ਜ਼ਿੰਦਗੀ ਅਤੇ ਰਾਜਨੀਤੀ ’ਚ ਕੁਝ ਵੀ ਸਥਾਈ ਨਹੀਂ

12/08/2019 1:49:40 AM

ਵਰਿੰਦਰ ਕਪੂਰ

ਮੋਦੀ ਅਤੇ ਸ਼ਾਹ ਨੂੰ ਲੈ ਕੇ ਭਾਜਪਾ ਪਹਿਲਾਂ ਹੀ ਸੱਤਵੇਂ ਆਸਮਾਨ ’ਤੇ ਹੈ। ਮਈ 2019 ’ਚ ਲੋਕ ਸਭਾ ਵਿਚ ਰਿਕਾਰਡ 302 ਸੀਟਾਂ ਜਿੱਤਣ ਤੋਂ ਬਾਅਦ ਇਹ ਭਗਵਾ ਜੋੜੀ ਆਪਣੇ ਸਿਖਰਾਂ ’ਤੇ ਹੈੈ ਪਰ ਜਿੱਤ ਦਾ ਇਹ ਰੱਥ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਰੁਕ ਗਿਆ ਸੀ ਪਰ ਇਸ ਤੋਂ ਬਾਅਦ ਭਾਜਪਾ ਨੇ ਪੂਰੀ ਊਰਜਾ ਲਾਉਣ ਤੋਂ ਬਾਅਦ ਸੰਸਦੀ ਚੋਣਾਂ ਵਿਚ ਆਪਣਾ ਝੰਡਾ ਲਹਿਰਾਇਆ।

ਹਾਲਾਂਕਿ ਇਸ ਤੋਂ ਬਾਅਦ ਭਾਜਪਾ ਵਿਚ ਨਜ਼ਰਅੰਦਾਜ਼ੀ ਅਤੇ ਆਕੜ ਦਿਖਾਈ ਦਿੱਤੀ ਸੀ। ਮਹਾਰਾਸ਼ਟਰ ਅਤੇ ਹਰਿਆਣਾ ’ਚ ਪਾਰਟੀ ਨੇ ਸਾਧਾਰਨ ਬਹੁਮਤ ਹਾਸਿਲ ਕੀਤਾ। ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਦੇ ਗੱਠਜੋੜ ਤੋਂ ਬਾਅਦ ਮਹਾਰਾਸ਼ਟਰ ਵਿਚ ਪਾਰਟੀ ਨੇ ਸੱਤਾ ਗੁਆ ਦਿੱਤੀ। ਭਾਜਪਾ ਦੇ ਸਾਧਾਰਨ ਵਰਕਰ ਦੇ ਮਨ ਵਿਚ ਠੇਸ ਲੱਗੀ। ਸ਼ਿਵ ਸੈਨਾ ਦੇ ਭਾਜਪਾ ਨਾਲੋਂ ਨਾਤਾ ਤੋੜ ਦੇਣ ਕਾਰਣ ਪਾਰਟੀ ਵਰਕਰ ਨਿਰਾਸ਼ ਨਜ਼ਰ ਆਏ।

ਦੇਵੇਂਦਰ ਫੜਨਵੀਸ ਇਸ ਸਥਿਤੀ ਵਿਚ ਨਹੀਂ ਸਨ ਕਿ ਉਹ ਦਹਾਕਿਆਂ ਤੋਂ ਸੱਤਾ ਦੀ ਖੇਡ ਖੇਡ ਰਹੇ ਸ਼ਰਦ ਪਵਾਰ ਦੇ ਮਨ ਨੂੰ ਪੜ੍ਹ ਸਕਣ। ਇਸ ਤੋਂ ਪਹਿਲਾਂ ਕਿ ਕੇਂਦਰੀ ਲੀਡਰਸ਼ਿਪ ਅੱਗੇ ਆਉਂਦੀ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਪਾਰਟੀ ਲੀਡਰਸ਼ਿਪ ਨੂੰ ਇਕ ਤਰ੍ਹਾਂ ਦੇ ਆਲਸ ਨੇ ਜਕੜ ਲਿਆ ਸੀ। ਪਿਛਲੇ ਸਾਲ ਮੱਧ ਪ੍ਰਦੇਸ਼ ਵਿਚ ਕਮਲਨਾਥ ਸਰਕਾਰ ਦੇ ਗਠਨ ਸਮੇਂ ਭਾਜਪਾ ਦਾ ਇਹ ਵਤੀਰਾ ਨਜ਼ਰ ਆਇਆ, ਜਦੋਂ ਭਾਜਪਾ ਅੱਧੀ ਦਰਜਨ ਦੇ ਕਰੀਬ ਵਿਧਾਇਕਾਂ ਨੂੰ ਆਪਣੇ ਖੇਮੇ ਵਿਚ ਲੈ ਸਕਦੀ ਸੀ।

ਕੇਂਦਰੀ ਲੀਡਰਸ਼ਿਪ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਬਣੇ ਰਹਿਣ ਦੇਣ ਪ੍ਰਤੀ ਵੀ ਉਤਸ਼ਾਹਿਤ ਨਜ਼ਰ ਨਹੀਂ ਆਈ, ਜਿਸ ਦੇ ਨਤੀਜੇ ਵਜੋਂ ਕਾਂਗਰਸ ਸੱਤਾ ਵਿਚ ਪਰਤੀ। ਉਸ ਸਮੇਂ ਵੀ ਸੀਨੀਅਰ ਨੇਤਾਵਾਂ ਦਾ ਗੁੰਝਲਦਾਰ ਰੁਖ਼ ਨਜ਼ਰ ਆਇਆ। ਮਹੱਤਵਪੂਰਨ ਸੂਬੇ ਨੂੰ ਪਾਰਟੀ ਨੇ ਆਪਣੇ ਹੱਥੋਂ ਜਾਣ ਦਿੱਤਾ। ਪਾਰਟੀ ਦੀ ਕਮਾਨ ਨੂੰ ਸੰਭਾਲੇ ਹੋਏ ਮੋਦੀ-ਸ਼ਾਹ ਦੀ ਜੋੜੀ ਨੇ ਇਹ ਦਰਸਾਇਆ ਕਿ ਜੇਕਰ ਭਾਜਪਾ ਇਕ ਜਾਂ ਦੋ ਸੂਬਿਆਂ ਨੂੰ ਗੁਆ ਵੀ ਲੈਂਦੀ ਹੈ ਤਾਂ ਕੋਈ ਫਰਕ ਨਹੀਂ ਪੈਂਦਾ। ਹੁਣ ਭਾਜਪਾ ਦੇ ਕਦਮ ਅੱਧੇ ਦੇਸ਼ ਤੋਂ ਵੀ ਘੱਟ ਉੱਤੇ ਸੁੰਗੜ ਕੇ ਰਹਿ ਗਏ ਹਨ।

ਇਕ ਮਜ਼ਬੂਤ ਮੋਦੀ ਭਾਜਪਾ ਤੋਂ ਬਿਨਾਂ ਕਲਪਨਾ-ਰਹਿਤ ਹਨ

ਇਸ ਦਾ ਇਕ ਕਾਰਣ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਧਿਆਨ ਸਰਕਾਰ ਚਲਾਉਣ ਵੱਲ ਦੇ ਰਹੇ ਹਨ, ਜੋ ਇੰਨਾ ਆਸਾਨ ਨਜ਼ਰ ਨਹੀਂ ਆ ਰਿਹਾ। ਸ਼ਾਇਦ ਮੋਦੀ ਆਪਣੇ ਆਪ ਨੂੰ ਹੁਣ ਵੱਡਾ ਸਟੇਟਸਮੈਨ ਮਹਿਸੂਸ ਕਰਦੇ ਹਨ, ਜੋ ਪਾਰਟੀ ਦੇ ਢਾਂਚੇ ਨੂੰ ਬਦਲਣ ਅਤੇ ਜੋੜ-ਤੋੜ ਕਰਨ ਲਈ ਆਪਣੇ ਹੱਥਾਂ ਨੂੰ ਗੰਦਾ ਨਹੀਂ ਕਰਨਾ ਚਾਹੁੰਦੇ। ਪਿਛਲੇ ਸਾਲ ਮੱਧ ਪ੍ਰਦੇਸ਼ ਅਤੇ ਪਿਛਲੇ ਮਹੀਨੇ ਮਹਾਰਾਸ਼ਟਰ ਵਿਚ ਸਰਕਾਰਾਂ ਦੇ ਗਠਨ ਦੀ ਇਹ ਤਾਜ਼ਾ ਉਦਾਹਰਣ ਹੈ। ਇਕ ਮਜ਼ਬੂਤ ਭਾਜਪਾ ਇਕੱਲੀ ਪ੍ਰਧਾਨ ਮੰਤਰੀ ਦੇ ਕੰਮ ਨੂੰ ਨਹੀਂ ਕਰ ਸਕਦੀ, ਜਦਕਿ ਇਕ ਮਜ਼ਬੂਤ ਮੋਦੀ ਭਾਜਪਾ ਤੋਂ ਬਿਨਾਂ ਕਲਪਨਾ-ਰਹਿਤ ਹਨ।

ਦੂਸਰੀ ਗੱਲ ਇਹ ਹੈ ਕਿ ਇਕ ਗੈਰ-ਸਾਧਾਰਨ ਆਯੋਜਕ ਅਮਿਤ ਸ਼ਾਹ ਦਾ ਸਰਕਾਰ ਵਿਚ ਬਤੌਰ ਗ੍ਰਹਿ ਮੰਤਰੀ ਹੋਣ ਦਾ ਮਤਲਬ ਇਹ ਹੈ ਕਿ ਪਾਰਟੀ ਦੇ ਮਾਮਲਿਆਂ ਵਿਚ ਉਨ੍ਹਾਂ ਦੀ ਰੁਚੀ ਘੱਟ ਹੋਈ ਲੱਗਦੀ ਹੈ। ਸੱਚਾਈ ਇਹ ਹੈ ਕਿ ਜੇ. ਪੀ. ਨੱਡਾ ਨਾਮਜ਼ਦ ਭਾਜਪਾ ਪ੍ਰਧਾਨ ਹਨ ਪਰ ਇਕ ਵਧੀਆ ਆਯੋਜਨਕਰਤਾ ਅਤੇ ਚੋਣਾਂ ਜਿੱਤਣ ਦੀ ਉਨ੍ਹਾਂ ਦੀ ਯੋਗਤਾ ਨੂੰ ਅਜੇ ਪਰਖਿਆ ਜਾਣਾ ਬਾਕੀ ਹੈ। ਅਮਿਤ ਸ਼ਾਹ ਪਾਰਟੀ ਲਈ ਤਾਂ ਉਪਲੱਬਧ ਹਨ ਅਤੇ ਗ੍ਰਹਿ ਮੰਤਰੀ ਹੁੰਦੇ ਹੋਏ ਉਹ ਸਾਰੇ ਮੰਤਰਾਲਿਆਂ ਨੂੰ ਨਿਰਦੇਸ਼ ਦਿੰਦੇ ਹਨ ਪਰ ਪਾਰਟੀ ਦੇ ਮਾਮਲਿਆਂ ਵੱਲ ਉਨ੍ਹਾਂ ਦਾ ਧਿਆਨ ਘੱਟ ਹੋ ਗਿਆ।

ਭਾਜਪਾ ਦੀ ਚੋਣ ਕਿਸਮਤ ਪਈ ਮੱਧਮ

ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਭਾਜਪਾ ਦੀ ਚੋਣ ਕਿਸਮਤ ਮੱਧਮ ਪੈ ਗਈ ਹੈ ਕਿਉਂਕਿ ਮੋਦੀ-ਸ਼ਾਹ ਦੀ ਜੋੜੀ ਨੇ ਆਪਣੀ ਪੂਰੀ ਊਰਜਾ ਨੂੰ ਸਰਕਾਰ ’ਤੇ ਲਾਇਆ ਹੋਇਆ ਹੈ। ਪੰਜ ਸਾਲ ਬਾਅਦ ਵੋਟਰਾਂ ਦਾ ਸੱਤਾ ਵਿਚ ਰਹੀ ਕਿਸੇ ਵੀ ਪਾਰਟੀ ਤੋਂ ਮੋਹ ਭੰਗ ਹੋ ਹੀ ਜਾਂਦਾ ਹੈ। ਸਮੇਂ ਦੇ ਨਾਲ-ਨਾਲ ਨੇਤਾਵਾਂ ਦਾ ਆਪਣੇ ਪਾਰਟੀ ਵਰਕਰਾਂ ਵੱਲ ਆਕਰਸ਼ਣ ਘੱਟ ਹੋ ਜਾਂਦਾ ਹੈ। 1971 ਵਿਚ ਸੰਸਦੀ ਚੋਣਾਂ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤਿੰਨ-ਚੌਥਾਈ ਬਹੁਮਤ ਹਾਸਿਲ ਕੀਤਾ ਸੀ। 1974 ਤਕ ਉਨ੍ਹਾਂ ਹੀ ਲੋਕਾਂ ਲਈ ਨਫਰਤ ਦੀ ਮੂਰਤੀ ਬਣ ਗਈ, ਜਿਨ੍ਹਾਂ ਨੇ 3 ਸਾਲ ਪਹਿਲਾਂ ਉਸ ਨੂੰ ਵੋਟਾਂ ਦਿੱਤੀਆਂ ਸਨ। ਅਜਿਹੇ ਹਾਲਾਤ ਵਿਚ ਮਹਾਰਾਸ਼ਟਰ ਵਿਚ ਸੱਤਾ ਤੋਂ ਬੇਦਖਲ ਹੋਣਾ ਭਗਵਾ ਪਾਰਟੀ ਲਈ ਇਕ ਚਿਤਾਵਨੀ ਹੈ। ਜ਼ਿੰਦਗੀ ਅਤੇ ਰਾਜਨੀਤੀ ਵਿਚ ਕੁਝ ਵੀ ਸਥਾਈ ਨਹੀਂ।

ਬਿਨਾਂ ਕਿਸੇ ਸ਼ੱਕ ਮੋਦੀ ਬਹੁਚਰਚਿਤ ਰਾਸ਼ਟਰੀ ਨੇਤਾ ਹਨ ਅਤੇ ਅਪੋਜ਼ੀਸ਼ਨ ਦਾ ਕੋਈ ਵੀ ਅਜਿਹਾ ਨੇਤਾ ਉਨ੍ਹਾਂ ਦੇ ਮੁਕਾਬਲੇ ਨਹੀਂ ਖੜ੍ਹਾ ਹੈ, ਜਿਵੇਂ ਹੌਲੀ-ਹੌਲੀ ਉਹ ਗੁਜਰਾਤ ਤੋਂ ਨਿਕਲ ਕੇ ਸ਼ਕਤੀਸ਼ਾਲੀ ਕਾਂਗਰਸ ਨੂੰ ਸੱਤਾ ’ਚੋਂ ਬਾਹਰ ਸੁੱਟ ਸਕੇ। ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨੂੰ ਵੀ ਚੁਣੌਤੀ ਦੇਣ ਵਾਲਾ ਕਦੋਂ ਸਿਆਸੀ ਦ੍ਰਿਸ਼ ’ਤੇ ਉੱਭਰ ਕੇ ਆਏ ਕਿਉਂਕਿ ਅਰਥ ਵਿਵਸਥਾ ਦਾ ਪੱਧਰ ਹੌਲੀ-ਹੌਲੀ ਡਿੱਗਦਾ ਜਾ ਰਿਹਾ ਹੈ।

ਮਨਮੋਹਨ ਸਿੰਘ ਦੀ ਸਿਰਫ ਅੱਧੀ ਸੱਚਾਈ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸੱਚਾਈ ਹਮੇਸ਼ਾ ਤੋਂ ਹੀ ਲਚਕੀਲੀ ਰਹੀ ਹੈ। ਇਹ ਉਨ੍ਹਾਂ ਦੇ ਸੁਆਰਥੀ ਹਿੱਤ ’ਤੇ ਨਿਰਭਰ ਕਰਦਾ ਹੈ। ਈਮਾਨਦਾਰੀ ਦਾ ਪ੍ਰਤੱਖ ਅਪਮਾਨ ਦੇਖਣ ਨੂੰ ਮਿਲਿਆ। ਮਰਹੂਮ ਪ੍ਰਧਾਨ ਮੰਤਰੀ ਆਈ. ਕੇ. ਗੁਜਰਾਲ ਦੇ ਇਕ ਪ੍ਰੋਗਰਾਮ ਵਿਚ ਬੋਲਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਪੂਰਾ ਦੋਸ਼ ਤੱਤਕਾਲੀ ਗ੍ਰਹਿ ਮੰਤਰੀ ਮਰਹੂਮ ਨਰਸਿਮ੍ਹਾ ਰਾਓ ’ਤੇ ਮੜ੍ਹ ਦਿੱਤਾ। ਉਨ੍ਹਾਂ ਕਿਹਾ ਕਿ ਗੁਜਰਾਲ ਵਲੋਂ ਫੌਜ ਨੂੰ ਲਾਉਣ ਦੀ ਬੇਨਤੀ ਨੂੰ ਰਾਓ ਨੇ ਸਿਰੇ ਤੋਂ ਨਕਾਰ ਦਿੱਤਾ ਅਤੇ ਕਤਲੇਆਮ ਹੋਣ ਦਿੱਤਾ। ਮਨਮੋਹਨ ਸਿੰਘ ਨੂੰ ਇਸ ਨਾਲ ਕੀ ਮਤਲਬ ਸੀ? ਰਾਓ ਹੀ ਉਨ੍ਹਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਸਿਆਸਤ ਵਿਚ ਲਿਆਏ ਅਤੇ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ। ਰਾਓ ਦੀ ਇਸ ਬਦਨਾਮੀ ਤੋਂ ਮਨਮੋਹਨ ਸਿੰਘ ਨੂੰ ਬਚਣਾ ਚਾਹੀਦਾ ਹੈ। ਕਿਉਂਕਿ ਰਾਓ ਹੁਣ ਇਸ ਦੁਨੀਆ ਵਿਚ ਨਹੀਂ ਹਨ ਤਾਂ ਮਨਮੋਹਨ ਆਪਣੇ ਉਨ੍ਹਾਂ ਕਾਂਗਰਸੀ ਨੇਤਾਵਾਂ ਨੂੰ ਖੁਸ਼ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕੁਰਸੀ ’ਤੇ ਬਿਠਾਇਆ ਸੀ। ਇਹੀ ਕਾਰਣ ਹੈ ਕਿ ਮਨਮੋਹਨ ਇਹ ਨਹੀਂ ਕਹਿਣਾ ਚਾਹੁੰਦੇ ਕਿ ਰਾਓ ਨੇ ਹੀ ਤੱਤਕਾਲੀ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਤੋਂ ਹੁਕਮ ਹਾਸਿਲ ਹਾਸਿਲ ਕੀਤਾ ਸੀ ਅਤੇ ਰਾਜੀਵ ਦੇ ਹੁਕਮਾਂ ਤੋਂ ਬਿਨਾਂ ਉਹ ਫੌਜ ਨੂੰ ਕਿਵੇਂ ਬੁਲਾ ਸਕਦੇ ਸਨ? ਕਿਉਂਕਿ ਰਾਜੀਵ ਗਾਂਧੀ ਅਤੇ ਉਨ੍ਹਾਂ ਦੀ ਨੇਤਾ ਮੰਡਲੀ ਸਿੱਖਾਂ ਨੂੰ ਇਕ ਸਬਕ ਸਿਖਾਉਣਾ ਚਾਹੁੰਦੀ ਸੀ, ਜਿਸ ਕਾਰਣ 40,000 ਸਿੱਖ ਮਾਰੇ ਗਏ। ਉਸ ਸਮੇਂ ਮਨਮੋਹਨ ਸਿੰਘ ਵਿੱਤ ਮੰਤਰਾਲੇ ਵਿਚ ਸਕੱਤਰ ਦੇ ਅਹੁਦੇ ’ਤੇ ਸਨ। ਅਸਤੀਫਾ ਦੇਣ ਦੀ ਗੱਲ ਤਾਂ ਦੂਰ, ਉਨ੍ਹਾਂ ਨੇ ਆਪਣੇ ਸਿੱਖ ਭਰਾਵਾਂ ਦੀ ਬਰਬਾਦੀ ਕਰਨ ਵਾਲਿਆਂ ਵਿਰੁੱਧ ਇਕ ਸ਼ਬਦ ਵੀ ਨਹੀਂ ਬੋਲਿਆ।

(virendra1946@yahoo.co.in)


Bharat Thapa

Content Editor

Related News