ਵੱਧ ਕੀਮਤੀ ਹਨ, ਹੀਰੇ ਜਾਂ ਰੁੱਖ

06/25/2021 3:31:03 AM

ਰੰਜਨਾ ਮਿਸ਼ਰਾ 
ਮੱਧ ਪ੍ਰਦੇਸ਼ ਦੇ ਛਤਰਪੁਰ ’ਚ 2,15,875 ਰੁੱਖਾਂ ਨੂੰ ਕੱਟਣ ਦੀ ਤਿਆਰੀ ਚੱਲ ਰਹੀ ਹੈ। ਮੱਧ ਪ੍ਰਦੇਸ਼ ਦਾ ਛਤਰਪੁਰ ਜ਼ਿਲਾ ਬੁੰਦੇਲਖੰਡ ਖੇਤਰ ’ਚ ਆਉਂਦਾ ਹੈ, ਜਿੱਥੇ ਭੂਮੀਗਤ ਪਾਣੀ ਦਾ ਭਿਆਨਕ ਸੰਕਟ ਹੈ ਪਰ ਇਸ ਜ਼ਿਲੇ ’ਚ ਕੁਦਰਤੀ ਜੰਗਲ ਪਾਏ ਜਾਂਦੇ ਹਨ, ਜਿਸ ਨੂੰ ਬਕਸਵਾਹਾ ਇਲਾਕਾ ਕਿਹਾ ਜਾਂਦਾ ਹੈ। ਇਹ ਜੰਗਲ 364 ਏਕੜ ਦੀ ਜ਼ਮੀਨ ’ਚ ਫੈਲਿਆ ਹੋਇਆ ਹੈ, ਇੱਥੇ ਕੁਲ 2,15,875 ਰੁੱਖ ਹਨ। ਇਹ ਜੰਗਲ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 225 ਕਿਲੋਮੀਟਰ ਦੂਰ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਜੰਗਲ ’ਚ ਇਕ ਸਰਵੇ ਚੱਲ ਰਿਹਾ ਸੀ ਜਿਸ ’ਚ ਇਹ ਗੱਲ ਪਤਾ ਲੱਗੀ ਹੈ ਕਿ ਇਸ ਜੰਗਲ ’ਚ ਹੀਰੇ ਦਾ ਸਭ ਤੋਂ ਵੱਡਾ ਭੰਡਾਰ ਲੁਕਿਆ ਹੋਇਆ ਹੈ। ਅੰਦਾਜ਼ਾ ਹੈ ਕਿ ਜੰਗਲ ਦੀ ਜ਼ਮੀਨ ’ਚ 3 ਕਰੋੜ 40 ਲੱਖ ਕੈਰੇਟ ਹੀਰੇ ਦੱਬੇ ਹੋ ਸਕਦੇ ਹਨ, ਇਸ ਦੇ ਲਈ ਕੰਪਨੀ ਨੂੰ ਨਿਲਾਮੀ ’ਚ ਜੰਗਲ ਦੀ ਜ਼ਮੀਨ ਲੀਜ਼ ’ਤੇ ਦਿੱਤੀ ਜਾ ਚੁੱਕੀ ਹੈ ਅਤੇ ਇਸ ਜ਼ਮੀਨ ’ਤੇ ਹੀਰੇ ਦੀਆਂ ਖਾਨਾਂ ਲਈ ਰੁੱਖਾਂ ਨੂੰ ਕੱਟਿਆ ਜਾਣਾ ਹੈ।

ਹੁਣ ਸਵਾਲ ਇਹ ਹੈ ਕਿ ਹੀਰੇ ਜ਼ਿਆਦਾ ਕੀਮਤੀ ਹਨ ਜਾਂ ਰੁੱਖ? ਇਨ੍ਹਾਂ ਰੁੱਖਾਂ ਨੂੰ ਬਚਾਉਣ ਲਈ ਆਲੇ-ਦੁਆਲੇ ਦੇ ਲੋਕਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ, ਲੋਕ ਚਿਪਕੋ ਅੰਦੋਲਨ ਦੀ ਤਰਜ਼ ’ਤੇ ਇੱਥੇ ਰੁੱਖਾਂ ਨਾਲ ਚਿਪਕ ਕੇ ਇਸ ਨੂੰ ਬਚਾਉਣ ਦਾ ਸੰਕਲਪ ਲੈ ਰਹੇ ਹਨ ਅਤੇ ਜੰਗਲ ’ਚ ਰੁੱਖਾਂ ’ਤੇ ਰੱਖਿਆ ਸੂਤਰ ਵੀ ਬੰਨ੍ਹੇ ਜਾ ਰਹੇ ਹਨ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਹੀਰਿਆਂ ਲਈ ਜੰਗਲ ਨੂੰ ਨਸ਼ਟ ਕਰਨਾ ਸਹੀ ਨਹੀਂ ਹੋਵੇਗਾ ਅਤੇ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।

ਸਰਕਾਰ ਨੇ ਇਸ ਜੰਗਲ ਦੀ ਜ਼ਮੀਨ ’ਤੇ ਹੀਰਾ ਖੋਦਾਈ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੇ ਬਾਅਦ ਹੁਣ ਇਸ ਇਲਾਕੇ ’ਚ ਰੁੱਖਾਂ ਨੂੰ ਕੱਟਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ। ਇਸ ਗੱਲ ਤੋਂ ਆਲੇ-ਦੁਆਲੇ ਦੇ ਲੋਕ ਬਹੁਤ ਨਾਰਾਜ਼ ਹਨ ਅਤੇ ਇਸ ਲਈ ਲੋਕ ਵਿਰੋਧ ’ਚ ਜੰਗਲ ਪਹੁੰਚ ਕੇ ਰੁੱਖਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਲੱਗੇ ਹਨ। ਇਸ ਜੰਗਲ ਦੀ ਘਣਤਾ 0.7 ਹੈ, ਜਿਸ ਦੇ ਕਾਰਨ ਇੱਥੇ ਸੂਰਜ ਦੀਆਂ ਕਿਰਨਾਂ ਸਿਰਫ 3 ਜਾਂ 4 ਹਿੱਸੇ ’ਚ ਹੀ ਪੈਂਦੀਆਂ ਹਨ ਅਤੇ ਬਾਕੀ ਦਾ ਹਿੱਸਾ ਢਕਿਆ ਰਹਿੰਦਾ ਹੈ, ਜਿਸ ਦੇ ਕਾਰਨ ਧਰਤੀ ਦਾ ਜਲ ਪੱਧਰ ਇਕ ਬਰਾਬਰ ਬਣਿਆ ਰਹਿੰਦਾ ਹੈ ਅਤੇ ਇਹ ਜੰਗਲ ਕੱਟਣ ਕਾਰਨ ਜਲ ਪੱਧਰ ਵੀ ਪ੍ਰਭਾਵਿਤ ਹੋਵੇਗਾ। ਇਸ ਜੰਗਲ ਦੀ ਖਾਸੀਅਤ ਇਹ ਹੈ ਕਿ ਇੱਥੇ ਸੈਂਕੜੇ ਸਾਲ ਪੁਰਾਣੇ ਅਤੇ ਦੁਰਲੱਭ ਪ੍ਰਜਾਤੀ ਦੇ ਰੁੱਖ ਪਾਏ ਜਾਂਦੇ ਹਨ। ਇਕ ਰਿਪੋਰਟ ਦਾ ਅੰਦਾਜ਼ਾ ਹੈ ਕਿ ਇਸ ਜੰਗਲ ’ਚ ਸਾਗਵਾਨ ਦੇ 40 ਹਜ਼ਾਰ ਰੁੱਖ ਪਾਏ ਜਾਂਦੇ ਹਨ। ਇਸ ਦੇ ਇਲਾਵਾ ਕੇਮ, ਪਿੱਪਲ, ਤੇਂਦੂ, ਜਾਮਣ, ਬਹੇੜਾ ਅਤੇ ਅਰਜੁਨ ਵਰਗੇ ਬਹੁਤ ਸਾਰੀਆਂ ਦਵਾਈਆਂ ਦੇ ਰੁੱਖ ਵੀ ਇੱਥੇ ਮੌਜੂਦ ਹਨ, ਅਜਿਹੇ ’ਚ ਇਨ੍ਹਾਂ ਰੁੱਖਾਂ ਦੀ ਕਟਾਈ ਕਾਰਨ ਕਿਸਾਨਾਂ ਨੂੰ ਵੀ ਨੁਕਸਾਨ ਹੋਵੇਗਾ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ’ਤੇ ਵੀ ਇਸ ਦਾ ਅਸਰ ਪਵੇਗਾ।

ਹਾਲਾਂਕਿ ਇਸ ਖਬਰ ਦਾ ਵਪਾਰਕ ਪਹਿਲੂ ਇਹ ਹੈ ਕਿ ਜਿਵੇਂ ਹੀ ਹੀਰੇ ਦੀਆਂ ਖਾਨਾਂ ਸਥਾਪਿਤ ਹੋਣਗੀਆਂ, ਇਹ ਖਾਨਾਂ ਪੂਰੇ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਹੀਰੇ ਦੀਆਂ ਖਾਨਾਂ ਬਣ ਜਾਣਗੀਆਂ। ਅਜੇ ਭਾਰਤ ’ਚ ਹੀਰੇ ਦੀਆਂ ਖਾਨਾਂ ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਹੀ ਪਾਈ ਜਾਂਦੀਆਂ ਹਨ। ਇਕ ਰਿਪੋਰਟ ਅਨੁਸਾਰ ਇਸ ਮਾਈਨਿੰਗ ਪ੍ਰਾਜੈਕਟ ਲਈ ਰੋਜ਼ਾਨਾ 59 ਲੱਖ ਕਿਊਬਿਕ ਮੀਟਰ ਪਾਣੀ ਦੀ ਲੋੜ ਹੋਵੇਗੀ ਅਤੇ ਇਸ ਦੇ ਲਈ ਨੇੜੇ ਪੈਂਦੇ ਬਰਸਾਤੀ ਨਾਲੇ ਦੀ ਦਿਸ਼ਾ ਬਦਲੀ ਜਾਵੇਗੀ ਅਤੇ ਇਸ ਦਾ ਪਾਣੀ ਵਰਤਿਆ ਜਾਵੇਗਾ। ਭਾਰਤ ਸਰਕਾਰ ਦੀ ਸੈਂਟਰਲ ਗ੍ਰਾਊਂਡ ਵਾਟਰ ਅਥਾਰਿਟੀ ਦਾ ਮੰਨਣਾ ਹੈ ਕਿ ਮੱਧ ਪ੍ਰਦੇਸ਼ ਦਾ ਛਤਰਪੁਰ ਜ਼ਿਲਾ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਇਸ ਨੂੰ ਦੇਖਦੇ ਹੋਏ ਇਸ ਜ਼ਿਲੇ ਨੂੰ ਸੈਮੀ ਕ੍ਰਿਟੀਕਲ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਸ ਸ਼੍ਰੇਣੀ ’ਚ ਉਹ ਜ਼ਿਲੇ ਹੁੰਦੇ ਹਨ ਜਿੱਥੇ ਪਾਣੀ ਦੀ ਸਮੱਸਿਆ ਵੱਧ ਹੁੰਦੀ ਹੈ, ਭਾਵ ਪਾਣੀ ਦੇ ਸੰਕਟ ਨਾਲ ਜੂਝਦੇ ਛਤਰਪੁਰ ’ਚ ਇਸ ਜੰਗਲ ਨੂੰ ਖਤਮ ਕਰਨਾ ਸਹੀ ਨਹੀਂ ਹੋਵੇਗਾ।

ਇਸੇ ਸਾਲ 29 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਰਾਏਸੇਨ ’ਚ ਇਕ ਕਿਸਾਨ ਨੇ ਸਾਗਵਾਨ ਦੇ ਦੋ ਰੁੱਖ ਵੱਢ ਦਿੱਤੇ ਸਨ। ਜਦੋਂ ਸੂਚਨਾ ਜੰਗਲਾਤ ਵਿਭਾਗ ਨੂੰ ਮਿਲੀ ਤਾਂ ਉਸ ਨੇ ਕਿਸਾਨ ’ਤੇ ਕਾਰਵਾਈ ਕੀਤੀ ਅਤੇ ਦੋ ਰੁੱਖ ਵੱਢਣ ਲਈ ਇਕ ਕਰੋੜ 20 ਲੱਖ ਰੁਪਏ ਦਾ ਜੁਰਮਾਨਾ ਉਸ ਕਿਸਾਨ ਨੂੰ ਕੀਤਾ। ਉਦੋਂ ਜੰਗਲਾਤ ਵਿਭਾਗ ਦਾ ਇਹ ਕਹਿਣਾ ਸੀ ਕਿ ਸਾਗਵਾਨ ਦੇ ਇਕ ਰੁੱਖ ਦੀ ਉਮਰ 50 ਸਾਲ ਹੁੰਦੀ ਹੈ ਅਤੇ ਇਸ ਉਮਰ ’ਚ ਉਹ 60 ਲੱਖ ਰੁਪਏ ਦਾ ਫਾਇਦਾ ਕਰਦਾ ਹੈ। ਹੁਣ ਸਵਾਲ ਇਹ ਹੈ ਕਿ ਇਸ ਜੰਗਲ ’ਚ ਸਾਗਵਾਨ ਦੇ 40 ਹਜ਼ਾਰ ਰੁੱਖ ਵੱਢੇ ਜਾਣਗੇ, ਤਾਂ ਕੀ ਇਨ੍ਹਾਂ ਰੁੱਖਾਂ ਨੂੰ ਵੱਢਣ ਲਈ ਵਿਭਾਗ ਪ੍ਰਤੀ ਰੁੱਖ 60 ਲੱਖ ਰੁਪਏ ਦੇ ਹਿਸਾਬ ਨਾਲ 24 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਭਰੇਗਾ?

ਵਿਗਿਆਨੀਆਂ ਅਨੁਸਾਰ ਹਰੇ-ਭਰੇ ਜੰਗਲ ਸਾਡੀ ਧਰਤੀ ਦੇ ਫੇਫੜੇ ਹਨ, ਇਨ੍ਹਾਂ ’ਚੋਂ ਸਾਨੂੰ ਆਕਸੀਜਨ ਹਾਸਲ ਹੁੰਦੀ ਹੈ ਅਤੇ ਆਕਸੀਜਨ ਦੀ ਲੋੜ ਨੂੰ ਅਸੀਂ ਕੋਰੋਨਾ ਇਨਫੈਕਸ਼ਨ ’ਚ ਸਭ ਤੋਂ ਵੱਧ ਮਹਿਸੂਸ ਕੀਤਾ ਹੈ, ਇਨ੍ਹਾਂ ਹਾਲਤਾਂ ’ਚ ਨਿਰਜੀਵ ਹੀਰੇ ਲਈ ਸਜੀਵ ਰੁੱਖਾਂ ਨੂੰ ਸ਼ਹੀਦ ਕਰਨਾ ਕਿੱਥੋਂ ਤੱਕ ਠੀਕ ਹੋਵੇਗਾ? ਕੁਦਰਤੀ ਤੌਰ ’ਤੇ ਬਣੇ ਜੰਗਲ ਨੂੰ ਹਟਾਉਣ ਦੇ ਬਾਅਦ, ਜੇਕਰ ਬੂਟੇ ਲਗਾਉਣ ਦਾ ਵਾਅਦਾ ਵੀ ਕੀਤਾ ਜਾਵੇ ਤਾਂ ਅਜਿਹਾ ਜੰਗਲ ਖੜ੍ਹਾ ਹੋਣ ’ਚ ਕਈ ਸਾਲ ਲੱਗ ਜਾਣਗੇ।

ਜੇਕਰ ਰੁੱਖ ਅਤੇ ਹੀਰੇ ’ਚੋਂ ਇਕ ਨੂੰ ਚੁਣਨ ਲਈ ਕਿਹਾ ਜਾਵੇ ਤਾਂ ਕੋਈ ਵੀ ਸਮਝਦਾਰ ਵਿਅਕਤੀ ਹੀਰਾ ਨਹੀਂ ਸਗੋਂ ਰੁੱਖ ਹੀ ਚੁਣੇਗਾ, ਕਿਉਂਕਿ ਰੁੱਖ ਸਾਨੂੰ ਜ਼ਿੰਦਗੀ ਦੇਣ ਵਾਲੇ ਹਨ, ਆਕਸੀਜਨ ਦੇਣ ਵਾਲੇ ਹਨ, ਹਜ਼ਾਰਾਂ ਗਰੀਬ ਅਤੇ ਆਦੀਵਾਸੀਆਂ ਨੂੰ ਰੁੱਖ ਅਤੇ ਜੰਗਲ ਰੋਜ਼ਗਾਰ ਿਦੰਦੇ ਹਨ। ਅਸੀਂ ਲਗਭਗ ਪਿਛਲੇ ਡੇਢ-ਦੋ ਸਾਲਾਂ ਤੋਂ ਕੋਰੋਨਾ ਦੀ ਮਾਰ ਝੱਲ ਰਹੇ ਹਾਂ ਅਤੇ ਅਸੀਂ ਲਗਾਤਾਰ ਕੁਦਰਤ ਦਾ ਭਿਆਨਕ ਰੂਪ ਦੇਖਿਆ ਹੈ, ਇਸ ਲਈ ਚਾਹੀਦਾ ਹੈ ਕਿ ਅਸੀਂ ਕੁਦਰਤ ਦੀ ਹਮੇਸ਼ਾ ਰਖਵਾਲੀ ਕਰੀਏ। ਹੀਰੇ ਨਾਲੋਂ ਵੱਧ ਕੇ ਕੁਦਰਤ ਕੀਮਤੀ ਹੈ। ਰੁੱਖ, ਪੌਦੇ, ਜੰਗਲ, ਪਹਾੜ, ਨਦੀਆਂ, ਤਲਾਬ ਆਦਿ ਦੀ ਰਖਵਾਲੀ ਅਤੇ ਸਾਫ-ਸੁਥਰਾ ਰੱਖਣਾ ਸਾਡੀ ਪਹਿਲ ਹੋਣੀ ਚਾਹੀਦੀ ਹੈ।

ਇਕ ਰੁੱਖ ਰੋਜ਼ਾਨਾ ਚਾਰ ਲੋਕਾਂ ਨੂੰ ਮਿਲਣ ਵਾਲੀ ਆਕਸੀਜਨ ਵਾਤਾਵਰਣ ’ਚ ਛੱਡਦਾ ਹੈ। ਇਕ ਏਕੜ ਜ਼ਮੀਨ ’ਤੇ ਲੱਗੇ ਰੁੱਖ ਰੋਜ਼ਾਨਾ 5 ਟਨ ਕਾਰਬਨਡਾਈਆਕਸਾਈਡ ਸੋਖਣ ਦੀ ਸਮਰੱਥਾ ਰੱਖਦੇ ਹਨ। ਰੁੱਖ ਸਾਨੂੰ ਗਰਮੀ ਤੋਂ ਵੀ ਬਚਾਉਂਦੇ ਹਨ, ਇਕ ਰੁੱਖ 1 ਤੋਂ 3 ਡਿਗਰੀ ਸੈਲਸੀਅਸ ਤੱਕ ਤਾਪਮਾਨ ਘੱਟ ਰੱਖਦਾ ਹੈ। ਰੁੱਖ ਸਾਨੂੰ ਹੜ੍ਹ ਤੋਂ ਵੀ ਬਚਾਉਂਦੇ ਹਨ, ਇਹ ਮੀਂਹ ਦਾ ਕਾਫੀ ਪਾਣੀ ਜਜ਼ਬ ਕਰ ਲੈਂਦੇ ਹਨ, ਜਿਸ ਨਾਲ ਇਹ ਪਾਣੀ ਨਦੀਆਂ ’ਚ ਨਹੀਂ ਜਾਂਦਾ। ਰੁੱਖ ਤੂਫਾਨਾਂ ਨੂੰ ਵੀ ਕਮਜ਼ੋਰ ਕਰਦੇ ਹਨ। ਰੁੱਖਾਂ ਦੇ ਕਾਰਨ ਤੂਫਾਨੀ ਹਵਾਵਾਂ ਮੱਠੀਆਂ ਪੈ ਜਾਂਦੀਆਂ ਹਨ। ਰੁੱਖਾਂ ਨਾਲ ਕਿਸੇ ਪ੍ਰਾਪਰਟੀ ਦੀ ਕੀਮਤ ਵੀ ਵੱਧ ਜਾਂਦੀ ਹੈ। ਇਕ ਖੋਜ ਅਨੁਸਾਰ ਜੋ ਘਰ ਹਰੇ-ਭਰੇ ਰੁੱਖਾਂ ਦੇ ਨੇੜੇ ਹੁੰਦੇ ਹਨ, ਉਨ੍ਹਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। ਦਵਾਈਆਂ ਵਾਲੇ ਰੁੱਖ ਬੀਮਾਰੀ ਦੇ ਇਲਾਜ ’ਚ ਵਰਦਾਨ ਸਾਬਿਤ ਹੁੰਦੇ ਹਨ। ਆਯੁਰਵੇਦ ’ਚ ਰੁੱਖਾਂ ਨੂੰ ਮੈਡੀਸਨ ਮੰਨਿਆ ਗਿਆ ਹੈ ਪਰ ਅਸੀਂ ਸਮੇਂ ਦੇ ਨਾਲ-ਨਾਲ ਰੁੱਖਾਂ ਦੇ ਇਨ੍ਹਾਂ ਅਨਮੋਲ ਯੋਗਦਾਨਾਂ ਨੂੰ ਭੁਲਾ ਦਿੱਤਾ ਹੈ ਅਤੇ ਇਨ੍ਹਾਂ ਅੱਗੇ ਸਾਨੂੰ ਹੀਰੇ ਦੀ ਚਮਕ ਜ਼ਿਆਦਾ ਆਕਰਸ਼ਿਤ ਕਰਦੀ ਹੈ।

ਹਮੇਸ਼ਾ ਤੋਂ ਵਿਕਾਸ ਦੇ ਨਾਂ ’ਤੇ ਜੰਗਲਾਂ ਨੂੰ ਵੱਢਿਆ ਜਾਂਦਾ ਹੈ ਅਤੇ ਇਹ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਤੁਹਾਨੂੰ ਵਿਕਾਸ ਚਾਹੀਦਾ ਹੈ ਤਾਂ ਜੰਗਲਾਂ ਦੀ ਬਲੀ ਦੇਣੀ ਹੋਵੇਗੀ। ਹੁਣ ਸਵਾਲ ਇਹ ਹੈ ਕਿ ਕੀ ਹੀਰਾ ਖੋਦਾਈ ਨੂੰ ਵੀ ਵਿਕਾਸ ਦੀ ਪਰਿਭਾਸ਼ਾ ਦੇ ਘੇਰੇ ’ਚ ਰੱਖਣਾ ਸਹੀ ਹੋਵੇਗਾ?

ਅੱਜ ਤੋਂ 15 ਸੌ ਸਾਲ ਪਹਿਲਾਂ ਲੇਟਿਨ ਅਮਰੀਕਾ ਦੇ ਪੇਰੂ ਦੇਸ਼ ਦੀ ਨਾਜ਼ਕਾ ਸੱਭਿਅਤਾ ਆਪਣੇ ਸੈਂਕੜੇ ਸਾਲਾਂ ਦੇ ਇਤਿਹਾਸ ਦੇ ਬਾਅਦ ਗਾਇਬ ਹੋ ਗਈ ਸੀ। ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਦੇ ਅਧਿਐਨ ਅਨੁਸਾਰ ਇਸ ਸੱਭਿਅਤਾ ਨੇ ਆਪਣੇ ਜੰਗਲ ਨੂੰ ਵੱਢ ਕੇ ਕਪਾਹ ਅਤੇ ਮੱਕੇ ਦੀ ਖੇਤੀ ਸ਼ੁਰੂ ਕਰ ਦਿੱਤੀ ਸੀ ਜਿਸ ਕਾਰਨ ਉੱਥੇ ਮਾਰੂਥਲੀ ਇਲਾਕਿਆਂ ਦਾ ਈਕੋ ਸਿਸਟਮ ਨਸ਼ਟ ਹੋ ਗਿਆ, ਇਸੇ ਕਾਰਨ ਉਥੇ ਹੜ੍ਹ ਆਇਆ ਅਤੇ ਸੱਭਿਅਤਾ ਪੂਰੀ ਤਰ੍ਹਾਂ ਨਸ਼ਟ ਹੋ ਗਈ। ਜੰਗਲ ਨੂੰ ਵੱਢਣਾ ਇਸ ਸੱਭਿਅਤਾ ਨੂੰ ਬੜਾ ਮਹਿੰਗਾ ਸਾਬਿਤ ਹੋਇਆ ਪਰ ਅੱਜ ਲੋਕ ਇਸ ਗੱਲ ਨੂੰ ਨਹੀਂ ਸਮਝ ਰਹੇ ਹਨ ਅਤੇ ਉਹ ਉਹੀ ਗਲਤੀ ਕਰ ਰਹੇ ਹਨ ਜੋ ਨਾਜ਼ਕਾ ਸੱਭਿਅਤਾ ਦੌਰਾਨ ਹੋਈ ਸੀ।

Bharat Thapa

This news is Content Editor Bharat Thapa