ਕੀ ਕਾਂਗਰਸ ਲਈ ਸ਼ੋਕ ਸੰਦੇਸ਼ ਲਿਖਿਆ ਜਾਏ

02/19/2020 1:49:20 AM

ਕਲਿਆਣੀ ਸ਼ੰਕਰ

ਦਿੱਲੀ ਚੋਣਾਂ ’ਚ 135 ਸਾਲਾ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਦੇ ਘਟੀਆ ਪ੍ਰਦਰਸ਼ਨ ਬਾਰੇ ਕਈ ਲੋਕ ਸਵਾਲ ਉਠਾ ਰਹੇ ਹਨ ਕਿਉਂਕਿ 2014 ਤੋਂ ਬਾਅਦ ਇਸ ਨੂੰ ਇਕ ਤੋਂ ਬਾਅਦ ਇਕ ਝਟਕਾ ਲੱਗਾ ਹੈ। ਹਾਲਾਂਕਿ ਕਿਤੇ-ਕਿਤੇ ਇਸ ਨੇ ਚੰਗਾ ਪ੍ਰਦਰਸ਼ਨ ਵੀ ਕੀਤਾ ਹੈ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਇੰਨੇ ਲੰਬੇ ਇਤਿਹਾਸ ਵਾਲੀ ਕਾਂਗਰਸ ਦੀ ਹੋਂਦ ਰਹਿ ਸਕੇਗੀ? ਕੀ ਸੱਚਮੁੱਚ ਕਾਂਗਰਸ ਦਾ ਨਾਸ਼ ਹੋ ਜਾਵੇਗਾ ਜਾਂ ਇਹ ਬਚ ਸਕੇਗੀ। ਆਪਣੇ ਲੰਬੇ ਇਤਿਹਾਸ ਦੌਰਾਨ ਪਾਰਟੀ ਨੇ ਕਈ ਕਹਾਣੀਆਂ ਲਿਖੀਆਂ ਅਤੇ ਕਈ ਵਾਰ ਇਸ ਨੇ ਬੁਰਾ ਸਮਾਂ ਦੇਖਿਆ। ਇੰਨਾ ਹੋਣ ਦੇ ਬਾਵਜੂਦ ਇਹ ਮਜ਼ਬੂਤ ਹੋ ਕੇ ਸੱਤਾ ’ਚ ਪਰਤੀ। ਪਾਰਟੀ ਦੀ ਢਲਾਨ 1967 ’ਚ ਉਦੋਂ ਦੇਖੀ ਗਈ, ਜਦੋਂ ਇਸ ਨੇ ਕਈ ਸੂਬਿਆਂ ਨੂੰ ਗੁਆ ਦਿੱਤਾ। 1969 ਦੇ ਦੋਫਾੜ ਤੋਂ ਬਾਅਦ ਇੰਦਰਾ ਗਾਂਧੀ 1971 ਦੀਆਂ ਮੱਧਕਾਲੀ ਚੋਣਾਂ ਵਿਚ ਸਫਲ ਹੋ ਕੇ ਉੱਭਰੀ। 1977 ਵਿਚ ਇੰਦਰਾ ਗਾਂਧੀ ਦੀ ਹਾਰ ਤੋਂ ਬਾਅਦ ਪਾਰਟੀ ਨੂੰ ਭੁਲਾ ਦਿੱਤਾ ਗਿਆ ਪਰ 1980 ਵਿਚ ਇਸ ਦਾ ਫਿਰ ਤੋਂ ਸੂਰਜ ਉਦੈ ਹੋਇਆ, ਜੋ 1989 ਤਕ ਕਾਇਮ ਰਿਹਾ। ਵੀ. ਪੀ. ਸਿੰਘ ਵਲੋਂ 1989 ’ਚ ਰਾਜੀਵ ਗਾਂਧੀ ਨੂੰ ਚੁਣੌਤੀ ਦੇਣ ਤੋਂ ਬਾਅਦ ਪਾਰਟੀ ਦੀ ਹੋਂਦ ਬਾਰੇ ਖਦਸ਼ੇ ਸਨ। ਹਾਲਾਂਕਿ 1991 ਵਿਚ ਕਾਂਗਰਸ ਫਿਰ ਤੋਂ ਸੱਤਾ ਵਿਚ ਪਰਤੀ ਪਰ ਉਹ ਆਪਣੀ ਸੱਤਾ ਨੂੰ ਬਣਾਈ ਰੱਖਣ ਵਿਚ ਅਸਫਲ ਰਹੀ। 1998 ’ਚ ਪਾਰਟੀ ਵਿਚ ਕਲੇਸ਼ ਦੇ ਵਿਚਾਲੇ ਸੋਨੀਆ ਗਾਂਧੀ ਨੇ ਇਸ ਦੀ ਵਾਗਡੋਰ ਸੰਭਾਲੀ। ਉਦੋਂ ਇਹ ਕਿਹਾ ਗਿਆ ਸੀ ਕਿ ਪਾਰਟੀ ਦਾ ਨਾਸ਼ ਹੋ ਜਾਵੇਗਾ। ਜਦੋਂ ਕਿਸੇ ਨੇ ਕਾਂਗਰਸ ਦੀ ਸਫਲਤਾ ਦੀ ਆਸ ਵੀ ਨਹੀਂ ਕੀਤੀ ਸੀ, ਉਦੋਂ ਸੋਨੀਆ ਗਾਂਧੀ ਨੇ ਯੂ. ਪੀ. ਏ. ਦਾ ਗਠਨ ਕੀਤਾ ਅਤੇ 2004 ਵਿਚ ਪਾਰਟੀ ਸੱਤਾ ’ਤੇ ਕਾਬਜ਼ ਹੋਈ। ਯੂ. ਪੀ. ਏ. ਸ਼ਾਸਨ ਦੇ 10 ਸਾਲਾਂ ਬਾਅਦ ਪਾਰਟੀ 2014 ਵਿਚ ਸਿਰਫ 44 ਸੀਟਾਂ ਲੈ ਕੇ ਸ਼ਰਮਸਾਰ ਹੋਈ ਅਤੇ 2019 ’ਚ ਲੋਕ ਸਭਾ ਚੋਣਾਂ ਵਿਚ ਇਸ ਨੇ 52 ਸੀਟਾਂ ਜਿੱਤੀਆਂ। ਇਕ ਵਾਰ ਫਿਰ ਕਾਂਗਰਸ ਦੀ ਹੋਂਦ ’ਤੇ ਬੱਦਲ ਮੰਡਰਾਏ। ਕੋਈ ਦੋ ਰਾਵਾਂ ਨਹੀਂ ਕਿ ਇਸ ਸਮੇਂ ਪਾਰਟੀ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਹੀ ਹੈ। ਪਾਰਟੀ ਆਪਣੀ ਹੋਂਦ ਬਚਾਉਣ ਅਤੇ ਲੀਡਰਸ਼ਿਪ ਸੰਕਟ ਨਾਲ ਜੂਝ ਰਹੀ ਹੈ। ਕਾਂਗਰਸ ਨੇ ਹਮੇਸ਼ਾ ਤੋਂ ਹੀ ਸੂਬਿਆਂ ’ਚ ਚੰਗੀ ਕਾਰਗੁਜ਼ਾਰੀ ਕੀਤੀ, ਜਿਥੇ ਖੇਤਰੀ ਮਜ਼ਬੂਤ ਨੇਤਾਵਾਂ ਨੇ ਚੋਣਾਂ ਦੀ ਵਾਗਡੋਰ ਸੰਭਾਲੀ। ਹਰਿਆਣਾ ਵਿਚ ਇਹ ਤੱਥ ਦੇਖਿਆ ਗਿਆ। ਇਹ ਕਿਹਾ ਗਿਆ ਕਿ ਪਾਰਟੀ ਲਈ ਹੁਣ ਇਹ ਪ੍ਰਸੰਗਿਕ ਰਹਿਣਾ ਕਾਫੀ ਹੋ ਗਿਆ ਹੈ। ਕੇਂਦਰ ’ਚ ਸ਼ਾਸਨ ਕਰਨ ਦੇ ਨਾਲ 60 ਅਤੇ 70 ਦੇ ਦਹਾਕੇ ਵਿਚ ਕਾਂਗਰਸ ਕੋਲ ਸੂਬਿਆਂ ਵਿਚ ਵੀ ਬਹੁਮਤ ਸੀ। ਹੁਣ ਇਹ ਕਿਸੇ ਕੋਨੇ ਵਿਚ ਧੱਕ ਦਿੱਤੀ ਗਈ ਹੈ ਅਤੇ ਸਿਰਫ 5 ਸੂਬਿਆਂ ਵਿਚ ਸ਼ਾਸਨ ਕਰ ਰਹੀ ਹੈ। ਜਦੋਂ 2014 ਵਿਚ ਮੋਦੀ ਸਰਕਾਰ ਸੱਤਾ ਵਿਚ ਆਈ ਤਾਂ ਉਦੋਂ ਕਈਆਂ ਨੇ ਸੋਚਿਆ ਕਿ ਕਾਂਗਰਸ ਹੌਲੀ-ਹੌਲੀ ਅੱਗੇ ਵਧੇਗੀ ਪਰ ਇਸ ਦੇ ਉਲਟ ਕਾਂਗਰਸ ਦਾ ਗ੍ਰਾਫ ਡਿਗਦਾ ਰਿਹਾ। ਪਾਰਟੀ ਲੋਕਾਂ ਦਾ ਮਨ ਟਟੋਲਣ ਵਿਚ ਨਾਕਾਮ ਰਹੀ। ਪਿਛਲੇ ਸਾਲ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਜਿੱਤ ਕਾਂਗਰਸ ਲਈ ਇਕ ਨਖਲਿਸਤਾਨ ਤੋਂ ਘੱਟ ਨਹੀਂ ਸੀ। ਸੂਬਿਆਂ ਵਿਚ ਪਾਰਟੀ ਹੌਲੀ-ਹੌਲੀ ਢਲਾਨ ’ਤੇ ਆਈ ਭਾਵੇਂ ਉਹ ਪੱਛਮੀ ਬੰਗਾਲ ਹੋਵੇ, ਤਾਮਿਲਨਾਡੂ, ਯੂ. ਪੀ., ਬਿਹਾਰ, ਓਡਿਸ਼ਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਜਾਂ ਫਿਰ ਹੁਣ ਦਿੱਲੀ ਹੋਵੇ। ਅੱਜ ਕਾਂਗਰਸ ਦੀ ਚਾਰੋਂ ਪਾਸੇ ਨਿੰਦਾ ਹੋ ਰਹੀ ਹੈ ਅਤੇ ਲੋਕ ਇਸ ’ਤੇ ਵਿਅੰਗ ਕਰ ਰਹੇ ਹਨ ਕਿਉਂਕਿ ਇਹ ਅਜੇ ਵੀ ਗਾਂਧੀ ਪਰਿਵਾਰ ਨਾਲ ਜੁੜੀ ਰਹਿਣ ਲਈ ਦ੍ਰਿੜ੍ਹ ਸੰਕਲਪ ਹੈ। ਭਾਜਪਾ ਨੇ ਇਹ ਸਹੁੰ ਖਾਧੀ ਹੈ ਕਿ ਉਹ ਕਾਂਗਰਸ ਮੁਕਤ ਭਾਰਤ ਬਣਾ ਕੇ ਛੱਡੇਗੀ ਪਰ ਲੋਕਤੰਤਰ ਵਿਚ ਸੱਤਾਧਾਰੀ ਪਾਰਟੀ ਲਈ ਵਿਰੋਧੀ ਧਿਰ ਹੋਣੀ ਬੁਰੀ ਗੱਲ ਨਹੀਂ ਹੈ ਅਤੇ ਅਜਿਹਾ ਹੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ। ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਇਕ ਪਾਰਟੀ ਦੇ ਸ਼ਾਸਨ ਦੀ ਕਲਪਨਾ ਨਹੀਂ ਕੀਤੀ ਸੀ। ਕਈ ਸਿਆਸੀ ਪੰਡਿਤ ਇਹ ਮੱਤ ਦਿੰਦੇ ਹਨ ਕਿ ਭਾਜਪਾ ਲਈ ਕਾਂਗਰਸ ਦਾ ਇਕ ਰਾਸ਼ਟਰੀ ਬਦਲ ਹੋਣ ਦੇ ਨਾਂ ’ਤੇ ਡਿਗਣਾ ਇਕ ਰਾਜਨੀਤਕ ਜ਼ੀਰੋ ਸਥਾਨ ਪ੍ਰਗਟ ਕਰਦਾ ਹੈ, ਹਾਲਾਂਕਿ ਬੁਰੀ ਹਾਰ ਦੇ ਬਾਵਜੂਦ ਕਾਂਗਰਸ 19.6 ਫੀਸਦੀ ਰਾਸ਼ਟਰੀ ਮੱਤ ਹਾਸਲ ਕਰਨ ’ਚ ਕਾਮਯਾਬ ਰਹੀ। 2019 ਵਿਚ ਇਸ ਨੇ 117 ਿਮਲੀਅਨ ਲੋਕਾਂ ਦੀਆਂ ਵੋਟਾਂ ਹਾਸਲ ਕੀਤੀਆਂ। ਇਸ ਨੂੰ ਆਪਣਾ ਆਧਾਰ ਬਣਾਉਣਾ ਹੋਵੇਗਾ। ਕਾਂਗਰਸ ਦਾ ਡਿਗਣਾ ਇਸ ਦੀ ਆਪਣੀ ਗਲਤੀ ਹੈ ਕਿਉਂਕਿ ਇਹ ਸਿਰਫ ਇਕ ਪਰਿਵਾਰ ’ਤੇ ਨਿਰਭਰ ਕਰਦੀ ਹੈ। ਇਹ ਅਜੇ ਵੀ ਹਾਈਕਮਾਨ ਦੇ ਹੁਕਮਾਂ ਵਾਲੀ ਸੰਸਕ੍ਰਿਤੀ ਨੂੰ ਮੰਨਦੀ ਹੈ ਅਤੇ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਸਬੰਧ ਬਣਾਉਣ ’ਚ ਅਸਫਲ ਹੈ। ਇਸ ਕੋਲ ਸੰਗਠਿਤ ਢਾਂਚੇ, ਸੰਚਾਰ ਯੋਗਤਾਵਾਂ ਦੀ ਕਮੀ ਹੈ, ਵੋਟਰਾਂ ਦੀਆਂ ਇੱਛਾਵਾਂ ’ਤੇ ਇਹ ਖਰੀ ਨਹੀਂ ਉੱਤਰਦੀ ਅਤੇ ਅਜੇ ਵੀ ਆਪਣੀ ਪੁਰਾਣੀ ਸ਼ਾਨੋ-ਸ਼ੌਕਤ ਦੇ ਬਲ ’ਤੇ ਜ਼ਿੰਦਾ ਹੈ ਅਤੇ ਇਹ ਸਭ ਇਸ ਦੇ ਡਿੱਗਣ ਦੇ ਕਾਰਣ ਹਨ। ਰਾਸ਼ਟਰੀ ਪੱਧਰ ’ਤੇ ਭਾਜਪਾ ਕਾਂਗਰਸ ਦੇ ਬਦਲ ਦੇ ਤੌਰ ’ਤੇ ਉੱਭਰੀ ਹੈ, ਜਦਕਿ ਕੁਝ ਸੂਬਿਆਂ ਵਿਚ ਖੇਤਰੀ ਪਾਰਟੀਆਂ ਕਾਂਗਰਸ ਦੀ ਥਾਂ ਲੈ ਚੁੱਕੀਆਂ ਹਨ ਕਿਉਂਕਿ ਪਾਰਟੀ ਗਾਂਧੀਆਂ ਨਾਲ ਚਿੰਬੜੀ ਹੋਈ ਹੈ। ਇਹ ਗਾਂਧੀ ਪਰਿਵਾਰ ’ਤੇ ਹੈ ਕਿ ਉਹ ਲੀਡਰਸ਼ਿਪ ਦੇ ਸਥਾਨ ਨੂੰ ਭਰੇ ਅਤੇ ਪਾਰਟੀ ਨੂੰ ਫਿਰ ਤੋਂ ਸਿਆਸੀ ਦ੍ਰਿਸ਼ ’ਤੇ ਮਜ਼ਬੂਤ ਕਰੇ। ਪਾਰਟੀ ਨੂੰ ਇਕ ਸਹੀ ਫਾਰਮੂਲਾ ਲੱਭਣਾ ਹੋਵੇਗਾ। ਕਾਂਗਰਸ ਲਈ ਸ਼ੋਕ ਸੰਦੇਸ਼ ਲਿਖਣਾ ਅਜੇ ਜਲਦਬਾਜ਼ੀ ਹੋਵੇਗੀ। ਗ੍ਰੈਂਡ ਓਲਡ ਪਾਰਟੀ ਇਕ ਪੁਰਾਣੇ ਬੋਹੜ ਵਾਂਗ ਹੈ ਅਤੇ ਇਸ ਦੀਆਂ ਜੜ੍ਹਾਂ ਅਜੇ ਵੀ ਕਈ ਸੂਬਿਆਂ ਵਿਚ ਹਨ। ਪਾਰਟੀ ਨੂੰ ਇਕ ਕ੍ਰਿਸ਼ਮਈ ਨੇਤਾ ਅਤੇ ਵੋਟਾਂ ਬਟੋਰਨ ਵਾਲੇ ਨੇਤਾ ਦੀ ਭਾਲ ਹੈ। ਯੂ. ਕੇ. ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਲੇਬਰ ਪਾਰਟੀ ਦੀ ਫਿਰ ਤੋਂ ਖੋਜ ਕੀਤੀ ਅਤੇ ਇਸ ਨੂੰ ਨਵੀਂ ਲੇਬਰ ਪਾਰਟੀ ਦੇ ਨਾਂ ਨਾਲ ਸੱਦਿਆ ਗਿਆ। ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਫਿਰ ਤੋਂ ਜਾਗੇ ਅਤੇ ਆਪਣੇ ਆਪ ਨੂੰ ਸੰਗਠਿਤ ਕਰੇ। ਆਪਣੀ ਵਿਚਾਰਧਾਰਾ ਦੀ ਵਿਆਖਿਆ ਕਰੇ ਅਤੇ ਸੂਬਾਈ ਇਕਾਈਆਂ ਨੂੰ ਮਜ਼ਬੂਤ ਕਰੇ। ਕਾਂਗਰਸ ਨੂੰ ਹੁਣ ਖੇਤਰਵਾਦ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਆਪਣੇ ਗੁਆਚੇ ਹੋਏ ਸਥਾਨ ਨੂੰ ਫਿਰ ਤੋਂ ਹਾਸਲ ਕਰਨਾ ਹੋਵੇਗਾ। ਇਕ ਸਮੇਂ ਇਹ ਇਕ ਛਤਰੀ ਵਾਲੀ ਪਾਰਟੀ ਸੀ, ਜਿਸ ਨੇ ਸਾਰੀਆਂ ਵਿਚਾਰਧਾਰਾਵਾਂ ਅਤੇ ਵਿਚਾਰਾਂ ਨੂੰ ਆਪਣੇ ਅੰਦਰ ਸਮੇਟਿਆ ਹੋਇਆ ਸੀ। ਪਾਰਟੀ ਖੰਡਿਤ ਹੋਣ ਦੇ ਬਾਵਜੂਦ ਸੱਜੇ ਖੱਬੇ ਅਤੇ ਕੇਂਦਰ ਵਿਚ ਆਪਣੇ ਆਪ ਨੂੰ ਸਥਾਪਿਤ ਕਰ ਚੁੱਕੀ ਸੀ, ਇਸ ਲਈ ਅਜਿਹਾ ਕੋਈ ਕਾਰਣ ਨਹੀਂ ਹੈ ਕਿ ਇਹ ਫਿਰ ਤੋਂ ਆਪਣੇ ਇਤਿਹਾਸ ਨੂੰ ਦੁਹਰਾਅ ਨਾ ਸਕੇ।

kalyani60@gmail.com

Bharat Thapa

This news is Content Editor Bharat Thapa