ਦਿੱਲੀ ਦੰਗੇ ਭਾਜਪਾ ਦੀ ਵਿਕਾਸ ਯਾਤਰਾ ’ਤੇ ਸਵਾਲੀਆ ਚਿੰਨ੍ਹ

03/05/2020 1:49:24 AM

ਮਾਸਟਰ ਮੋਹਨ ਲਾਲ

ਭਾਰਤ ਦੀ ਸਿਆਸਤ ’ਚ ਜਨਸੰਘ ਦਾ ਜਨਮ ਇਕ ਇਤਿਹਾਸਕ ਘਟਨਾ ਸੀ। 31 ਅਕਤੂਬਰ 1951 ਨੂੰ ਜਨਸੰਘ ਦੀ ਸਥਾਪਨਾ ਦਾ ਕਾਰਣ ਦੋ ਵਿਚਾਰਧਾਰਾਵਾਂ ਦਾ ਸੰਘਰਸ਼ ਸੀ। ਇਕ ਵਿਚਾਰਧਾਰਾ ਸੀ ਰਾਜਸ਼੍ਰੀ ਪ੍ਰਸ਼ੋਤਮ ਦਾਸ ਟੰਡਨ ਅਤੇ ਪਟੇਲ ਦੀ, ਦੂਸਰੀ ਵਿਚਾਰਧਾਰਾ ਸੀ ਬਟਵਾਰੇ ਦੀ ਤ੍ਰਾਸਦੀ ’ਚ ਨਵੀਆਂ ਇਮਾਰਤਾਂ ਬਣਾਉਣ ਦੀ। ਪਹਿਲੀ ਵਿਚਾਰਧਾਰਾ ਦੇ ਮੁੱਖ ਬਿੰਦੂ ਸਨ ਭਾਰਤੀਅਤਾ, ਰਾਸ਼ਟਰੀਅਤਾ ਅਤੇ ਹਿੰਦੂਤਵ, ਦੂਸਰੀ ਵਿਚਾਰਧਾਰਾ ਸੀ ਭਾਰਤ ਦੇ ਆਧੁਨਿਕੀਕਰਨ ਦੀ। ਇਕ ਗਾਂਧੀਵਾਦ ਦੀ, ਦੂਜੀ ਵਿਕਾਸਵਾਦ ਦੀ। ਟਕਰਾਅ ’ਚ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਵਾਹਰ ਲਾਲ ਨਹਿਰੂ ਨੂੰ ਤਿਆਗਦੇ ਹੋਏ ਜਨਸੰਘ ਵਰਗੀ ਇਕ ਨਵੀਂ ਸਿਆਸੀ ਪਾਰਟੀ ਨੂੰ ਭਾਰਤ ਦੇ ਧਰਾਤਲ ’ਤੇ ਖੜ੍ਹਾ ਕਰ ਦਿੱਤਾ। ਜਨਸੰਘ ਦੀ ਜਨਮ ਕੁੰਡਲੀ ਤਾਂ ਸੰਘਰਸ਼ਾਂ ਭਰੀ ਸੀ। ਜਨਸੰਘ ਦਾ ਅਰਥ ਹੀ ਸੀ ਜਨ-ਅੰਦੋਲਨ ਕਰਨ ਵਾਲਾ। ਕਦੀ ਅੰਦੋਲਨ ਛੇੜਿਆ ਜੰਮੂ-ਕਸ਼ਮੀਰ ’ਚ ਕਿ ਇਕ ਦੇਸ਼ ਵਿਚ ਦੋ ਵਿਧਾਨ, ਦੋ ਨਿਸ਼ਾਨ ਨਹੀਂ ਚੱਲਣਗੇ, ਨਹੀਂ ਚੱਲਣਗੇ। ਭਾਵੇਂ ਇਸ ਦੇ ਲਈ ਸ਼ਿਆਮਾ ਪ੍ਰਸਾਦ ਮੁਖਰਜੀ ਜਨਸੰਘ ਦੇ ਸੰਸਥਾਪਕ ਨੂੰ ਆਪਣਾ ਬਲੀਦਾਨ ਹੀ ਦੇਣਾ ਪਿਆ, ਕਦੀ ਰਣ-ਕੱਛ ਦੇ ਵਿਰੋਧ ਦਾ ਅੰਦੋਲਨ, ਕਦੀ ਮਹਾ-ਪੰਜਾਬ ਦੀ ਲੜਾਈ, ਕਦੀ ਗੋਆ ਦੀ ਅਾਜ਼ਾਦੀ ਦਾ ਸੱਤਿਆਗ੍ਰਹਿ, ਕਦੀ ਤਿੱਬਤ ਦੀ ਆਜ਼ਾਦੀ ਦੀ ਲੜਾਈ, ਕਦੀ ਘੁਸਪੈਠ ਦਾ ਵਿਰੋਧ, ਕਦੀ ਗਊ ਹੱਤਿਆ ਬੰਦ ਕਰਵਾਉਣ ਲਈ ਸਖਤ ਰੋਸ ਪ੍ਰਦਰਸ਼ਨ, ਕਦੀ ਰਾਮ ਮੰਦਰ ਲਈ ਜਨ-ਜਾਗਰਣ, ਕਦੀ ਆਜ਼ਾਦ ਭਾਰਤ ’ਚ ਮੁਸਲਿਮ ਤੁਸ਼ਟੀਕਰਨ ਦਾ ਵਿਰੋਧ ਅਤੇ ਕਦੇ 1975 ਵਿਚ ਐਮਰਜੈਂਸੀ ਦੇ ਵਿਰੁੱਧ ਲੋਕਾਂ ਦੇ ਮੌਲਿਕ ਹੱਕਾਂ ਦੀ ਲੜਾਈ, ਜਨਸੰਘ ਰੁਕਿਆ ਨਹੀਂ, ਥੱਕਿਆ ਨਹੀਂ, ਮੁੱਕਿਆ ਨਹੀਂ, ਨਿਰੰਤਰ ਜਨਸੰਘ ਦੀ ਕਿਸਮਤ ’ਚ ਅੰਦੋਲਨ ਕਰਦੇ ਰਹਿਣਾ ਹੀ ਲਿਖਿਆ ਸੀ। ਇਹੀ ਉਹ ਜਨਸੰਘ ਦਾ ਧਰਾਤਲ ਸੀ, ਜਿਸ ’ਤੇ ਅੱਜ ਭਾਰਤੀ ਜਨਤਾ ਪਾਰਟੀ ਖੜ੍ਹੀ ਹੈ। ਇਹ ਵੀ ਸੱਚ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਸੁਨਹਿਰੀ ਸਮੇਂ ਨੂੰ ਲਿਆਉਣ ’ਚ ਜਨਸੰਘ ਦੀ ਸੋਚ ਰੱਖਣ ਵਾਲਿਆਂ ਦੀਆਂ ਚਾਰ ਪੀੜ੍ਹੀਅਾਂ ਗਰਕ ਹੋ ਗਈਆਂ। ਥੋੜ੍ਹਾ 1951 ਤੋਂ 2020 ਦੇ ਦਰਮਿਆਨ ਦੇ ਇਤਿਹਾਸ ਦੇ ਪੰਨੇ ਮੈਂ ਆਪਣੇ ਵਰਕਰਾਂ ਦੇ ਜ਼ਿਹਨ ’ਚ ਲਿਆਉਣਾ ਚਾਹੁੰਦਾ ਹਾਂ, ਭਾਰਤੀ ਜਨਤਾ ਪਾਰਟੀ ਦੀ ਇਸ ‘ਵਿਕਾਸ ਯਾਤਰਾ’ ਨੂੰ ਜਿੰਨਾ ਮੈਨੂੰ ਯਾਦ ਹੈ, ਪਾਠਕਾਂ ਸਾਹਮਣੇ ਰੱਖਣਾ ਚਾਹਾਂਗਾ।

1952 ਦੀ ਪਹਿਲੀ ਲੋਕ ਸਭਾ ਚੋਣ ’ਚ ਜਨਸੰਘ ਨੇ ਪੰਜਾਬ ’ਚ 94 ਉਮੀਦਵਾਰ ਮੈਦਾਨ ’ਚ ਉਤਾਰੇ, ਜਿੱਤੇ 3, ਵੋਟਾਂ ਮਿਲੀਆਂ 3.1 ਫੀਸਦੀ। 1957 ’ਚ 130 ਸੀਟਾਂ, 4 ਜਿੱਤੀਆਂ, ਵੋਟਾਂ ਪਈਆਂ 6 ਫੀਸਦੀ, 1962 ’ਚ 196 ਉਮੀਦਵਾਰਾਂ ’ਚੋਂ 14 ਜਿੱਤੇ, ਵੋਟ ਫੀਸਦੀ 6 ਹੀ ਰਿਹਾ। 1967 ’ਚ ਜਨਸੰਘ ਨੇ ਉਮੀਦਵਾਰ ਖੜ੍ਹੇ ਕੀਤੇ 251, ਸੀਟਾਂ ਮਿਲੀਆਂ 35, ਵੋਟਾਂ ਮਿਲੀਆਂ 6.4 ਫੀਸਦੀ, 1977 ’ਚ ਲੋਕ ਦਲ ਦੇ ਚੋਣ ਨਿਸ਼ਾਨ ‘ਹਲਧਰ’ ਉੱਤੇ ਚੋਣ ਲੜੀ 405 ਸੀਟਾਂ ’ਤੇ, ਜਿੱਤੀਆਂ 295, ਵੋਟਾਂ ਪਈਆਂ 41.3 ਫੀਸਦੀ, ਜਨਤਾ ਪਾਰਟੀ ਦੇ ਇਸ ਰਾਜ ਵਿਚ ਜਨਸੰਘ ਦੇ ਜਿੱਤੇ 93 ਉਮੀਦਵਾਰ, 1980 ’ਚ ਮੁੜ ਜਨਤਾ ਪਾਰਟੀ ਨਾਲ ਮਿਲ ਕੇ 432 ਸੀਟਾਂ ’ਤੇ ਚੋਣ ਲੜੀ, ਸੀਟਾਂ ਮਿਲੀਆਂ 31, ਵੋਟਾਂ ਪਈਆਂ 19 ਫੀਸਦੀ, 6 ਅਪ੍ਰੈਲ 1980 ’ਚ ਭਾਰਤੀ ਜਨਤਾ ਪਾਰਟੀ ਜਨਸੰਘ ਦੀ ਰਾਖ ’ਤੇ ਖੜ੍ਹੀ ਹੋਈ। 1984 ’ਚ ਭਾਜਪਾ ਨੇ ਲੋਕ ਸਭਾ ਦੀਆਂ 223 ਸੀਟਾਂ ’ਤੇ ਹੱਥ ਅਜ਼ਮਾਇਆ, ਸੀਟਾਂ ਮਿਲੀਆਂ ਸਿਰਫ 2, ਵੋਟਾਂ ਮਿਲੀਆਂ 7.7 ਫੀਸਦੀ, 1989 ’ਚ 226 ਸੀਟਾਂ ’ਤੇ ਚੋਣ ਲੜੀ, ਸੀਟਾਂ ਮਿਲੀਆਂ 86, ਵੋਟਾਂ ਪ੍ਰਾਪਤ ਹੋਈਆਂ 11.5 ਫੀਸਦੀ, 1991 ’ਚ 468 ਸੀਟਾਂ ’ਤੇ ਚੋਣ ਲੜੀ, ਸੀਟਾਂ ਮਿਲੀਆਂ 120, ਵੋਟਾਂ ਪ੍ਰਾਪਤ ਹੋਈਆਂ 20.1 ਫੀਸਦੀ, 1996 ’ਚ 471 ’ਚੋਂ ਸੀਟਾਂ ਮਿਲੀਆਂ 161, ਵੋਟ ਫੀਸਦੀ ਰਿਹਾ 20.3, 1998 ’ਚ 388 ’ਚੋਂ ਸੀਟਾਂ ਆਈਆਂ 182, ਵੋਟਾਂ ਿਮਲੀਆਂ 25.6 ਫੀਸਦੀ, 1994 ’ਚ 339 ਸੀਟਾਂ ’ਚ ਚੋਣਾਂ ਲੜੀਆਂ, ਹਾਸਲ ਕੀਤੀਆਂ 184, ਵੋਟਾਂ ਮਿਲੀਆਂ 23.8 ਫੀਸਦੀ, 2004 ਵਿਚ ‘ਸ਼ਾਈਨਿੰਗ ਇੰਡੀਆ’ ਦੇ ਨਾਅਰੇ ’ਤੇ 364 ’ਚੋਂ ਸੀਟਾਂ ਆਈਆਂ 138, ਵੋਟਾਂ ਿਮਲੀਆਂ 22.16 ਫੀਸਦੀ, 2009 ’ਚ 433 ਸੀਟਾਂ ’ਤੇ ਲੜ ਕੇ ਜਿੱਤ ਪ੍ਰਾਪਤ ਕੀਤੀ 116 ’ਤੇ ਅਤੇ ਵੋਟਾਂ ਪਈਆਂ 18.80 ਫੀਸਦੀ, 2014 ’ਚ ਭਾਜਪਾ 282 ਸੀਟਾਂ ਹਥਿਆ ਕੇ ਲੈ ਗਈ ਅਤੇ ਵੋਟਾਂ ਪਈਆਂ 31 ਫੀਸਦੀ, 2019 ਦੀਆਂ ਚੋਣਾਂ ’ਚ 303 ਸੀਟਾਂ ਅਤੇ 58 ਫੀਸਦੀ ਵੋਟਾਂ ਲੈ ਕੇ ਭਾਰਤੀ ਜਨਤਾ ਪਾਰਟੀ ਦੁਬਾਰਾ ਨਰਿੰਦਰ ਭਾਈ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦੇ ਕੇ ਬੇਫਿਕਰ ਹੋ ਗਈ। ਵਿਕਾਸ ਯਾਤਰਾ ਅਜੇ ਜਾਰੀ ਹੈ।

Bharat Thapa

This news is Content Editor Bharat Thapa