ਲੱਗੀ ਹੋਈ ਹੈ। ਦੇਸ਼ ਦੇ ਵੱਡੇ ਅਰਥ ਸ਼ਾਸਤਰੀ ਇਹ ਸੋਚਣ ’ਚ ਲੱਗੇ ਹੋਏ ਹਨ ਕਿ ਮਨੁੱਖੀ ਸੋਮਿਆਂ ਦੀ ਉਚਿਤ ਵਰਤੋਂ ਕਿਵੇਂ ਹੋਵੇ? ਉਹ ਚਾਹੁੰਦੇ ਹਨ ਕਿ ਮਨੁੱਖੀ ਸੇਵਾਵਾਂ ਦੀ ਉਚਿਤ ਕੀਮਤ ਤੈਅ ਕੀਤੀ ਜਾ ਸਕੇ, ਕਾਰਖਾਨੇਦਾਰ ਅਤੇ ਕਿਸਾਨ ਈਮਾਨਦਾਰੀ ਨਾਲ ਮਿਹਨਤ ਕਰ ਕੇ ਉਤਪਾਦਨ ਵਧਾਏ। ਉਤਪਾਦਨ ਵਧੇਗਾ ਤਾਂ ਦੇਸ਼ ਦਾ ਵਿਕਾਸ ਹੋਵੇਗਾ। ਦੇਸ਼ ਦਾ ਵਿਕਾਸ ਹੋਵੇਗਾ ਤਾਂ ਮੋਦੀ ਦਾ ਸੁਪਨਾ ਸਾਕਾਰ ਹੋਵੇਗਾ।

ਫਿਰ ਵੀ ਨੈਤਿਕਤਾ ਦਾ ਤਕਾਜ਼ਾ ਹੈ ਕਿ ਉਤਪਾਦਨ, ਭ੍ਰਿਸ਼ਟਾਚਾਰ, ਵਿਕਾਸ, ਬੇਰੋਜ਼ਗਾਰੀ ਤੋਂ ਵੀ ਪਹਿਲਾਂ ਮੋਦੀ ਦੋ ਚੀਜ਼ਾਂ ਦੀਆਂ ਤਰਜੀਹਾਂ ਤੋਂ ਅੱਖਾਂ ਬੰਦ ਨਾ ਕਰਨ। ਪਹਿਲੀ ਗੱਲ, ਜਿਸ ਦੀ ਚਿੰਤਾ ਮੀਡੀਆ ਨੂੰ ਵੀ ਕਰਨੀ ਚਾਹੀਦੀ ਹੈ ਅਤੇ ਮੋਦੀ ਨੂੰ ਵੀ ਕਿ ਇਸ ਦੇਸ਼ ਦੀ ਧਰਤੀ ਗਰਮ ਹੋ ਰਹੀ ਹੈ, ਨਦੀਆਂ ਗੰਦੇ ਨਾਲਿਆਂ ’ਚ ਤਬਦੀਲ ਹੋ ਰਹੀਆਂ ਹਨ, ਰੁੱਖਾਂ ਦੀ ਕਟਾਈ ਅੰਨ੍ਹੇਵਾਹ ਕੀਤੀ ਜਾ ਰਹੀ ਹੈ, ਮੌਸਮ ਦਾ ਮਿਜ਼ਾਜ ਆਏ ਦਿਨ ਵਿਗੜ ਰਿਹਾ ਹੈ, ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਭਾਰਤ ਕਿਵੇਂ ਬਚੇਗਾ? ਬੁੱਧੀਜੀਵੀ ਵਾਤਾਵਰਣ ਦੇ ਦੂਸ਼ਿਤ ਹੋਣ ਦੀ ਚਿੰਤਾ ਨਹੀਂ ਕਰ ਰਹੇ। ਚੌਗਿਰਦਾ ਬਚੇਗਾ, ਤਾਂ ਹੀ ਮਨੁੱਖਤਾ ਬਚੇਗੀ। ਮਨੁੱਖਤਾ ਬਚੇਗੀ ਤਾਂ ਵਿਕਾਸ ਦੀ ਸੋਚਾਂਗੇ।

ਭਾਰਤ ਦੀ ਜਨਤਾ ਗੰਦਗੀ ’ਚ ਰਹਿਣ ਦੀ ਆਦੀ ਹੋ ਚੁੱਕੀ ਹੈ। ਮੋਦੀ ਕੋਈ ਅਜਿਹਾ ਮੀਲ ਦਾ ਪੱਥਰ ਸਥਾਪਿਤ ਕਰਨ ਕਿ ਦੇਸ਼ ਦੇ ਲੋਕ ਸਾਫ-ਸਫਾਈ ਨੂੰ ਆਪਣਾ ਆਦਰਸ਼ ਬਣਾਉਣ। ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ, ਗੰਦੇ ਨਾਲਿਆਂ ਦੀ ਬਦਬੂ, ਆਵਾਰਾ ਪਸ਼ੂਆਂ ਦੀ ਭਰਮਾਰ–ਇਹ ਸਭ ਮਨੁੱਖਤਾ ’ਤੇ ਕਲੰਕ ਹਨ। ਮੋਦੀ ਅਜਿਹੀਆਂ ਯੋਜਨਾਵਾਂ ਸਾਰਥਕ ਕਰਨ ਕਿ ਦੇਸ਼ ਦੇ ਲੋਕ ਉਨ੍ਹਾਂ ’ਤੇ ਮਾਣ ਕਰ ਸਕਣ।
 


Bharat Thapa

Content Editor

Related News