ਸਿਆਸਤ ਗਟਰ ਦੇ ਪੱਧਰ ਤਕ ਡਿਗ ਚੁੱਕੀ ਹੈ

02/05/2020 1:30:32 AM

ਪੂਨਮ

ਸਿਆਸੀ ਵਿਰੋਧੀ ਜਾਂ ਜਾਨੀ ਦੁਸ਼ਮਣ? ਦਿੱਲੀ ਵਿਧਾਨ ਸਭਾ ਚੋਣਾਂ ਲਈ ਚੱਲ ਰਹੀ ਪ੍ਰਚਾਰ ਮੁਹਿੰਮ ਨੂੰ ਨਾਗਰਿਕਤਾ ਸੋਧ ਕਾਨੂੂੰਨ ਦੇ ਸਬੰਧ ਵਿਚ ਚੱਲ ਰਹੇ ਅੰਦੋਲਨ ਦੇ ਦੌਰਾਨ ਦੋਸ਼-ਜੁਆਬੀ ਦੋਸ਼ ਅਤੇ ਅਪਸ਼ਬਦਾਂ ਦੀ ਵਰਤੋਂ ਵਿਚਾਲੇ ਇਹ ਸਵਾਲ ਸੁਰਖ਼ੀਆਂ ’ਚ ਛਾਇਆ ਹੋਇਆ ਹੈ ਅਤੇ ਇਸ ਕਾਰਣ ਵਿਰੋਧੀਆਂ ਅਤੇ ਜਾਨੀ ਦੁਸ਼ਮਣਾਂ ਵਿਚਾਲੇ ਦੀ ਲਕੀਰ ਧੁੰਦਲੀ ਹੋ ਗਈ ਹੈ ਅਤੇ ਇਸ ਸਿਲਸਿਲੇ ਵਿਚ ਸਿਹਤਮੰਦ ਮੁਕਾਬਲੇਬਾਜ਼ਾਂ ਵਿਚਾਲੇ ਸ਼ਾਨ, ਸ਼ਾਲੀਨਤਾ, ਭਾਈਚਾਰਾ ਅਤੇ ਆਦਰ ਦੇ ਬੁਨਿਆਦੀ ਸਿਧਾਂਤ ਛਿੱਕੇ ’ਤੇ ਟੰਗ ਦਿੱਤੇ ਗਏ ਹਨ ਅਤੇ ਹਰੇਕ ਚੀਜ਼ ਖੇਡ ਬਣ ਗਈ ਹੈ। ਦੇਸ਼ਭਗਤ ਤੋਂ ਦੇਸ਼ਧ੍ਰੋਹੀ ਅਤੇ ਇਸ ਸਭ ਦੀ ਸ਼ੁਰੂਆਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਇਹ ਕਹਿਣ ਨਾਲ ਵੀ ਹੋਈ, ਜਦੋਂ ਉਸ ਨੇ ਇਹ ਕਿਹਾ, ‘‘ਜੇਕਰ ਅਸੀਂ 5 ਲੱਖ ਲੋਕਾਂ ਨੂੰ ਇਕਜੁੱਟ ਕਰ ਸਕੀਏ ਤਾਂ ਅਸੀਂ ਉੱਤਰ-ਪੂਰਬ ਨੂੰ ਹਮੇਸ਼ਾ ਲਈ ਭਾਰਤ ਤੋਂ ਵੱਖ ਕਰ ਸਕਦੇ ਹਾਂ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਘੱਟੋ-ਘੱਟ ਇਕ ਮਹੀਨੇ ਲਈ ਆਸਾਮ ਨੂੰ ਬਾਕੀ ਭਾਰਤ ਤੋਂ ਵੱਖ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ, ਤਾਂ ਹੀ ਸਰਕਾਰ ਸਾਡੀ ਗੱਲ ਸੁਣੇਗੀ।’’ ਉਥੇ ਹੀ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇਕ ਚੋਣ ਰੈਲੀ ਵਿਚ ਦਰਸ਼ਕਾਂ ਨੂੰ ਕਿਹਾ, ‘‘ਦੇਸ਼ ਦੇ ਗੱਦਾਰਾਂ ਨੂੰ...’’ ਤਾਂ ਭੀੜ ’ਚੋਂ ਆਵਾਜ਼ ਆਈ, ‘‘ਗੋਲੀ ਮਾਰੋ ਸਾਲੋਂ ਕੋ।’’ ਉਸ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਬਲਾਤਕਾਰੀ ਅਤੇ ਹਤਿਆਰਾ ਕਹਿ ਕੇ ਇਕ ਵੱਡਾ ਵਿਵਾਦ ਪੈਦਾ ਕੀਤਾ ਅਤੇ ਕਿਹਾ ਕਿ ਇਹ ਲੋਕ ਤੁਹਾਡੇ ਘਰਾਂ ’ਚ ਦਾਖਲ ਹੋਣਗੇ ਅਤੇ ਤੁਹਾਡੀਆਂ ਭੈਣਾਂ ਅਤੇ ਧੀਆਂ ਦਾ ਬਲਾਤਕਾਰ ਕਰ ਕੇ ਉਨ੍ਹਾਂ ਦੀ ਹੱਤਿਆ ਕਰਨਗੇ। ਇਹੀ ਨਹੀਂ, ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਬਾਰੇ ਕਿਹਾ, ‘‘ਦਿੱਲੀ ਵਿਚ ਕੇਜਰੀਵਾਲ ਵਰਗੇ ਅਨੇਕ ਨਟਵਰ ਲਾਲ ਅਤੇ ਅੱਤਵਾਦੀ ਰੁਕੇ ਹੋਏ ਹਨ। ਮੇਰੀ ਸਮਝ ਵਿਚ ਨਹੀਂ ਆਉਂਦਾ ਕਿ ਸਾਨੂੰ ਅੱਤਵਾਦੀਆਂ ਵਿਰੁੱਧ ਕਸ਼ਮੀਰ ਵਿਚ ਲੜਨਾ ਚਾਹੀਦਾ ਹੈੈ ਜਾਂ ਦਿੱਲੀ ਵਿਚ ਅੱਤਵਾਦੀ ਕੇਜਰੀਵਾਲ ਦੇ ਵਿਰੁੱਧ ਲੜਨਾ ਚਾਹੀਦਾ ਹੈ।’’ ਅੱਗ ਵਿਚ ਘਿਓ ਪਾਉਣ ਦਾ ਕੰਮ ਕਾਂਗਰਸ ਦੇ ਰਾਹੁਲ ਗਾਂਧੀ ਨੇ ਵੀ ਕੀਤਾ, ਜਿਨ੍ਹਾਂ ਨੇ ਮੋਦੀ ਦੀ ਤੁਲਨਾ ਗਾਂਧੀ ਦੇ ਹਤਿਆਰੇ ਗੋਡਸੇ ਨਾਲ ਕੀਤੀ ਅਤੇ ਕਿਹਾ ਕਿ ਦੋਵੇਂ ਇਕ ਹੀ ਵਿਚਾਰਧਾਰਾ ਵਿਚ ਵਿਸ਼ਵਾਸ ਕਰਦੇ ਹਨ, ਤਾਂ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ, ਜੋ ਲੋਕ ਸਰਕਾਰੀ ਸੰਪਤੀ ਨੂੰ ਤਬਾਹ ਕਰ ਰਹੇ ਹਨ, ਉਨ੍ਹਾਂ ਨੂੰ ਕੁੱਤੇ ਵਾਂਗ ਗੋਲੀ ਮਾਰ ਦੇਣੀ ਚਾਹੀਦੀ ਹੈ, ਜਿਵੇਂ ਕਿ ਉਨ੍ਹਾਂ ਦੇ ਨਾਲ ਆਸਾਮ ਅਤੇ ਉੱਤਰ ਪ੍ਰਦੇਸ਼ ਵਿਚ ਕੀਤਾ ਗਿਆ ਅਤੇ ਉਨ੍ਹਾਂ ਨੇ ਇਸ ’ਤੇ ਪਛਤਾਵਾ ਵੀ ਨਹੀਂ ਜ਼ਾਹਿਰ ਕੀਤਾ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿਚ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਲਾਹ ਦਿੱਤੀ ਗਈ ਕਿ ਸ਼ਰਜੀਲ ਇਮਾਮ ਵਰਗੇ ਕੀੜਿਆਂ ਨੂੰ ਤੁਰੰਤ ਨਸ਼ਟ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਜਪਾ ਦਾ ਇਕ ਵਿਧਾਇਕ ਚਾਹੁੰਦਾ ਹੈ ਕਿ ਉਸ ਨੂੰ ਗੋਲੀ ਮਾਰੀ ਜਾਵੇ।

ਗਿਰਗਿਟ ਵਾਂਗ ਰੰਗ ਦਿਖਾ ਰਹੇ ਨੇਤਾ

ਮੈਨੂੰ ਇਸ ਗੱਲ ’ਤੇ ਹੈਰਾਨੀ ਨਹੀਂ ਹੈ ਕਿਉਂਕਿ ਸਾਡੇ ਨੇਤਾ ਸਾਰੀ ਸ਼ਾਨ ਅਤੇ ਹਲੀਮੀ ਨੂੰ ਛਿੱਕੇ ’ਤੇ ਟੰਗ ਕੇ ਆਪਣਾ ਗਿਰਗਿਟ ਵਾਲਾ ਰੰਗ ਦਿਖਾ ਰਹੇ ਹਨ। ਇਕ ਸਮਾਂ ਸੀ, ਜਦੋਂ ਵਿਅੰਗ ਵਿਚ ਗੱਲਾਂ ਕਹੀਆਂ ਜਾਂਦੀਆਂ ਸਨ ਅਤੇ ਨੇਤਾ ਉਨ੍ਹਾਂ ਨੂੰ ਉਸੇ ਭਾਵਨਾ ਨਾਲ ਲੈਂਦੇ ਸਨ ਪਰ ਅੱਜ ਸਿਆਸੀ ਵਿਰੋਧੀਆਂ ਅਤੇ ਪਾਰਟੀਆਂ ਵਿਚਾਲੇ ਗਾਲੀ-ਗਲੋਚ ਅਤੇ ਅਪਸ਼ਬਦਾਂ ਦੀ ਵਰਤੋਂ ਹੁੰਦੀ ਹੈ ਅਤੇ ਭੀੜ ਦੇ ਦਰਸ਼ਕ ਅਜਿਹੀਆਂ ਗੱਲਾਂ ’ਤੇ ਸੀਟੀ ਵਜਾਉਂਦੇ ਹਨ ਅਤੇ ਕਹਿੰਦੇ ਹਨ ‘ਦਿਲ ਮਾਂਗੇ ਮੋਰ’। ਸਿਆਸੀ ਚਰਚਾ ਵਿਚ ਇਸ ਗਿਰਾਵਟ ਲਈ ਸਿਰਫ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਅਜਿਹੇ ਸ਼ਬਦਾਂ ’ਤੇ ਪਾਰਟੀਆਂ ਵਲੋਂ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਅਤੇ ਅਜਿਹੀ ਮੰਗ ਵੀ ਕੀਤੀ ਜਾਂਦੀ ਹੈ। ਨਾਲ ਹੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਪਰ ਆਪਣੀਆਂ ਪਾਰਟੀਆਂ ਦੇ ਨੇਤਾਵਾਂ ਬਾਰੇ ਉਨ੍ਹਾਂ ਦੇ ਇਹ ਵਿਚਾਰ ਨਹੀਂ ਹੁੰਦੇ ਹਨ।

ਆਖਿਰ ਦੋਸ਼ ਕਿਸ ਦਾ

ਚੋਣ ਕਮਿਸ਼ਨ ਵੀ ਅਜਿਹੇ ਭਾਸ਼ਣਾਂ ਦੇ ਵਿਰੁੱਧ 2-3 ਦਿਨਾਂ ਤਕ ਚੋਣ ਪ੍ਰਚਾਰ ’ਤੇ ਪਾਬੰਦੀ ਲਾਉਣ ਜਾਂ ਚਿਤਾਵਨੀ ਦੇਣ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਹੈ। ਫਿਰ ਦੋਸ਼ ਕਿਸ ਦਾ ਹੈ? ਸਾਡੇ ਨੇਤਾ ਅਪਸ਼ਬਦਾਂ ਦੀ ਵਰਤੋਂ ਵਿਚ ਮਾਹਿਰ ਹਨ ਅਤੇ ਉਹ ਕਈ ਸਾਲਾਂ ਤੋਂ ਸਮਾਜ ਵਿਚ ਜ਼ਹਿਰ ਫੈਲਾ ਰਹੇ ਹਨ ਅਤੇ ਇਹ ਸਭ ਕੁਝ ਵੋਟ ਬੈਂਕ ਦੀ ਰਾਜਨੀਤੀ ਲਈ ਕੀਤਾ ਜਾ ਰਿਹਾ ਹੈ। ਹਿੰਦੂਆਂ ਨੂੰ ਮੁਸਲਮਾਨਾਂ ਦੇ ਵਿਰੁੱਧ ਅਤੇ ਵੱਖ-ਵੱਖ ਜਾਤੀਆਂ ਨੂੰ ਇਕ-ਦੂਜੇ ਦੇ ਵਿਰੁੱਧ ਖੜ੍ਹਾ ਕੀਤਾ ਜਾ ਰਿਹਾ ਹੈ ਪਰ ਕੋਈ ਇਸ ਬਾਰੇ ਵਿਚਾਰ ਨਹੀਂ ਕਰਦਾ ਕਿ ਉਨ੍ਹਾਂ ਦੀ ਸਿਆਸੀ ਚਰਚਾ ਜ਼ਹਿਰੀਲੀ ਕਿਉਂ ਹੋ ਰਹੀ ਹੈ? ਕੀ ਅਜਿਹੀ ਭਾਸ਼ਾ ਅਤੇ ਵਤੀਰੇ ਨੂੰ ਮੁਆਫ ਕੀਤਾ ਜਾ ਸਕਦਾ ਹੈ?

ਤੂੰ-ਤੂੰ, ਮੈਂ-ਮੈਂ ਫਿਰਕੂ ਰੰਗ ਲੈ ਲੈਂਦੀ ਹੈ

ਇਹ ਸੱਚ ਹੈ ਕਿ ਚੋਣ ਭਾਸ਼ਣ ਵੋਟਰਾਂ ਨੂੰ ਲੁਭਾਉਣ ਲਈ ਦਿੱਤੇ ਜਾਂਦੇ ਹਨ। ਕੁਝ ਅਤਿਕਥਨੀ ਭਰੀਆਂ ਗੱਲਾਂ ਕਹੀਆਂ ਜਾਂਦੀਆਂ ਹਨ ਅਤੇ ਜੋਸ਼ੀਲੇ ਨਾਅਰੇ ਲਾਏ ਜਾਂਦੇ ਹਨ। ਕਈ ਵਾਰ ਹਾਸ ਅਤੇ ਵਿਅੰਗ ਦੀ ਵੀ ਵਰਤੋਂ ਹੁੰਦੀ ਹੈ ਪਰ ਠਾਕੁਰ, ਵਰਮਾ ਅਤੇ ਸ਼ਰਜੀਲ ਆਦਿ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਹਾਲਾਂਕਿ ਉਨ੍ਹਾਂ ਦਾ ਉਦੇਸ਼ ਆਪਣੇ ਵਿਰੋਧੀਆਂ ’ਤੇ ਬੜ੍ਹਤ ਹਾਸਿਲ ਕਰਨਾ ਅਤੇ ਵੋਟਰਾਂ ਨੂੰ ਆਪਣੇ ਪੱਖ ਵਿਚ ਭੜਕਾਉਣਾ ਹੁੰਦਾ ਹੈ ਅਤੇ ਕੁਝ ਲੋਕ ਇਸ ਨੂੰ ਸਿਆਸੀ ਚਰਚਾ ਦਾ ਅੰਗ ਕਹਿ ਸਕਦੇ ਹਨ ਪਰ ਦਿੱਲੀ ਵਿਚ ਇਕ ਪਾਸੇ ਭਾਜਪਾ ਅਤੇ ‘ਆਪ’ ਵਿਚਾਲੇ ਅਤੇ ਦੂਜੇ ਪਾਸੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਜਪਾ ਅਤੇ ਪੂਰੀ ਵਿਰੋਧੀ ਧਿਰ ਵਿਚਾਲੇ ਚੱਲ ਰਹੀ ਤੂੰ-ਤੂੰ, ਮੈਂ-ਮੈਂ ਵਿਚ ਇਹ ਫਿਰਕੂ ਰੰਗ ਲੈ ਲੈਂਦਾ ਹੈ।

ਸਿਆਸੀ ਹਲੀਮੀ ਅਤੇ ਸ਼ਾਨ ਵਿਚਾਲੇ ਲਕੀਰ ਮਿਟ ਗਈ

ਇਸ ਤੂੰ-ਤੂੰ, ਮੈਂ-ਮੈਂ ਵਿਚ ਕੋਈ ਵੀ ਪਾਕ-ਸਾਫ ਨਹੀਂ ਹੈ ਅਤੇ ਇਹ ਸਾਡੀ ਰਾਜਨੀਤੀ ਦੀ ਕੌੜੀ ਸੱਚਾਈ ਵੀ ਹੈ ਅਤੇ ਇਹ ਦੱਸਦਾ ਹੈ ਕਿ ਸਾਡੀ ਰਾਜਨੀਤੀ ਵਿਚ ਕਿੰਨੀ ਗਿਰਾਵਟ ਆ ਗਈ ਹੈ, ਜਿਸ ਕਾਰਣ ਸਹੀ ਅਤੇ ਗਲਤ ਸਿਆਸੀ ਹਲੀਮੀ ਅਤੇ ਸ਼ਾਨ ਵਿਚਾਲੇ ਦੀ ਲਕੀਰ ਮਿਟ ਗਈ ਹੈ ਅਤੇ ਸਿਆਸਤ ਗਟਰ ਦੇ ਪੱਧਰ ਤਕ ਡਿਗ ਚੁੱਕੀ ਹੈ। ਅੱਜ ਹਰੇਕ ਸਿਆਸੀ ਪਾਰਟੀ ਵਲੋਂ ਗਾਲੀ-ਗਲੋਚ ਅਤੇ ਅਪਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਨਵੇਂ ਵੋਟ ਕੈਚਿੰਗ ਮੰਤਰ ਬਣ ਗਏ ਹਨ। ਹਰ ਕੋਈ ਸੁਹਿਰਦਤਾ ਦੀ ਆਪਣੀ ਪਰਿਭਾਸ਼ਾ ਦਿੰਦਾ ਹੈ, ਜੋ ਉਸ ਦੀਆਂ ਸੌੜੀਆਂ ਸਿਆਸੀ ਜ਼ਰੂਰਤਾਂ ’ਤੇ ਨਿਰਭਰ ਕਰਦੀ ਹੈ ਅਤੇ ਆਸ ਕਰਦੇ ਹਾਂ ਕਿ ਇਸ ਨਾਲ ਉਨ੍ਹਾਂ ਨੂੰ ਸਿਆਸੀ ਤ੍ਰਿਪਤੀ ਅਤੇ ਸੱਤਾ ਮਿਲੇਗੀ। ਉਨ੍ਹਾਂ ਲਈ ਟੀਚਾ ਮਹੱਤਵਪੂਰਨ ਹੈ, ਸਾਧਨ ਨਹੀਂ ਅਤੇ ਜਿੱਤਣਾ ਹੀ ਖੇਡ ਦਾ ਨਾਂ ਹੈ।

ਸਾਰੇ ਇਕ ਹੀ ਰੰਗ ’ਚ ਰੰਗੇ ਹੋਏ

ਅੱਜ ਚੋਣ ਕਮਿਸ਼ਨ ਠਾਕੁਰ ਅਤੇ ਵਰਮਾ ਨੂੰ ਅਸਥਾਈ ਤੌਰ ’ਤੇ ਚੋਣ ਪ੍ਰਚਾਰ ਤੋਂ ਦੂਰ ਰੱਖ ਸਕਦਾ ਹੈ ਪਰ ਕੀ ਇਸ ਨਾਲ ਇਹ ਰੁਕੇਗਾ? ਬਿਲਕੁਲ ਨਹੀਂ, ਕਿਉਂਕਿ ਸਾਰੇ ਇਕ ਹੀ ਰੰਗ ’ਚ ਰੰਗੇ ਹੋਏ ਹਨ, ਭਾਵੇਂ ਉਹ ਭਾਜਪਾ ਹੋਵੇ, ਕਾਂਗਰਸ ਹੋਵੇ ਜਾਂ ਕੋਈ ਹੋਰ ਪਾਰਟੀ ਅਤੇ ਬੀਤੇ ਸਾਲਾਂ ਵਿਚ ਗਾਲੀ-ਗਲੋਚ ਇਕ ਗੁਣ ਬਣ ਗਿਆ ਹੈ ਅਤੇ ਗੈਰ-ਸੰਸਦੀ ਭਾਸ਼ਾ ਪ੍ਰਚੱਲਿਤ ਹੋ ਗਈ ਹੈ। ਦੂਜੇ ਪਾਸੇ ਸਾਰੀਆਂ ਸਿਆਸੀ ਪਾਰਟੀਆਂ ਨੇ ਵਿਵਸਥਾ ਦੀਆਂ ਖਾਮੀਆਂ ਨੂੰ ਉਜਾਗਰ ਕੀਤਾ ਹੈ। ਇਹ ਸਾਰੇ ਸਿਆਸੀ ਦਲ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ਵਿਚ ਵਿਸ਼ਵਾਸ ਕਰਦੇ ਹਨ। ਉਹ ਕਾਨੂੰਨ ਵਲੋਂ ਸ਼ਾਸਨ ਕਰਨ ਅਤੇ ‘ਜਿਸ ਕੀ ਲਾਠੀ, ਉਸ ਕੀ ਭੈਂਸ’ ਵਿਚ ਵਿਸ਼ਵਾਸ ਕਰਦੇ ਹਨ। ਗਾਲੀ-ਗਲੋਚ ਅਤੇ ਸਿਆਸੀ ਕੰਮ ਨੂੰ ਸਾਧਣਾ ਸਾਡੀ ਵਿਵਸਥਾ ਦੇ ਦੀਵਾਲੀਏਪਣ ਨੂੰ ਉਜਾਗਰ ਕਰਦਾ ਹੈ, ਜਿਸ ਵਿਚ ਸਾਡੇ ਰਾਜਨੇਤਾਵਾਂ ਨੇ ਡਿਗੀ ਹੋਈ ਨੈਤਿਕਤਾ ਅਤੇ ਉੱਚੇ ਲਾਲਚ ਵਿਚ ਮੁਹਾਰਤਾ ਹਾਸਿਲ ਕਰ ਲਈ ਹੈ ਅਤੇ ਜਿਸ ਕਾਰਣ ਸਾਡੀ ਖਿੱਲਰੀ ਰਾਜਨੀਤੀ ਹੋਰ ਵੀ ਗੰਦੀ ਹੋ ਗਈ ਹੈ। ਸਿੱਟੇ ਵਜੋਂ ਅਨੈਤਿਕਤਾ ਜੀਵਨਸ਼ੈਲੀ ਬਣ ਗਈ ਹੈ। ਇਕ ਹੋਰ ਗਾਲ੍ਹ ਨਾਲ ਕੀ ਫਰਕ ਪੈਂਦਾ ਹੈ?

ਅਨੈਤਿਕਤਾ ਭਾਰਤੀ ਲੋਕਤੰਤਰ ਦਾ ਆਧਾਰ ਨਹੀਂ ਹੋ ਸਕਦੀ

ਇਹ ਸੱਚ ਹੈ ਕਿ ਸਖਤ ਸ਼ਬਦ ਸਿਆਸਤ ਦੇ ਅੰਗ ਰਹੇ ਹਨ ਅਤੇ ਇਥੋਂ ਤਕ ਕਿ ਸੰਸਦੀ ਚਰਚਿਆਂ ਦੀ ਮਾਂ ਵੈਸਟਮਿੰਸਟਰ ਵੀ ਇਸ ਤੋਂ ਅਛੂਤੀ ਨਹੀਂ ਹੈ। ਇਸ ਮਾਮਲੇ ਵਿਚ ਲੇਬਰ ਪਾਰਟੀ ਦੇ ਨੇਤਾ ਮੇਬੇਵਨ ਅਤੇ ਵਿੰਸਟਨ ਚਰਚਿਲ ਦੀ ਤੂੰ-ਤੂੰ, ਮੈਂ-ਮੈਂ ਪ੍ਰਸਿੱਧ ਹੈ, ਜਿਸ ਵਿਚ ਉਹ ਕੰਜਰਵੇਟਿਵ ਨੇਤਾਵਾਂ ਨੂੰ ਨਾਲੀ ਦਾ ਕੀੜਾ ਕਹਿੰਦੇ ਹਨ। ਅੱਜ ਭਾਰਤ ਨੈਤਿਕ ਚੌਰਾਹੇ ’ਤੇ ਹੈ। ਖੇਡ ਦੇ ਨਿਯਮ ਭਵਿੱਖ ਨੂੰ ਧਿਆਨ ਵਿਚ ਰੱਖੇ ਬਿਨਾਂ ਗੈਰ-ਵਿਵਕਪੂਰਨ ਢੰਗ ਨਾਲ ਬਦਲ ਦਿੱਤੇ ਗਏ ਹਨ ਅਤੇ ਮੌਜੂਦਾ ਸਮੇਂ ਵਿਚ ਸਭ ਪਾਸੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕਾਂ ਵਿਚ ਨਿਰਾਸ਼ਾ ਹੈ। ਇਸ ਲਈ ਸਾਡੇ ਨੇਤਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਗਾਲੀ-ਗਲੋਚ ਨੂੰ ਮਹੱਤਵ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਇਸ ’ਤੇ ਰੋਕ ਲਾਉਣੀ ਹੋਵੇਗੀ। ਅਨੈਤਿਕਤਾ ਭਾਰਤੀ ਲੋਕਤੰਤਰ ਦਾ ਆਧਾਰ ਨਹੀਂ ਹੋ ਸਕਦੀ। ਅਸੀਂ ਕਦੋਂ ਤਕ ਅਜਿਹੀਆਂ ਗਾਲ੍ਹਾਂ ਸੁਣਦੇ ਰਹਾਂਗੇ? ਤੁਸੀਂ ਕਹਿ ਸਕਦੇ ਹੋ ਕਿ ਚੋਣਾਂ ਵਿਚ ਸਭ ਕੁਝ ਜਾਇਜ਼ ਹੈ। ਫਿਰ ਵੀ ਸਾਨੂੰ ਲਕਸ਼ਮਣ ਰੇਖਾ ਖਿੱਚਣੀ ਪਵੇਗੀ। ਸਿਆਸੀ ਪ੍ਰਣਾਲੀ ਅਤੇ ਮੌਜੂਦਾ ਸਿਆਸੀ ਕਦਰਾਂ-ਕੀਮਤਾਂ ਵਿਚ ਬਦਲਾਅ ਲਈ ਆਉਣ ਵਾਲੇ ਸਮੇਂ ਵਿਚ ਲੰਮਾ ਸੰਘਰਸ਼ ਕਰਨਾ ਪਵੇਗਾ। ਸਾਡੇ ਨੇਤਾਵਾਂ ਨੂੰ ਚੋਣ ਪ੍ਰਚਾਰ ਨੂੰ ਮੁੜ ਰਾਸ਼ਟਰ ਨੂੰ ਪ੍ਰਭਾਵਿਤ ਕਰ ਰਹੇ ਮੁੱਦਿਆਂ ’ਤੇ ਸ਼ਾਨਾਮੱਤੀ ਬਹਿਸ ਨੂੰ ਪਟੜੀ ’ਤੇ ਲਿਆਉਣਾ ਪਵੇਗਾ। ਕੁਲ ਮਿਲਾ ਕੇ ਭਾਰਤ ਦੇ ਵੋਟਰਾਂ ਨੂੰ ਆਪਣੇ ਨਾਲ ਅਜਿਹਾ ਖਿਲਵਾੜ ਨਹੀਂ ਹੋਣ ਦੇਣਾ ਚਾਹੀਦਾ ਅਤੇ ਨਾ ਹੀ ਉਨ੍ਹਾਂ ਨੂੰ ਨਿਰਲੱਜ ਅਤੇ ਸੁਆਰਥੀ ਨੇਤਾਵਾਂ ਨੂੰ ਹਿੰਸਕ ਗਾਲੀ-ਗਲੋਚ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਸਾਡੇ ਨੇਤਾਵਾਂ ਨੂੰ ਇਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈੈ ਕਿ ਤੁਸੀਂ ਕਿਸੇ ਵੱਲ ਇਕ ਉਂਗਲੀ ਉਠਾਓਗੇ ਤਾਂ ਤੁਹਾਡੇ ਵੱਲ ਚਾਰ ਉਂਗਲੀਆਂ ਉੱਠਣਗੀਆਂ। ਕੀ ਕੋਈ ਰਾਸ਼ਟਰ ਸ਼ਰਮ ਅਤੇ ਨੈਤਿਕਤਾ ਦੇ ਬਿਨਾਂ ਰਹਿ ਸਕਦਾ ਹੈ ਅਤੇ ਕਦੋਂ ਤਕ?

(pk@infapublications.com)


Bharat Thapa

Content Editor

Related News