ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦਾ ਭਵਿੱਖ

07/10/2019 6:39:06 AM

ਏ. ਆਰ. ਜੈਰਥ

ਰਾਹੁਲ ਗਾਂਧੀ ਦਾ ਅਸਤੀਫਾ ਅਤੇ ਹੁਣ ਅਧਿਕਾਰਤ ਤੌਰ ’ਤੇ ਉਨ੍ਹਾਂ ਦੇ ਪ੍ਰਧਾਨ ਅਹੁਦਾ ਛੱਡਣ ਤੋਂ ਬਾਅਦ ਇਸ ਪੁਰਾਣੀ ਪਾਰਟੀ ’ਚ ਸੰਕਟ ਹੋਰ ਜ਼ਿਆਦਾ ਵਧ ਗਿਆ ਹੈ। ਇਹ ਨਵੇਂ ਸੰਕਲਪ ਵੱਲ ਪਹਿਲਾ ਕਦਮ ਹੋਣਾ ਚਾਹੀਦਾ ਸੀ ਪਰ ਇਸ ਨਾਲ ਕਈ ਸਵਾਲ ਖੜ੍ਹੇ ਹੋਏ ਹਨ, ਜਿਨ੍ਹਾਂ ਦਾ ਜਵਾਬ ਰਾਹੁਲ ਗਾਂਧੀ ਨੂੰ ਦੇਣਾ ਪਵੇਗਾ, ਜੇ ਉਹ ਅਸਲ ’ਚ ਕਾਂਗਰਸ ਨੂੰ ਇਕ ਮਜ਼ਬੂਤ ਪਾਰਟੀ ਦੇ ਤੌਰ ’ਤੇ ਦੇਖਣਾ ਚਾਹੁੰਦੇ ਹਨ। ਰਾਹੁਲ ਵਲੋਂ ਅਸਤੀਫਾ ਦੇਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਸਿਆਸੀ ਸਫਾਈ ਦਾ ਮਾਣਕ ਸਥਾਪਿਤ ਕਰਨਾ ਚਾਹੁੰਦੇ ਹਨ ਕਿਉਂਕਿ ਰਾਹੁਲ ਗਾਂਧੀ ਦੇ ਮੋਢਿਆਂ ’ਤੇ ਪਾਰਟੀ ਦੀ ਅਗਵਾਈ ਦੀ ਜ਼ਿੰਮੇਵਾਰੀ ਰਹੀ ਹੈ। ਅਜਿਹੀ ਹਾਲਤ ਵਿਚ ਉਹ ਸਿਰਫ ਇਸ ਲਈ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦੇ ਕਿ ਉਹ ਚੋਣ ਹਾਰ ਗਏ ਹਨ। ਅਜਿਹੀ ਸਥਿਤੀ ’ਚ ਰਾਹੁਲ ਗਾਂਧੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਰਟੀ ਦੇ ਸੰਕਟ ਸਮੇਂ ਉਸ ਦੀ ਸਹਾਇਤਾ ਕਰਨ। ਅਸਲ ਵਿਚ ਨਹਿਰੂ-ਗਾਂਧੀ ਪਰਿਵਾਰ ਦਾ ਮੈਂਬਰ ਹੋਣ ਕਾਰਣ ਉਨ੍ਹਾਂ ’ਤੇ ਦੋਹਰੀ ਜ਼ਿੰਮੇਵਾਰੀ ਹੈ। ਨਹਿਰੂ-ਗਾਂਧੀ ਪਰਿਵਾਰ 1969 ’ਚ ਪਾਰਟੀ ਦੇ ਟੁੱਟਣ ਤੋਂ ਬਾਅਦ ਅਹਿਮ ਰਿਹਾ ਹੈ। ਰਾਹੁਲ ਗਾਂਧੀ ਨੇ ਆਪਣੇ ਅਸਤੀਫੇ ’ਤੇ ਇਹ ਕਹਿੰਦੇ ਹੋਏ ਮੁੜ ਵਿਚਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਗਾਂਧੀ ਪਰਿਵਾਰ ਦਾ ਮੈਂਬਰ ਹੀ ਪਾਰਟੀ ਦਾ ਪ੍ਰਧਾਨ ਹੋਵੇ।

ਗੈਰ-ਗਾਂਧੀ ਕਾਂਗਰਸ ਪ੍ਰਧਾਨ

ਅਸਲ ’ਚ ਅਜਿਹਾ ਕਰ ਕੇ ਰਾਹੁਲ ਈਮਾਨਦਾਰੀ ਤੋਂ ਕੰਮ ਨਹੀਂ ਲੈ ਰਹੇ। ਗਾਂਧੀ ਪਰਿਵਾਰ ਨੇ ਪਾਰਟੀ ਨੂੰ ਚਾਰ ਦਹਾਕਿਆਂ ਤਕ ਪਰਿਵਾਰਕ ਕਾਰੋਬਾਰ ਦੇ ਤੌਰ ’ਤੇ ਚਲਾਇਆ ਹੈ। 1978 ਤੋਂ ਲੈ ਕੇ ਹੁਣ ਤਕ ਸਿਰਫ 2 ਗੈਰ-ਗਾਂਧੀ ਪਾਰਟੀ ਪ੍ਰਧਾਨ ਰਹੇ ਹਨ। ਪਹਿਲੇ ਸਨ ਪੀ. ਵੀ. ਨਰਸਿਮ੍ਹਾ ਰਾਓ, ਜੋ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਪ੍ਰਧਾਨ ਬਣੇ ਸਨ, ਜਦੋਂ ਸੋਨੀਆ ਗਾਂਧੀ ਨੇ ਪਤੀ ਦੀ ਜਗ੍ਹਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੂਜੇ ਸਨ ਸੀਤਾਰਾਮ ਕੇਸਰੀ, ਜਿਨ੍ਹਾਂ ਨੇ 1996 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਪ੍ਰਧਾਨ ਅਹੁਦੇ ਦੀ ਕਮਾਨ ਸੰਭਾਲੀ ਸੀ। ਇਨ੍ਹਾਂ ਦੋਹਾਂ ਹੀ ਮੌਕਿਆਂ ’ਤੇ ਪਾਰਟੀ ’ਚ ਅੰਦਰੂਨੀ ਵਿਰੋਧ ਸ਼ੁਰੂ ਹੋ ਗਿਆ ਸੀ ਅਤੇ ਕਈ ਨੇਤਾ ਪਾਰਟੀ ਛੱਡ ਕੇ ਹੋਰ ਪਾਰਟੀਆਂ ’ਚ ਆਪਣਾ ਭਵਿੱਖ ਲੱਭਣ ਲੱਗ ਪਏ ਸਨ। ਉਸੇ ਸਮੇਂ ਸੋਨੀਆ ਗਾਂਧੀ ਸਾਹਮਣੇ ਆਈ ਅਤੇ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ। ਸੋਨੀਆ ਗਾਂਧੀ ਦਾ ਆਪਣੇ ਪੁਰਾਣੇ ਫੈਸਲੇ ਤੋਂ ਪਲਟ ਕੇ ਸਰਗਰਮ ਸਿਆਸਤ ’ਚ ਆਉਣ ਦਾ ਕਾਰਣ ਹੈਰਾਨੀਜਨਕ ਸੀ। ਇਕ ਟੈਲੀਵਿਜ਼ਨ ਇੰਟਰਵਿਊ ਵਿਚ ਉਨ੍ਹਾਂ ਕਿਹਾ ਸੀ ਕਿ ਆਪਣੀ 10-ਜਨਪਥ ਰਿਹਾਇਸ਼ ’ਤੇ ਉਹ ਹਰ ਰੋਜ਼ ਆਪਣੇ ਪਤੀ ਅਤੇ ਸੱਸ ਦੀਆਂ ਆਦਮਕੱਦ ਤਸਵੀਰਾਂ ਸਾਹਮਣਿਓਂ ਲੰਘਦੀ ਸੀ। ਉਨ੍ਹਾਂ ਨੇ ਪੁੱਛਿਆ, ‘‘ਰੋਜ਼ਾਨਾ ਸਵੇਰੇ ਉੱਠ ਕੇ ਮੈਂ ਉਨ੍ਹਾਂ ਤਸਵੀਰਾਂ ਨੂੰ ਆਪਣੇ ਵੱਲ ਘੂਰਦੇ ਹੋਏ ਕਿਵੇਂ ਦੇਖ ਸਕਦੀ ਸੀ?’’ ਸੋਨੀਆ ਗਾਂਧੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ ਪਰ ਉਨ੍ਹਾਂ ਦਾ ਮਾਲਿਕਾਨਾ ਰਵੱਈਆ ਸਪੱਸ਼ਟ ਝਲਕਦਾ ਸੀ ਕਿ ਸਿਰਫ ਗਾਂਧੀ ਪਰਿਵਾਰ ਦਾ ਮੈਂਬਰ ਹੀ ਕਾਂਗਰਸ ਦੀ ਅਗਵਾਈ ਕਰ ਸਕਦਾ ਹੈ।

ਇਸ ਗੱਲ ਦੇ ਕੋਈ ਸੰਕੇਤ ਨਹੀਂ ਹਨ ਕਿ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵੀ ਇਸ ਤਰ੍ਹਾਂ ਦੇ ਵਿਚਾਰ ਨਹੀਂ ਰੱਖਦੇ। ਇਸ ਗੱਲ ਦੀ ਝਲਕ ਉਸ ਸਮੇਂ ਮਿਲੀ, ਜਦੋਂ ਰਾਇਬਰੇਲੀ ਅਤੇ ਅਮੇਠੀ ’ਚ ਪ੍ਰਿਯੰਕਾ ਨੇ ਜਿੱਤ ਲਈ ਜ਼ਿਆਦਾ ਕੋਸ਼ਿਸ਼ ਨਾ ਕਰਨ ’ਤੇ ਪਾਰਟੀ ਵਰਕਰਾਂ ਨੂੰ ਡਾਂਟ ਦਿੱਤਾ। ਉਹ ਇਸ ਗੱਲ ਨੂੰ ਭੁੱਲ ਗਈ ਕਿ ਪਾਰਟੀ ਵਰਕਰਾਂ ਨੂੰ ਉਤਸ਼ਾਹੀ ਲੀਡਰਸ਼ਿਪ ਅਤੇ ਹੌਸਲਾ ਅਫਜ਼ਾਈ ਦੀ ਲੋੜ ਹੁੰਦੀ ਹੈ। ਵਰਕਰ ਕਿਸੇ ਪਾਰਟੀ ਦੇ ਤਨਖਾਹ ਲੈਣ ਵਾਲੇ ਕਰਮਚਾਰੀ ਨਹੀਂ ਹੁੰਦੇ।

ਅਸਤੀਫੇ ਦੇ ਮਤਲਬ

ਰਾਹੁਲ ਗਾਂਧੀ ਦੇ ਅਸਤੀਫੇ ’ਚ ਵੀ ਕੁਝ ਸੰਕੇਤ ਸਨ। ਜਦ ਉਹ ਹਾਰ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨ ਰਹੇ ਸਨ, ਉਦੋਂ ਉਹ ਦੂਜਿਆਂ ਨੂੰ ਵੀ ਦੋਸ਼ੀ ਠਹਿਰਾ ਰਹੇ ਸਨ। ‘‘ਪਾਰਟੀ ਪ੍ਰਧਾਨ ਹੋਣ ਦੇ ਨਾਤੇ 2019 ਦੀਆਂ ਚੋਣਾਂ ’ਚ ਹਾਰ ਲਈ ਮੈਂ ਜ਼ਿੰਮੇਵਾਰ ਹਾਂ। ਪਾਰਟੀ ਦੀ ਤਰੱਕੀ ਲਈ ਜ਼ਿੰਮੇਵਾਰੀ ਤੈਅ ਕਰਨੀ ਜ਼ਰੂਰੀ ਹੈ। ਇਹੋ ਕਾਰਣ ਹੈ ਕਿ ਮੈਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।’’ ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, ‘‘ਪਾਰਟੀ ਦੇ ਮੁੜ-ਨਿਰਮਾਣ ਲਈ ਸਖਤ ਫੈਸਲੇ ਲੈਣੇ ਪੈਣਗੇ ਅਤੇ 2019 ਦੀ ਹਾਰ ਲਈ ਕਈ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਅਜਿਹਾ ਕਰਨਾ ਗਲਤ ਹੋਵੇਗਾ, ਜੇ ਮੈਂ ਹੋਰਨਾਂ ਨੂੰ ਜ਼ਿੰਮੇਵਾਰ ਠਹਿਰਾਵਾਂ ਅਤੇ ਪਾਰਟੀ ਪ੍ਰਧਾਨ ਦੇ ਨਾਤੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰਾਂ।’’

ਰਾਹੁਲ ਦੇ ਸ਼ਬਦ ਪ੍ਰਭਾਵਸ਼ਾਲੀ ਹਨ ਪਰ ਇਨ੍ਹਾਂ ਦਾ ਮਤਲਬ ਕੀ ਹੈ? ਕੀ ਰਾਹੁਲ ਦੀ ਵਾਪਸੀ ਉਦੋਂ ਤਕ ਅਸਥਾਈ ਹੈ, ਜਦ ਤਕ ਉਹ ਸਾਰੇ ਲੋਕ ਅਸਤੀਫਾ ਨਹੀਂ ਦੇ ਦਿੰਦੇ, ਜਿਨ੍ਹਾਂ ਨੂੰ ਉਹ ਜ਼ਿੰਮੇਵਾਰ ਮੰਨਦੇ ਹਨ। 25 ਮਈ ਨੂੰ ਕਾਂਗਰਸ ਕਾਰਜ ਸਮਿਤੀ ਦੀ ਬੈਠਕ ਵਿਚ ਉਨ੍ਹਾਂ ਨੇ ਕੁਝ ਲੋਕਾਂ ਦੇ ਨਾਂ ਲਏ ਸਨ, ਜਿਨ੍ਹਾਂ ’ਚ ਕਮਲਨਾਥ, ਪੀ. ਚਿਦਾਂਬਰਮ ਅਤੇ ਅਸ਼ੋਕ ਗਹਿਲੋਤ ਸ਼ਾਮਿਲ ਹਨ। ਇਹ ਸਾਰੇ ਪਾਰਟੀ ਦੇ ਪੁਰਾਣੇ ਨੇਤਾ ਹਨ, ਜਿਨ੍ਹਾਂ ਬਾਰੇ ਰਾਹੁਲ ਮਹਿਸੂਸ ਕਰਦੇ ਹਨ ਕਿ ਇਹ ਲੋਕ ਉਨ੍ਹਾਂ ਦੀ ਸੱਤਾ ਨੂੰ ਪੂਰੀ ਤਰ੍ਹਾਂ ਨਹੀਂ ਮੰਨਦੇ।

ਕਾਮਰਾਜ ਪਲਾਨ 2.0?

ਸਵਾਲ ਬਰਕਰਾਰ ਹੈ, ਜਦ ਰਾਹੁਲ ਗਾਂਧੀ ਸਖਤ ਫੈਸਲਿਆਂ ਦੀ ਗੱਲ ਕਰਦੇ ਹਨ ਤਾਂ ਕੀ ਉਹ ਇਸ਼ਾਰਾ ਕਰਦੇ ਹਨ ਕਿ ਪੁਰਾਣੇ ਨੇਤਾਵਾਂ, ਜਿਨ੍ਹਾਂ ਵਿਚ ਜ਼ਿਆਦਾਤਰ ਸੀ. ਡਬਲਯੂ. ਸੀ. ਦੇ ਮੈਂਬਰ ਹਨ, ਨੂੰ ਅਸਤੀਫਾ ਦੇ ਦੇਣਾ ਚਾਹੀਦਾ? ਕਾਮਰਾਜ ਯੋਜਨਾ 2.0? ਫਿਰ ਕੀ ਹੋਵੇਗਾ? ਕੀ ਇਕ ਨੌਜਵਾਨ ਲੀਡਰਸ਼ਿਪ ਪਾਰਟੀ ਦੀ ਕਮਾਨ ਸੰਭਾਲੇਗੀ? ਰਾਹੁਲ ਨੇ ਆਪਣੇ ਪੱਤਰ ’ਚ ਕਾਂਗਰਸ ਵਿਚ ਬੁਨਿਆਦੀ ਤਬਦੀਲੀਆਂ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਪਾਰਟੀ ਜਨਤਾ ਦੀ ਆਵਾਜ਼ ਬਣ ਸਕੇ। ਕੀ ਉਹ ਖ਼ੁਦ ਬਦਲਾਅ ਦਾ ਹਿੱਸਾ ਬਣਨਗੇ? ਜਾਂ ਕੀ ਉਹ ਸਿਆਸਤ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿਣਾ ਚਾਹੁੰਦੇ ਹਨ?

ਅਸਲ ਵਿਚ ਰਾਹੁਲ ਦੇ ਅਸਤੀਫੇ ’ਚ ਕੁਝ ਗੱਲਾਂ ਅੰਦਰੂਨੀ ਲਾਭ ਵਾਲੀਆਂ ਹਨ। ਦੇਰ-ਸਵੇਰ ਉਨ੍ਹਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਅਤੇ ਆਪਣੀ ਭਵਿੱਖ ਦੀ ਯੋਜਨਾ ਬਾਰੇ ਦੱਸਣਾ ਪਵੇਗਾ। ਕੋਈ ਗਾਂਧੀ ਪਾਰਟੀ ਦੇ ਕਿਸੇ ਹੋਰ ਮੈਂਬਰ ਵਾਂਗ ਨਹੀਂ ਹੈ। ਉਹ ਪਾਰਟੀ ’ਚ ਹਮੇਸ਼ਾ ਤਾਕਤਵਰ ਸਥਿਤੀ ਵਿਚ ਰਹੇਗਾ ਅਤੇ ਉਸ ’ਚ ਨਵੇਂ ਪ੍ਰਧਾਨ ਦੀ ਕਾਟ ਕਰਨ ਦੀ ਸਮਰੱਥਾ ਹੋਵੇਗੀ। ਇਸ ਲਈ ਰਾਹੁਲ ਗਾਂਧੀ ਨੂੰ ਆਪਣੀ ਚੁੱਪੀ ਤੋੜਨੀ ਪਵੇਗੀ। ਕਾਂਗਰਸ ਪਾਰਟੀ ’ਚ ਇਸ ਸਮੇਂ ਜਿਸ ਤਰ੍ਹਾਂ ਦੀ ਉਧੇੜ੍ਹ-ਬੁਣ ਚੱਲ ਰਹੀ ਹੈ, ਅਜਿਹੀ ਹਾਲਤ ਵਿਚ ਇਹ ਕੰਮ ਜਿੰਨੀ ਛੇਤੀ ਹੋ ਜਾਵੇ, ਓਨਾ ਹੀ ਚੰਗਾ ਹੈ। ਪਾਰਟੀ ’ਚ ਸ਼ਸ਼ੋਪੰਜ ਅਤੇ ਉਤਸ਼ਾਹਹੀਣਤਾ ਦਾ ਸੰਕੇਤ ਉਸ ਸਮੇਂ ਮਿਲਿਆ, ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ ਪੇਸ਼ ਕਰਦੇ ਸਮੇਂ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਕੋਈ ਖਾਸ ਪ੍ਰਤੀਕਿਰਿਆ ਦੇਖਣ ਨੂੰ ਨਹੀਂ ਮਿਲੀ। ਇਥੋਂ ਤਕ ਕਿ ਜਦ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਐਲਾਨ ਕੀਤਾ ਗਿਆ ਤਾਂ ਉਸ ਸਮੇਂ ਵੀ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਜਤਾਈ। ਜੇ ਉਹ ਉਤਸ਼ਾਹਿਤ ਹੁੰਦੇ ਤਾਂ ਇਸ ਮੌਕੇ ’ਤੇ ਵਿਰੋਧ ਜ਼ਰੂਰ ਕਰਦੇ। ਵਿਰੋਧੀ ਧਿਰ ਵਲੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੌਗਤ ਰਾਏ ਹੀ ਇਕਲੌਤੇ ਸੰਸਦ ਮੈਂਬਰ ਸਨ, ਜਿਨ੍ਹਾਂ ਨੇ ਇਸ ਪ੍ਰਸਤਾਵ ’ਤੇ ਅਸਹਿਮਤੀ ਜਤਾਈ ਅਤੇ ਸੀਤਾਰਮਨ ਨੂੰ ਪੁੱਛਿਆ ਕਿ ਉਨ੍ਹਾਂ ਨੇ ਬਜਟ ’ਚ ਮੱਧਵਰਗ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਅਤੇ ਉਸ ਨੂੰ ਕੋਈ ਰਾਹਤ ਨਹੀਂ ਦਿੱਤੀ। (ਈ. ਟੀ.)
 

Bharat Thapa

This news is Content Editor Bharat Thapa