ਵਧਦੇ ਹੋਏ ਰੋਬੋਟ ਨਾਲ ਵਧ ਰਹੀ ਰੋਜ਼ਗਾਰ ਦੀ ਚੁਣੌਤੀ

08/06/2020 3:50:55 AM

ਡਾ. ਜਯੰਤੀਲਾਲ ਭੰਡਾਰੀ

ਜਿਵੇਂ-ਜਿਵੇਂ ਦੁਨੀਆ ’ਚ ਰੋਬੋਟਸ ਵਧਦੇ ਜਾ ਰਹੇ ਹਨ, ਤਿਵੇਂ-ਤਿਵੇਂ ਭਾਰਤ ਸਮੇਤ ਦੁਨੀਆ ਦੇ ਵੱਧ ਆਬਾਦੀ ਵਾਲੇ ਵਿਕਾਸਸ਼ੀਲ ਦੇਸ਼ਾਂ ’ਚ ਰੋਜ਼ਗਾਰ ਦੀਅਾਂ ਚਿੰਤਾਵਾਂ ਵਧਦੀਅਾਂ ਜਾ ਰਹੀਅਾਂ ਹਨ। ਅਜਿਹੀ ਹਾਲਤ ’ਚ ਦੁਨੀਆ ਭਰ ਦੇ ਲੋਕਾਂ ਵੱਲੋਂ ਪ੍ਰਸਿੱਧ ਲੇਖਕ ਮਾਰਟਿਨ ਫੋਰਡ ਦੀ ਕਿਤਾਬ ‘ਰੋਬੋਟਸ ਦਾ ਉਦੈ : ਟੈਕਨਾਲੋਜੀ ਅਤੇ ਰੋਜ਼ਗਾਰ ਵਿਹੂਣੇ ਭਵਿੱਖ ਦੇ ਖਤਰੇ’ ਨੂੰ ਬੜੀ ਗੰਭੀਰਤਾ ਨਾਲ ਪੜ੍ਹਿਆ ਜਾ ਰਿਹਾ ਹੈ। ਇਸ ਚਰਚਿਤ ਕਿਤਾਬ ’ਚ ਮਾਰਟਿਨ ਫੋਰਡ ਨੇ ਕਿਹਾ ਹੈ ਕਿ ਟੈਕਨਾਲੋਜੀ ਦੇ ਪ੍ਰਤੀਕ ਰੋਬੋਟਸ ਅੱਗੇ ਜਾ ਕੇ ਆਮ ਤਰ੍ਹਾਂ ਦੇ ਰੋਜ਼ਗਾਰ ਹਥਿਆ ਲੈਣਗੇ। ਸਥਿਤੀ ਇਹ ਹੈ ਕਿ ਰੋਬੋਟਸ ਕਾਰਨ 21ਵੀਂ ਸਦੀ ’ਚ ਵਿਸ਼ਵੀਕਰਨ ਅਤੇ ਯੰਤਰੀਕਰਨ ਦੇ ਵਿਸਤਾਰ ਨਾਲ ਸਦੀਅਾਂ ਤੋਂ ਚੱਲੀ ਆ ਰਹੀ ਮਨੁੱਖ ਦੀ ਬਲ ਅਤੇ ਬੁੱਧੀ ਦੀ ਸ੍ਰੇਸ਼ਠਤਾ ਖਤਮ ਹੋ ਜਾਣ ਦਾ ਖਤਰਾ ਮੰਡਰਾਉਣ ਲੱਗਾ ਹੈ।

ਦੁਨੀਆ ਦੀ ਅਰਥਵਿਵਸਥਾ ’ਚ ਰੋਬੋਟਸ ਦੀ ਅਹਿਮੀਅਤ ਕਿੰਨੀ ਵਧ ਗਈ ਹੈ, ਇਸ ਦਾ ਅੰਦਾਜ਼ਾ ਅਮਰੀਕਾ ਦੇ ਬੋਸਟਨ ਕੰਸਲਟਿਨ ਗਰੁੱਪ ਦੀ ਰਿਪੋਰਟ 2019 ਤੋਂ ਲਗਾਇਆ ਜਾ ਸਕਦਾ ਹੈ। ਇਸ ਰਿਪੋਰਟ ਅਨੁਸਾਰ ਰੋਬੋਟਸ ਦਾ ਵੈਸ਼ਵਿਕ ਬਾਜ਼ਾਰ ਛਲਾਂਗਾਂ ਮਾਰ ਕੇ ਵਧਦਾ ਜਾ ਰਿਹਾ ਹੈ। ਸਾਲ 2010 ’ਚ ਦੁਨੀਆ ਵਿਚ ਰੋਬੋਟਸ ਦਾ ਬਾਜ਼ਾਰ ਲੱਗਭਗ 15 ਅਰਬ ਡਾਲਰ ਮੁੱਲ ਦਾ ਸੀ। ਇਹ 2020 ’ਚ ਲੱਗਭਗ 43 ਅਰਬ ਡਾਲਰ ਦਾ ਹੋ ਗਿਆ ਹੈ ਅਤੇ ਅੰਦਾਜ਼ਾ ਹੈ ਕਿ 2025 ਤਕ 67 ਅਰਬ ਡਾਲਰ ਦਾ ਹੋ ਜਾਵੇਗਾ। ਇਸ ਸਮੇਂ ਦੁਨੀਆ ’ਚ ਸਭ ਤੋਂ ਵੱਧ ਕੰਮ ਕਰ ਰਹੇ ਰੋਬੋਟਸ, ਜਿਹੜੇ ਦੇਸ਼ਾਂ ਕੋਲ ਹਨ, ਉਨ੍ਹਾਂ ’ਚ ਚੀਨ, ਜਾਪਾਨ, ਅਮਰੀਕਾ, ਦੱਖਣੀ ਕੋਰੀਆ ਅਤੇ ਜਰਮਨੀ ਪ੍ਰਮੁੱਖ ਹਨ।

ਦੁਨੀਆ ’ਚ ਵੱਖ-ਵੱਖ ਤਰ੍ਹਾਂ ਦੇ ਰੋਬੋਟਸ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਆਮ ਤੌਰ ’ਤੇ ਰੋਬੋਟ ਦੋ ਤਰ੍ਹਾਂ ਦੇ ਹੁੰਦੇ ਹਨ-ਇੰਡਸਟ੍ਰੀਅਲ ਰੋਬੋਟ ਅਤੇ ਸਰਵਿਸ ਰੋਬੋਟ। ਇੰਡਸਟ੍ਰੀਅਲ ਰੋਬੋਟਸ ਉਦਯੋਗਿਕ ਅਤੇ ਕਾਰੋਬਾਰੀ ਇਕਾਈਅਾਂ ’ਚ ਕੰਮ ਕਰਦੇ ਹਨ, ਜਦਕਿ ਸਰਵਿਸ ਰੋਬੋਟਸ ਸਰਵਿਸ ਨਾਲ ਜੁੜੇ ਖੇਤਰਾਂ ’ਚ ਕੰਮ ਕਰਦੇ ਹਨ। ਸਰਵਿਸ ਰੋਬੋਟਸ ਦੇ ਤਹਿਤ ਪ੍ਰੋਫੈਸ਼ਨਲਜ਼ ਰੋਬੋਟ, ਡੋਮੈਸਟਿਕ ਸਰਵਿਸ ਰੋਬੋਟ, ਐਂਟਰਟੇਨਮੈਂਟ ਰੋਬੋਟ ਸ਼ਾਮਲ ਹੁੰਦੇ ਹਨ। ਇਨ੍ਹੀਂ ਦਿਨੀਂ ਕੋਵਿਡ-19 ਦੀਅਾਂ ਚੁਣੌਤੀਅਾਂ ਦਾ ਸਾਹਮਣਾ ਕਰ ਰਹੀ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਤੋਂ ਬਚਾਉਣ ਲਈ ਰੋਬੋਟਸ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਹਨ। ਜਾਪਾਨ ਦੀ ਸਾਫਟ ਬੈਂਕ ਕਾਰਪ ਵਰਗੀ ਦੁਨੀਆ ਦੀਅਾਂ ਕਈ ਕੰਪਨੀਅਾਂ ਮਨੁੱਖੀ ਦਿਮਾਗ ਦੀ ਤਰ੍ਹਾਂ ਕੰਮ ਕਰਨ ਵਾਲੇ ਰੋਬੋਟ ਵਿਕਸਿਤ ਕਰ ਰਹੀਆਂ ਹਨ।

ਦੁਨੀਆ ’ਚ ਰੋਬੋਟਸ ਦੀ ਵਧਦੀ ਹੋਈ ਗਿਣਤੀ ਦੇ ਮੱਦੇਨਜ਼ਰ ਪ੍ਰਸਿੱਧ ਵਰਲਡ ਰੋਬੋਟਿਕਸ 2019 ਦੀ ਐਗਜ਼ੀਕਿਊਟਿਵ ਸਮਰੀ ਮਹੱਤਵਪੂਰਨ ਹੈ। ਇਸ ਦੇ ਅਨੁਸਾਰ ਦੁਨੀਆ ’ਚ ਆਪ੍ਰੇਸ਼ਨਲ ਸਟਾਕ ’ਚ ਭਾਵ ਤਾਇਨਾਤ ਇੰਡਸਟ੍ਰੀਅਲ ਰੋਬੋਟਸ ਦੀ ਗਿਣਤੀ, ਜੋ 2018 ’ਚ ਲੱਗਭਗ 24 ਲੱਖ ਸੀ, ਇਹ 2022 ’ਚ ਵਧ ਕੇ ਲੱਗਭਗ 40 ਲੱਖ ਹੋਣ ਦਾ ਅੰਦਾਜ਼ਾ ਹੈ। ਇਹ ਗੱਲ ਵੀ ਮਹੱਤਵਪੂਰਨ ਹੈ ਕਿ ਇੰਡਸਟ੍ਰੀਅਲ ਰੋਬੋਟਸ ਚੀਨ ’ਚ ਸਭ ਤੋਂ ਵੱਧ ਹਨ। ਸਾਲ 2018 ’ਚ ਚੀਨ ਵਿਚ ਲੱਗਭਗ 6.5 ਲੱਖ ਇੰਡਸਟ੍ਰੀਅਲ ਰੋਬੋਟਸ ਦਾ ਸਟਾਕ ਸੀ। ਚੀਨ ’ਚ ਹਰੇਕ 10 ਹਜ਼ਾਰ ਮੁਲਾਜ਼ਮਾਂ ’ਤੇ 732 ਰੋਬੋਟਸ ਕੰਮ ਕਰ ਰਹੇ ਹਨ। ਦੁਨੀਆ ’ਚ ਸਾਲ 2018 ਵਿਚ 4.20 ਲੱਖ ਇੰਡਸਟ੍ਰੀਅਲ ਰੋਬੋਟਸ ਵਿਕੇ ਸਨ, ਇਹ ਗਿਣਤੀ ਸਾਲ 2022 ਤਕ ਵਧ ਕੇ ਲੱਗਭਗ 5.83 ਲੱਖ ਹੋਣ ਦਾ ਅੰਦਾਜ਼ਾ ਹੈ। ਸਭ ਤੋਂ ਵੱਧ ਇੰਡਸਟ੍ਰੀਅਲ ਰੋਬੋਟ ਆਟੋਮੋਬਾਇਲ ਇੰਡਸਟਰੀ ’ਚ ਹਨ। ਇਸ ਤੋਂ ਬਾਅਦ ਇਲੈਕਟ੍ਰਿਕ ਅਤੇ ਇਲੈਕਟ੍ਰਾਨਿਕਸ ਖੇਤਰ ’ਚ ਹਨ।

ਸਾਡੇ ਦੇਸ਼ ’ਚ ਰੋਬੋਟਸ ਦੀ ਗਿਣਤੀ ਦੇ ਮੱਦੇਨਜ਼ਰ ਇੰਟਰਨੈਸ਼ਨਲ ਫੈੱਡਰੇਸ਼ਨ ਆਫ ਰੋਬੋਟਿਕਸ 2019 ਦੀ ਰਿਪੋਰਟ ਵਰਣਨਯੋਗ ਹੈ। ਇਸ ਦੇ ਅਨੁਸਾਰ ਭਾਰਤ ’ਚ 2018 ’ਚ ਲੱਗਭਗ 23 ਹਜ਼ਾਰ ਇੰਡਸਟ੍ਰੀਅਲ ਰੋਬੋਟਸ ਕੰਮ ਕਰ ਰਹੇ ਸਨ। ਪੂਰੀ ਦੁਨੀਆ ’ਚ ਇੰਡਸਟ੍ਰੀਅਲ ਰੋਬੋਟਸ ਦੇ ਮਾਮਲੇ ’ਚ ਭਾਰਤ 11ਵੇਂ ਸਥਾਨ ’ਤੇ ਹੈ। ਭਾਰਤ ਵਿਚ 2018 ’ਚ ਲੱਗਭਗ 4771 ਰੋਬੋਟ ਲਾਏ ਗਏ ਸਨ। ਇਹ ਗਿਣਤੀ 2020 ਦੇ ਅਖੀਰ ਤਕ 6 ਹਜ਼ਾਰ ਹੋਣ ਦੀ ਸੰਭਾਵਨਾ ਦੱਸੀ ਗਈ ਹੈ।

ਭਾਰਤ ’ਚ ਰੋਬੋਟਸ ਦਾ ਬਾਜ਼ਾਰ ਸਾਲ 2012 ਤੋਂ ਬਾਅਦ ਤੇਜ਼ੀ ਨਾਲ ਵਧਿਆ ਹੈ। ਭਾਰਤ ’ਚ ਉਦਯੋਗਿਕ ਸੈਕਟਰ ’ਚ ਹਰ 10 ਹਜ਼ਾਰ ਕਰਮਚਾਰੀਅਾਂ ’ਤੇ 4 ਰੋਬੋਟ ਕੰਮ ਕਰ ਰਹੇ ਹਨ। ਜੇਕਰ ਅਸੀਂ ਭਾਰਤ ’ਚ ਰੋਬੋਟ ਤਾਇਨਾਤੀ ਦਾ ਝਰੋਖਾ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਦੇਸ਼ ’ਚ ਵਾਹਨ ਉਦਯੋਗ ’ਚ ਰੋਬੋਟਸ ਦੀ ਗਿਣਤੀ ਸਭ ਤੋਂ ਵੱਧ ਹੈ।

ਨਿਸ਼ਚਿਤ ਤੌਰ ’ਤੇ ਕੋਵਿਡ-19 ਤੋਂ ਬਾਅਦ ਖਪਤਕਾਰਾਂ ਦੀ ਪਹਿਲਕਦਮੀ ’ਚ ਰੋਬੋਟ ਦੀ ਅਹਿਮੀਅਤ ਹੋਰ ਵਧੇਗੀ। ਜਿਥੇ ਇਕ ਪਾਸੇ ਰੋਬੋਟ ਵਿਸ਼ਵ ਪੱਧਰੀ ਅਰਥਵਿਵਸਥਾ ਦਾ ਇਕ ਅਹਿਮ ਹਿੱਸਾ ਹੋ ਜਾਣਗੇ ਅਤੇ ਜਿਹੜੇ ਦੇਸ਼ਾਂ ’ਚ ਕਾਰਜਸ਼ੀਲ ਨੌਜਵਾਨਾਂ ਦੀ ਘਾਟ ਹੈ, ਉਨ੍ਹਾਂ ਦੇਸ਼ਾਂ ’ਚ ਰੋਬੋਟ ਬਹੁਤ ਜ਼ਿਆਦਾ ਲਾਭਦਾਇਕ ਹੋਣਗੇ ਪਰ ਉਥੇ ਹੀ ਦੂਸਰੇ ਪਾਸੇ ਜਿਹੜੇ ਦੇਸ਼ਾਂ ’ਚ ਆਬਾਦੀ ਵੱਧ ਹੈ ਅਤੇ ਕਾਰਜਸ਼ੀਲ ਨੌਜਵਾਨਾਂ ਦੀ ਭਰਮਾਰ ਹੈ, ਉਨ੍ਹਾਂ ਦੇਸ਼ਾਂ ’ਚ ਰੋਬੋਟ ਦੇ ਵਧਣ ਨਾਲ ਰੋਜ਼ਗਾਰ ਤੇ ਨੌਕਰੀਅਾਂ ਜਾਣ ਦੀਅਾਂ ਚਿੰਤਾਵਾਂ ਵਧਣਗੀਅਾਂ। ਆਰਥਿਕ ਮਾਮਲਿਅਾਂ ’ਚ ਖੋਜ ਕਰਨ ਵਾਲੀ ਦੁਨੀਆ ਦੀ ਪ੍ਰਸਿੱਧ ਫਰਮ ਆਕਸਫੋਰਡ ਇਕੋਨਾਮਿਕਸ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ 2030 ਤਕ ਰੋਬੋਟਸ 2 ਕਰੋੜ ਲੋਕਾਂ ਦੀਅਾਂ ਨੌਕਰੀਅਾਂ ਖੋਹ ਸਕਦੇ ਹਨ।

ਰੋਬੋਟਸ ਦੇ ਵਧਣ ਨਾਲ ਡਾਟਾ ਐਂਟਰੀ ਕਲਰਕ, ਫੈਕਟਰੀ ਮਜ਼ਦੂਰ, ਬਿਜ਼ਨੈੱਸ, ਸਰਵਿਸ ਐਂਡ ਐਡਮਨਿਸਟ੍ਰੇਸ਼ਨ ਮੈਨੇਜਰ, ਅਕਾਊਂਟੈਂਟ, ਜਨਰਲ ਆਪ੍ਰੇਸ਼ਨ ਮੈਨੇਜਰ, ਸਟਾਕ ਕੀਪਿੰਗ ਕਲਰਕ, ਡਾਕ ਸੇਵਾ ਕਲਰਕ, ਵਿੱਤੀ ਸਮੀਖਿਅਕ, ਕੈਸ਼ੀਅਰ ਤੇ ਟਿਕਟ ਕਲਰਕ, ਬਿਜਲੀ ਮਕੈਨਿਕ ਤੇ ਟੈਲੀਕਾਮ ਰਿਪੇਅਰ ਸੇਵਾ ਬੈਂਕ ਕਲਰਕ, ਵੈਨ ਅਤੇ ਮੋਟਰਸਾਈਕਲ ਡਰਾਈਵਰ, ਏਜੰਟ ਤੇ ਬ੍ਰੋਕਰ, ਘਰ-ਘਰ ਸਾਮਾਨ ਵੇਚਣ ਦਾ ਕੰਮ, ਵਕੀਲ, ਬੀਮਾ ਕਲਰਕ, ਵੈਂਡਰ ਸਰਵਿਸ ਵਰਗੇ ਸੈਕਟਰ ’ਚ ਨੌਕਰੀਅਾਂ ਘੱਟ ਹੋਣਗੀਅਾਂ।

ਬਿਨਾਂ ਸ਼ੱਕ ਰੋਬੋਟਸ ਜਿੰਨੇ ਫਾਇਦੇਮੰਦ ਹਨ, ਉਸ ਤੋਂ ਵੱਧ ਰੋਬੋਟਸ ਨਾਲ ਖਤਰਿਅਾਂ ਦੇ ਖਦਸ਼ੇ ਵੀ ਹਨ। ਬੇਸ਼ੱਕ ਰੋਬੋਟਸ ਨਾਲ ਹੋਣ ਵਾਲੀਅਾਂ ਰੋਜ਼ਗਾਰ ਸਬੰਧੀ ਚੁਣੌਤੀਅਾਂ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀ ਸਿਖਲਾਈ ਦੇ ਆਧਾਰ ’ਤੇ ਨਜਿੱਠਿਆ ਜਾ ਸਕੇਗਾ ਪਰ ਰੋਬੋਟਸ ਦੀ ਦੁਰਵਰਤੋਂ ਸਬੰਧੀ ਵੱਡੇ ਪੱਧਰ ਨਾਲ ਨਜਿੱਠਣਾ ਚੁਣੌਤੀਪੂਰਨ ਹੋਵੇਗਾ। ਇਸ ਲਈ ਹੁਣ ਨਵੇਂ-ਨਵੇਂ ਬਹੁਮਕਸਦੀ ਵਰਤੋਂ ਵਾਲੇ ਰੋੋਬੋਟਸ ਦਾ ਅੰਨ੍ਹੇਵਾਹ ਨਿਰਮਾਣ ਮਨੁੱਖ ਜਾਤੀ ਲਈ ਚੁਣੌਤੀਪੂਰਨ ਹੁੰਦਾ ਜਾ ਰਿਹਾ ਹੈ।

ਜਿਥੇ ਮਨੁੱਖ ਦੀ ਥਾਂ ਰੋਬੋਟਸ ਨੂੰ ਬਹੁਤ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ, ਉਥੇ ਹੀ ਮਨੁੱਖੀ ਭਾਵਨਾਵਾਂ ਘੱਟ ਹੁੰਦੀਅਾਂ ਜਾ ਰਹੀਅਾਂ ਹਨ ਅਤੇ ਚਿੰਤਾਵਾਂ ਅਤੇ ਨਿਰਾਸ਼ਾ ਵਧਦੀ ਜਾ ਰਹੀ ਹੈ। ਅਜਿਹੀ ਹਾਲਤ ’ਚ ਰੋਬੋਟ ਬਨਾਮ ਮਨੁੱਖ ਦੀ ਨਵੀਂ ਲੜਾਈ ਦਾ ਤਬਾਹਕੁੰਨ ਦ੍ਰਿਸ਼ ਵੀ ਉੱਭਰ ਕੇ ਸਾਹਮਣੇ ਆ ਸਕਦਾ ਹੈ। ਇੰਨਾ ਹੀ ਨਹੀਂ, ਕੋਈ ਸਿਆਣਾ ਰੋਬੋਟ ਜੇਕਰ ਕਿਸੇ ਹਾਲਾਤ ’ਚ ਮਨੁੱਖ ਨੂੰ ਆਪਣਾ ਦੁਸ਼ਮਣ ਮੰਨਣ ਲੱਗ ਜਾਵੇਗਾ ਤਾਂ ਇਸ ਨਾਲ ਸਮੁੱਚੀ ਮਨੁੱਖਤਾ ਲਈ ਖਤਰਾ ਪੈਦਾ ਹੋ ਸਕਦਾ ਹੈ। ਅਜਿਹੀ ਹਾਲਤ ’ਚ ਹਮੇਸ਼ਾ ਇਹ ਧਿਆਨ ਰੱਖਿਆ ਜਾਣਾ ਹੋਵੇਗਾ ਕਿ ਰੋਬੋਟ ਤੇ ਮਨੁੱਖ ਦਾ ਕੰਟਰੋਲ ਹਰ ਸੰਭਵ ਤਰੀਕੇ ਨਾਲ ਬਣਿਆ ਰਹੇਗਾ।

(ਲੇਖਕ ਪ੍ਰਸਿੱਧ ਅਰਥ ਸ਼ਾਸਤਰੀ ਹਨ)\\\

Bharat Thapa

This news is Content Editor Bharat Thapa