ਸਿੱਧੂ ਲਈ ਹੁਣ ਘੱਟ ਹੀ ਬਦਲ ਬਚੇ ਹਨ

07/18/2019 7:14:01 AM

ਵਿਪਿਨ ਪੱਬੀ
ਅਜਿਹਾ ਲਗਦਾ ਹੈ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੂੰ ਅਖਬਾਰਾਂ ਦੀਆਂ ਸੁਰਖੀਆਂ ’ਚ ਬਣੇ ਰਹਿਣ ਦੀ ਆਦਤ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਨਵੇਂ ਝਗੜੇ ’ਚ ਆਪਣੀ ਹੱਦ ਤੋਂ ਕਿਤੇ ਜ਼ਿਆਦਾ ਹੀ ਅੱਗੇ ਨਿਕਲ ਗਏ। ਊਰਜਾ ਮੰਤਰੀ ਦੇ ਤੌਰ ’ਤੇ ਆਪਣਾ ਨਵਾਂ ਅਹੁਦਾ ਨਾ ਸੰਭਾਲਣ ’ਤੇ ਅੜੇ ਰਹੇ ਅਤੇ ਆਪਣੇ ਪੁਰਾਣੇ ਸ਼ਹਿਰੀ ਅਤੇ ਸਥਾਨਕ ਸਰਕਾਰਾਂ ਵਿਭਾਗ ’ਤੇ ਟਿਕੇ ਰਹਿਣ ਲਈ ਹੀ ਪਾਰਟੀ ਦੀ ਕੇਂਦਰੀ ਉੱਚ ਕਮਾਨ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਬਿਹਤਰੀਨ ਕੋਸ਼ਿਸ਼ ਕਰ ਕੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਨਾਲ ਆਪਣੇ ਪੁਲਾਂ ਨੂੰ ਸਾੜ ਦਿੱਤਾ ਹੈ। ਅਨੁਸ਼ਾਸਨਹੀਣਤਾ ਦੀ ਇਕ ਹੋਰ ਉਦਾਹਰਣ ਦਿੰਦੇ ਹੋਏ ਉਨ੍ਹਾਂ ਮੰਤਰੀ ਮੰਡਲ ਤੋਂ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਭੇਜਣ ਦੀ ਬਜਾਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ। ਸੁਭਾਵਿਕ ਹੈ ਕਿ ਉਹ ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਨੇਤਾਵਾਂ ਰਾਹੀਂ ਮੁੱਖ ਮੰਤਰੀ ’ਤੇ ਦਬਾਅ ਬਣਾਉਣਾ ਚਾਹੁੰਦੇ ਸਨ। ਸਮਝੌਤੇ ਲਈ ਰਾਹੁਲ ਗਾਂਧੀ ਅਤੇ ਹੋਰਨਾਂ ਵਲੋਂ ਕੀਤੇ ਗਏ ਯਤਨਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਆਪਣੇ ਸਟੈਂਡ ’ਤੇ ਟਿਕੇ ਰਹੇ ਪਰ ਨਵਜੋਤ ਸਿੰਘ ਸਿੱਧੂ ਨੂੰ ਬਚਾਉਣ ਲਈ ਬਹੁਤ ਘੱਟ ਬਦਲ ਬਚੇ ਸਨ, ਜੋ ਇਕ ਹੁਨਰਮੰਦ ਮੰਤਰੀ ਦੀ ਬਜਾਏ ਇਕ ਨਿੰਦਕ ਦੇ ਤੌਰ ’ਤੇ ਵੱਧ ਜਾਣੇ ਜਾਂਦੇ ਹਨ। ਕਾਂਗਰਸ ਹਾਈ ਕਮਾਨ ਦਾ ਸਿੱਧੂ ਦੀ ਬਲੈਕਮੇਲਿੰਗ ਦੇ ਸਾਹਮਣੇ ਝੁਕਣ ਨਾਲ ਯਕੀਨੀ ਤੌਰ ’ਤੇ ਇਕ ਗਲਤ ਸੰਦੇਸ਼ ਜਾਂਦਾ। ਕੋਈ ਵੀ ਸਰਕਾਰ ਕੰਮ ਨਹੀਂ ਕਰ ਸਕਦੀ, ਜਿਥੇ ਸੂਬਿਆਂ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਮੰਤਰੀ ਕੇਂਦਰੀ ਆਗੂਆਂ ਦੇ ਕੋਲ ਭੱਜਦੇ ਹੋਣ ਜੇਕਰ ਸਿੱਧੂ ਪ੍ਰੇਸ਼ਾਨ ਸਨ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਸੀ ਅਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪਣਾ ਚਾਹੀਦਾ ਸੀ।

ਢੁੱਕਵੀਂ ਪ੍ਰਤੀਕਿਰਿਆ ਦੀ ਉਡੀਕ ਸੀ

ਮੁੱਖ ਮੰਤਰੀ ਨੂੰ ਸੂਚਿਤ ਕੀਤੇ ਬਿਨਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣਾ ਅਤੇ ਫਿਰ ਕਿਸੇ ਨਾਲ ਸੰਪਰਕ ਨਾ ਕਰਨ ਨਾਲ ਸਿੱਧੂ ਦਾ ਕੋਈ ਭਲਾ ਨਹੀਂ ਹੋਵੇਗਾ। ਇਹ ਸਪੱਸ਼ਟ ਹੈ ਕਿ ਢੁੱਕਵੀਂ ਪ੍ਰਤੀਕਿਰਿਆ ਲਈ ਸਮਾਂ ਲੰਘਾ ਰਹੇ ਸਨ। ਰਾਹੁਲ ਗਾਂਧੀ ਦੇ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਗੈਰ-ਯਕੀਨੀ ਹੋਣ ਕਾਰਣ ਜਿਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੀ ਪਾਰਟੀ ’ਚ ਸੁਣੀ ਜਾਂਦੀ ਹੈ, ਦੀ ਵੱਕਾਰੀ ਸਥਿਤੀ ਨੂੰ ਦੇਖਦੇ ਹੋਏ ਸਿੱਧੂ ਲਈ ਖੁਦ ਨੂੰ ਬਚਾਉਣ ਦੇ ਬਹੁਤ ਘੱਟ ਮੌਕੇ ਸਨ। ਇਸ ਦੇ ਨਾਲ ਹੀ ਪੰਜਾਬ ’ਚ ਵੀ ਪਾਰਟੀ ਆਗੂਆਂ ਵਲੋਂ ਕਦੇ ਵੀ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਨੂੰ ਕੇਂਦਰ ਵਲੋਂ ਥੋਪਿਆ ਗਿਆ ਸਮਝਿਆ ਜਾਂਦਾ ਸੀ। ਸਿੱਧੂ ਖੁਦ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਬਦਲ ਦੇ ਤੌਰ ’ਤੇ ਪੇਸ਼ ਕਰਨ ਦਾ ਯਤਨ ਕਰ ਰਹੇ ਸਨ ਪਰ ਸਫਲਤਾ ਨਹੀਂ ਮਿਲੀ। ਮਨਪ੍ਰੀਤ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਵਰਗੇ ਮੁੱਖ ਮੰਤਰੀ ਅਹੁਦੇ ਦੇ ਹੋਰ ਆਸਵਾਨ ਵੀ ਕੇਂਦਰੀ ਲੀਡਰਸ਼ਿਪ ਵਲੋਂ ਸਿੱਧੂ ਦੇ ਸਮਰਥਨ ਦਾ ਵਿਰੋਧ ਕਰ ਰਹੇ ਸਨ। ਇਥੋਂ ਤਕ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਮੇਂ-ਸਮੇਂ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਅਖੀਰ ਉਨ੍ਹਾਂ ਦਾ ਵਿਭਾਗ ਬਦਲ ਦਿੱਤਾ। ਲੋਕ ਸਭਾ ਚੋਣਾਂ ’ਚ ਕੁਝ ਸੀਟਾਂ ਹਾਰਨ ਨੂੰ ਲੈ ਕੇ ਹਾਲ ਹੀ ’ਚ ਦੋਵੇਂ ਇਕ-ਦੂਜੇ ’ਤੇ ਦੋਸ਼ ਮੜ੍ਹਨ ’ਚ ਰੁੱਝੇ ਰਹੇ। ਯਕੀਨੀ ਤੌਰ ’ਤੇ ਅਜਿਹੇ ਸਬੰਧ ਸਿੱਧੂ ਦੇ ਲੰਬੇ ਸਮੇਂ ਤਕ ਪਾਰਟੀ ’ਚ ਰਹਿਣ ਲਈ ਢੁੱਕਵੇਂ ਨਹੀਂ ਸਨ।

ਵਿਧਾਇਕਾਂ ਨਾਲ ਨੇੜਤਾ ਨਹੀਂ

ਇਥੇ ਮਹੱਤਵਪੂਰਨ ਹੈ ਕਿ ਕੋਈ ਵੀ, ਇਥੋਂ ਤਕ ਕਿ 1-2 ਵਿਧਾਇਕ ਵੀ ਉਨ੍ਹਾਂ ਨਾਲ ਨੇੜਤਾ ਲਈ ਨਹੀਂ ਜਾਣੇ ਜਾਂਦੇ। ਹਾਲਾਂਕਿ ਸਾਬਕਾ ਭਾਰਤੀ ਹਾਕੀ ਕਪਤਾਨ ਪ੍ਰਗਟ ਸਿੰਘ ਉਨ੍ਹਾਂ ਦੇ ਸਮਰਥਨ ’ਚ ਆਏ। ਇਹ ਵੀ ਜਾਣਨਾ ਮਹੱਤਵਪੂਰਨ ਹੈ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਮੰਤਰੀ ਮੰਡਲ ਤੋਂ ਭੇਜਿਆ ਹੈ, ਨਾ ਕਿ ਪਾਰਟੀ ਤੋਂ ਜੇਕਰ ਉਹ ਪਾਰਟੀ ਛਡਦੇ ਹਨ ਤਾਂ ਅਯੋਗ ਐਲਾਨੇ ਜਾਣਗੇ ਅਤੇ ਉਨ੍ਹਾਂ ਨੂੰ ਮੁੜ ਤੋਂ ਚੋਣ ਦਾ ਸਾਹਮਣਾ ਕਰਨਾ ਪਵੇਗਾ। ਜਿਥੋਂ ਤਕ ਭਾਰਤੀ ਜਨਤਾ ਪਾਰਟੀ ਦਾ ਸਬੰਧ ਹੈ ਤਾਂ ਉਹ ਪਹਿਲਾਂ ਤੋਂ ਹੀ ਅਲੱਗ-ਥਲੱਗ ਹਨ। ਉਨ੍ਹਾਂ ਨੇ ਅੰਮ੍ਰਿਤਸਰ ਦੀ ਬਜਾਏ ਕਿਸੇ ਵੀ ਹੋਰ ਸੀਟ ਤੋਂ ਚੋਣ ਲੜਨ ਦੀ ਤਜਵੀਜ਼ ਰੱਦ ਕਰ ਦਿੱਤੀ ਸੀ ਅਤੇ ਇਸ ਦੇ ਸਖਤ ਆਲੋਚਕ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਤਲਵਾਰਾਂ ਖਿੱਚੀ ਰੱਖੀਆਂ, ਜੋ ਅਕਾਲੀ ਆਗੂਆਂ, ਖਾਸ ਕਰ ਕੇ ਬਿਕਰਮ ਸਿੰਘ ਮਜੀਠੀਆ ਨਾਲ ਉਨ੍ਹਾਂ ਦੇ ਝਗੜੇ ਕਾਰਣ ਉਨ੍ਹਾਂ ’ਤੇ ਹਮਲਾ ਕਰਦੇ ਰਹੇ। ਉਨ੍ਹਾਂ ਨੇ ਕੁਝ ਸਮੇਂ ਲਈ ਆਮ ਆਦਮੀ ਪਾਰਟੀ ’ਤੇ ਵੀ ਡੋਰੇ ਪਾਏ ਅਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਰਲ ਕੇ ਉਨ੍ਹਾਂ ਨੂੰ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਤੌਰ ’ਤੇ ਪੇਸ਼ ਕਰਨ ਦੀ ਇੱਛਾ ਪ੍ਰਗਟਾਈ। ਅਜਿਹਾ ਕੋਈ ਭਰੋਸਾ ਨਾ ਮਿਲਣ ਮਗਰੋਂ ਉਹ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਲਈ ‘ਆਪ’ ਵਿਚ ਉਨ੍ਹਾਂ ਦਾ ਸਵਾਗਤ ਹੋਣ ਦੇ ਬਹੁਤ ਘੱਟ ਮੌਕੇ ਹਨ, ਜੋ ਖੁਦ ਪੰਜਾਬ ’ਚ ਬੁਰੀ ਹਾਲਤ ’ਚ ਹੈ।

ਕੁਝ ਸਿਆਸੀ ਵਰਗਾਂ ਦਾ ਸਮਰਥਨ

ਸਿੱਧੂ ਨੂੰ ਆਮ ਆਦਮੀ ਪਾਰਟੀ ਨਾਲੋਂ ਵੱਖਰੇ ਹੋਏ ਇਕ ਵਰਗ ਦਾ ਹੀ ਸਮਰਥਨ ਰਹਿ ਜਾਂਦਾ ਹੈ, ਜਿਨ੍ਹਾਂ ’ਚ ਸੁਖਪਾਲ ਸਿੰਘ ਖਹਿਰਾ ਵਾਲੀ ਪੰਜਾਬ ਏਕਤਾ ਪਾਰਟੀ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਸ਼ਾਮਲ ਹਨ। ‘ਆਪ’ ਦੇ ਵਖਰੇਵੇਂ ਨਾਲ ਸਿਆਸੀਪੁਣਾ ਜ਼ੀਰੋ ਹੋਣ ਤੋਂ ਬਾਅਦ ਇਨ੍ਹਾਂ ਦਾ ਕੁਝ ਛੋਟੇ ਇਲਾਕਿਆਂ ’ਤੇ ਸਾਂਝਾ ਅਸਰ ਹੈ ਜੇਕਰ ਉਹ ਕਾਂਗਰਸ ’ਚ ਰਹਿਣ ਅਤੇ ਆਪਣੇ ਮੌਕੇ ਦੀ ਉਡੀਕ ਨਹੀਂ ਕਰਦੇ ਤਾਂ ਸਿੱਧੂ ਲਈ ਸ਼ਾਇਦ ਇਹੀ ਇਕ ਬਦਲ ਹੈ। ਹਾਲਾਂਕਿ ਇਕ ਕ੍ਰਿਕਟਰ ਅਤੇ ਫਿਰ ਇਕ ਟੈਲੀਵਿਜ਼ਨ ਕਾਮੇਡੀ ਸ਼ੋਅ ਦੇ ਜੱਜ ਵਜੋਂ ਆਪਣੀ ਹਰਮਨਪਿਆਰਤਾ ਅਤੇ ਹਾਜ਼ਰ-ਜੁਆਬੀ ਕਾਰਣ ਆਪਣੀ ਸਮਰਥਾ ਦੇ ਬਾਵਜੂਦ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਬਹੁਤ ਘੱਟ ਸਮਰਥਨ ਪ੍ਰਾਪਤ ਹੈ ਜੇਕਰ ਉਹ ਸਿਆਸਤ ’ਚ ਕੋਈ ਛਾਪ ਛੱਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਕ ਮਜ਼ਬੂਤ ਸਿਆਸੀ ਆਧਾਰ ਬਣਾਉਣ ਅਤੇ ਹੋਰਨਾਂ ਆਗੂਆਂ ਨੂੰ ਨਾਲ ਲੈ ਕੇ ਚੱਲਣ ਲਈ ਦੁੱਗਣੀ ਮਿਹਨਤ ਨਾਲ ਕੰਮ ਕਰਨਾ ਹੋਵੇਗਾ।

vipinpubby@gmail.com
 

Bharat Thapa

This news is Content Editor Bharat Thapa