ਕੁੜੀਆਂ ਦੀ ਹਾਕੀ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਿਸ਼ੇਸ਼ ਯੋਜਨਾ ਉਲੀਕੇ

08/05/2021 3:27:30 AM

ਜਗਰੂਪ ਸਿੰਘ ਜਰਖੜ
ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਖੇਡਾਂ ’ਚ ਚੰਗੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ। ਹੁਣ ਉਹ ਬ੍ਰਿਟੇਨ ਦੇ ਨਾਲ ਕਾਂਸੀ ਦੇ ਤਮਗੇ ਲਈ ਭਿੜੇਗੀ। ਇਹ ਪਹਿਲਾ ਮੌਕਾ ਹੈ ਕਿ ਜਦੋਂ ਮਹਿਲਾ ਹਾਕੀ ਨੇ ਆਲਮੀ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ।

ਟੋਕੀਓ ਓਲੰਪਿਕ 2021 ਖੇਡਣ ਗਈ ਭਾਰਤੀ ਮਹਿਲਾ ਹਾਕੀ ਟੀਮ ’ਚ 8 ਖਿਡਾਰਨਾਂ ਹਰਿਆਣਾ ਨਾਲ ਸਬੰਧਤ ਹਨ ਜਦਕਿ ਇਕ ਖਿਡਾਰਨ ਗੁਰਜੀਤ ਕੌਰ ਪੰਜਾਬ ਨਾਲ ਸਬੰਧਤ ਹੈ। ਅੱਜ ਭਾਰਤੀ ਹਾਕੀ ਟੀਮ ’ਚ ਹਰਿਆਣਾ, ਝਾਰਖੰਡ, ਮੱਧ ਪ੍ਰਦੇਸ਼ ਆਦਿ ਸੂਬਿਆਂ ਦੀ ਚੜ੍ਹਤ ਹੈ, ਜਦਕਿ ਪੰਜਾਬ ਮਹਿਲਾ ਹਾਕੀ ’ਚ ਬੁਰੀ ਤਰ੍ਹਾਂ ਪਛੜ ਗਿਆ ਹੈ।

ਕਦੇ ਇਕ ਸਮਾਂ ਸੀ ਜਦੋਂ ਪੰਜਾਬ ਦੀਆਂ ਕੁੜੀਆਂ ਦੀ ਭਾਰਤੀ ਹਾਕੀ ’ਚ ਸਰਦਾਰੀ ਹੁੰਦੀ ਸੀ । ਟੋਕੀਓ ਓਲੰਪਿਕ 2021 ਤੋਂ ਪਹਿਲਾਂ 1974 ਵਿਸ਼ਵ ਕੱਪ ’ਚ ਅਤੇ 1980 ਮਾਸਕੋ ਓਲੰਪਿਕ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ ।

80 ਦੇ ਦਹਾਕੇ ਮਾਸਕੋ ਓਲੰਪਿਕ ਖੇਡਣ ਵਾਲੀਆਂ ਖਿਡਾਰਨਾਂ ਹਰਪ੍ਰੀਤ ਕੌਰ ਗਿੱਲ, ਨਿਸ਼ਾ ,ਰੂਪਾ ਸੈਣੀ, ਸ਼ਰਨਜੀਤ ਕੌਰ ਤੋਂ ਇਲਾਵਾ ਅਜਿੰਦਰ ਕੌਰ, ਸਤਿੰਦਰ ਵਾਲੀਆ, ਨਿਰਮਲਾ ਕੁਮਾਰੀ , ਪ੍ਰੇਮਾ ਸੈਣੀ, ਪੁਸ਼ਪਿੰਦਰ ਕੌਰ, ਉਸ ਤੋਂ ਬਾਅਦ ਗੋਲਡਨ ਗਰਲ ਰਾਜਬੀਰ ਕੌਰ , ਸਰੋਜ ਬਾਲਾ , ਮਨਜਿੰਦਰ ਕੌਰ, ਅਮਨਦੀਪ ਕੌਰ , ਰੇਨੂੰ ਬਾਲਾ, ਅਮਨਦੀਪ ਕੌਰ ਤਖਾਣਬੱਧ ਆਦਿ ਕਈ ਹੋਰ ਅਜਿਹੀਆਂ ਪੰਜਾਬ ਦੀਆਂ ਖਿਡਾਰਨਾਂ ਹਨ, ਜਿਨ੍ਹਾਂ ਦਾ ਹਾਕੀ ਹੁਨਰ ਦੁਨੀਆ ’ਚ ਸਿਰ ਚੜ੍ਹ ਕੇ ਬੋਲਿਆ ਅਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਵੱਡੀਆਂ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਹਨ।

ਨਹਿਰੂ ਗਾਰਡਨ ਜਲੰਧਰ ਅਤੇ ਕੈਰੋਂ ਹਾਕੀ ਸੈਂਟਰਾਂ ਨੇ ਪੰਜਾਬ ਦੀਆਂ ਕੁੜੀਆਂ ਦੀ ਹਾਕੀ ਦੀ ਤਰੱਕੀ ’ਚ ਵੱਡਾ ਯੋਗਦਾਨ ਪਾਇਆ ਹੈ ਪਰ ਸਮੇਂ-ਸਮੇਂ ਦੀਆਂ ਸੂਬਾ ਸਰਕਾਰਾਂ ਨੇ ਕਦੇ ਵੀ ਪੰਜਾਬ ਦੀ ਹਾਕੀ ਅਤੇ ਹੋਰ ਕੁੜੀਆਂ ਦੀਆਂ ਖੇਡਾਂ ਵੱਲ ਧਿਆਨ ਹੀ ਨਹੀਂ ਦਿੱਤਾ, ਇਸੇ ਕਰਕੇ ਪੰਜਾਬ ਦੀਆਂ ਖਿਡਾਰਨਾਂ ਨੂੰ ਨੌਕਰੀਆਂ ਹਾਸਲ ਕਰਨ ਲਈ ਮਜਬੂਰਨ ਬਾਹਰਲੇ ਸੂਬਿਆਂ ਜਾਂ ਹੋਰਨਾਂ ਵਿਭਾਗਾਂ ’ਚ ਜਾਣਾ ਪੈਂਦਾ ਹੈ।

ਅੱਜ ਦੀ ਘੜੀ ਹਰਿਆਣਾ ਖੇਡਾਂ ਦੇ ਖੇਤਰ ਵਿਚ ਪੰਜਾਬ ਨਾਲੋਂ ਕੋਹਾਂ ਅੱਗੇ ਨਿਕਲ ਗਿਆ ਹੈ, ਉਸ ਦਾ ਇਕੋ-ਇਕ ਵੱਡਾ ਕਾਰਨ ਹੈ ਕਿ ਸ਼ਾਹਬਾਦ ਮਾਰਕੰਡਾ ਅਤੇ ਸੋਨੀਪਤ ਹਾਕੀ ਸੈਂਟਰ ਕੁੜੀਆਂ ਦੀ ਹਾਕੀ ਦੀ ਤਰੱਕੀ ’ਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ ਉੱਥੋਂ ਦੀ ਬਣੀ ਖੇਡ ਨੀਤੀ ਖਿਡਾਰੀਆਂ ਦੇ ਕਾਫੀ ਹਿੱਤ ’ਚ ਹੈ।

ਪਰ ਦੂਜੇ ਪਾਸੇ ਪੰਜਾਬ ’ਚ ਜਿਹੜੇ ਕੁੜੀਆਂ ਦੇ ਹਾਕੀ ਸੈਂਟਰ ਥੋੜ੍ਹੇ -ਬਹੁਤੇ ਚਲਦੇ ਸਨ, ਉਹ ਵੀ ਸਰਕਾਰਾਂ ਦੀਆਂ ਮਿਹਰਬਾਨੀਆਂ ਕਾਰਨ ਬੰਦ ਪਏ ਹਨ। ਪੰਜਾਬ ਖੇਡ ਨੀਤੀ ’ਚ ਕੁੜੀਆਂ ਨਾਲ ਹਰ ਤਰ੍ਹਾਂ ਦਾ ਵਿਤਕਰਾ ਹੁੰਦਾ ਹੈ । ਜੇਕਰ ਪੰਜਾਬ ’ਚ ਕੁੜੀਆਂ ਦੀ ਹਾਕੀ ਨੂੰ ਬਚਾਉਣਾ ਹੈ ਤਾਂ ਸਕੂਲਾਂ ਅਤੇ ਕਾਲਜਾਂ ਵਿਚ ਸਹੂਲਤਾਂ ਸਮੇਤ ਹਾਕੀ ਸੈਂਟਰ ਖੋਲ੍ਹਣੇ ਪੈਣਗੇ। ਕੁੜੀਆਂ ਦੇ ਹਾਕੀ ਵਾਸਤੇ ਸਰਕਾਰ ਨੂੰ ਵਿਸ਼ੇਸ਼ ਪ੍ਰੋਗਰਾਮ ਓਲੀਕਣਾ ਪਵੇਗਾ।

ਕੁੜੀਆਂ ਲਈ ਨੌਕਰੀਆਂ ਦੇ ਮੌਕੇ ਮੁਹੱਈਆ ਕਰਨੇ ਪੈਣਗੇ, ਵੱਖ-ਵੱਖ ਵਿਭਾਗੀ ਟੀਮਾਂ ਤਿਆਰ ਕੀਤੀਆਂ ਜਾਣ, ਸਕੂਲੀ ਪੱਧਰ ਤੋਂ ਲੈ ਕੇ ਕੌਮੀ ਪੱਧਰ ਦੀਆਂ ਜੇਤੂ ਖਿਡਾਰਨਾਂ ਨੂੰ ਇਨਾਮੀ ਰਾਸ਼ੀ ਅਤੇ ਜੇਤੂ ਐਵਾਰਡ ਦਿੱਤੇ ਜਾਣ। ਕੁੜੀਆਂ ਲਈ ਪੇਂਡੂ ਖੇਤਰਾਂ ’ਚ ਐਸਟਰੋਟਰਫ ਮੈਦਾਨਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਵੱਡੇ ਪੱਧਰ ’ਤੇ ਕੋਚਾਂ ਦੀ ਭਰਤੀ ਕੀਤੀ ਜਾਵੇ।

ਜਿਹੜੀਆਂ ਹਾਕੀ ਅਕੈਡਮੀਆਂ ਹਾਕੀ ਦੀ ਤਰੱਕੀ ’ਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ ਜਿਵੇਂ ਸੁਰਜੀਤ ਅਕੈਡਮੀ ਜਲੰਧਰ , ਜਰਖੜ ਅਕੈਡਮੀ , ਅਮਰਗੜ੍ਹ ਹਾਕੀ ਸੈਂਟਰ, ਕੈਰੋਂ, ਰਾਮਪੁਰ ਹਾਕੀ ਸੈਂਟਰ ਆਦਿ ਹੋਰ ਨਾਮੀ ਹਾਕੀ ਸੈਂਟਰਾ ਨੂੰ ਪੱਕੀ ਗਰਾਂਟ ਅਤੇ ਕੁੜੀਆਂ ਦੇ ਹਾਕੀ ਵਿੰਗ ਵੀ ਅਲਾਟ ਕੀਤੇ ਜਾਣ। ਇੰਨਾ ਕੁਝ ਜੇਕਰ ਪੰਜਾਬ ਦੀ ਹਾਕੀ ਨੂੰ ਮਿਲ ਜਾਵੇ ਤਾਂ ਯਕੀਨਨ ਪੰਜਾਬ ਦੀਆਂ ਕੁੜੀਆਂ 2024 ਪੈਰਿਸ ਓਲੰਪਿਕ ਅਤੇ 2028 ਲਾਸ ਏਂਜਲਸ ਓਲੰਪਿਕ ਖੇਡਾਂ ’ਚ ਆਪਣੇ ਹਾਕੀ ਹੁਨਰ ਦਾ ਰੰਗ ਬਿਖੇਰਨ। ਪੰਜਾਬ ਦਾ ਨਾਂ ਦੁਨੀਆ ’ਚ ਰੌਸ਼ਨ ਕਰਨਗੀਆਂ ।

ਅੱਜ ਕੁੜੀਆਂ ਦੀ ਹਾਕੀ ਦਾ ਜਨੂੰਨ ਸਿਰ ਚੜ੍ਹ ਕੇ ਬੋਲ ਰਿਹਾ ਹੈ , ਪੰਜਾਬ ਸਰਕਾਰ ਅੱਜ ਹੀ ਇਹ ਮੌਕਾ ਸੰਭਾਲੇ, ਜੇਕਰ ਕੱਲ ਹੋ ਗਈ ਫਿਰ ਪੰਜਾਬ ਦੀਆਂ ਕੁੜੀਆਂ ਦੀ ਹਾਕੀ ਅੱਗੇ ਨਹੀਂ ਵਧੇਗੀ। ਰੱਬ ਰਾਖਾ!

Bharat Thapa

This news is Content Editor Bharat Thapa