ਜਾਤੀ ਦੀ ਦੀਵਾਰ ਜੋ ਹਿੰਦੂਆਂ ਨੂੰ ਤੋੜੇਗੀ

12/06/2019 2:07:34 AM

ਤਰੁਣ ਵਿਜੇ

ਅਸੀਂ ਇਹ ਉਦਾਹਰਣ ਦਿੰਦੇ ਨਹੀਂ ਥੱਕਦੇ ਕਿ ਸ਼੍ਰੀ ਰਾਮ ਨੇ ਸਮਾਜ ’ਚ ਬਰਾਬਰੀ ਸਥਾਪਿਤ ਕੀਤੀ, ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਛਬਰੀ ਦੇ ਜੂਠੇ ਬੇਰ ਖਾਧੇ, ਜਟਾਯੂ ਰਾਜ ਦੇ ਨਾਲ ਪ੍ਰੇਮ ਕੀਤਾ, ਹਨੂਮਾਨ ਨੂੰ ਗਲੇ ਲਗਾਇਆ ਪਰ ਸ਼੍ਰੀ ਰਾਮ ਦੇ ਉਪਾਸਕ ਇਹ ਗੱਲ ਭੁੱਲ ਜਾਂਦੇ ਹਨ ਕਿ ਅੱਜ ਜੇਕਰ ਹਿੰਦੂਆਂ ਨੂੰ ਸਭ ਤੋਂ ਵੱਡਾ ਖਤਰਾ ਅਤੇ ਸ਼੍ਰੀ ਰਾਮ ਨਾਮ ਦੀ ਸਭ ਤੋਂ ਵੱਡੀ ਉਲੰਘਣਾ ਜੇਕਰ ਕਿਸੇ ਰੂਪ ਵਿਚ ਹੋ ਰਹੀ ਹੈ ਤਾਂ ਉਹ ਹੈ ਹਿੰਦੂ ਸਮਾਜ ਦੇ ਹੀ ਅਨਿੱਖੜਵੇਂ ਅੰਗ-ਖੂਨ ਦੇ ਭਰਾ, ਜਿਨ੍ਹਾਂ ਨੂੰ ਦਲਿਤ ਅਤੇ ਅਨੁਸੂਚਿਤ ਜਾਤੀ ਦਾ ਵੀ ਕਹਿੰਦੇ ਹਨ, ਦੇ ਨਾਲ ਭਿਆਨਕ ਗੈਰ-ਮਨੁੱਖੀ, ਬੇਇਨਸਾਫੀ ਅਤੇ ਉਨ੍ਹਾਂ ’ਤੇ ਅੱਤਿਆਚਾਰ । ਇਕ ਸਮਾਂ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਹਿੰਦੂਆਂ ’ਤੇ ਹੋ ਰਹੇ ਜ਼ੁਲਮ ’ਤੇ ਮੁਗਲ ਸਲਤਨਤ ਨੂੰ ਚੁਣੌਤੀ ਦਿੱਤੀ ਸੀ ਪਰ ਅੱਜ ਦੁਖੀ, ਦਲਿਤ, ਪੀੜਤ ਸਮਾਜ ਸਰਕਾਰੀ ਵਿਭਾਗਾਂ ਅਤੇ ਨੇਤਾਵਾਂ ਦੇ ਬੇਰਹਿਮ ਮਗਰਮੱਛ ਦੇ ਹੰਝੂਆਂ ਦੇ ਭਰੋਸੇ ਤੜਫਦਾ ਰਹਿੰਦਾ ਹੈ ਪਰ ਉਨ੍ਹਾਂ ਦੇ ਅਥਾਹ ਦੁੱਖਾਂ ਦਾ ਅੰਤ ਨੇੜੇ ਨਹੀਂ ਦਿਸਦਾ।

ਪੰਜਾਬ ਦੇ ਸੰਗਰੂਰ ਜ਼ਿਲੇ ’ਚ ਚੰਗਾਲੀ ਵਾਲਾ ਪਿੰਡ ’ਚ ਅਨੁਸੂਚਿਤ ਜਾਤੀ ਦੇ 37 ਸਾਲਾ ਨੌਜਵਾਨ ਜਗਮੇਲ ਸਿੰਘ ਨਾਲ ਜੋ ਕਹਿਰ ਹੋਇਆ ਉਹ ਆਈ. ਐੱਸ.ਆਈ.ਐੱਸ. ਦੇ ਜ਼ਾਲਮ ਇਸਲਾਮਵਾਦੀਆਂ ਨੂੰ ਵੀ ਸ਼ਰਮਿੰਦਾ ਕਰ ਸਕਦਾ ਹੈ। ਸਿਰਫ 200 ਰੁਪਏ ਦੇ ਕੁਝ ਝਗੜੇ ਕਾਰਣ ਜਗਮੇਲ ਨੂੰ ਚੁੱਕ ਲਿਆ ਗਿਆ, ਉਸ ਨੂੰ ਖੰਭੇ ਨਾਲ ਬੰਨ੍ਹ ਕੇ ਸਰੀਏ ਨਾਲ ਕੁੱਟਿਆ ਗਿਆ, ਪਲਾਸ ਨਾਲ ਉਸ ਦੀਆਂ ਲੱਤਾਂ ਅਤੇ ਪੱਟਾਂ ’ਚੋਂ ਮਾਸ ਨੋਚਿਆ ਗਿਆ, ਉਸ ਦੇ ਨਹੁੰ ਪਲਾਸ ਨਾਲ ਕੱਢੇ ਗਏ ਅਤੇ ਕਿੰਨਾ ਦਰਦਨਾਕ ਤਸ਼ੱਦਦ ਕੀਤਾ ਗਿਆ ਕਿ ਨਾ ਸ਼ਬਦ ਮਿਲਦੇ ਹਨ ਅਤੇ ਨਾ ਉਹ ਸਭ ਸੁਣਨ ਦੀ ਕਿਸੇ ਸੰਵੇਦਨਸ਼ੀਲ ਵਿਅਕਤੀ ’ਚ ਸਮਰੱਥਾ ਹੀ ਹੋਵੇਗੀ। ਉਸਦੀ ਸਹਾਇਤਾ ਲਈ ਕੋਈ ਨਹੀਂ ਆਇਆ। ਉਸਨੂੰ ਪੁਲਸ ਅਤੇ ਸਥਾਨਕ ਡਾਕਟਰਾਂ ਨੇ ਵੀ ਸਹਾਇਤਾ ਨਹੀਂ ਦਿੱਤੀ, ਅਖੀਰ ਉਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ.’ਚ ਦਾਖਲ ਕਰਾਇਆ ਗਿਆ, ਉਥੇ ਉਸ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ , ਫਿਰ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਤੇ ਹੁਣ ਕੀ ਹੋਵੇਗਾ? ਕੁਝ ਜਾਂਚ ਵਗੈਰਾ ਹੋਈ। ਉਸਦੇ ਪਰਿਵਾਰ ਨੂੰ ਚੁੱਪ ਕਰਵਾਉਣ ਲਈ ਪੈਸੇ ਵੀ ਦਿੱਤੇ ਜਾਣਗੇ, ਸ਼ਾਇਦ ਕੁਝ ਵੱਡੀ ਰਕਮ ਵੀ ਦਿੱਤੀ ਗਈ। ਕੁਝ ਲੋਕਾਂ ਨੂੰ ਫਿਲਹਾਲ ਸਖਤ ਨਿਯਮਾਂ ਦੇ ਤਹਿਤ ਫੜਿਆ ਵੀ ਜਾਵੇਗਾ ਅਤੇ ਅਜਿਹੀ ਅਗਲੀ ਘਟਨਾ ਹੋਣ ਤਕ ਸਾਰਾ ਮਾਮਲਾ ਖਤਮ ਹੋ ਜਾਵੇਗਾ। ਦਲਿਤਾਂ ਨੂੰ ਭਰੋਸਾ ਨਹੀਂ ਹੈ ਕਿ ਜੋ ਲੋਕ ਖ਼ੁਦ ਨੂੰ ਉੱਚੀ ਜਾਤੀ ਦਾ ਕਹਿੰਦੇ ਹਨ, ਉਹ ਉਨ੍ਹਾਂ ਨਾਲ ਨਿਆਂ ਕਰਨਗੇ। ਅਜਿਹੇ ਲੋਕ ਹਰ ਥਾਂ ਪੁਲਸ, ਨਿਆਂ ਪਾਲਿਕਾ, ਸ਼ਾਸਨ-ਪ੍ਰਸ਼ਾਸਨ, ਉਹੀ ਲੋਕ ਹਨ ਜੋ ਆਪਣੇ ਭਾਸ਼ਣਾਂ ’ਚ ਦਲਿਤਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ, ਬਹੁਤ ਕੁਝ ਕਹਿੰਦੇ ਹਨ, ਅਕਸਰ ਭਾਸ਼ਣ ਦਿੰਦਿਆਂ ਭਾਵੁਕ ਵੀ ਹੋ ਜਾਂਦੇ ਹਨ ਪਰ ਮਾਮਲਾ ਉਥੇ ਦਾ ਉਥੇ ਹੀ ਰਹਿੰਦਾ ਹੈ ਕਿਉਂਕਿ ਵੱਡੀ ਜਾਤੀ ਵਾਲਿਆਂ ਦੇ ਸੰਮੇਲਨਾਂ ’ਚ ਬਰਾਬਰੀ ਦੀਆਂ ਗੱਲਾਂ ਕਹਿੰਦਿਆਂ ਹੋਇਆਂ ਵੱਡੀ ਜਾਤੀ ਵਾਲਿਆਂ ਦੀਆਂ ਤਾੜੀਆਂ ਬਟੋਰਦੇ ਹਨ ਅਤੇ ਵੱਡੀ ਜਾਤੀ ਦੀਆਂ ਮੀਡੀਆ ’ਚ ਫੋਟੋਆਂ ਛਪਵਾ ਲੈਂਦੇ ਹਨ।

ਦਲਿਤਾਂ ’ਚ ਵੀ ਏਕਤਾ ਦੀ ਘਾਟ ਹੈ। ਹੁਣ ਕੋਈ ਅੰਬੇਡਕਰ ਨਹੀਂ, ਜੋ ਨਿਰਸੁਆਰਥ ਭਾਵਨਾ ਨਾਲ ਉਨ੍ਹਾਂ ਦੀ ਵੇਦਨਾ ਨੂੰ ਲੈ ਕੇ ਚੱਲੇ ਅਤੇ ਉਸ ਨੂੰ ਸਿਆਸੀ ਸੌਦੇਬਾਜ਼ੀ ਦੀ ਦੁਕਾਨਦਾਰੀ ਦਾ ਹਿੱਸਾ ਨਾ ਬਣਾਵੇ। ਜੋ ਅਨੁਸੂਚਿਤ ਜਾਤੀ ਦੇ ਮਹਾਪੁਰਸ਼ ਚੋਣ ਜਿੱਤਦੇ ਹਨ, ਉਨ੍ਹਾਂ ਨੂੰ ਆਪਣੀ ਅਗਲੀ ਟਿਕਟ ਲਈ ਉਨ੍ਹਾਂ ਲੋਕਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ, ਜੋ ਵੱਡੀ ਜਾਤੀ ਦੇ ਹੰਕਾਰ ਵਾਲੇ ਹਿੱਸੇ ਨਾਲ ਜੁੜੇ ਹੁੰਦੇ ਹਨ। ਅੰਬੇੇਡਕਰ ਦਾ ਨਾਂ ਲੈਣਾ ਫੈਸ਼ਨ ਹੈ ਪਰ ਅੰਬੇਡਕਰ ਦਾ ਨਾਂ ਲੈਣ ਵਾਲੇ ਵੀ ਉਸ ਸਾਵਰਕਰ ਅਤੇ ਵਿਵੇਕਾਨੰਦ ਨੂੰ ਭੁੱਲ ਜਾਂਦੇ ਹਨ, ਜਿਨ੍ਹਾਂ ਨੇ ਅਖੌਤੀ ਉੱਚ ਜਾਤੀ ਦੇ ਸਮਾਜ ਨੂੰ ਜਾਤੀ ਵਿਤਕਰੇ ਲਈ ਫਿਟਕਾਰਿਆ ਸੀ, ਲਿਤਾੜਿਆ ਸੀ ਅਤੇ ਅੰਨ੍ਹੇ ਕਰਮਕਾਂਡ ਵਿਰੁੱਧ ਨਿਡਰ ਹੋ ਕੇ ਆਵਾਜ਼ ਉਠਾਈ ਸੀ।

ਅੱਜ ਮੀਡੀਆ ਦੇ ਕੁਝ ਹਿੱਸਿਆਂ ’ਚ ਵੀ ਲੱਗਭਗ ਹਰ ਪਾਸੇ ਫੈਲੇ ਜਾਤੀਵਾਦ ਅਤੇ ਉਸ ’ਤੇ ਵੀ ਵੱਡੀ ਜਾਤੀ ਦਾ ਗਲਬਾ ਹੈ। ਜਗਮੇਲ ਸਿੰਘ ਵਰਗੇ ਰੌਂਗਟੇ ਖੜ੍ਹੇ ਕਰਨ ਵਾਲੇ ਭਿਆਨਕ ਘਟਨਾਕ੍ਰਮ ਨੂੰ ਹੁਣ ਉੱਚੇ ਪੱਧਰ ’ਤੇ ਨਹੀਂ ਉਠਾਉਂਦੇ। ਰੋਜ਼ਾਨਾ ਦੀਆਂ ਘਟਨਾਵਾਂ ’ਚ ਰੋੜ੍ਹ ਦਿੱਤੇ ਜਾਂਦੇ ਹਨ।

ਇਨ੍ਹਾਂ ਲਾਈਨਾਂ ਨੂੰ ਲਿਖਦੇ ਸਮੇਂ ਮੈਂ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਸ਼੍ਰੀ ਰਮਾਸ਼ੰਕਰ ਕਠੇਰੀਆ ਨੂੰ ਮਿਲਿਆ। ਉਹ ਸਾਬਕਾ ਸੰੰਸਦ ਮੈਂਬਰ ਹਨ, ਸੰਵੇਦਨਸ਼ੀਲ ਹਨ, ‘‘ ਮੈਂ ਕਿਹਾ ਕਿੱਥੇ ਜਾ ਰਹੇ ਹੋ ਭਾਈ ਜੀ?,‘‘ਤਾਮਿਲਨਾਡੂ ਜਾ ਰਿਹਾ ਹਾਂ, ਉਥੇ ਇਕ ਕੰਧ ਡਿੱਗਣ ਨਾਲ 17 ਦਲਿਤ ਮਾਰੇ ਗਏ ਹਨ।’’ 17 ਦਲਿਤਾਂ ਦਾ ਮਾਰਿਆ ਜਾਣਾ ਇਸ ਦੇਸ਼ ਲਈ ਸਿਰਫ ਇਕ ਰੋਜ਼ਨਾਮਚੇ ਅਤੇ ਇਕ ਜਾਂਚ ਦਾ ਰੋਜ਼ਾਨਾ ਹੋਣ ਵਾਲਾ ਮਾਮਲਾ ਹੈ। ਇਕ-ਅੱਧਾ ਕੋਈ ਮੀਡੀਆ ਚੈਨਲ ਇਸ ਖਬਰ ਨੂੰ ਕੁਝ ਹੋਰ ਮਸਾਲਾ ਲਾ ਕੇ ਪ੍ਰਸਾਰਿਤ ਕਰ ਦੇਵੇਗਾ ਪਰ ਕੁਝ ਹੋਰ ਬਹੁਤ ਸਾਰੇ ਸਿਆਸੀ ਮੁੱਦੇ ਹਨ, ਜੋ ਇਨ੍ਹਾਂ 17 ਲੋਕਾਂ ਦੀ ਜਾਤੀ ਵਿਤਕਰੇ ਕਾਰਣ ਨਿਯੋਜਿਤ ਕੀਤੀ ਗਈ ਕੰਧ ਹੱਤਿਆ ’ਤੇ ਛਾ ਜਾਣਗੇ । ਚੋਣਾਂ ਹਨ, ਕੁਝ ਹੋ ਗਈਆਂ ਹਨ, ਕੁਝ ਹੋਣ ਵਾਲੀਆਂ ਹਨ, ਸੁਰੱਖਿਆ, ਅੱਤਵਾਦ, ਮੰਦਰ, ਹਿੰਦੂਆਂ ’ਤੇ ਹਮਲੇ, ਅੰਦਰੂਨੀ ਸੁਰੱਖਿਆ, ਅਰਥਵਿਵਸਥਾ, ਘਟਦੀ-ਵਧਦੀ ਸਮੁੱਚੀ ਘਰੇਲੂ ਆਮਦਨ ਅਤੇ ਆਰਥਿਕ ਵਿਕਾਸ ਦੀ ਦਰ, ਸੈਰ-ਸਪਾਟਾ ਆਦਿ।

ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਿਸੇ ਜ਼ੁਲਮ ਕਾਰਣ ਮਰਨਾ ਜਾਂ ਉਨ੍ਹਾਂ ਨਾਲ ਬੇਇਨਸਾਫੀ ਹੋਣਾ, ਇਹ ਇੰਨਾ ਆਮ ਅਤੇ ਨਿਯਮਿਤ ਹੋਣ ਵਾਲਾ ਅਤੇ ਲੱਗਭਗ ਪ੍ਰਵਾਨ ਹੋਣ ਚੁੱਕਾ ਵਿਸ਼ਾ ਬਣ ਚੁੱਕਾ ਹੈ ਕਿ ਹੁਣ ਇਸ ’ਤੇ ਕਿਸੇ ਸੰਤ- ਮਹਾਤਮਾ ਨੂੰ, ‘ਹਿੰਦੂ ਧਰਮ ਖਤਰੇ ’ਚ ਹੈ’ ਅਜਿਹਾ ਲੱਗਦਾ ਨਹੀਂ। ਕਿਸੇ ਨੂੰ ਲੱਗਦਾ ਨਹੀਂ ਕਿ ਜੋ ਹਿੰਦੂ ਧਰਮ ਦੇ ਅੰਦਰ ਹੀ ਜਿਊਣ ਅਤੇ ਮਰਨ ਦੀ ਹਿੰਮਤ ਦਿਖਾਉਂਦੇ ਹੋਏ ਗੁੱਸੇ ਅਤੇ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨਾਲ ਹਮਦਰਦੀ, ਰਾਹਤ ਅਤੇ ਆਪਣੇਪਣ ਦਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ।

25-30 ਹਜ਼ਾਰ ਕਰੋੜ ਦੀ ਲਾਗਤ ਨਾਲ ਅਯੁੱਧਿਆ ’ਚ ਰਾਮ ਮੰਦਰ ਵੀ ਬਣ ਜਾਵੇਗਾ, ਕਰੋੜਾਂ ਸ਼ਰਧਾਲੂ ਉਥੇ ਆਉਣਗੇ ਵੀ ਪਰ ਇਹ ਉਸ ਹਿੰਦੂ ਸਮਾਜ ’ਚ ਵੀ ਹੋਵੇਗਾ, ਜਿਸ ਦੀ ਨੀਂਹ ਜਾਤੀਗਤ ਵਿਤਕਰੇ, ਆਪਣੇ ਹੀ ਬੱਚਿਆਂ ਨੂੰ ਜਾਤੀ ਵਿਤਕਰੇ ਕਾਰਣ ਵਿਆਹ ਤੋਂ ਮਨ੍ਹਾ ਕਰਨ ’ਤੇ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਦੀ ਭਿਆਨਕਤਾ ਅਤੇ ਜਗਮੇਲ ਸਿੰਘ ਅਤੇ ਮੇਟੂਪਲਯਮ (ਕੋਇੰਬਟੂਰ) ’ਚ ਜਾਤੀ ਦੀ ਕੰਧ ਹੇਠਾਂ ਦੱਬ ਕੇ ਮਰੇ 17 ਹਿੰਦੂ ਅਨੁਸੂਚਿਤ ਜਾਤੀ ਵਾਲਿਆਂ ਦੀ ਚੀਕ-ਪੁਕਾਰ ਤੋਂ ਅਸ਼ਾਂਤ ਹੈ।

(tarunvijay2@yahoo.com)


Bharat Thapa

Content Editor

Related News