ਤਿੰਨ ਚੀਨੀ ਨਾਗਰਿਕਾਂ ਦੀ ਹੱਤਿਆ ਪਾਕਿ ’ਚ ਮਹਿਲਾ ਆਤਮਘਾਤੀ ਹਮਲਾਵਰ ਵੱਲੋਂ

04/28/2022 2:52:28 AM

- ਵਿਜੇ ਕੁਮਾਰ
ਤਿੰਨ ਚੀਨੀ ਨਾਗਰਿਕਾਂ ਦੀ ਹੱਤਿਆ ਪਾਕਿ ’ਚ ਮਹਿਲਾ ਆਤਮਘਾਤੀ ਹਮਲਾਵਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਬਲੋਚਿਸਤਾਨ ’ਚ ਜਾਰੀ ਚੀਨੀ ਪ੍ਰਾਜੈਕਟਾਂ ਦੇ ਵਿਰੋਧ ’ਚ ਉੱਥੋਂ ਦੇ ਲੋਕ ਸੜਕਾਂ ’ਤੇ ਉਤਰੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 60 ਬਿਲੀਅਨ ਡਾਲਰ ਵਾਲੇ ‘ਚਾਈਨਾ-ਪਾਕਿਸਤਾਨ ਇਕੋਨੋਮਿਕ ਕੋਰੀਡੋਰ’ ਪ੍ਰਾਜੈਕਟ ਨਾਲ ਉਨ੍ਹਾਂ ਨੂੰ ਲਾਭ ਹੋਣ ਦੀ ਬਜਾਏ ਉਨ੍ਹਾਂ ਦੀ ਰੋਜ਼ੀ-ਰੋਟੀ ਦੇ ਲਈ ਹੀ ਭਾਰੀ ਖਤਰਾ ਪੈਦਾ ਹੋ ਗਿਆ ਹੈ।
ਬਲੋਚਿਸਤਾਨ ਦੇ ਲੋਕ ਚੀਨ ਦੇ ਪ੍ਰਾਜੈਕਟਾਂ ਨੂੰ ਨਾਜਾਇਜ਼ ਕਬਜ਼ੇ ਦੇ ਰੂਪ ’ਚ ਦੇਖਦੇ ਹਨ। ਉਹ ਇੱਥੇ ਚੀਨੀ ਕੰਪਨੀਆਂ ਦੀ ਮੌਜੂਦਗੀ ਬਿਲਕੁਲ ਨਹੀਂ ਚਾਹੁੰਦੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਚੀਨੀ ਇਸ ਇਲਾਕੇ ਦੀ ਸਾਰੀ ਜਾਇਦਾਦ ਨੂੰ ਲੁੱਟ ਰਹੇ ਹਨ। ਇਹ ਇਲਾਕਾ ਸੋਨਾ, ਤਾਂਬਾ, ਕੋਲਾ, ਕ੍ਰੋਮਾਈਟ, ਬੈਰੀਟੇਸ, ਸਲਫਰ, ਮਾਰਬਲ, ਆਇਰਨ, ਕਵਾਟਜੀ, ਲਾਈਮ ਸਟੋਨ ਅਤੇ ਹੋਰ ਬਹੁ-ਕੀਮਤੀ ਖਣਿਜ ਪਦਾਰਥਾਂ ਨਾਲ ਭਰਪੂਰ ਹੈ, ਜਿਸ ’ਤੇ ਕਬਜ਼ਾ ਕਰਨ ਲਈ ਚੀਨ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ ਅਤੇ ਹਾਲ ਹੀ ’ਚ ਚੀਨ ਨੇ ਬਲੋਚਿਸਤਾਨ ਸੂਬੇ ’ਚ ਇਕ ਸੋਨੇ ਅਤੇ ਇਕ ਤਾਂਬੇ ਦੀ ਖਾਨ ਦਾ ਪਟਾ 15 ਸਾਲ ਦੇ ਲਈ ਹੋਰ ਵਧਾ ਦਿੱਤਾ ਹੈ। ਇਸੇ ਕਾਰਨ ‘ਬਲੋਚ ਰਾਸ਼ਟਰਵਾਦੀ ਸੰਗਠਨ’ ਤੇ ‘ਬਲੋਚ ਲਿਬਰੇਸ਼ਨ ਆਰਮੀ’ ਅਤੇ ਇਨ੍ਹਾਂ ਵਰਗੇ ਹੋਰ ਸਮੂਹ ‘ਚਾਈਨਾ-ਪਾਕਿਸਤਾਨ ਇਕੋਨੋਮਿਕ ਕੋਰੀਡੋਰ’ ਦੇ ਕੰਮ ਦੀ ਸ਼ੁਰੂਆਤ ਦੇ ਸਮੇਂ ਤੋਂ ਹੀ ਲਗਾਤਾਰ ਗਵਾਦਰ ਅਤੇ ਉਸ ਦੇ ਨੇੜੇ-ਤੇੜੇ ਚੀਨੀ ਪ੍ਰਾਜੈਕਟਾਂ ’ਤੇ ਕੰਮ ਕਰਨ ਵਾਲੇ ਇੰਜੀਨੀਅਰਾਂ, ਕਾਮਿਆਂ ਅਤੇ ਹੋਰਨਾਂ ਨਾਗਰਿਕਾਂ ’ਤੇ ਹਮਲੇ ਕਰਦੇ ਆ ਰਹੇ ਹਨ।
ਚੀਨ ਵਲੋਂ ਭਾਰੀ ਖਣਿਜ ਜਾਇਦਾਦ ਨਾਲ ਸੰਪੰਨ ਬਲੋਚਿਸਤਾਨ ’ਚ ਆਪਣੇ ਪ੍ਰਾਜੈਕਟਾਂ ਤੋਂ ਪਿੱਛੇ ਨਾ ਹਟਣ ਦੇ ਰੋਸ ਵਜੋਂ ਅਥਾਹ ਗਰੀਬੀ ਦੇ ਬੋਝ ਹੇਠ ਪਿਸ ਰਹੇ ਬਲੋਚਿਸਤਾਨ ’ਚ ਭਾਰੀ ਵਿਦ੍ਰੋਹ ਭੜਕ ਉਠਿਆ ਹੈ ਅਤੇ ਉੱਥੇ ਪਾਕਿਸਤਾਨੀ ਫੌਜ ਅਤੇ ਚੀਨੀ ਨਾਗਰਿਕਾਂ ’ਤੇ ਕਈ ਹਮਲੇ ਹੋਏ ਹਨ, ਜਿਨ੍ਹਾਂ ਦੇ ਪਿੱਛੇ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ (ਬੀ. ਐੱਲ. ਏ.) ਅਤੇ ‘ਮਜੀਦ ਬ੍ਰਿਗੇਡ’ ਦਾ ਹੱਥ ਦੱਸਿਆ ਜਾ ਰਿਹਾ ਹੈ। ਬਲੋਚਿਸਤਾਨ ’ਚ ਚੀਨੀ ਪ੍ਰਾਜੈਕਟਾਂ ਦੇ ਵਿਰੁੱਧ ਰੋਸ ਵਜੋਂ ਹਿੰਸਾ ਦੀ ਨਵੀਂ ਘਟਨਾ 26 ਅਪ੍ਰੈਲ ਨੂੰ ਕਰਾਚੀ ’ਚ ਪਾਕਿਸਤਾਨ ਯੂਨੀਵਰਸਿਟੀ ਦੇ ਕੰਪਲੈਕਸ ’ਚ ਸਥਿਤ ਚੀਨੀ ਸਿੱਖਿਆ ਕੇਂਦਰ ‘ਕਨਫਿਊਸ਼ੀਅਸ ਇੰਸਟੀਚਿਊਟ’ ਦੇ ਨੇੜੇ ਹੋਈ।
ਇਸ ’ਚ ਸ਼ੈਰੀ ਬਲੋਚ (30) ਨਾਮਕ ਮਹਿਲਾ ਆਤਮਘਾਤੀ ਨੇ, ਜੋ 2 ਬੱਚਿਆਂ ਦੀ ਮਾਂ ਸੀ, ਚੀਨੀ ਭਾਸ਼ਾ ਪੜ੍ਹਾਉਣ ਵਾਲੀਆਂ ਅਧਿਆਪਿਕਾਵਾਂ ਹੁਆਂਗ ਗੁਈਪਿੰਗ, ਦਿੰਗ ਮਪੇਂਗ ਅਤੇ ਚੇਨ ਸਾਈ ਨੂੰ ਲਿਜਾ ਰਹੀ ਵੈਨ ’ਚ ਧਮਾਕਾ ਕਰ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵੈਨ ਚਾਲਕ ਖਾਲਿਦ ਨੂੰ ਮਾਰ ਦਿੱਤਾ ਜਦਕਿ 2 ਹੋਰ ਜ਼ਖਮੀ ਹੋ ਗਏ। ਉੱਚ ਸਿੱਖਿਆ ਹਾਸਲ ਸ਼ੈਰੀ ਖੁਦ ਵੀ ਇਕ ਟੀਚਰ ਸੀ ਅਤੇ ਇਸ ਹਮਲੇ ਤੋਂ ਕੁਝ ਹੀ ਪਹਿਲਾਂ ਉਸ ਨੇ ਅੱਗੇ ਦੀ ਗ੍ਰੈਜੂਏਸ਼ਨ ਪੜ੍ਹਾਈ ਦੇ ਲਈ ਵੀ ਦਾਖਲਾ ਲਿਆ ਸੀ। ਉਸ ਵਰਗੀਆਂ ਕਈ ਮਹਿਲਾਵਾਂ ਫਿਦਾਈਨ ਟ੍ਰੇਨਿੰਗ ਲੈ ਰਹੀਆਂ ਦੱਸੀ ਜਾਂਦੀਆਂ ਹਨ। ਪਾਕਿਸਤਾਨ, ਅਮਰੀਕਾ ਅਤੇ ਇੰਗਲੈਂਡ ’ਚ ਪਾਬੰਦੀਸ਼ੁਦਾ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ (ਬੀ. ਐੱਲ. ਏ.) ਦੀ ‘ਸ਼ਹੀਦ ਬ੍ਰਿਗੇਡ’ ਨੇ ਉਕਤ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਹੈ ਕਿ ‘‘ਚੀਨ ਅਤੇ ਪਾਕਿਸਤਾਨ ਵੱਲੋਂ ਬਲੋਚਿਸਤਾਨ ਖਾਲੀ ਨਾ ਕਰਨ ਤੱਕ ਹਮਲੇ ਜਾਰੀ ਰਹਿਣਗੇ।’ ਚਾਈਨਾ-ਪਾਕਿਸਤਾਨ ਇਕੋਨੋਮਿਕ ਕੋਰੀਡੋਰ’ ਨਾਲ ਜੁੜੇ ਚੀਨੀ ਅਧਿਕਾਰੀਆਂ ’ਤੇ ਹਮਲਿਆਂ ਦੇ ਲਈ ਮਜੀਦ ਬ੍ਰਿਗੇਡ ’ਚ ਸਪੈਸ਼ਲ ਯੂਨਿਟ ਬਣਾਈ ਗਈ ਹੈ।’’
ਸ਼ੈਰੀ ਨੂੰ ਪਹਿਲੀ ਮਹਿਲਾ ਆਤਮਘਾਤੀ ਹਮਲਾਵਰ ਕਰਾਰ ਦਿੰਦੇ ਹੋਏ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ (ਬੀ. ਐੱਲ. ਏ.) ਨੇ ਕਿਹਾ ਹੈ ਕਿ ‘‘ਇਸ ਹਮਲੇ ਦਾ ਮਕਸਦ ਬਿਲਕੁਲ ਸਪੱਸ਼ਟ ਹੈ ਕਿ ਚੀਨ ਅਤੇ ਪਾਕਿਸਤਾਨ ਤੁਰੰਤ ਬਲੋਚਿਸਤਾਨ ’ਚੋਂ ਨਿਕਲ ਜਾਣ ਅਤੇ ਇਹ ਘਟਨਾ ਬਲੋਚਾਂ ਦੇ ਬਦਲੇ ਦਾ ਨਵਾਂ ਇਤਿਹਾਸ ਲਿਖੇਗੀ।’’
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਲੋਚਿਸਤਾਨ ’ਚ ਸਰਗਰਮ ਉਕਤ ਸੰਗਠਨਾਂ ਵੱਲੋਂ ਚੀਨੀਆਂ ’ਤੇ ਹਮਲੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਕੁਝ ਕੁ ਹੇਠਾਂ ’ਚ ਦਰਜ ਹਨ
* ਸਾਲ 2018 ’ਚ 3 ਬਲੋਚ ਵੱਖਵਾਦੀਆਂ ਨੇ ਕਰਾਚੀ ਸਥਿਤ ਚੀਨੀ ਕੌਂਸਲੇਟ ’ਤੇ ਹਮਲਾ ਕਰ ਦਿੱਤਾ ਸੀ ਜਿਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਮੌਕੇ ’ਤੇ ਹੀ ਮਾਰ ਦਿੱਤਾ।
* ਸਾਲ 2019 ’ਚ ਪਹਿਲੀ ਵਾਰ ਬਲੋਚਿਸਤਾਨ ਆਏ ਇਕ ਚੀਨੀ ਵਫਦ ’ਤੇ ਹਮਲੇ ਦੇ ਬਾਅਦ ਇਹ ਇਲਾਕਾ ਪਾਕਿਸਤਾਨੀ ਫੌਜੀਆਂ ਨਾਲ ਭਰ ਦਿੱਤਾ ਗਿਆ।
* 21 ਜੁਲਾਈ, 2021 ਨੂੰ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਦੇ 2 ਆਤਮਘਾਤੀ ਹਮਲਾਵਰਾਂ ਨੇ ਚੀਨੀ ਨਾਗਰਿਕਾਂ ਨੂੰ ਲਿਜਾ ਰਹੇ ਵਾਹਨ ’ਤੇ ਹਮਲਾ ਕਰ ਕੇ 2 ਬੱਚੀਆਂ ਦੀ ਹੱਤਿਆ ਅਤੇ 3 ਹੋਰ ਨੂੰ ਜ਼ਖਮੀ ਕਰ ਦਿੱਤਾ ਸੀ।
* 28 ਜੁਲਾਈ, 2021 ਨੂੰ ਪਾਕਿਸਤਾਨ ’ਚ ਚੀਨੀ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ’ਤੇ ਹਮਲੇ ’ਚ 12 ਚੀਨੀ ਨਾਗਰਿਕ ਮਾਰੇ ਗਏ ਸਨ।
ਫਿਲਹਾਲ, ਆਪਣੇ ਨਾਗਰਿਕਾਂ ਦੀ ਹੱਤਿਆ ਤੋਂ ਚੀਨ ਸਰਕਾਰ ਬੁਰੀ ਤਰ੍ਹਾਂ ਭੜਕ ਉਠੀ ਹੈ ਅਤੇ ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਵੂ ਜਿੰਆਗ ਹਾਓ ਨੇ ਪਾਕਿਸਤਾਨੀ ਰਾਜਦੂਤ ਨੂੰ ਫੋਨ ਕਰ ਕੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਵਧਾਉਣ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਨੂੰ ਕਿਹਾ ਅਤੇ ਚਿਤਾਵਨੀ ਦਿੱਤੀ ਹੈ ਕਿ ‘‘ਪਾਕਿਸਤਾਨ ’ਚ ਤਾਇਨਾਤ ਚੀਨੀਆਂ ਦਾ ਵਹਾਇਆ ਗਿਆ ਖੂਨ ਵਿਅਰਥ ਨਹੀਂ ਜਾਵੇਗਾ ਅਤੇ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਹੋਵੇਗੀ।’’ ਬਲੋਚਿਸਤਾਨ ’ਚ ਚੀਨੀ ਪ੍ਰਾਜੈਕਟਾਂ ਦੇ ਹੋ ਰਹੇ ਵਿਰੋਧ ਦਰਮਿਆਨ ਨਵੀਂ ਘਟਨਾ ’ਤੇ ਬੇਸ਼ੱਕ ਚੀਨ ਨੇ ਗੰਭੀਰ ਚਿੰਤਾ ਤਾਂ ਪ੍ਰਗਟ ਕਰ ਦਿੱਤੀ ਹੈ ਪਰ ਲੱਗਦਾ ਨਹੀਂ ਹੈ ਕਿ ਉਹ ਆਪਣੇ ਵਿਆਪਕ ਹਿੱਤਾਂ ਨੂੰ ਤਿਲਾਂਜਲੀ ਦੇ ਕੇ ਬਲੋਚਿਸਤਾਨ ’ਚ ਆਪਣੀਆਂ ਸਰਗਰਮੀਆਂ ਬੰਦ ਕਰੇਗਾ।


Gurdeep Singh

Content Editor

Related News