ਚੰਡੀਗੜ੍ਹ ’ਚ ‘ਆਪ’ ਦਾ ਜਲਵਾ

12/29/2021 3:30:42 AM

ਡਾ. ਵੇਦਪ੍ਰਤਾਪ ਵੈਦਿਕ
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਨੂੰ ਮਿਲੀਆਂ ਸੀਟਾਂ ਨੇ ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਇਕ ਧੱਕਾ ਜਿਹਾ ਮਾਰਿਆ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸੀ ਆਸ ਕਰ ਰਹੇ ਸਨ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਸੀਟਾਂ ਮਿਲਣਗੀਆਂ ਅਤੇ ਮੇਅਰ ਉਨ੍ਹਾਂ ਦਾ ਹੀ ਬਣੇਗਾ। ਅਜਿਹਾ ਉਹ ਇਸ ਲਈ ਵੀ ਸੋਚ ਰਹੇ ਸਨ ਕਿ ਕਿਸਾਨ ਅੰਦੋਲਨ ਦੇ ਕਾਰਨ ਭਾਜਪਾ ਦੀਆਂ ਵੋਟਾਂ ਤਾਂ ਕੱਟਣਗੀਆਂ ਹੀ, ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣ ਜਾਣ ਦੇ ਕਾਰਨ ਅਨੁਸੂਚਿਤ ਜਾਤੀ ਦੀਆਂ ਸੀਟਾਂ ਤਾਂ ਪੱਕੀਆਂ-ਪਕਾਈਆਂ ਮਿਲ ਹੀ ਜਾਣਗੀਆਂ। ਕਾਂਗਰਸ ਨੂੰ 2016 ’ਚ 4 ਸੀਟਾਂ ਮਿਲੀਆਂ ਸਨ । ਉਹ 8 ਜ਼ਰੂਰ ਹੋ ਗਈਆਂ ਪਰ ਉਨ੍ਹਾਂ ਦਾ ਵੋਟ 38 ਫੀਸਦੀ ਤੋਂ ਘੱਟ ਕੇ 29 ਫੀਸਦੀ ਰਹਿ ਗਿਆ।

ਇਸੇ ਤਰ੍ਹਾਂ ਭਾਜਪਾ ਸੋਚ ਰਹੀ ਸੀ ਕਿ ਖੇਤੀ ਕਾਨੂੰਨ ਵਾਪਸ ਲੈਣ ਦਾ ਫਾਇਦਾ ਉਸ ਨੂੰ ਮਿਲੇਗਾ ਅਤੇ ਹਿੰਦੂ ਵੋਟਾਂ ਉਸ ਨੂੰ ਥੋਕ ’ਚ ਮਿਲਣਗੀਆਂ ਹੀ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨੂੰ ਵੀ ਖੂਬ ਭੁਗਤਾਏਗੀ। ਮੋਦੀ ਨੇ ਵੀ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਨ ’ਚ ਕੋਈ ਕਸਰ ਨਹੀਂ ਛੱਡੀ। ਸਥਾਨਕ ਚੋਣਾਂ ’ਚ ਪਾਰਟੀ ਦਾ ਰੰਗ ਜਮਾਉਣ ’ਚ ਕੇਂਦਰੀ ਨੇਤਾਵਾਂ ਨੇ ਵੀ ਪੂਰਾ ਜ਼ੋਰ ਲਗਾ ਦਿੱਤਾ ਪਰ ਹੋਇਆ ਕੀ? 2016 ’ਚ ਭਾਜਪਾ ਦੀਆਂ 20 ਸੀਟਾਂ ਸਨ, ਜੋ ਬਸ 12 ਰਹਿ ਗਈਆਂ। ਮੌਜੂਦਾ ਮੇਅਰ ਅਤੇ ਕਈ ਸਾਬਕਾ ਮੇਅਰ ਹਾਰ ਗਏ। ਕੁਝ ਉਮੀਦਵਾਰ ਇਕਦਮ ਮਾਮੂਲੀ ਵੋਟਾਂ ਨਾਲ ਜਿੱਤੇ। ਸੂਬਾ ਪ੍ਰਧਾਨ ਦਾ ਵਾਰਡ ਹੱਥ ’ਚੋਂ ਖਿਸਕ ਗਿਆ ਅਤੇ ਸਭ ਤੋਂ ਵੱਡਾ ਧੱਕਾ ਲੱਗਾ ਕਿ 2016 ’ਚ ਪ੍ਰਾਪਤ 46 ਫੀਸਦੀ ਵੋਟਾਂ ਘੱਟ ਕੇ 29 ਫੀਸਦੀ ਰਹਿ ਗਈਆਂ। ਭਾਜਪਾ ਦੇ ਮਹਾਰਥੀਆਂ ਦੀ ਹਾਰ ਨੇ ਇਹ ਸੰਕੇਤ ਵੀ ਦਿੱਤਾ ਕਿ ਪਤਾ ਨਹੀਂ ਭਾਜਪਾ ਅਤੇ ਅਮਰਿੰਦਰ ਸਿੰਘ ਦੀ ਮਿਲੀਭੁਗਤ ਵੀ ਕਾਮਯਾਬ ਹੋਵੇਗੀ ਜਾਂ ਨਹੀਂ?

ਜਿੱਥੋਂ ਤੱਕ ‘ਆਪ’ ਦਾ ਸਵਾਲ ਹੈ, ਪੰਜਾਬ ਵਿਧਾਨ ਸਭਾ ’ਚ ਉਸ ਦੇ 14 ਵਿਧਾਇਕ ਹਨ ਪਰ ਚੰਡੀਗੜ੍ਹ ਨਗਰ ਨਿਗਮ ’ਚ ਉਸ ਦੇ ਕੌਂਸਲਰਾਂ ਦੀ ਗਿਣਤੀ ਜ਼ੀਰੋ ਸੀ ਪਰ 0 ਤੋਂ 14 ਤੱਕ ਪਹੁੰਚਣਾ ਤਾਂ ਆਸਮਾਨੀ ਛਾਲ ਦੇ ਬਰਾਬਰ ਹੈ। ਇਹ ਠੀਕ ਹੈ ਕਿ ‘ਆਪ’ ਦੇ ਨੇਤਾ ਅਰਵਿੰਦ ਕੇਜਰੀਵਾਲ ਦਿੱਲੀ ’ਚ ਲੋਕ ਸੇਵਾ ਵਰਗੀ ਮੁਹਿੰਮ ਚਲਾ ਰਹੇ ਹਨ ਅਤੇ ਉਨ੍ਹਾਂ ਦਾ ਅਜਿਹਾ ਧੂੰਆਂਧਾਰ ਪ੍ਰਚਾਰ ਟੀ. ਵੀ. ਚੈਨਲਾਂ ਅਤੇ ਅਖਬਾਰਾਂ ’ਚ ਹੋ ਰਿਹਾ ਹੈ, ਉਸ ਦਾ ਅਸਰ ਇਨ੍ਹਾਂ ਚੰਡੀਗੜ੍ਹ ਦੀਆਂ ਚੋਣਾਂ ’ਤੇ ਤਾਂ ਪਿਆ ਹੀ ਹੈ, ਖੁਦ ਕੇਜਰੀਵਾਲ ਅਤੇ ਉਨ੍ਹਾਂ ਦੇ ਵਿਧਾਇਕਾਂ ਨੇ ਵੀ ਚੰਡੀਗੜ੍ਹ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਲਿਆ ਸੀ। ਉਨ੍ਹਾਂ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਉਸ ’ਚੋਂ 5 ਸੀਟਾਂ ਘੱਟ ਰਹਿ ਗਈਆਂ ਪਰ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਹਨ। ਉਨ੍ਹਾਂ ਨੂੰ ਕੁਲ 27 ਫੀਸਦੀ ਵੋਟਾਂ ਮਿਲੀਆਂ ਹਨ ਜੋ ਕਾਂਗਰਸ ਅਤੇ ਭਾਜਪਾ ਨਾਲੋਂ ਥੋੜ੍ਹੀਆਂ ਜਿਹੀਆਂ ਘੱਟ ਹਨ। ਦੂਸਰੇ ਸ਼ਬਦਾਂ ’ਚ ਤਿੰਨੇ ਪ੍ਰਮੁੱਖ ਪਾਰਟੀਆਂ ਵੋਟਾਂ ਦੇ ਹਿਸਾਬ ਨਾਲ ਲਗਭਗ ਬਰਾਬਰੀ ਦੇ ਪੱਧਰ ’ਤੇ ਹਨ।

ਅਕਾਲੀ ਦਲ ਤਾਂ ਇਕਦਮ ਪੱਛੜ ਗਿਆ ਹੈ। ਹੋ ਸਕਦਾ ਹੈ ਕਿ ‘ਆਪ’ ਅਤੇ ਕਾਂਗਰਸ ਰਲ ਕੇ ਆਪਣਾ ਮੇਅਰ ਬਿਠਾ ਲੈਣ ਪਰ ‘ਆਪ’ ਦੀ ਸ਼ਾਨਦਾਰ ਬੜ੍ਹਤ ਦੇ ਬਾਵਜੂਦ ਇਹ ਕਹਿਣਾ ਸੌਖਾ ਨਹੀਂ ਹੈ ਕਿ ਪੰਜਾਬ ’ਚ ਅਗਲੀ ਸਰਕਾਰ ਕਿਹੜੀ ਪਾਰਟੀ ਦੀ ਬਣੇਗੀ ਪਰ ਚੰਡੀਗੜ੍ਹ ਨੇ ‘ਆਪ’ ਦਾ ਜਲਵਾ ਜਮਾ ਦਿੱਤਾ ਹੈ, ਇਸ ’ਚ ਕੋਈ ਸ਼ੱਕ ਨਹੀਂ ਹੈ।

Bharat Thapa

This news is Content Editor Bharat Thapa