ਸ਼ਰਾਬ ਦੇ ‘ਪੇਕੇ’ ਸਕਾਟਲੈਂਡ ’ਚ ਸ਼ਰਾਬ ’ਤੇ ਪਾਬੰਦੀ

10/09/2020 3:54:26 AM

ਲੰਡਨ ਤੋਂ ਕ੍ਰਿਸ਼ਨ ਭਾਟੀਆ

ਸਕਾਟਲੈਂਡ ਸ਼ਰਾਬ ਦਾ ਘਰ ਹੈ। ਉਥੇ ਤਿਆਰ ਹੋਈ ‘ਸਕਾਚ ਵ੍ਹਿਸਕੀ ਤਰ੍ਹਾਂ-ਤਰ੍ਹਾਂ ਦੇ ਆਕਰਸ਼ਕ ਨਾਵਾਂ ਨਾਲ ਰੰਗੀਲੀਆਂ-ਚਮਕੀਲੀਆਂ ਬੋਤਲਾਂ ’ਚ ਬੰਦ ਦੁਨੀਆ ਭਰ ’ਚ ਨਸ਼ਾ ਬਿਖੇਰਨ ਅਤੇ ਮਸਤੀਆਂ ਲੁਟਾਉਣ ਲਈ ਮਸ਼ਹੂਰ ਹੈ। ਪਰ ਆਪਣੇ ਹੀ ਪੇਕੇ ’ਚ ਉਸ ਦੇ ਪੀਣ-ਪਿਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ਼ੁੱਕਰਵਾਰ (8 ਅਕਤੂਬਰ) ਸ਼ਾਮ 6 ਵਜੇ ਦੇ ਬਾਅਦ ਤੋਂ ਸਾਰੇ ਸਕਾਟਲੈਂਡ ਦੇ ਹਜ਼ਾਰਾਂ ਪੱਬ ਅਤੇ ਰੈਸਟੋਰੈਂਟ 2 ਹਫਤਿਆਂ ਲਈ ਬੰਦ ਕਰ ਦਿੱਤੇ ਗਏ ਹਨ।

ਇਸ ਐਲਾਨ ਨੇ ਨਾ ਸਿਰਫ ਸਕਾਲਟਲੈਂਡ ਬਿਲਕ : ਬ੍ਰਿਟੇਨ ਦੇ ਬਾਕੀ ਸੂਬਿਆਂ ’ਚ ਵੀ ਇਕ ਕਿਸਮ ਦੀ ਖਲਬਲੀ ਜਿਹੀ ਮਚਾ ਦਿੱਤੀ ਅਤੇ ਖਦਸ਼ਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਅਗਲੇ ਸੋਮਵਾਰ ਤੋਂ ਸਾਰੇ ਦੇਸ਼ ਦੇ ਰੈਸਟੋਰੈਂਟਾਂ ਅਤੇ ਪੱਬਾਂ ਨੂੰ ਖੋਲ੍ਹਣ ’ਤੇ ਪਾਬੰਦੀ ਲਗਾ ਦੇਣਗੇ।

ਸ਼ਰਾਬ ਪ੍ਰੇਮੀ ਬ੍ਰਿਟੇਨ ਦੀ ਜਨਤਾ ਲਈ ਇਹ ਫੈਸਲਾ ਹੈਰਾਨ ਕਰ ਦੇਣ ਵਾਲਾ ਹੈ। ਸਰਕਾਰ ਨੂੰ ਇਹ ਪਾਬੰਦੀ ਕੋਰੋਨਾ ਵਾਇਰਸ ਦੇ ਚਿੰਤਾਜਨਕ ਫੈਲਾਅ ਤੋਂ ਘਬਰਾ ਕੇ ਲਗਾਉਣੀ ਪੈ ਰਹੀ ਹੈ।

ਕੋਰੋਨਾ ਦਾ ਚਿੰਤਾਜਨਕ ਫੈਲਾਅ

ਕੋਰੋਨਾ ਇਨਫੈਕਸ਼ਨ ਬ੍ਰਿਟੇਨ ’ਚ ਕਾਬੂ ਤੋਂ ਬਾਹਰ ਹੋਣ ਦੇ ਆਸਾਰ ਪੈਦਾ ਹੋ ਰਹੇ ਹਨ। ਰੋਗ ਨਾਲ ਗ੍ਰਸਤ ਹੋਣ ਅਤੇ ਉਸ ਨਾਲ ਮਰਨ ਵਾਲੇ ਰੋਗੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਹਿਲਾਂ ਤਾਂ ਅਧਿਕਾਰੀਆਂ ’ਚ ਸਿਰਫ ਚਿੰਤਾ ਸੀ ਕਿ ਇਸ ਤੋਂ ਜਨਤਾ ਦੇ ਬਚਾਅ ਅਤੇ ਵਾਇਰਸ ਪੀੜਤ ਲੋਕਾਂ ਦਾ ਇਲਾਜ ਕਿਵੇਂ ਕੀਤਾ ਜਾਵੇ ਪਰ ਹੁਣ ਉਨ੍ਹਾਂ ’ਚ ਘਬਰਾਹਟ ਦੇ ਨਾਲ-ਨਾਲ ਇਹ ਛਟਪਟਾਹਟ ਵੀ ਦਿਖਾਈ ਦੇ ਰਹੀ ਹੈ ਕਿ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਕਿਵੇਂ ਜਾਵੇ। ਇਹ ਹੁਕਮ ਵੀ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਇਕ-ਦੂਸਰੇ ਤੋਂ 2 ਮੀਟਰ ਦੀ ਦੂਰੀ ਰੱਖਣੀ ਹੋਵੇਗੀ ਅਤੇ ਇਕ ਤੋਂ ਦੂਸਰੇ ਕਿਸੇ ਦੇ ਘਰ ਜਾ ਕੇ ਮਿਲਣ ਦੀ ਵੀ ਮਨਾਹੀ ਹੋਵੇਗੀ। ਇਸ ਤੋਂ ਪਹਿਲਾਂ ਸਰਕਾਰ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪੱਬਾਂ-ਰੈਸਟੋਰੈਂਟਾਂ ’ਚ ਜਾਣ ’ਤੇ ਪਾਬੰਦੀ ਲਾਈ ਸੀ, ਜਿਸ ਵਿਰੁੱਧ ਕਾਫੀ ਰੌਲਾ ਪਿਆ ਸੀ।

ਕੋਰੋਨਾ ਰੋਗ ਪੈਦਾ ਹੋਣ ਤੋਂ ਬਾਅਦ ਇੰਝ ਫੈਲ ਜਾਵੇਗਾ ਅਤੇ ਕਿਸੇ ਤਰ੍ਹਾਂ ਕਾਬੂ ’ਚ ਵੀ ਨਹੀਂ ਆ ਸਕੇਗਾ, ਇਸਦੀ ਕਲਪਨਾ ਕਿਸੇ ਨੇ ਵੀ ਨਹੀਂ ਕੀਤੀ ਸੀ। ਹਾਲਾਤ ਦਾ ਮੁਕਾਬਲਾ ਕਰਨ ਅਤੇ ਉਸ ਲਈ ਕਿਹੜੇ ਅਤੇ ਕਿਹੋ ਜਿਹੇ ਸਾਧਨ ਜੁਟਾਉਣੇ ਹਨ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ਹੁਣ ਜਿਉਂ-ਜਿਉਂ ਸਮਾਂ ਗੁਜ਼ਰ ਰਿਹਾ ਹੈ, ਸਾਧਨ ਘਟ ਰਹੇ ਹਨ ਅਤੇ ਹਿੰਮਤ ਵੀ ਘਟ ਰਹੀ ਹੈ। ਬ੍ਰਿਟੇਨ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਕੋਰੋਨਾ ਸਭ ਤੋਂ ਵੱਧ ਤੇਜ਼ੀ ਨਾਲ ਸਕਾਟਲੈਂਡ ’ਚ ਫੈਲ ਰਿਹਾ ਹੈ।

ਭਿਆਨਕ ਪ੍ਰਭਾਵ ਦਾ ਖਦਸ਼ਾ

ਸਕਾਟਲੈਂਡ ਦੀ ਪ੍ਰਥਮ ਮੰਤਰੀ ਨਿਕੋਲਾ ਸਟਰਜਨ ਨੇ ਪੱਬਾਂ-ਰੈਸਟੋਰੈਂਟਾਂ ’ਤੇ ਪਾਬੰਦੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਜਿਸ ਤੇਜ਼ ਰਫਤਾਰ ਨਾਲ ਫੈਲ ਰਹੀ ਹੈ, ਜੇਕਰ ਉਸਨੂੰ ਦ੍ਰਿੜ੍ਹਤਾ ਨਾਲ ਰੋਕਣ ਦੇ ਉਪਾਅ ਹੁਣ ਤੋਂ ਨਾ ਕੀਤੇ ਗਏ ਤਾਂ ਇਸ ਮਹੀਨੇ ਦੇ ਅਖੀਰ ਤਕ ਬੜਾ ਭਿਆਨਕ ਰੂਪ ਧਾਰਨ ਕਰ ਲਵੇਗੀ।

ਸਕਾਟਲੈਂਡ ਸ਼ਰਾਬ ਦੀ ਪੈਦਾਵਾਰ ਦਾ ਸੰਸਾਰ ਵਿਚ ਸਭ ਤੋਂ ਵੱਡਾ ਕੇਂਦਰ ਹੈ। ਦੁਨੀਆ ਦੇ ਸਭ ਤੋਂ ਖੂਬਸੂਰਤ ਪੱਬ ਅਤੇ ਰੈਸਟੋਰੈਂਟ ਇਥੇ ਹਨ। ਇਥੋਂ ਦੇ ਪੱਬਾਂ ਅਤੇ ਰੈਸਟੋਰੈਂਟਾਂ ਦੇ ਕਾਰੋਬਾਰ ਨਾਲ ਕਈ ਹੋਰ ਕਿਸਮ ਦੇ ਕਿੱਤੇ ਵੀ ਜੁੜੇ ਹੋਏ ਹਨ। ਇਸ ਪਾਬੰਦੀ ਦਾ ਅਸਰ ਉਨ੍ਹਾਂ ’ਤੇ ਪੈਣਾ ਹੈ। ਉਨ੍ਹਾਂ ਦੇ ਇਕ ਬੁਲਾਰੇ ਨੇ ਕਿਹਾ ਕਿ ਅਜਿਹੀ ਪਾਬੰਦੀ ਲਾ ਕੇ ਨਿਕੋਲਾ ਸਟਰਜਨ ਨੇ ਇਕ ਤਰ੍ਹਾਂ ਸਾਡੇ ਕਾਰੋਬਾਰ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈ।

ਸ਼ਰਾਬ ਪ੍ਰੇਮੀ ਝਪਟ ਪਏ ਬੋਤਲਾਂ ’ਤੇ

ਦੂਜੇ ਪਾਸੇ ਜਦੋਂ ਸ਼ਰਾਬ ’ਤੇ ਪਾਬੰਦੀ ਲਾਉਣ ਦੀ ਖਬਰ ਫੈਲੀ ਤਾਂ ਸ਼ਰਾਬ ਪ੍ਰੇਮੀਆਂ ਦੀ ਹਾਲਤ ਦੇਖਣ ਵਾਲੀ ਸੀ। ਸ਼ਰਾਬ ਵੇਚਣ ਵਾਲੇ ਸਟੋਰਾਂ ਅਤੇ ਦੁਕਾਨਾਂ ’ਤੇ ਇਕ ਕਿਸਮ ਦਾ ਧਾਵਾ ਜਿਹਾ ਬੋਲੇ ਜਾਣ ਦੇ ਦ੍ਰਿਸ਼ ਦਿਖਾਈ ਦੇਣ ਲੱਗੇ।

ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਦੇਸ਼ ਦੀ ਆਰਥਿਕ ਵਿਵਸਥਾ ਵਿਗੜਨ ਦੇ ਖਦਸ਼ੇ ਵਧਣ ਲੱਗੇ ਹਨ। ਆਉਣ ਵਾਲੇ ਅਗਲੇ ਕੁਝ ਮਹੀਨੇ ਸਥਿਤੀ ’ਚ ਗੰਭੀਰਤਾ ਆਉਣ ਦੇ ਸੰਕੇਤ ਦੇ ਰਹੇ ਹਨ ਪਰ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਦਾ ਕਹਿਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਅਤੇ ਵਿੱਤ ਮੰਤਰੀ ਰਿਸ਼ੀ ਸੂਨਕ ਨੇ ਭਰੋਸਾ ਦਿੱਤਾ ਹੈ ਕਿ ਸੰਕਟ ’ਤੇ ਕਾਬੂ ਪਾ ਲਿਆ ਜਾਵੇਗਾ।

Bharat Thapa

This news is Content Editor Bharat Thapa