ਇਕੱਲੇ ਅਮਰੀਕੀ ਰਾਸ਼ਟਰਪਤੀ ਲਈ ਨਹੀਂ ਹੈ ਗ੍ਰੇਟਾ ਦੀ ਵਾਤਾਵਰਣ ਬਚਾਉਣ ਲਈ ਵੱਟੀ ‘ਘੂਰੀ’

09/28/2019 1:28:24 AM

ਹਰਫ਼ ਹਕੀਕੀ/ਦੇਸ ਰਾਜ ਕਾਲੀ

ਕੁਝ ਵਰ੍ਹੇ ਪਹਿਲਾਂ ਪੰਜਾਬ ਦੀ ਵਿਸ਼ਵ ਪ੍ਰਸਿੱਧ ਚਿੱਤਰਕਾਰ ਸੁਰਜੀਤ ਕੌਰ ਨੇ ਕੁਦਰਤ ਨੂੰ ਲੈ ਕੇ ਪੇਂਟਿੰਗਜ਼ ਦੀ ਇਕ ਸੀਰੀਜ਼ ਤਿਆਰ ਕੀਤੀ। ਇਸ ਸੀਰੀਜ਼ ’ਚ ਜਿੰਨੀਆਂ ਵੀ ਪੇਂਟਿੰਗਜ਼ ਸਨ, ਉਨ੍ਹਾਂ ਵਿਚ ਕੁਦਰਤ ਕਰੋਪੇ ਆਈ ਲੱਭਦੀ ਸੀ, ਹਵਾ ਦਾ ਵਹਾਅ ਪਹਿਲਾਂ ਵਾਂਗ ਸਹਿਜ ਨਹੀਂ ਸੀ, ਸ਼ਾਮ ਨੂੰ ਸੜਕ ’ਤੇ ਜਗਦੀਆਂ ਟਿਊਬ ਲਾਈਟਾਂ ਦਾ ਰੰਗ ਵੀ ਤਿੱਖਾ/ਚੁੱਭਵਾਂ ਸੀ, ਬੱਦਲਾਂ ਦੀ ਗਰਜਣਾ ਡਰਾਉਣੀ ਸੀ। ਸੂਰਜ ਦੀ ਤਪਸ਼ ਤੇ ਚੰਦਰਮਾ ਦੀ ਚਾਂਦਨੀ ਦਾ ਸੁਆਦ/ਸੁਭਾਅ ਵੀ ਗੁੱਸੈਲ।

ਇਨ੍ਹਾਂ ਸਾਰੀਆਂ ਭਾਵਨਾਵਾਂ ਰਾਹੀਂ ਮਨੁੱਖ ਵਲੋਂ ਕੁਦਰਤ ਨਾਲ ਕੀਤੀ ਛੇੜਛਾੜ ਦੇ ਜਵਾਬ ਵਜੋਂ ਕੁਦਰਤ ਦੀ ਕਹਿਰੀ ਅੱਖ ਦਾ ਪ੍ਰਗਟਾਵਾ ਸੁਰਜੀਤ ਕੌਰ ਨੇ ਰੰਗਾਂ ਦੀ ਸ਼ਕਤੀ ਨਾਲ ਕੀਤਾ ਸੀ। ਅੱਜ ਵਿਸ਼ਵ ਭਾਈਚਾਰੇ ਵਿਚ ਵਾਤਾਵਰਣ ਦੀ ਭਿਆਨਕਤਾ ਉਪਰ ਚਰਚਾ ਹੋ ਰਹੀ ਹੈ। ਲੱਖਾਂ ਵਿਦਿਆਰਥੀ ਸੜਕਾਂ ’ਤੇ ਉਤਰ ਆਏ ਹਨ। ਯੂ. ਐੱਨ. ’ਚ ਗਲੋਬਲ ਵਾਰਮਿੰਗ ਦਾ ਮੁੱਦਾ ਸਿਖਰ ’ਤੇ ਹੈ। ਉਥੇ ਵੀ ਅਤੇ ਵਿਗਿਆਨੀਆਂ ਵੱਲੋਂ ਵੀ ਭਾਰਤ ਉੱਤੇ ਆਉਣ ਵਾਲੀਆਂ ਆਫਤਾਂ ਦਾ ਜ਼ਿਕਰ ਛਿੜ ਰਿਹਾ ਹੈ ਪਰ ਭਾਰਤ ਇਸ ਮਾਮਲੇ ’ਚ ਅਜੇ ਵੀ ਸੁੱਤਾ ਪਿਆ ਹੈ।

ਗਲੇਸ਼ੀਅਰ ਪਿਘਲ ਰਹੇ ਨੇ, ਸਮੁੰਦਰ ਉੱਭਰ ਰਹੇ ਨੇ

ਸਮੇਤ ਭਾਰਤ ਦੇ ਵਿਸ਼ਵ ਭਾਈਚਾਰੇ ਸਾਹਮਣੇ ਜੋ ਵਾਤਾਵਰਣ ਦੀਆਂ ਚੁਣੌਤੀਆਂ ਹਨ, ਉਸ ਹਵਾ ਦਾ ਰੁਖ਼ ਭਿਆਨਕ ਹੈ। ਜਾਗਣ ਲਈ ਸੁਨੇਹਾ ਇਹ ਦਿੱਤਾ ਹੈ ਇੰਟਰ-ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ (ਆਈ. ਪੀ. ਸੀ. ਸੀ.) ਨੇ ਅਤੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਥਿਤੀਆਂ ਗੰਭੀਰ ਹਨ। ਜਿਸ ਤਰ੍ਹਾਂ 21ਵੀਂ ਸਦੀ ਦੀ ਸ਼ੁਰੂਆਤ ’ਚ ਹੀ ਆਕਸੀਜਨ ਦਾ ਪੱਧਰ ਡਿੱਗਿਆ ਹੈ ਅਤੇ ਤਾਪਮਾਨ ਦਾ ਪੱਧਰ ਬੁਰੀ ਤਰ੍ਹਾਂ ਨਾਲ ਉੱਪਰ ਗਿਆ ਹੈ, ਉਹ ਮਨੁੱਖ ਲਈ ਘਾਤਕ ਹੈੈ। ਸਮੁੰਦਰਾਂ ’ਚ ਜਿਹੜੀ ਹਲਚਲ ਹੋ ਰਹੀ ਹੈ, ਦਿਲ ਕੰਬਾਅ ਦੇਣ ਵਾਲੀ ਹੈ। ਜਿਹੜੀ ਚੜ੍ਹਾਈ ਸਮੁੰਦਰ ਦੀ ਇਕ ਸਦੀ ’ਚ ਨਹੀਂ ਹੁੰਦੀ, ਭਾਰਤ ਦੇ ਪੱਛਮੀ ਬੰਗਾਲ ਤੇ ਓਡਿਸ਼ਾ ’ਚ ਉਹ ਹਰ ਸਾਲ ਵਾਪਰ ਸਕਦੀ ਹੈ ਤੇ ਸਮਾਂ ਉਨ੍ਹਾਂ ਨੇ ਇਹਦਾ 2075 ਤਕ ਦਾ ਦੱਸਿਆ ਹੈ ਪਰ ਹੁਣ ਵੀ ਪਿਛਲੇ ਕਈ ਸਾਲਾਂ ਤੋਂ ਸਮੁੰਦਰ ਦਾ ਕਿਨਾਰਿਆਂ ਤੋਂ ਬਾਹਰ ਹੋ ਜਾਣਾ ਅਸੀਂ ਬਰਦਾਸ਼ਤ ਕਰਦੇ ਆ ਰਹੇ ਹਾਂ। ਗਲੇਸ਼ੀਅਰਾਂ ਦੇ ਸਾਰੇ ਦੇਸ਼ਾਂ ’ਚ ਪਿਘਲਾਅ ਨਾਲ ਜੋ ਵਾਤਾਵਰਣ ਨੂੰ ਢਾਅ ਲੱਗਣੀ ਹੈ, ਨਦੀਆਂ/ਨਾਲਿਆਂ ਨੇ ਉਫਾਨ ’ਤੇ ਆਉਣਾ ਹੈ, ਹੜ੍ਹ ਆਉਣੇ ਹਨ, ਖਾਸ ਕਰਕੇ ਹਿਮਾਲਿਆ ਅੰਦਰ ਜੋ ਕੁਝ ਹੋਣ ਜਾ ਰਿਹਾ ਹੈ, ਉਹਨੇ ਤ੍ਰਾਹ ਕੱਢਿਆ ਹੋਇਆ ਹੈ। 2030-50 ਦੇ ਪੀਰੀਅਡ ’ਚ ਹਿਮਾਲਿਆ ਦੇ ਗਲੇਸ਼ੀਅਰ ਪਿਘਲਣ ਨਾਲ ਤਬਾਹੀ ਦਾ ਜੋ ਮੰਜ਼ਰ ਬਣਦਾ ਨਜ਼ਰ ਆ ਰਿਹਾ ਹੈ, ਬਾਅਦ ਦਾ ਸਮਾਂ ਇਹਦੇ ਤੋਂ ਵੀ ਭਿਆਨਕ ਤਬਾਹੀ ਵਾਲਾ ਦਿਸ ਰਿਹਾ ਹੈ। ਭਾਰਤ ਦੇ ਜਿਨ੍ਹਾਂ ਇਲਾਕਿਆਂ ’ਚ ਸਮੁੰਦਰ ਨੇ ਉਬਾਲ ਦਰਜਾ ਦਿਖਾਇਆ ਹੈ, ਉਨ੍ਹਾਂ ’ਚ ਪਾਂਡੀਚੇਰੀ, ਤਾਮਿਲਨਾਡੂ, ਵਿਸ਼ਾਖਾਪਟਨਮ ਦੇ ਇਲਾਕੇ ਸਹਿਮ ਗਏ ਜਾਪਦੇ ਹਨ।

ਗ੍ਰੇਟਾ ਥਨਬਰਗ ਦੀ ਚਿੰਤਾ

ਵਾਤਾਵਰਣ ਸੰਭਾਲ ਦੇ ਮਾਮਲੇ ’ਚ ਸਵੀਡਿਸ਼ ਵਾਤਾਵਰਣ ਪ੍ਰੇਮੀ 16 ਸਾਲਾ ਵਿਦਿਆਰਥਣ ਗ੍ਰੇਟਾ ਥਨਬਰਗ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਜਿਸ ਵਕਤ ਗ੍ਰੇਟਾ ਨੇ ਸਵਾਲ ਉਠਾਏ, ਨਿਊਯਾਰਕ ’ਚ 11 ਲੱਖ ਦੇ ਕਰੀਬ ਵਿਦਿਆਰਥੀ ਵਾਤਾਵਰਣ ਬਚਾਓ ਹੜਤਾਲ ’ਤੇ ਚਲੇ ਗਏ। ਆਸਟਰੇਲੀਆ ਦੇ ਮੈਲਬੋਰਨ ਵਿਚ ਇਕ ਲੱਖ ਤੋਂ ਵੱਧ ਵਿਦਿਆਰਥੀ/ਬੱਚੇ ਸੜਕਾਂ ’ਤੇ ਉਤਰ ਆਏ। ਲੰਡਨ, ਪੈਰਿਸ ਤੇ ਹੋਰ ਪਤਾ ਨਹੀਂ ਕਿੱਥੇ-ਕਿੱਥੇ ਲੋਕ ਸੜਕਾਂ ’ਤੇ ਭਰ ਗਏ। ਪੂਰੀ ਦੁਨੀਆ ’ਚ ਤਰਥੱਲੀ ਮਚ ਗਈ। ਫਿਰ ਗ੍ਰੇਟਾ ਨੂੰ ਯੂ. ਐੱਨ. ਦੇ ਸਕੱਤਰ ਜਨਰਲ ਐਨਟੋਨੀਓ ਗੁਤਰਸ ਨੇ ਸੰਯੁਕਤ ਰਾਸ਼ਟਰ ਵਾਤਾਵਰਣ ਸਿਖਰ ਸੰਮੇਲਨ ’ਚ ਖਾਸ ਬੁਲਾਰੇ ਵਜੋਂ ਸੱਦਾ ਭੇਜਿਆ।

ਇਸ ਸੱਦੇ ’ਤੇ ਉਹ ਚਾਹੁੰਦੀ ਤਾਂ ਜਹਾਜ਼ ਫੜ ਕੇ ਕੁਝ ਹੀ ਘੰਟਿਆਂ ’ਚ ਨਿਊਯਾਰਕ ਪਹੁੰਚ ਸਕਦੀ ਸੀ ਪਰ ਉਹਦਾ ਸੋਚਣਾ ਸੀ ਕਿ ਹਵਾਈ ਜਹਾਜ਼ ਪ੍ਰਦੂਸ਼ਣ ਫੈਲਾਉਂਦਾ ਹੈ ਤੇ ਮੈਂ ਉਸ ਦੀ ਸਵਾਰੀ ਕਰ ਕੇ ਵਾਤਾਵਰਣ ਬਚਾਓ ਮੁਹਿੰਮ ਲਈ ਕਿਵੇਂ ਜਾ ਸਕਦੀ ਹਾਂ। ਉਸ ਨੇ ਕਿਸ਼ਤੀ ਰਾਹੀਂ ਇਹ ਸਫਰ ਪੰਦਰਾਂ ਦਿਨਾਂ ’ਚ ਤਹਿ ਕੀਤਾ, ਜਿਹੜੀ ਕਿਸ਼ਤੀ ਸੋਲਰ ਐਨਰਜੀ ਨਾਲ ਚੱਲਦੀ ਸੀ ਤੇ ਪ੍ਰਦੂਸ਼ਣ ਨਹੀਂ ਸੀ ਫੈਲਾਉਂਦੀ।

ਫਿਰ ਸੰਯੁਕਤ ਰਾਸ਼ਟਰ ’ਚ ਗ੍ਰੇਟਾ ਨੇ ਜੋ ਭਾਸ਼ਣ ਦਿੱਤਾ, ਹਿਲਾ ਕੇ ਰੱਖ ਗਿਆ। ਲੋਕ ਉਂਗਲੀਆਂ ਟੁੱਕ ਰਹੇ ਸਨ ਤੇ ਉਹ ਜਿਵੇਂ ਖੂਨ ਦੇ ਹੰਝੂ ਰੋਂਦੀ ਪੁੱਛ ਰਹੀ ਸੀ ਕਿ ਤੁਸੀਂ ਸਾਡੀ ਪੀੜ੍ਹੀ ਨੂੰ ਇਹ ਕੀ ਦੇ ਰਹੇ ਹੋ? ਤੁਸੀਂ ਗਲੋਬਲ ਵਾਰਮਿੰਗ ਪ੍ਰਤੀ ਜਾਗਰੂਕ ਕਿਉਂ ਨਹੀਂ ਹੋ ਰਹੇ? ਕਿਉਂ ਪੈਸੇ ਦੀ ਭੁੱਖ ਨੇ ਤੁਹਾਨੂੰ ਅਣਮਨੁੱਖੀ ਬਣਾ ਦਿੱਤਾ ਹੈ? ਉਹ ਵਾਰ-ਵਾਰ ਕਹਿ ਰਹੀ ਸੀ ਕਿ ਤੁਹਾਡੀ ਹਿੰਮਤ ਕਿਵੇਂ ਪਈ ਅਜਿਹਾ ਭਵਿੱਖ ਸਾਡੇ ਲਈ ਪੈਦਾ ਕਰਨ ਦੀ? ਜਦੋਂ ਮੈਨੂੰ ਸਮੁੰਦਰ ਦੇ ਉਸ ਪਾਰ ਆਪਣੇ ਸਕੂਲ ਵਿਚ ਹੋਣਾ ਚਾਹੀਦਾ ਸੀ, ਮੈਂ ਤੁਹਾਡੇ ਵਿਚ ਕਿਉਂ ਹਾਂ?

ਭਾਸ਼ਣ ਤੋਂ ਬਾਅਦ ਆਪਣੀ ਸੀਟ ਵੱਲ ਜਾਂਦਿਆਂ ਉਹਨੇ ਜੋ ਘੂਰੀ ਅਮਰੀਕੀ ਰਾਸ਼ਟਰਪਤੀ ਵੱਲ ਵੱਟੀ, ਉਹ ਕਲਿੱਪ ਇਤਿਹਾਸਿਕ ਹੋ ਗਈ। ਉਹਦੀ ਇਸ ਘੂਰੀ ਦੇ ਬਹੁਤ ਬਾਰੀਕ ਮਾਇਨੇ ਹਨ। ਇਹ ਘੂਰੀ ਸਿਰਫ ਡੋਨਾਲਡ ਟਰੰਪ ਨੂੰ ਨਹੀਂ, ਬਲਕਿ ਉਨ੍ਹਾਂ ਸਾਰੇ ਕਾਰਪੋਰੇਟ ਘਰਾਣਿਆਂ ਵੱਲ ਹੈ, ਜਿਨ੍ਹਾਂ ਕਾਰਣ ਅੱਜ ਅਸੀਂ ਐਮਾਜ਼ੋਨ ਦੀ ਤਬਾਹੀ ਦੇਖ ਰਹੇ ਹਾਂ, ਗਲੇਸ਼ੀਅਰਾਂ ਦੀ ਤਬਾਹੀ ਦੇਖ ਰਹੇ ਹਾਂ, ਸਮੁੰਦਰ ਦਾ ਗੁੱਸਾ ਜਰ ਰਹੇ ਹਾਂ ਤੇ ਭਿਆਨਕ ਤਬਾਹੀ ਵੱਲ ਵਧ ਰਹੇ ਹਾਂ, ਤੇਜ਼ੀ ਨਾਲ।

ਬੁੱਢੇ ਦਰਿਆ ਪ੍ਰਤੀ ਹੁਣ ਕੁਰਲਾਉਣ ਨਾਲ ਕੀ ਬਣਨਾ?

ਦੂਰ ਕੀ ਜਾਣਾ ਹੈ, ਜੋ ਟਵੀਟ ਵਾਤਾਵਰਣ ਨੂੰ ਲੈ ਕੇ ਕੀਤੀ ਮੀਟਿੰਗ ਤੋਂ ਬਾਅਦ ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਆਇਆ ਹੈ, ਆਉਣ ਵਾਲੇ ਦਿਨਾਂ ਨੂੰ ਦੇਖਦਿਆਂ ਦਹਿਲੀ ਦਿੱਲੀ ਬਾਰੇ, ਪੰਜਾਬ ਤੇ ਹਰਿਆਣਾ ਨੂੰ ਉਨ੍ਹਾਂ ਫਿਰ ਲਪੇਟ ਲਿਆ ਹੈ। ਝੋਨੇ ਦੀ ਵਾਢੀ ਦਾ ਸੀਜ਼ਨ ਅਜੇ ਸ਼ੁਰੂ ਹੀ ਹੋਇਆ ਹੈ ਕਿ ਪਰਾਲੀ ਸਾੜੇ ਜਾਣ ਦੀਆਂ ਖ਼ਬਰਾਂ ਨੇ ਫਿਰ ਸਿਰ ਚੁੱਕ ਲਿਆ ਹੈ। ਦਿੱਲੀ ਵਾਲਿਆਂ ਦਾ ਸਾਹ ਹੁੱਟ ਹੁੰਦਾ ਦਿਖਾਈ ਦੇਣ ਲੱਗਾ ਹੈ। ਸਾਡੀਆਂ ਯੂਨੀਵਰਸਿਟੀਆਂ ਕੀ ਕਰਦੀਆਂ ਹਨ? ਕਿਉਂ ਨਹੀਂ ਨਵੀਂ ਖੋਜ ਦੇ ਨਾਲ ਹੀ ਨਵੇਂ ਪੈਦਾ ਹੋਣ ਵਾਲੇ ਸਵਾਲਾਂ ਨਾਲ ਪਹਿਲਾਂ ਨਜਿੱਠ ਲਿਆ ਜਾਂਦਾ? ਇਹ ਕਿਤੇ ਕਾਰਪੋਰੇਟ ਘਰਾਣਿਆਂ ਪ੍ਰਤੀ ਹੇਜ ਤਾਂ ਨਹੀਂ? ਅਸੀਂ ਜ਼ਹਿਰਾਂ ਪਾ-ਪਾ ਕੇ ਆਪਣੇ ਖੇਤ ਬੰਜਰ ਕਰ ਲਏ, ਜ਼ਮੀਨ ਹੇਠਲੇ ਪਾਣੀ ਦੀ ਤੱਗੀ 80 ਫੀਸਦੀ ਲਾਲ ਕਿਨਾਰੇ ਜਾ ਲੱਗੀ, ਬਾਸਮਤੀ ਫਿਰ ਡਿਸਕੁਆਲੀਫਾਈ ਹੋ ਗਈ। ਫਿਰ ਕਿਸਾਨ ਨੂੰ ਖ਼ੁਦਕੁਸ਼ੀ ਤੋਂ ਕਿਵੇਂ ਰੋਕ ਸਕਦੇ ਹੋ?

ਬੁੱਢੇ ਦਰਿਆ ਨੂੰ ਲੈ ਕੇ ਅਸੀਂ ਹੁਣ ਕੁਰਲਾਉਣ ਲੱਗੇ ਹਾਂ, ਦਹਾਕੇ ਪਹਿਲਾਂ ਜਦੋਂ ਇਹਦੇ ਪਾਣੀ ’ਚੋਂ ਲੋਕ ਮੱਛੀਆਂ ਫੜਦੇ ਸਨ, ਕੌਣ ਸੀ ਜਿਹੜਾ ਇਹਨੂੰ ਬਚਾਉਣ ਨਹੀਂ ਆਇਆ। ਸੰਤ ਸੀਚੇਵਾਲ ਨੇ ਇਕ ਫਿਕਰਮੰਦੀ ਜ਼ਾਹਿਰ ਕਰਦਿਆਂ ਕਾਲੀ ਵੇਈਂ ਨੂੰ ਸਾਫ ਕਰਨ ਦਾ ਬੀੜਾ ਚੁੱਕਿਆ। ਲੋਕ ਵੀ ਜਾਗੇ ਪਰ ਕਿਉਂ ਨਹੀਂ ਹੋ ਰਹੀ ਵੇਈਂ ਸਾਫ? ਕਿਵੇਂ ਬਿਆਸ ਦਰਿਆ ’ਚ ਇਕ ਫੈਕਟਰੀ ਦਾ ਗੰਦਾ/ਜ਼ਹਿਰੀਲਾ ਪਾਣੀ ਛੱਡ ਦਿੱਤਾ ਜਾਂਦਾ ਹੈ ਤਾਂ ਪਲਾਂ ’ਚ ਹੀ ਲੱਖਾਂ ਜਲ-ਜੀਵ ਮਰ ਕੇ ਪਾਣੀ ’ਤੇ ਤੈਰਨ ਲੱਗਦੇ ਹਨ। ਕੌਣ ਜ਼ਿੰਮੇਵਾਰ ਹੈ? ਕੌਣ ਹੈ ਜੋ ਰੋਕ ਸਕਦਾ ਹੈ ਤੇ ਰੋਕ ਨਹੀਂ ਰਿਹਾ? ਅਸੀਂ ਭਵਿੱਖੀ ਖ਼ਤਰਿਆਂ ਪ੍ਰਤੀ ਬਿਲਕੁਲ ਅਵੇਸਲੇ ਹਾਂ। ਵੇਲਾ ਜਾਗਣ ਦਾ ਹੈ, ਗ੍ਰੇਟਾ ਦੀ ਘੂਰੀ ਸ਼ਾਇਦ ਸਾਡੇ ਸੁੱਤਿਆਂ ਲਈ ਜ਼ਿਆਦਾ ਮਹੱਤਵ ਰੱਖਦੀ ਹੈ।


Bharat Thapa

Content Editor

Related News