ਨਿਆਂ ਪਾਲਿਕਾ ਤੋਂ ਹਮੇਸ਼ਾ ਅਣਛੋਹੀ ਹੀ ਰਹੀ ਪਾਕਿ ਫੌਜ

12/20/2019 1:45:29 AM

ਪਾਕਿਸਤਾਨ ਵਿਚ ਇਕ ਸਿਵਲ ਕੋਰਟ ਨੇ ਸਾਬਕਾ ਫੌਜ ਮੁਖੀ ਅਤੇ ਸੱਤਾ ਪਲਟਣ ਵਾਲੇ ਨੇਤਾ ਪ੍ਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਘਟਨਾ ਨੇ ਪਾਕਿਸਤਾਨ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਵਿਚ ਭੂਚਾਲ ਜਿਹਾ ਲਿਆ ਦਿੱਤਾ ਹੈ। ਪਾਕਿਸਤਾਨ ਦਾ ਲੰਮਾ ਇਤਿਹਾਸ ਇਹ ਦਰਸਾਉਂਦਾ ਹੈ ਕਿ ਫੌਜ ਨੇ ਹਮੇਸ਼ਾ ਹੀ ਆਪਣੀ ਗੱਲ ਨੂੰ ਨਿਆਂਸੰਗਤ ਦੱਸਿਆ ਹੈ ਅਤੇ ਇਸ ਫੈਸਲੇ ਦੇ ਜਿਹੋ ਜਿਹੇ ਵੀ ਗੁਣ ਤੇ ਦੋਸ਼ ਰਹੇ ਹੋਣ ਪਰ ਇਕ ਵਿਸ਼ੇਸ਼ ਅਦਾਲਤ ਨੇ, ਜਿਸ ਵਿਚ ਪੇਸ਼ਾਵਰ ਹਾਈਕੋਰਟ ਦੇ ਚੀਫ ਜਸਟਿਸ ਵੱਕਾਰ ਅਹਿਮਦ ਸੇਠ, ਸਿੰਧ ਹਾਈਕੋਰਟ ਦੇ ਜਸਟਿਸ ਸ਼ਾਹਿਦ ਕਰੀਮ ਨੇ 2-1 ਦੇ ਫੈਸਲੇ ਨਾਲ ਇਤਿਹਾਸ ਦੀ ਰਚਨਾ ਕਰ ਦਿੱਤੀ ਹੈ।

ਪ੍ਰਵੇਜ਼ ਮੁਸ਼ੱਰਫ ਤੋਂ ਪਹਿਲਾਂ 3 ਫੌਜੀ ਤਾਨਾਸ਼ਾਹ ਅਯੂਬ ਖਾਨ, ਯਹੀਆ ਖਾਨ ਅਤੇ ਜ਼ਿਆ-ਉਲ-ਹੱਕ ਨੂੰ ਨਿਆਂ ਪਾਲਿਕਾ ਤੋਂ ਕੋਈ ਪ੍ਰੇਸ਼ਾਨੀ ਨਹੀਂ ਸੀ। ਇਨ੍ਹਾਂ ਤਿੰਨਾਂ ਵਲੋਂ ਥੋਪੇ ਗਏ ਮਾਰਸ਼ਲ ਲਾਅ ਨੂੰ ਸੁਪਰੀਮ ਕੋਰਟ ਨੇ ਆਸਾਨੀ ਨਾਲ ਚੁਣੌਤੀ ਵੀ ਨਹੀਂ ਦਿੱਤੀ।

ਦਿਲਚਸਪ ਗੱਲ ਇਹ ਹੈ ਕਿ ਟ੍ਰਾਇਲ ਅਤੇ ਸਜ਼ਾ ਅਸਲ ਵਿਚ ਸਿਵਲੀਅਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ 1999 ਵਿਚ ਤਖਤਾ ਪਲਟਾਉਣ ਦੀ ਨਹੀਂ ਹੈ। ਜਦੋਂਕਿ ਮੁਸ਼ੱਰਫ ਮੌਜੂਦਾ ਸਮੇਂ ਦੁਬਈ ਵਿਚ ਰਹਿ ਰਹੇ ਹਨ, ਨੇ ਨਵੰਬਰ 2007 ਵਿਚ ਐਮਰਜੈਂਸੀ ਲਾਗੂ ਕੀਤੀ ਸੀ। ਉਸ ਸਮੇਂ ਮੁਸ਼ੱਰਫ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਫੌਜ ਮੁਖੀ ਦੇ ਅਹੁਦੇ ਉਤੇ ਵੀ ਬਿਰਾਜਮਾਨ ਸਨ। ਇਹ ਸਪੱਸ਼ਟ ਹੈ ਕਿ ਫੌਜ ਅਤੇ ਸਿਵਲ ਪ੍ਰਸ਼ਾਸਨ ਨੂੰ ਭਿਣਕ ਸੀ ਕਿ ਅੰਦਰ ਹੀ ਅੰਦਰ ਕੁਝ ਪੱਕ ਰਿਹਾ ਹੈ। ਇਸ ਲਈ ਉਨ੍ਹਾਂ ਨੇ ਇਸਲਾਮਾਬਾਦ ਹਾਈਕੋਰਟ ਵੱਲ ਰੁਖ਼ ਕੀਤਾ ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਪੈਸ਼ਲ ਕੋਰਟ ਮੁਸ਼ੱਰਫ ਮਾਮਲੇ ਵਿਚ ਕੋਈ ਫੈਸਲਾ ਪਾਸ ਨਹੀਂ ਕਰੇਗੀ। ਮੁਸ਼ੱਰਫ ਦੇ ਟ੍ਰਾਇਲ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਕਿਸੇ ਵੀ ਸਮਝੌਤੇ ਨੂੰ ਕਰਨ ਲਈ ਤਿਆਰ ਨਹੀਂ। ਪਾਕਿਸਤਾਨ ਵਿਚ ਫੌਜ ਹਮੇਸ਼ਾ ਹੀ ਕਾਰਜਕਾਰਨੀ ਅਤੇ ਨਿਆਂਪਾਲਿਕਾ ਲਈ ਇਕ ਅਣਛੋਹੀ ਸੰਸਥਾ ਰਹੀ। ਸਪੈਸ਼ਲ ਕੋਰਟ ਵਲੋਂ ਆਜ਼ਾਦੀ ਨਾਲ ਲਿਆ ਗਿਆ ਫੈਸਲਾ ਅਸਾਧਾਰਨ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਾਕਿਸਤਾਨੀ ਫੌਜ ਚੁੱਪ-ਚੁਪੀਤੇ ਅਤੇ ਲੁਕਵੇਂ ਢੰਗ ਨਾਲ ਨਿਆਂ ਪਾਲਿਕਾ ਦੇ ਫੈਸਲੇ ਨੂੰ ਆਸਾਨੀ ਨਾਲ ਹਿਲਾ ਸਕਦੀ ਹੈ।

ਮੌਜੂਦਾ ਫੌਜ ਮੁਖੀ ਬਾਜਵਾ ਅਤੇ ਫੌਜ ਲਈ ਇਹ ਫੈਸਲਾ ਕੁਝ ਜ਼ਰੂਰੀ ਸਵਾਲ ਉਠਾਉਂਦਾ ਹੈ। ਕੀ ਹੋਵੇਗਾ, ਜੇਕਰ ਫੌਜ ਇਕ ਹੋਰ ਤਖਤਾ ਪਲਟਣ ਦੀ ਕੋਸ਼ਿਸ਼ ਕਰਦੀ ਹੈ? ਅਤੇ ਕੀ ਹੋਵੇਗਾ, ਜੇਕਰ ਤੁਸੀਂ ਆਪਣੇ ਹੀ ਸਾਬਕਾ ਫੌਜ ਮੁਖੀ ਨੂੰ ਬਚਾਅ ਨਹੀਂ ਸਕੋਗੇ? ਇਸ ਨਾਲ ਤੁਸੀਂ ਹੋਰ ਪਾਕਿਸਤਾਨੀ ਅਸਤ-ਵਿਅਸਤ ਸਿਵਲੀਅਨ ਸੰਸਥਾ ਵਾਂਗ ਖੁਦ ਕਮਜ਼ੋਰ ਦਿਖਾਈ ਦੇਵੋਗੇ। 1979 ਵਿਚ ਪਾਕਿਸਤਾਨ ਦੇ ਤਾਨਾਸ਼ਾਹ ਜ਼ਿਆ-ਉਲ-ਹੱਕ ਨੇ ਸਾਬਕਾ (ਸਿੰਧੀ) ਪ੍ਰਧਾਨ ਮੰਤਰੀ ਜ਼ੁਲਿਫਕਾਰ ਅਲੀ ਭੁੱਟੋ ਨੂੰ ਇਕ ਹੱਤਿਆ ਦੇ ਮਾਮਲੇ ਵਿਚ ਫਾਂਸੀ ’ਤੇ ਲਟਕਾ ਦਿੱਤਾ ਸੀ, ਜਦਕਿ ਗੱਦੀਓਂ ਲਾਹੇ (ਪੰਜਾਬੀ) ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਾਲ 2000 ਵਿਚ ਅੱਤਵਾਦ ਅਤੇ ਅਗਵਾ ਦੇ ਮਾਮਲੇ ਵਿਚ ਉਮਰ ਕੈਦ ਹੋਣ ਦੇ ਬਾਵਜੂਦ ਬਚ ਨਿਕਲੇ। ਦਰਅਸਲ ਨਵਾਜ਼ ਸ਼ਰੀਫ ਮੁਸ਼ੱਰਫ ਨਾਲ ਇਕ ਕਰਾਰ ਦੇ ਤਹਿਤ ਸਾਊਦੀ ਅਰਬ ਚਲੇ ਗਏ ਸਨ।

ਪ੍ਰਵੇਜ਼ ਮੁਸ਼ੱਰਫ ਦਿੱਲੀ ਦੇ ਦਰਿਆਗੰਜ ਤੋਂ ਇਕ ਮੁਹਾਜਿਰ ਹਨ ਅਤੇ ਸ਼ਰੀਫ ਵਾਂਗ ਪ੍ਰਭਾਵਸ਼ਾਲੀ ਪੰਜਾਬੀ ਨਹੀਂ ਹਨ। ਆਮ ਤੌਰ ’ਤੇ ਨਾਗਰਿਕਾਂ ਨੂੰ ਸਜ਼ਾ ਦੇਣ ਲਈ ਫੌਜ ਹੀ ਕੋਰਟ ਨੂੰ ਕਹਿੰਦੀ ਹੈ ਪਰ ਇਸ ਮਾਮਲੇ ਵਿਚ ਇਹ ਭੂਮਿਕਾ ਪਲਟਾ ਦਿੱਤੀ ਗਈ। (ਹਿ.)


Bharat Thapa

Content Editor

Related News