ਰਾਜੇਸ਼ ਖੰਨਾ : ਜ਼ਮੀਂ ਖਾ ਗਈ ਆਸਮਾਂ ਕੈਸੇ-ਕੈਸੇ?

07/18/2019 7:26:01 AM

ਮਾਸਟਰ ਮੋਹਨ ਲਾਲ
18 ਜੁਲਾਈ 2012 ਦਾ ਉਹ ਦਿਨ ਜਦੋਂ ਇਕ ਫਿਲਮੀ ਹੀਰੋ ਰਾਜੇਸ਼ ਖੰਨਾ ਦਾ ਦਿਹਾਂਤ ਹੋਇਆ। ਰਾਜੇਸ਼ ਖੰਨਾ ਫਿਲਮੀ ਦੁਨੀਆ ਦਾ ਉਹ ਸਿਤਾਰਾ, ਜਿਸ ਨੇ ਉਸ ਦੌਰ ਦੇ ਸਾਰੇ ਫਿਲਮੀ ਨਾਇਕਾਂ ਨੂੰ ਹਾਸ਼ੀਏ ’ਤੇ ਧਕੇਲ ਦਿੱਤਾ। ਇਕ ਅਜਿਹਾ ਫਿਲਮੀ ਹੀਰੋ ਜੋ ਤੂਫਾਨ ਵਾਂਗ ਆਇਆ ਅਤੇ ਹਨੇਰੀ ਵਾਂਗ ਗੁੰਮ ਹੋ ਗਿਆ। ਫਿਲਮੀ ਪ੍ਰੇਮੀ ਜ਼ਰਾ 1969 ਤੋਂ 1974 ਦਾ ਫਿਲਮੀ ਦੌਰ ਆਪਣੇ ਖਿਆਲਾਂ ’ਚ ਲਿਆਉਣ। ਫਿਲਮ ‘ਆਨੰਦ’ ਦਾ ਗੀਤ ਥੋੜ੍ਹਾ ਜਿਹਾ ਗੁਣਗੁਣਾਓ, ‘‘ਜ਼ਿੰਦਗੀ ਕੈਸੀ ਹੈ ਪਹੇਲੀ, ਕਭੀ ਯੇ ਹਸਾਏ ਕਭੀ ਯੇ ਰੁਲਾਏ’’ ਜਾਂ ਫਿਰ ਉਨ੍ਹਾਂ ਦੀ ਫਿਲਮ ‘ਅੰਦਾਜ਼’ ਦਾ ਗੀਤ ਮਨ ’ਚ ਵਿਚਾਰੋ ‘‘ਜ਼ਿੰਦਗੀ ਏਕ ਸਫਰ ਹੈ ਸੁਹਾਨਾ, ਯਹਾਂ ਕਲ ਕਯਾ ਹੋ ਕਿਸ ਨੇ ਜਾਨਾ।’’ ਟੀਨਾ ਮੁਨੀਮ ਅਤੇ ਰਾਜੇਸ਼ ਖੰਨਾ ’ਤੇ ਫਿਲਮਾਏ ਹਲਕੇ-ਫੁਲਕੇ ਪਰ ਰੋਮਾਂਟਿਕ ਗੀਤ ਨੂੰ ਦੋਹਰਾ ਲੈਂਦੇ ਹਾਂ, ‘‘ਸ਼ਾਇਦ ਮੇਰੀ ਸ਼ਾਦੀ ਕਾ ਖਿਆਲ ਦਿਲ ਮੇਂ ਆਇਆ ਹੈ, ਇਸੀ ਲੀਏ ਮੇਰੀ ਮੰਮੀ ਨੇ ਤੁਮਹੇਂ ਚਾਏ ਪੇ ਬੁਲਾਇਆ ਹੈ।’’ ਫਿਲਮ ‘ਆਨ ਮਿਲੋ ਸਜਨਾ’ ਦਾ ਇਕ ਹੋਰ ਹਲਕਾ-ਫੁਲਕਾ ਗੀਤ ਸੁਣਾ ਕੇ ਅੱਗੇ ਦੀ ਗੱਲ ਕਰਾਂਗੇ, ‘‘ਫਿਰ ਕਬ ਮਿਲੋਗੀ? ਜਬ ਤੁਮ ਕਹੋਗੇ। ਕਲ ਮਿਲੋ ਜਾਂ ਪਰਸੋ, ਪਰਸੋ ਨਹੀਂ ਨਰਸੋ। ਦੇਰ ਕਰ ਦੀ ਬੜੀ ਜ਼ਰਾ ਦੇਖੋ ਤੋ ਘੜੀ? ਮੇਰੀ ਤੋ ਘੜੀ ਬੰਦ ਹੈ। ਯਹੀ ਅਦਾ ਮੁਝੇ ਪਸੰਦ ਹੈ।’’ ਚਲੰਤ ਭਾਸ਼ਾ ਅਤੇ ਤੁਕਾਂਤ ਛੰਦ ’ਚ ਫਿਲਮਾਇਆ ਰਾਜੇਸ਼ ਖੰਨਾ ਦਾ ਇਹ ਗੀਤ ਜਵਾਨ ਦਿਲਾਂ ਨੂੰ ਮਸਤ ਕਰ ਦਿੰਦਾ ਹੈ। ਫਿਲਮ ‘ਆਨੰਦ’ ਵਿਚ ਦਿਲ ਦੀ ਚੀਸ ਤੋਂ ਨਿਕਲਿਆ ਡਾਇਲਾਗ ‘ਬਾਬੂ ਮੋਸ਼ਾਯ’ ਫਿਲਮ ਦੇ ਨਾਇਕ ਦਾ ਦਰਦ ਦਰਸ਼ਕਾਂ ਦੇ ਦਿਲਾਂ ਨੂੰ ਝੰਜੋੜ ਦਿੰਦਾ ਹੈ। ਉਨ੍ਹਾਂ ਦਾ ਇਕ ਹੋਰ ਦਰਦ ਸ਼ਰਮੀਲਾ ਟੈਗੋਰ ਦੀਆਂ ਅੱਖਾਂ ਦੇ ਟਪਕਦੇ ਹੰਝੂਆਂ ਨੂੰ ਸਹਿਲਾਉਂਦਿਆਂ ਦਰਸ਼ਕਾਂ ਦੇ ਦਿਲਾਂ ’ਚ ਉਤਰ ਜਾਂਦਾ ਹੈ, ‘‘ਪੁਸ਼ਪਾ ਆਈ ਹੇਟ ਦੀਜ਼ ਟੀਯਰਜ਼।’’ ਕਾਬਲੇ ਗੌਰ ਇਹ ਹੈ ਕਿ ਅੱਜ ਦਾ ਫਿਲਮੀ ਦੁਨੀਆ ਦਾ ਮਹਾਨਾਇਕ ਅਮਿਤਾਭ ਬੱਚਨ ਰਾਜੇਸ਼ ਖੰਨਾ ਦੇ ਨਾਲ ਸਹਿ-ਨਾਇਕ ਹੁੰਦਾ ਹੈ। ਅਮਿਤਾਭ ਬੱਚਨ ਖੁਦ ਕਹਿੰਦੇ ਹਨ ਕਿ ਉਨ੍ਹਾਂ ਨੇ ਰਾਜੇਸ਼ ਖੰਨਾ ਕੋਲੋਂ ਬਹੁਤ ਕੁਝ ਸਿੱਖਿਆ। ਫਿਲਮੀ ਦਰਸ਼ਕਾਂ ਨੂੰ ਦੁਖ ਉਦੋਂ ਹੋਰ ਜ਼ਿਆਦਾ ਹੁੰਦਾ ਹੈ ਜਦੋਂ ਇਹੀ ਰਾਜੇਸ਼ ਖੰਨਾ ਅਮਿਤਾਭ ਬੱਚਨ ਦੀ ‘ਐਂਗਰੀ ਯੰਗ ਮੈਨ’ ਦੀਆਂ ਭੂਮਿਕਾਵਾਂ ਤੋਂ ਮਾਤ ਖਾ ਗਏ। ਨਹੀਂ ਮੰਨਦੇ ਹੋ ਤਾਂ ਫਿਲਮ ‘ਆਨੰਦ’ ਅਤੇ ‘ਨਮਕ ਹਲਾਲ’ ਨੂੰ ਮੁੜ ਦੇਖ ਲਓ। ਅਮਿਤਾਭ ਬੱਚਨ ਦੀ ਫਿਲਮ ‘ਜ਼ੰਜੀਰ’ ਆਉਂਦੇ-ਆਉਂਦੇ ਰਾਜੇਸ਼ ਖੰਨਾ ਦਾ ਫਿਲਮੀ ਦੁਨੀਆ ’ਚ ਜਲਵਾ ਘੱਟ ਗਿਆ ਸੀ। ਦਰਸ਼ਕ ਪੁੱਛਣਗੇ ਕਿਉਂ ਇੰਨੀ ਜਲਦੀ ਸੁਪਰ ਸਟਾਰ ਰਾਜੇਸ਼ ਖੰਨਾ ਦਾ ਪਤਨ ਹੋ ਗਿਆ? 1969 ਤੋਂ 1971 ਦੇ ਤਿੰਨ ਸਾਲਾਂ ’ਚ 15 ਸੁਪਰਹਿੱਟ ਫਿਲਮਾਂ ਦਰਸ਼ਕਾਂ ਨੂੰ ਦੇਣ ਵਾਲੇ ਇਸ ਸਰਵੋਤਮ ਐਕਟਰ ਦਾ ਅਜਿਹਾ ਫਿਲਮੀ ਹਸ਼ਰ ਇੰਨੀ ਜਲਦੀ ਕਿਉਂ ਹੋਇਆ? ਤਿੰਨ-ਤਿੰਨ ਵਾਰ ਸਰਵੋਤਮ ਅਭਿਨੇਤਾ ਦਾ ਫਿਲਮ ਫੇਅਰ ਐਵਾਰਡ ਜਿੱਤਣ ਵਾਲੇ ਰਾਜੇਸ਼ ਖੰਨਾ ਤੋਂ ਦਰਸ਼ਕਾਂ ਨੇ ਮੂੰਹ ਕਿਉਂ ਫੇਰ ਲਿਆ? ਸੁਪਰਹਿਟ ਫਿਲਮਾਂ ਦੇਣ ਵਾਲੇ ਰਾਜੇਸ਼ ਖੰਨਾ ਰਿਕਾਰਡ ਬਣਾ ਕੇ ਵੀ ਮਾਤ ਕਿਉਂ ਖਾ ਗਏ? ਫਿਲਮ ਫੇਅਰ ਐਵਾਰਡਾਂ ’ਚ 14 ਵਾਰ ਨਾਮਜ਼ਦ ਹੋਣ ਵਾਲੇ ਰਾਜੇਸ਼ ਖੰਨਾ ਨੂੰ ਹੋਇਆ ਕੀ ਜੋ ਦਰਸ਼ਕ ਉਨ੍ਹਾਂ ਨਾਲ ਨਾਰਾਜ਼ ਹੋ ਗਏ? ਉਨ੍ਹਾਂ ਦੀ ਅਭਿਨੈ ਸ਼ੈਲੀ ਦਾ ਸੈਂਕੜੇ ਐਕਟਰਾਂ ਨੇ ਮੁਲਾਂਕਣ ਕੀਤਾ। ਵਾਲਾਂ ਦਾ ਉਦੋਂ ਇਕ ਵੱਖਰਾ ਸਟਾਈਲ ਰਾਜੇਸ਼ ਖੰਨਾ ਨੇ ਨੌਜਵਾਨਾਂ ਨੂੰ ਦਿੱਤਾ। ਮੁਟਿਆਰਾਂ ਦੀ ਲਿਪਸਟਿਕ ਦੇ ਨਿਸ਼ਾਨ ਰਾਜੇਸ਼ ਖੰਨਾ ਦੀ ਕਾਰ ’ਤੇ ਉਕਰੇ ਹੋਏ ਮਿਲਦੇ ਸਨ। ਜਵਾਨ ਦਿਲਾਂ ’ਚ ਰਾਜੇਸ਼ ਖੰਨਾ ਦੀ ਐਕਟਿੰਗ ਦੀ ਦੀਵਾਨਗੀ ਪੁਲਸ ਲਈ ਕਦੇ ਪ੍ਰੇਸ਼ਾਨੀ ਬਣ ਜਾਇਆ ਕਰਦੀ ਸੀ।

ਰਾਜੇਸ਼ ਖੰਨਾ ਦੀ ਅੱਖ ਝਪਕਣ, ਗਰਦਨ ਟੇਢੀ ਕਰਨ ਦੀ ਅਦਾ ’ਤੇ ਉਸ ਵੇਲੇ ਨੌਜਵਾਨ ਫਿਦਾ ਹੁੰਦੇ ਸਨ। ਉਨ੍ਹਾਂ ਵਲੋਂ ਪਹਿਨੇ ਕੁੜਤੇ ਅਤੇ ਪੈਂਟ ਨੌਜਵਾਨਾਂ ’ਚ ਫੈਸ਼ਨ ਹੁੰਦੀਆਂ ਸਨ। ਰੋਮਾਂਟਿਕ, ਟ੍ਰੈਜੇਡੀ, ਕਾਮੇਡੀ, ਅਤੇ ਮਲੰਗ ਭੂਮਿਕਾਵਾਂ ’ਚ ਰਾਜੇਸ਼ ਖੰਨਾ ਇਕਦਮ ਅੱਵਲ ਹੁੰਦੇ ਸਨ। ਬਿੰਦਾਸ ਅਭਿਨੇਤਰੀ ਮੁਮਤਾਜ ਹੋਵੇ ਜਾਂ ਰਾਜੇਸ਼ ਖੰਨਾ ਦੇ ਸਾਹਮਣੇ ਆਸ਼ਾ ਪਾਰਿਖ, ਫਿਲਮਾਂ ਮਸਤੀ ਛੱਡ ਜਾਂਦੀਆਂ ਸਨ। ਅਜਿਹਾ ਵੀ ਨਹੀਂ ਕਿ ਕਲਾਸੀਕਲ ਅਭਿਨੇਤਰੀਆਂ ਮੀਨਾ ਕੁਮਾਰੀ, ਵਹੀਦਾ ਰਹਿਮਾਨ, ਊਸ਼ਾ ਕਿਰਨ ਜਾਂ ਸ਼ਬਾਨਾ ਆਜ਼ਮੀ ਦੇ ਨਾਲ ਉਨ੍ਹਾਂ ਦੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਨਿਹਾਲ ਕਰਨ ਦੀ ਸਮਰੱਥਾ ਘੱਟ ਸੀ। ਆਪਣੇ ਸਮੇਂ ਦੀ ਹਰ ਅਭਿਨੇਤਰੀ ਰਾਜੇਸ਼ ਖੰਨਾ ਨਾਲ ਫਿੱਟ ਅਤੇ ਢੁੱਕਵੀਂ ਲੱਗਦੀ ਸੀ। ਦਰਸ਼ਕ ਸਵਾਲ ਕਰਨਗੇ ਕਿ ਇਕ ਪ੍ਰਤਿਭਾ ਸੰਪੰਨ, ਚਮਤਕਾਰਿਕ ਅਭਿਨੇਤਾ ’ਚ ਅਭਿਨੈ ਦਾ ਜੋ ਸਮੁੰਦਰ ਉਮੜਦਾ ਸੀ, ਉਸ ’ਚ ਠਹਿਰਾਅ ਕਿਉਂ ਆ ਗਿਆ? ਉੱਤਰ ਦਿੰਦਾ ਹਾਂ, ਪਹਿਲਾਂ ਉਨ੍ਹਾਂ ਦੀਆਂ ਵਧੀਆ ਫਿਲਮਾਂ ਦਾ ਦਰਸ਼ਕਾਂ ਨਾਲ ਜ਼ਿਕਰ ਕਰ ਲਵਾਂ। ਉਂਝ ਤਾਂ ਰਾਜੇਸ਼ ਖੰਨਾ ਫਿਲਮ ‘ਆਰਾਧਨਾ’ ਦੇ ਆਉਣ ਤੋਂ ਪਹਿਲਾਂ ਫਿਲਮ ‘ਰਾਜ਼’, ‘ਆਖਰੀ ਖਤ’ ਅਤੇ ‘ਬਹਾਰੋਂ ਕੇ ਸਪਨੇ’ ਰਾਹੀਂ ਅਦਾਕਾਰੀ ਦੇ ਖੇਤਰ ’ਚ ਆਪਣੇ ਆਪ ਨੂੰ ਮੁੰਬਈ ਫਿਲਮੀ ਜਗਤ ’ਚ ਸਥਾਪਿਤ ਕਰ ਚੁੱਕੇ ਸਨ ਪਰ ਨਿਰਮਾਤਾ-ਨਿਰਦੇਸ਼ਕ ਸ਼ਕਤੀ ਸਾਮੰਤ ਦੀ ਫਿਲਮ ‘ਆਰਾਧਨਾ’ 1969 ’ਚ ਕੀ ਆਈ ਫਿਲਮ ਜਗਤ ਨੇ ਰਾਜੇਸ਼ ਖੰਨਾ ਨੂੰ ਸੁਪਰ ਸਟਾਰ ਬਣਾ ਦਿੱਤਾ। ਫਿਰ ਤਾਂ ਰਾਜੇਸ਼ ਖੰਨਾ ਦਾ ਸਿੱਕਾ ਫਿਲਮਾਂ ’ਚ ਆਪਣੇ ਆਪ ਚੱਲਣ ਲੱਗਾ। ਉਨ੍ਹਾਂ ਨੇ ਕੁੱਲ 163 ਫਿਲਮਾਂ ਕੀਤੀਆਂ, ਜਿਨ੍ਹਾਂ ’ਚੋਂ 101 ’ਚ ਉਹ ਇਕੱਲੇ ਹੀਰੋ ਸਨ। ਥੋੜ੍ਹਾ ਕ੍ਰਮਵਾਰ ਉਨ੍ਹਾਂ ਦੀਆਂ ਸਰਵੋਤਮ ਫਿਲਮਾਂ ਨੂੰ ਦੇਖ ਲੈਂਦੇ ਹਾਂ। 1969 ’ਚ ‘ਆਰਾਧਨਾ’, ‘ਸਫਰ’ ਅਤੇ ‘ਕਟੀ ਪਤੰਗ’, 1971 ’ਚ ‘ਆਨੰਦ’, ‘ਹਾਥੀ ਮੇਰੇ ਸਾਥੀ’, ‘ਨਮਕ ਹਲਾਲ’ ਅਤੇ ‘ਦਾਗ’, 1974 ’ਚ ‘ਆਪਕੀ ਕਸਮ’, ‘ਕੁਦਰਤ’, 1983 ’ਚ ‘ਥੋੜ੍ਹੀ ਸੀ ਬੇਵਫਾਈ’। ਇਨ੍ਹਾਂ 5-6 ਸਾਲਾਂ ’ਚ ਇਸ ਸੁਪਰ ਸਟਾਰ ਨੇ ਇੰਨੀ ਵਧੀਆ ਅਭਿਨੈ ਖੇਤਰਾਂ ’ਚ ਕਾਰਗੁਜ਼ਾਰੀ ਦਿਖਾਈ ਜੋ ਕੋਈ ਦੂਸਰਾ ਅਭਿਨੇਤਾ ਨਾ ਦਿਖਾ ਸਕਦਾ ਹੈ ਅਤੇ ਨਾ ਦਿਖਾ ਸਕੇਗਾ। ਰਾਜੇਸ਼ ਖੰਨਾ ਇਕ ਤੋਂ ਬਾਅਦ ਇਕ ਹਿੱਟ ਅਤੇ ਸੁਪਰਹਿੱਟ ਫਿਲਮਾਂ ਦਰਸ਼ਕਾਂ ਨੂੰ ਦੇ ਕੇ ਇਤਿਹਾਸ ਰਚਦੇ ਗਏ। ਸਾਰੇ ਮੁੰਬਈ ਫਿਲਮੀ ਉਦਯੋਗ ਦਾ ਬੋਝ ਇਕੱਲੇ ਸਰਵੋਤਮ ਐਕਟਰ ਰਾਜੇਸ਼ ਖੰਨਾ ਦੇ ਮੋਢਿਆਂ ’ਤੇ ਸੀ। ਉਨ੍ਹਾਂ ਦੀ ਅਦਾਕਾਰੀ ਦੇ ਵੱਖ-ਵੱਖ ਅੰਦਾਜ਼ ਦੇਖ ਦਰਸ਼ਕ ਦੰਦਾਂ ਹੇਠਾਂ ਉਂਗਲੀਆਂ ਦਬਾ ਲੈਂਦੇ ਸਨ ਪਰ ਅਜਿਹਾ ਕੀ ਹੋਇਆ ਕਿ ਰਾਜੇਸ਼ ਖੰਨਾ ਸਕ੍ਰੀਨ ਤੋਂ ਇਕਦਮ ਆਊਟ ਹੋ ਗਏ? ਪਹਿਲਾ ਕਾਰਣ ਤਾਂ ਇਹ ਹੈ ਕਿ ਰਾਜੇਸ਼ ਖੰਨਾ ਵੱਧਦੀ ਉਮਰ ਅਤੇ ਬਦਲਦੇ ਸਮੇਂ ਨਾਲ ਸਮਝੌਤਾ ਨਾ ਕਰ ਸਕੇ। ਅਨੁਸ਼ਾਸਨ ਤਾਂ ਉਨ੍ਹਾਂ ਨੂੰ ਪਸੰਦ ਹੀ ਨਹੀਂ ਸੀ। ਫਿਲਮਾਂ ਦੀਆਂ ਸਫਲਤਾਵਾਂ ਦਾ ਸਟਾਰਡਮ ਰਾਜੇਸ਼ ਖੰਨਾ ’ਤੇ ਹਾਵੀ ਹੋ ਗਿਆ ਸੀ। ਸ਼ਰਾਬ-ਸ਼ਬਾਬ ਉਨ੍ਹਾਂ ਦਾ ਸ਼ੌਕ ਬਣ ਗਿਆ। ਦਿਲ ਫੈਂਕ ਤਾਂ ਰਾਜੇਸ਼ ਖੰਨਾ ਪਹਿਲਾਂ ਤੋਂ ਹੀ ਸਨ। ਉਨ੍ਹਾਂ ਦੇ ਰੋਮਾਂਸ ਦੇ ਕਿੱਸੇ ਮੀਡੀਆ ਦੀਆਂ ਕਹਾਣੀਆਂ ਬਣਨ ਲੱਗੇ। ਕਦੇ ਫੈਸ਼ਨ ਡਿਜ਼ਾਈਨਰ ਅਤੇ ਅਭਿਨੇਤਰੀ ਅੰਜੂ ਮਹੇਂਦਰੂ, ਕਦੇ ਚੁਲਬੁਲੀ ਅਭਿਨੇਤਰੀ ਟੀਨਾ ਮੁਨੀਮ ਨਾਲ ਉਨ੍ਹਾਂ ਦੀਆਂ ਹਵਾਈ ਯਾਤਰਾਵਾਂ ਰੋਜ਼ ਅਖਬਾਰਾਂ ’ਚ ਛਪਣ ਲੱਗੀਆਂ। ਰਾਜਕਪੂਰ ਦੀ ਫਿਲਮ ‘ਬਾਬੀ’ ਦੀ ਘੱਟ ਉਮਰ ਦੀ ਨਾਇਕਾ ਡਿੰਪਲ ਕਪਾੜੀਆ ਨਾਲ ਰਾਜੇਸ਼ ਖੰਨਾ ਨੇ ਵਿਆਹ ਕਰਵਾ ਲਿਆ। ਦੋ-ਦੋ ਧੀਆਂ ਟਵਿੰਕਲ ਖੰਨਾ ਅਤੇ ਰਿੰਕੀ ਖੰਨਾ ਦੀ ਪੈਦਾਇਸ਼ ਤੋਂ ਬਾਅਦ ਦੋਵਾਂ ਦੇ ਸਬੰਧਾਂ ’ਚ ਮਨ-ਮੁਟਾਵ ਪੈਦਾ ਹੋ ਗਿਆ। ਵਿਆਹ ਤੋਂ ਬਾਅਦ ਵੀ ਉਨ੍ਹਾਂ ਦੇ ਬੰਗਲੇ ‘ਆਸ਼ੀਰਵਾਦ’ ਵਿਚ ਕਿਸੇ ਦੂਜੀ ਔਰਤ ਦਾ ਮਿਲਣਾ ਦਰਸ਼ਕਾਂ ਨੂੰ ਰੜਕਣ ਲੱਗਾ।

ਕੁਝ ਇਨ੍ਹਾਂ ਹਾਲਾਤ ’ਚ ਉਨ੍ਹਾਂ ਨੂੰ ਸਰੀਰਕ ਦੁੱਖਾਂ ਨੇ ਵੀ ਘੇਰ ਲਿਆ। 1991 ਤੋਂ 1996 ਦੇ ਅਰਸੇ ਦੌਰਾਨ ਉਹ ਨਵੀਂ ਦਿੱਲੀ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਹੇ। ਹਰਾਇਆ ਵੀ ਉਨ੍ਹਾਂ ਨੇ ਆਪਣੇ ਫਿਲਮੀ ਮਿੱਤਰ ਸ਼ਤਰੂਘਨ ਸਿਨ੍ਹਾ ਨੂੰ। ਮਰਨ ਉਪਰੰਤ ਰਾਜੇਸ਼ ਖੰਨਾ ਨੂੰ ਭਾਰਤ ਸਰਕਾਰ ਨੇ ‘ਪਦਮ ਵਿਭੂਸ਼ਣ’ ਅਲੰਕਾਰ ਦੇ ਕੇ ਸਨਮਾਨਤ ਕੀਤਾ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਮੈਂ ਕਹਾਂਗਾ ਕਿ ਰਾਜੇਸ਼ ਖੰਨਾ ਸਮੇਂ ਦੀ ਨਬਜ਼ ਨਾ ਪਛਾਣ ਸਕੇ। ਕੀ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਫਿਲਮੀ ‘ਮੈਨਰਿਜ਼ਮ’ ਕੁਝ ਕੁ ਦਿਨਾਂ ਦੀ ਖੇਡ ਹੈ। ਕੀ ਉਨ੍ਹਾਂ ਨੂੰ ਇੰਨੀ ਵੀ ਸਫਲਤਾ ਦੇ ਸਿਖਰ ’ਤੇ ਗਿਆਨ ਨਹੀਂ ਰਿਹਾ ਕਿ ਸਮਾਂ ਬੜਾ ਨਿਰਦਈ ਹੁੰਦਾ ਹੈ? ਕੀ ਉਨ੍ਹਾਂ ਨੂੰ ਇੰਨਾ ਵੀ ਗਿਆਨ ਨਹੀਂ ਰਿਹਾ ਕਿ ਚਾਰ ਦਿਨ ਕੀ ਚਾਂਦਨੀ ਔਰ ਫਿਰ ਅੰਧੇਰੀ ਰਾਤ? ਯਾਦ ਰਹੇ ਇਹ ਦੁਨੀਆ ਰੈਣ ਬਸੇਰਾ ਹੈ, ਨਾ ਤੇਰਾ ਹੈ ਨਾ ਮੇਰਾ ਹੈ। ਅੱਜ ਜਿਹੜਾ ਚਮਕਦਾ ਹੋਇਆ ਦਿਖਾਈ ਦੇ ਰਿਹਾ ਹੈ ਕੱਲ ਮਿਟ ਜਾਵੇਗਾ। ਇਹ ਜ਼ਮੀਂ ਖਾ ਗਈ ਆਸਮਾਂ ਕੈਸੇ-ਕੈਸੇ? ਰਾਜੇਸ਼ ਖੰਨਾ ਦੇ ਇਸ ਤਰ੍ਹਾਂ ਚਲੇ ਜਾਣ ਦਾ ਫਿਲਮੀ ਦਰਸ਼ਕਾਂ ਅਤੇ ਰਾਜੇਸ਼ ਖੰਨਾ ਦੇ ਪ੍ਰਸ਼ੰਸਕਾਂ ਨੂੰ ਤਾਂ ਦੁਖ ਹੈ ਹੀ ਪਰ ਫਿਲਮ ਉਦਯੋਗ ਨੂੰ ਉਨ੍ਹਾਂ ਦੇ ਚਲੇ ਜਾਣ ਨਾਲ ਜੋ ਘਾਟਾ ਪਿਆ ਹੈ, ਉਸ ਦੀ ਪੂਰਤੀ ਨਹੀਂ ਹੋ ਸਕਦੀ। ਭਾਵੇਂ ਉਨ੍ਹਾਂ ਦੀ ਧੀ ਟਵਿੰਕਲ ਖੰਨਾ ਰਚਨਾਕਾਰ ਹੈ, ਉਨ੍ਹਾਂ ਦੇ ਜਵਾਈ ਅਕਸ਼ੈ ਕੁਮਾਰ ਇਕ ਚਮਕਦੇ ਸਿਤਾਰੇ ਵਾਂਗ ਫਿਲਮੀ ਉਦਯੋਗ ’ਚ ਉਨ੍ਹਾਂ ਦੇ ਨਾਂ ਨੂੰ ਬਣਾਈ ਬੈਠੇ ਹਨ ਪਰ ਰਾਜੇਸ਼ ਖੰਨਾ ਵਰਗਾ ਸਰਵੋਤਮ ਅਭਿਨੇਤਾ ਇੰਝ ਹੀ ਚਲਾ ਜਾਵੇ ਇਸ ਦਾ ਅਫਸੋਸ ਤਾਂ ਹੈ। 18 ਜੁਲਾਈ ਨੂੰ ਰਾਜੇਸ਼ ਖੰਨਾ ਦੀ ਬਰਸੀ ਹੈ। ਫਿਲਮੀ ਦਰਸ਼ਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਮੇਰੀ ਉਮਰ ਦੇ ਫਿਲਮੀ ਦਰਸ਼ਕ ਅੱਜ ਦੀਆਂ ਫਿਲਮਾਂ ਤੋਂ ਪ੍ਰੇਸ਼ਾਨ ਹਨ। ਬਿਨਾਂ ਸਿਰ-ਪੈਰ ਦੀਆਂ ਫਿਲਮਾਂ ਸਮਾਜ ਨੂੰ ਕੀ ਦਿਸ਼ਾ ਦੇਣਗੀਆਂ? ਅੱਜ ਦੀਆਂ ਫਿਲਮਾਂ ਦਾ ਕੰਨਪਾੜੂ ਸੰਗੀਤ ਰਾਜੇਸ਼ ਖੰਨਾ ਦੀ ਆਤਮਾ ਨੂੰ ਦੁਖੀ ਤਾਂ ਕਰਦਾ ਹੋਵੇਗਾ? ਸਿਨੇਮਾ ਦੀ ਸਿਰਜਣਾ ਕਰਨ ਵਾਲੇ ਆਪਣੀ ਸਮਾਜਕ ਜ਼ਿੰਮੇਵਾਰੀ ਨੂੰ ਯਾਦ ਰੱਖਣ। ਇਕ ਰਾਜੇਸ਼ ਖੰਨਾ ਫਿਲਮੀ ਉਦਯੋਗ ਫਿਰ ਪੈਦਾ ਕਰੇ। ਉਦੋਂ ਜਾਣਾਂਗੇ ਕਿ ਰਾਜੇਸ਼ ਖੰਨਾ ਅੱਜ ਵੀ ਜ਼ਿੰਦਾ ਹੈ।
 

Bharat Thapa

This news is Content Editor Bharat Thapa