ਫੁਲਕਾਰੀ ਦੇ ਫੁੱਲਾਂ ''ਚੋਂ ਝਲਕਦੀ ਹੈ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਆਪਸੀ ਸਾਂਝ

01/19/2017 12:16:08 PM

ਜਲੰਧਰ— ਫੁਲਕਾਰੀ ਪੰਜਾਬਣ ਔਰਤਾਂ ਦਾ ਮਨਭਾਉਂਦਾ ਪਹਿਰਾਵਾ ਹੈ। ਇਹ ਹਕੀਕਤ ''ਚ ਕੱਪੜੇ ਅਤੇ ਧਾਗੇ ਦਾ ਅਜਿਹਾ ਸੁਮੇਲ ਹੈ, ਜਿਸ ''ਚੋਂ ਵੱਖ-ਵੱਖ ਤਰ੍ਹਾਂ ਦੇ ਅਰਥ ਰੂਪਮਾਨ ਹੁੰਦੇ ਹਨ। ਕੋਈ ਵੇਲਾ ਸੀ ਜਦੋਂ ਲਹਿੰਦੇ ਅਤੇ ਚੜ੍ਹਦੇ ਪੰਜਾਬ ''ਚ ਵੰਡ ਦੀ ਲਕੀਰ ਨਹੀਂ ਵਾਹੀ ਗਈ ਸੀ। ਉਸ ਵੇਲੇ ਤੋਂ ਲੈ ਕੇ ਅੱਜ ਤੱਕ ਧਰਤੀ ਦੇ ਇਸ ਖੇਤਰ ''ਚ ਭੂਗੋਲਿਕ ਤੌਰ ''ਤੇ ਅਤੇ ਰਿਸ਼ਤਿਆਂ ਦੇ ਲਿਹਾਜ ਨਾਲ ਭਾਵੇਂ ਕਈ ਤਬਦੀਲੀਆਂ ਆਈਆਂ ਪਰ ਫੁਲਕਾਰੀ ਦਾ ਰੁਤਬਾ ਜਿਉਂ ਦਾ ਤਿਉਂ ਬਰਕਰਾਰ ਹੈ ਅਤੇ ਨਾਲ ਹੀ ਇਸ ''ਚੋਂ ਝਲਕਦੀ ਹੈ ਪੰਜਾਬੀਆਂ ਦੀ ਉਹ ਸਾਂਝ, ਜਿਹੜੀ ਅਣਵੰਡੇ ਪੰਜਾਬ ''ਚ ਮੌਜੂਦ ਸੀ ਅਤੇ ਅੱਜ ਵੀ ਉਨ੍ਹਾਂ ਦੇ ਸੁਪਨਿਆਂ ਅਤੇ ਚੇਤਿਆਂ ''ਚ ਵੱਸੀ ਹੋਈ ਹੈ। ਲਹਿੰਦੇ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ''ਚ ਵੱਖ-ਵੱਖ ਤਰ੍ਹਾਂ ਦੀਆਂ ਫੁਲਕਾਰੀਆਂ ਅਤੇ ਬਾਗ ਤਿਆਰ ਹੁੰਦੇ ਸਨ। ਦੇਸ਼ ਦੀ ਵੰਡ ਵੇਲੇ ਜਿਹੜੇ ਲੋਕ ਲਹਿੰਦੇ ਪੰਜਾਬ ਦੀ ਧਰਤੀ ਤੋਂ ਉੱਜੜ ਕੇ ਚੜ੍ਹਦੇ ਪੰਜਾਬ ''ਚ ਆਣ ਵੱਸੇ, ਉਨ੍ਹਾਂ ਨੂੰ ਅੱਜ ਵੀ ਰਾਵਲਪਿੰਡੀ, ਜਿਹਲਮ ਅਤੇ ਸਿਆਲਕੋਟ ਆਦਿ ਸ਼ਹਿਰਾਂ ''ਚ ਕੀਤੀ ਜਾਂਦੀ ਰਹੀ ਫੁਲਕਾਰੀਆਂ ਅਤੇ ਬਾਗਾਂ ਦੀ ਕਸੀਦਾਕਾਰੀ ਪੂਰੀ ਤਰ੍ਹਾਂ ਯਾਦ ਹੈ। ਪੱਛਮੀ ਪੰਜਾਬ ਤੋਂ ਆਈਆਂ ਬਹੁਤ ਸਾਰੀਆਂ ਸੁਆਣੀਆਂ ਨੇ ਆਪਣੇ ਘਰਾਂ ਦੇ ਸੰਦੂਕਾਂ ''ਚ ਪੁਰਾਣੇ ਸਮਿਆਂ ਦੀਆਂ ਫੁਲਕਾਰੀਆਂ ਅਤੇ ਬਾਗ ਸੰਭਾਲ ਕੇ ਰੱਖੇ ਹੋਏ ਹਨ। 
ਪੂਰਬੀ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ''ਚ ਅੱਜ ਵੀ ਕਿਤੇ-ਕਿਤੇ ਪੁਰਾਣੇ ਰੰਗਾਂ ਅਤੇ ਡਿਜ਼ਾਈਨਾਂ ਵਾਲੀਆਂ ਫੁਲਕਾਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਪੂਰਬੀ ਪੰਜਾਬ ਪਹਿਲਾਂ ਹਰਿਆਣਾ, ਦਿੱਲੀ ਅਤੇ ਹਿਮਾਚਲ ਤੱਕ ਫੈਲਿਆ ਹੋਇਆ ਸੀ, ਜਿਹੜਾ ਪੰਜਾਬੀ ਸੂਬਾ ਬਣਨ ਵੇਲੇ ਕਾਂਟ-ਛਾਂਟ ਕੇ ਬਹੁਤ ਛੋਟਾ ਕਰ ਦਿੱਤਾ ਗਿਆ। ਇਸ ਅਣਵੰਡੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ''ਚ ਫੁਲਕਾਰੀਆਂ ਦਾ ਨਿਰਮਾਣ ਅਤੇ ਕਾਰੋਬਾਰ ਵੱਡੇ ਪੱਧਰ ''ਤੇ ਹੁੰਦਾ ਰਿਹਾ ਹੈ। ਇਨ੍ਹਾਂ ਸ਼ਹਿਰਾਂ ''ਚ ਰੋਹਤਕ, ਹਿਸਾਰ, ਗੁੜਗਾਂਓ, ਅੰਮ੍ਰਿਤਸਰ, ਪਟਿਆਲਾ ਅਤੇ ਫਿਰੋਜ਼ਪੁਰ ਆਦਿ ਸ਼ਾਮਲ ਸਨ। ਇਨ੍ਹਾਂ ਇਲਾਕਿਆਂ ਦੀਆਂ ਔਰਤਾਂ ''ਚ ਅੱਜ ਵੀ ਫੁਲਕਾਰੀ ਪ੍ਰਤੀ ਅਥਾਹ ਪਿਆਰ ਹੈ। ਇਹ ਗੱਲ ਵੱਖਰੀ ਹੈ ਕਿ ਹੁਣ ਪ੍ਰਾਚੀਨ ਹੱਥ ਨਾਲ ਤਿਆਰ ਕੀਤੀ ਗਈ ਫੁਲਕਾਰੀ ਦੀ ਥਾਂ ਮਸ਼ੀਨੀ ਫੁਲਕਾਰੀਆਂ ਆ ਗਈਆਂ ਹਨ ਪਰ ਇਹ ਵੀ ਪ੍ਰਾਚੀਨ ਫੁਲਕਾਰੀ ਦੇ ਇਤਿਹਾਸ ਨੂੰ ਮੱਧਮ ਨਹੀਂ ਪਾ ਸਕੀਆਂ। ਮੁਗਲ ਕਾਲ ਦੇ ਸਮੇਂ ਦੌਰਾਨ ਜਦੋਂ ਵੱਖ-ਵੱਖ ਸ਼ਹਿਰਾਂ ''ਚ ਮੇਲੇ ਅਤੇ ਕਲਾ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਸਨ ਜਾਂ ਖਾਸ ਕਰਕੇ ਮੀਨਾ ਬਜ਼ਾਰ ਸਜਾਏ ਜਾਂਦੇ ਸਨ ਤਾਂ ਉਨ੍ਹਾਂ ''ਚ ਫੁਲਕਾਰੀਆਂ ਦੀ ਬਹੁਤ ਵੱਡੇ ਪੱਧਰ ''ਤੇ ਨੁਮਾਇਸ਼ ਕੀਤੀ ਜਾਂਦੀ ਸੀ। ਇਹ ਫੁਲਕਾਰੀਆਂ ਦਰਸ਼ਕਾਂ ਅਤੇ ਖਾਸ ਕਰਕੇ ਔਰਤਾਂ ਦੀ ਖਿੱਚ ਦਾ ਕੇਂਦਰ ਬਣਦੀਆਂ ਸਨ। ਇਸ ਫੁਲਕਾਰੀ ਪ੍ਰਤੀ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਔਰਤਾਂ ਅਤੇ ਖਾਸ ਕਰਕੇ ਪੰਜਾਬਣ ਮੁਟਿਆਰਾਂ ''ਚ ਅੱਜ ਵੀ ਢੇਰ ਸਾਰਾ ਮੋਹ ਪਾਇਆ ਜਾਂਦਾ ਹੈ। ਪੂਰਬੀ ਪੰਜਾਬ ਦੀਆਂ ਔਰਤਾਂ ਪੁਰਾਣੇ ਸਮਿਆਂ ਨੂੰ ਯਾਦ ਕਰਕੇ ਫੁਲਕਾਰੀ ਦੀਆਂ ਕਹਾਣੀਆਂ ਬਿਆਨ ਕਰਦੀਆਂ ਅਤੇ ਉਨ੍ਹਾਂ ਨੂੰ ਨਵੀਂ ਪੀੜ੍ਹੀ ਨਾਲ ਸਾਂਝਾ ਕਰਦੀਆਂ ਹਨ। ਹਕੀਕਤ ''ਚ ਫੁਲਕਾਰੀ ਨੂੰ ਤਿਆਰ ਕਰਨਾ ਵੱਡੀ ਮਿਹਨਤ, ਮੁਸ਼ੱਕਤ ਅਤੇ ਤਪੱਸਿਆ ਵਰਗਾ ਕੰਮ ਹੁੰਦਾ ਸੀ। ਇਹ ਗੱਲ ਠੀਕ ਹੈ ਕਿ ਅੱਜ ਦੀ ਪੀੜ੍ਹੀ ਇਸ ਤਪੱਸਿਆ ਤੋਂ ਕੰਨੀਂ ਕਤਰਾਉਂਦੀ ਹੈ ਅਤੇ ਦੂਜਾ ਮਸ਼ੀਨੀ ਯੁੱਗ ਦੀਆਂ ਫੁਲਕਾਰੀਆਂ ਨੇ ਵੀ ਉਨ੍ਹਾਂ ਦਾ ਧਿਆਨ ਆਪਣੇ ਵੱਲ ਆਕਰਸ਼ਤ ਕੀਤਾ ਹੈ। ਇਸ ਕਾਰਨ ਪੁਰਾਣੀ ਕਸੀਦਾਕਾਰੀ ਵਾਲੀ ਫੁਲਕਾਰੀ ਹੁਣ ਸਿਰਫ ਇਤਿਹਾਸ ਅਤੇ ਚੇਤਿਆਂ ਤੱਕ ਹੀ ਸੀਮਿਤ ਹੁੰਦੀ ਜਾ ਰਹੀ ਹੈ। ਇੱਕ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਇੱਕ ਫੁਲਕਾਰੀ ਨੂੰ ਕੱਢਣ ਲਈ ਕਈ-ਕਈ ਮਹੀਨੇ ਲੱਗ ਜਾਂਦੇ ਸਨ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਸੀ ਕਿ ਜਦੋਂ ਕਿਸੇ ਘਰ ਲੜਕੀ ਦਾ ਜਨਮ ਹੁੰਦਾ ਸੀ ਤਾਂ ਉਸ ਦੀ ਨਾਨੀ ਉਸ ਵੇਲੇ ਤੋਂ ਹੀ ਅਜਿਹੀ ਫੁਲਕਾਰੀ ਕੱਢਣੀ ਸ਼ੁਰੂ ਕਰ ਦਿੰਦੀ ਸੀ, ਜਿਹੜੀ ਉਸ ਦੇ ਵਿਆਹ ਮੌਕੇ ਉਸ ਨੂੰ ਭੇਂਟ ਕੀਤੀ ਜਾ ਸਕੇ। ਉਸ ਔਰਤ ਨੇ ਦੱਸਿਆ ਕਿ ਫੁਲਕਾਰੀ ਦੀ ਕਢਾਈ ਪੁਰਾਣੇ ਸਮਿਆਂ ''ਚ ਖੱਦਰ ਦੇ ਕੱਪੜੇ ''ਤੇ ਕੀਤੀ ਜਾਂਦੀ ਸੀ, ਜਿਹੜਾ ਕਿ ਘੱਟੋ-ਘੱਟ ਢਾਈ ਗਜ਼ ਲੰਬਾ ਅਤੇ ਡੇਢ ਗਜ਼ ਚੌੜਾ ਹੁੰਦਾ ਸੀ। ਕਈ ਵਾਰ ਕੱਪੜੇ ਦੇ ਇਸ ਆਕਾਰ ''ਚ ਵਾਧਾ-ਘਾਟਾ ਵੀ ਕਰ ਲਿਆ ਜਾਂਦਾ ਸੀ। ਬਹੁਤੀ ਵਾਰ ਫੁਲਕਾਰੀ ਦੀ ਕਢਾਈ ਵਾਲਾ ਖੱਦਰ ਦਾ ਕੱਪੜਾ ਘਰਾਂ ''ਚ ਹੀ ਤਿਆਰ ਕੀਤਾ ਜਾਂਦਾ ਸੀ। ਪੁਰਾਣੇ ਜ਼ਮਾਨੇ ''ਚ ਔਰਤਾਂ ਘਰ ''ਚ ਪੈਦਾ ਕੀਤੀ ਕਪਾਹ ਦੀ ਰੂੰ ਪਿੰਜਾਉਣ ਤੋਂ ਬਾਅਦ ਚਰਖੇ ਨਾਲ ਉਸ ਦਾ ਸੂਤ ਕੱਤਦੀਆਂ ਸਨ ਅਤੇ ਫਿਰ ਉਸ ਸੂਤ ਨਾਲ ਬੁਣਾਈ ਕਰਕੇ ਕੱਪੜਾ ਤਿਆਰ ਕਰ ਲੈਂਦੀਆਂ ਸਨ। ਇਸ ਕੱਪੜੇ ਦੀ ਤਿਆਰੀ ਵੇਲੇ ਤਾਣੇ ਅਤੇ ਪੇਟੇ ਦੇ ਧਾਗਿਆਂ ਦਾ ਰੰਗ ਇੱਕੋ ਹੀ ਰੱਖਿਆ ਜਾਂਦਾ ਸੀ ਤਾਂ ਜੋ ਹੋਰ ਰੰਗਾਂ ਦੇ ਧਾਗਿਆਂ ਨਾਲ ਉਸ ''ਤੇ ਵੱਖ-ਵੱਖ ਨਮੂਨਿਆਂ ਦੀ ਕਸੀਦਾਕਾਰੀ ਕੀਤੀ ਜਾ ਸਕੇ। ਕਈ ਵਾਰ ਖੱਦਰ ਦਾ ਚਿੱਟੇ ਰੰਗ ਦਾ ਕੱਪੜਾ ਤਿਆਰ ਕਰਨ ਤੋਂ ਬਾਅਦ ਉਸ ਨੂੰ ਕਿਸੇ ਖਾਸ ਰੰਗ ਨਾਲ ਰੰਗ ਲਿਆ ਜਾਂਦਾ ਸੀ। ਇਹ ਰੰਗਾਈ ਵੀ ਬਹੁਤੀ ਵਾਰ ਘਰੇਲੂ ਨੁਸਖਿਆਂ ਅਨੁਸਾਰ ਦੇਸੀ ਢੰਗ ਨਾਲ ਹੀ ਕੀਤੀ ਜਾਂਦੀ ਸੀ। 
ਪੂਰਬੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਬਸੀ ਮਾਰੂਫ ਨਾਲ ਸੰਬੰਧਤ ਉਕਤ ਔਰਤ ਨੇ ਦੱਸਿਆ ਕਿ ਕੱਪੜੇ ਦੀ ਰੰਗਾਈ ਲਈ ਖਾਸ ਕਿਸਮ ਦੇ ਰੁੱਖਾਂ ਜਾਂ ਬੂਟਿਆਂ ਦੇ ਪੱਤੇ, ਛਿਲਕੇ, ਫੁੱਲ, ਪੌਦਿਆਂ ਦੀ ਜੜ੍ਹਾਂ ਜਾਂ ਸੁੱਕੇ ਹੋਏ ਛਿਲਕੇ ਅਰਥਾਤ ਸੱਕ ਦੀ ਵਰਤੋਂ ਕੀਤੀ ਜਾਂਦੀ ਸੀ। ਰੁੱਖਾਂ ਨਾਲ ਸੰਬੰਧਤ ਇਸ ਸਮੱਗਰੀ ਨੂੰ ਚੰਗੀ ਤਰ੍ਹਾਂ ਸੁਕਾ ਕੇ ਪਾਣੀ ''ਚ ਉਬਾਲਿਆ ਜਾਂਦਾ ਸੀ ਅਤੇ ਫਿਰ ਖਾਸ ਕਿਸਮ ਦਾ ਘੋਲ ਤਿਆਰ ਕਰ ਲਿਆ ਜਾਂਦਾ ਸੀ, ਜਿਸ ''ਚ ਫੁਲਕਾਰੀ ਵਾਲੇ ਕੱਪੜੇ ਨੂੰ ਰੰਗਿਆ ਜਾਂਦਾ। ਕਈ ਵਾਰ ਇਹ ਕੱਪੜਾ ਲਲਾਰੀਆਂ ਕੋਲੋਂ ਵੀ ਰੰਗਾਇਆ ਜਾਂਦਾ ਸੀ। ਰਾਵਲਪਿੰਡੀ ਅਤੇ ਸਿਆਲਕੋਟ ਦੇ ਲਲਾਰੀ ਇਸ ਕੰਮ ਲਈ ਬਹੁਤ ਪ੍ਰਸਿੱਧ ਸਨ ਜਾਂ ਫਿਰ ਚੜ੍ਹਦੇ ਪੰਜਾਬ ਦੇ ਅੰਮ੍ਰਿਤਸਰ ਅਤੇ ਪਟਿਆਲੇ ਦੇ ਲਲਾਰੀਆਂ ਦਾ ਕੋਈ ਜਵਾਬ ਨਹੀਂ ਸੀ। ਕਿਹਾ ਜਾਂਦਾ ਹੈ ਕਿ ਰਾਵਲਪਿੰਡੀ ਦੇ ਲਲਾਰੀਆਂ ਵਲੋਂ ਰੰਗਿਆ ਗਿਆ ਕੱਪੜਾ ਹਮੇਸ਼ਾ ਲਈ ਇੱਕੋ ਜਿੰਨੀ ਚਮਕ ਰੱਖਦਾ ਸੀ, ਜਿਸ ਨਾਲ ਉਸ ''ਤੇ ਕੀਤੀ ਗਈ ਕਢਾਈ ਹੋਰ ਵੀ ਦੂਣ-ਸਵਾਈ ਹੋ ਜਾਂਦੀ ਸੀ। ਇਹ ਕਢਾਈ ਲਾਲ, ਹਰੇ, ਨੀਲੇ, ਸੁਨਹਿਰੀ, ਪੀਲੇ, ਸੰਤਰੀ ਅਤੇ ਜਾਮਨੀ ਰੰਗਾਂ ਨਾਲ ਕੀਤੀ ਜਾਂਦੀ ਸੀ। ਕਢਾਈ ਵਾਲਾ ਧਾਗਾ ਅਕਸਰ ਰੇਸ਼ਮੀ ਹੀ ਹੁੰਦਾ ਸੀ, ਜਿਹੜਾ ਕਿ ਅਫਗਾਨਿਸਤਾਨ ਜਾਂ ਕਸ਼ਮੀਰ ਤੋਂ ਮੰਗਵਾਇਆ ਜਾਂਦਾ ਸੀ। ਇਸ ਤਰ੍ਹਾਂ ਤਿਆਰ ਫੁਲਕਾਰੀ ਨਾਲ ਜਿੱਥੇ ਵੱਖ-ਵੱਖ ਸਥਾਨਾਂ ਦਾ ਨਾਂ ਜੁੜਿਆ ਹੁੰਦਾ ਸੀ, ਉੱਥੇ ਇਸ ''ਚ ਲੋਕਾਂ ਦੀ ਭਾਵਨਾਵਾਂ ਵੀ ਗੁੰਦੀਆਂ ਹੁੰਦੀਆਂ ਸਨ। ਇਹੀ ਸਨੇਹ ਦੀਆਂ ਤੰਦਾਂ ਵਾਹਗੇ ਦੇ ਆਰ-ਪਾਰ ਦੇ ਰਿਸ਼ਤਿਆਂ ਨੂੰ ਕਿਤੇ ਨਾ ਕਿਤੇ ਆਪਸ ''ਚ ਜੋੜੀ ਬੈਠੀਆਂ ਹਨ। ਸ਼ਾਲਾ! ਇਹ ਰਿਸ਼ਤੇ ਫੁਲਕਾਰੀ ਦੇ ਕੱਪੜੇ ਅਤੇ ਧਾਗੇ ਵਾਂਗ ਫਿਰ ਤੋਂ ਇਕਮਿਕ ਅਤੇ ਮਜਬੂਤ ਹੋ ਜਾਣ।
ਪੇਸ਼ਕਸ਼ : ਜੁਗਿੰਦਰ ਸੰਧੂ
094174-02327