ਨਿਤੀਸ਼ ਦੇ ਨਵੇਂ ਤੇਵਰ ’ਤੇ ਸਵਾਲ

08/04/2021 3:45:11 AM

ਡਾ. ਵੇਦਪ੍ਰਤਾਪ ਵੈਦਿਕ 
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬਹੁਤ ਮਜ਼ੇਦਾਰ ਨੇਤਾ ਹਨ। ਉਹ ਕਈ ਅਜਿਹੇ ਚੰਗੇ ਕੰਮ ਕਰ ਦਿੰਦੇ ਹਨ ਜਿਨ੍ਹਾਂ ਨੂੰ ਕਰਨ ਤੋਂ ਬਹੁਤ ਸਾਰੇ ਨੇਤਾ ਡਰਦੇ ਰਹਿੰਦੇ ਹਨ। ਆਪਣੇ ਦੇਸ਼ ’ਚ ਕਿੰਨੇ ਮੁੱਖ ਮੰਤਰੀ ਹਨ ਜੋ ਜਨਤਾ ਦਰਬਾਰ ਲਾਉਣ ਦੀ ਹਿੰਮਤ ਰੱਖਦੇ ਹਨ। ਆਮ ਆਦਮੀ ਦਾ ਤਾਂ ਉਨ੍ਹਾਂ ਨੂੰ ਮਿਲਣਾ ਹੀ ਔਖਾ ਹੁੰਦਾ ਹੈ। ਉਨ੍ਹਾਂ ਦਾ ਟੈਲੀਫੋਨ ਆਪ੍ਰੇਟਰ ਅਤੇ ਨਿੱਜੀ ਸਕੱਤਰ ਹੀ ਵਧੇਰੇ ਲੋਕਾਂ ਨੂੰ ਟਰਕਾ ਦਿੰਦੇ ਹਨ ਪਰ ਇਕ ਜ਼ਮਾਨਾ ਸੀ ਜਦੋਂ ਇੰਦਰਾ ਗਾਂਧੀ, ਚੌਧਰੀ ਚਰਨ ਸਿੰਘ, ਚੰਦਰਸ਼ੇਖਰ, ਵਿਸ਼ਵਨਾਥ ਪ੍ਰਤਾਪ ਸਿੰਘ ਅਤੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਨਿਵਾਸ ਵਿਖੇ ਅਕਸਰ ਜਨਤਾ ਦਰਬਾਰ ਲਾਉਂਦੇ ਸਨ। ਕੋਈ ਵੀ ਨਾਗਰਿਕ ਉੱਥੇ ਪਹੁੰਚ ਕੇ ਆਪਣੇ ਦਿਲ ਦਾ ਦਰਦ ਬਿਆਨ ਕਰ ਦਿੰਦਾ ਸੀ। ਨਾ ਸਿਰਫ ਉਸ ਦੀ ਸ਼ਿਕਾਇਤ ਨੂੰ ਧਿਆਨ ਨਾਲ ਸੁਣਿਆ ਜਾਂਦਾ ਸੀ ਸਗੋਂ ਉਸ ਦੇ ਹੱਲ ਲਈ ਹੁਕਮ ਵੀ ਤੁਰੰਤ ਜਾਰੀ ਕੀਤੇ ਜਾਂਦੇ ਸਨ।

ਕੱਲ ਪਟਨਾ ਵਿਖੇ ਨਿਤੀਸ਼ ਦੇ ਜਨਤਾ ਦਰਬਾਰ ’ਚ ਅਜਿਹੇ ਕਈ ਕਿੱਸੇ ਸਾਹਮਣੇ ਆਏ। ਕੁਝ ਨਾਗਰਿਕਾਂ ਨੇ ਕਿਹਾ ਕਿ ਅਫਸਰਾਂ ਨੇ ਸਾਡੇ ਕੋਲੋਂ ਰਿਸ਼ਵਤਾਂ ਮੰਗੀਆਂ ਅਤੇ ਜਦੋਂ ਅਸੀਂ ਕਿਹਾ ਕਿ ਇਹ ਗੱਲ ਅਸੀਂ ਮੁੱਖ ਮੰਤਰੀ ਨੂੰ ਦੱਸਾਂਗੇ ਤਾਂ ਅਫਸਰਾਂ ਨੇ ਕਿਹਾ ਕਿ ਜਾਓ, ਜਿਸ ਨੂੰ ਮਰਜ਼ੀ ਕਹੋ, ਇੱਥੇ ਤਾਂ ਪੈਸਾ ਰੱਖੋ ਅਤੇ ਕੰਮ ਕਰਵਾਓ। ਨਿਤੀਸ਼ ਨੇ ਆਪਣੀ ਸਰਕਾਰ ਦੇ ਮੁੱਖ ਸਕੱਤਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਅਜਿਹੇ ਸਭ ਮਾਮਲਿਆਂ ’ਤੇ ਤੁਰੰਤ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਲਗਭਗ ਤਿੰਨ ਸਾਲ ਪਹਿਲਾਂ ਪਟਨਾ ’ਚ ਨਿਤੀਸ਼ ਜੀ ਨੂੰ ਮੈਂ ਕਿਹਾ-ਭਾਈ ਸਾਹਿਬ, ਤੁਸੀਂ ਪੂਰੇ ਬਿਹਾਰ ’ਚ ਸ਼ਰਾਬਬੰਦੀ ਲਾਗੂ ਕਰ ਦਿੱਤੀ ਪਰ ਪਟਨਾ ਦੇ 5 ਸਿਤਾਰਾ ਹੋਟਲ ’ਚ ਸ਼ਰਾਬ ਪਿਆਈ ਜਾ ਰਹੀ ਹੈ। ਹੁਣ ਗਰੀਬ ਪੇਂਡੂ ਲੋਕ ਲੁੱਟੇ ਜਾਣਗੇ ਅਤੇ ਮਹਿੰਗੀ ਸ਼ਰਾਬ ਪੀਣ ਲਈ ਪਟਨਾ ਆਉਣਗੇ। ਉਨ੍ਹਾਂ ਤੁਰੰਤ ਹੁਕਮ ਦੇ ਕੇ ਪਟਨਾ ’ਚ ਵੀ ਸ਼ਰਾਬਬੰਦੀ ਲਾਗੂ ਕਰਵਾ ਦਿੱਤੀ। ਇਸੇ ਤਰ੍ਹਾਂ ਜਦੋਂ ਉਹ ਰੇਲ ਮੰਤਰੀ ਸਨ ਤਾਂ ਉਨ੍ਹਾਂ ਮੇਰੇ ਸੁਝਾਅ ’ਤੇ ਰੇਲ ਦੇ ਹਰ ਕੰਮ ’ਚ ਹਿੰਦੀ ਨੂੰ ਪਹਿਲਾਂ ਅਤੇ ਅੰਗਰੇਜ਼ੀ ਨੂੰ ਪਿੱਛੇ ਕਰ ਦਿੱਤਾ।

ਇਸੇ ਤਰ੍ਹਾਂ ਪੱਤਰਕਾਰਾਂ ਵਲੋਂ ਪੁੱਛਣ ’ਤੇ ਉਨ੍ਹਾਂ ਪੇਗਾਸਸ ਜਾਸੂਸੀ ’ਤੇ ਵੀ ਅਜਿਹੀ ਗੱਲ ਕਹਿ ਦਿੱਤੀ, ਜਿਸ ’ਤੇ ਭਾਜਪਾ-ਗਠਜੋੜ ਦੇ ਸਭ ਨੇਤਾ ਚੁੱਪ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸੰਸਦ ’ਚ ਬਹਿਸ ਕਿਉਂ ਨਾ ਹੋਵੇ? ਉਨ੍ਹਾਂ ਟੈਲੀਫੋਨੀ-ਜਾਸੂਸੀ ’ਤੇ ਆਪਣੀ ਗੱਲ ਇਸ ਅਦਾ ਨਾਲ ਕਹੀ ਜਿਵੇਂ ਸੂਬਿਆਂ ’ਚ ਅਜਿਹੀ ਕੋਈ ਜਾਸੂਸੀ ਹੁੰਦੀ ਹੀ ਨਹੀਂ ਹੈ। ਉਹ ਸਾਂਝੀ ਸੰਸਦੀ ਕਮੇਟੀ ਦੀ ਛਾਣਬੀਣ ਨੂੰ ਵੀ ਟਾਲ ਗਏ ਪਰ ਉਨ੍ਹਾਂ ਦੇ ਇਹ ਕਹਿਣ ਦੇ ਕਈ ਅਰਥ ਲਏ ਜਾ ਰਹੇ ਹਨ। ਕੁਝ ਲੋਕਾਂ ਦੀ ਰਾਏ ਹੈ ਕਿ ਨਿਤੀਸ਼ ਹੁਣ ਕਿਤੇ ਵਿਰੋਧੀ ਧਿਰ ਨਾਲ ਹੱਥ ਮਿਲਾਉਣ ਦੀ ਤਿਆਰੀ ਤਾਂ ਨਹੀਂ ਕਰ ਰਹੇ? ਉਨ੍ਹਾਂ ਨੂੰ ਪਾਸਾ ਪਲਟਣ ’ਚ ਰੱਤੀ ਭਰ ਵੀ ਦੇਰ ਨਹੀਂ ਲੱਗਦੀ! ਉਹ ਕਦੋਂ ਕਿਸ ਨਾਲ ਹੋ ਜਾਣ, ਕੁਝ ਪਤਾ ਨਹੀਂ। ਉਨ੍ਹਾਂ ਦੀ ਸਭ ਨਾਲ ਬਣ ਜਾਂਦੀ ਹੈ।

ਉਨ੍ਹਾਂ ਦੀ ਜਾਤੀ ਮਰਦਮਸ਼ੁਮਾਰੀ ਦੀ ਮੰਗ ਦਾ ਵੀ ਇਹੀ ਅਰਥ ਕੱਢਿਆ ਜਾ ਰਿਹਾ ਹੈ ਕਿ ਉਹ ਦੇਸ਼ ਦੇ ਸਭ ਅਨੁਸੂਚਿਤ ਅਤੇ ਪੱਛੜੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਨ। ਉਨ੍ਹਾਂ ਦੇ ਇਸੇ ਤੇਵਰ ਦੀ ਵਿਆਖਿਆ ਕਰਦੇ ਹੋਏ ਕੁਝ ਲੋਕ ਉਨ੍ਹਾਂ ਨੂੰ ਅਗਲਾ ਪ੍ਰਧਾਨ ਮੰਤਰੀ ਐਲਾਨੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਚੰਗਾ ਹੋਇਆ ਕਿ ਨਿਤੀਸ਼ ਨੇ ਇਸ ਕੋਰੀ ਕਲਪਨਾ ਦਾ ਖੰਡਨ ਕਰ ਦਿੱਤਾ, ਨਹੀਂ ਤਾਂ ਬਿਹਾਰ ’ਚ ਉਨ੍ਹਾਂ ਦਾ ਮੁੱਖ ਮੰਤਰੀ ਦਾ ਅਹੁਦਾ ਵੀ ਖਟਾਈ ’ਚ ਪੈ ਸਕਦਾ ਸੀ।

Bharat Thapa

This news is Content Editor Bharat Thapa