ਉੱਤਰ ਪ੍ਰਦੇਸ਼ ’ਚ ਹਿੰਦੂ-ਮੁਸਲਿਮ ਭਾਈਚਾਰੇ ਦੀ ਮਿਸਾਲ ਸਵੈਇੱਛਾ ਨਾਲ ਮੰਦਿਰਾਂ-ਮਸਜਿਦਾਂ ਤੋਂ ਉਤਾਰੇ ਲਾਊਡਸਪੀਕਰ

04/29/2022 2:35:45 AM

-ਵਿਜੇ ਕੁਮਾਰ 
ਇਨ੍ਹੀਂ ਦਿਨੀਂ ਦੇਸ਼ ’ਚ ਧਾਰਮਿਕ ਅਸਥਾਨਾਂ ’ਤੇ ਲਾਊਡਸਪੀਕਰਾਂ ਦੀ ਆਵਾਜ਼ ਨੂੰ ਲੈ ਕੇ ਵਿਵਾਦ ਜਾਰੀ ਹੈ। ਜਿੱਥੇ ਕੁਝ ਸੂਬਿਆਂ ’ਚ ਇਸ ਮੁੱਦੇ ’ਤੇ ਅਣਸੁਖਾਵੀਂ ਸਥਿਤੀ ਬਣੀ ਹੋਈ ਹੈ, ਉੱਥੇ ਹੀ ਅਦਾਲਤ ਦੇ ਹੁਕਮ ’ਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਮੰਦਿਰ, ਮਸਜਿਦ, ਗੁਰਦੁਆਰੇ ਤੇ ਹੋਰ ਧਾਰਮਿਕ ਅਸਥਾਨ ਅੱਗੇ ਆਉਣ ਲੱਗੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਦੇ ਸਾਰੇ ਮੰਦਿਰਾਂ, ਮਸਜਿਦਾਂ ਦੇ ਧਰਮ ਗੁਰੂਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਲਾਊਡਸਪੀਕਰ ਦੀ ਆਵਾਜ਼ ਬੰਦ ਕਰ ਦੇਣ ਜਾਂ ਘੱਟ ਰੱਖਣ ਕਿਉਂਕਿ ਆਵਾਜ਼ ਓਨੀ ਹੀ ਆਉਣੀ ਚਾਹੀਦੀ ਹੈ ਜਿਸ ਨਾਲ ਕਿਸੇ ਨੂੰ ਅਸੁਵਿਧਾ ਨਾ ਹੋਵੇ।
ਇਸ ਮੁਹਿੰਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੋਰਖਪੁਰ ਦੇ ਗੁਰੂ ਗੋਰਖਨਾਥ ਮੰਦਿਰ ਅਤੇ ਉਸ ਨਾਲ ਜੁੜੇ ਮੰਦਿਰਾਂ ਤੋਂ ਹੋਈ, ਜਿੱਥੇ ਮੁੱਖ ਮੰਤਰੀ ਆਦਿੱਤਿਆਨਾਥ ਨੇ ਲਾਊਡਸਪੀਕਰਾਂ ਦੀ ਆਵਾਜ਼ ਇੰਨੀ ਮੱਠੀ ਕਰਵਾ ਦਿੱਤੀ ਕਿ ਉਸ ਨਾਲ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ। ਆਵਾਜ਼ ਬਾਹਰ ਜਾਣ ਤੋਂ ਰੋਕਣ ਲਈ ਗੋਰਖਨਾਥ ਮੰਦਿਰ ਦੀਆਂ ਬਾਹਰੀ ਕੰਧਾਂ ਅਤੇ ਗੇਟ ’ਤੇ ਲੱਗੇ ਲਾਊਡਸਪੀਕਰਾਂ ਦਾ ਮੂੰਹ ਸੜਕ ਵੱਲੋਂ ਹਟਾ ਕੇ ਮੰਦਿਰ ਕੰਪਲੈਕਸ ਵੱਲ ਕਰ ਦਿੱਤਾ ਗਿਆ।
ਉੱਤਰ ਪ੍ਰਦੇਸ਼ ’ਚ ਹੁਣ ਤੱਕ ਬਿਨਾਂ ਕਿਸੇ ਵਿਤਕਰੇ ਦੇ ਵੱਖ-ਵੱਖ ਧਰਮਾਂ ਦੇ ਪੂਜਾ ਅਸਥਾਨਾਂ ’ਤੇ ਪ੍ਰਸ਼ਾਸਨ ਦੀ ਇਜਾਜ਼ਤ ਲਏ ਬਿਨਾਂ ਲਾਏ ਗਏ ਲਗਭਗ 10,923 ਲਾਊਡਸਪੀਕਰ ਹਟਾ ਦਿੱਤੇ ਗਏ, ਜਦਕਿ 35,221 ਤੋਂ ਵੱਧ ਲਾਊਡਸਪੀਕਰਾਂ ਦੀ ਆਵਾਜ਼ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਘੱਟ ਕਰਵਾ ਦਿੱਤੀ ਗਈ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ’ਚ ਕਈ ਥਾਵਾਂ ’ਤੇ ਅਤੇ ਮਹਾਰਾਸ਼ਟਰ ਦੇ ਪੁਣੇ ’ਚ ਧਾਰਮਿਕ ਭਾਈਚਾਰੇ ਦੀਆਂ ਕੁਝ ਅਨੋਖੀਆਂ ਮਿਸਾਲਾਂ ਵੀ ਸਾਹਮਣੇ ਆਈਆਂ ਹਨ। ਕਈ ਦਹਾਕਿਆਂ ਤੋਂ ਉੱਤਰ ਪ੍ਰਦੇਸ਼ ’ਚ ਝਾਂਸੀ ਦੇ ਨੇੜੇ ਬੜਾ ਪਿੰਡ ਕਸਬੇ ’ਚ ਸਥਿਤ ‘ਰਾਮ ਜਾਨਕੀ ਮੰਦਿਰ’ ’ਚ ਸਵੇਰੇ-ਸ਼ਾਮ ਆਰਤੀ ਦੇ ਸਮੇਂ ਅਤੇ ‘ਜਾਮਾ ਮਸਜਿਦ’ ’ਚ ਪੰਜਾਂ ਨਮਾਜ਼ਾਂ ਦੀ ਅਜ਼ਾਨ ਦੇਣ ਲਈ ਲਾਊਡਸਪੀਕਰ ਵਰਤੋਂ ’ਚ ਲਿਆਂਦੇ ਜਾਂਦੇ ਸਨ।
ਮੰਦਿਰ ਦੇ ਮਹੰਤ ਸ਼ਿਆਮ ਮੋਹਨ ਦਾਸ ਅਤੇ ਮਸਜਿਦ ਦੇ ਇਮਾਮ ਹਾਫਿਜ਼ ਮੁਹੰਮਦ ਤਾਜ ਆਲਮ ਨੇ ਖੁਦ ਪਹਿਲ ਕਰ ਕੇ ਆਪਣੇ-ਆਪਣੇ ਧਰਮ ਅਸਥਾਨਾਂ ਤੋਂ ਲਾਊਡਸਪੀਕਰ ਹਟਾ ਦਿੱਤੇ। ਹੁਣ ਉਨ੍ਹਾਂ ’ਚ ਲਾਊਡਸਪੀਕਰਾਂ ਦੇ ਬਿਨਾਂ ਆਰਤੀ ਤੇ ਨਮਾਜ਼ ਲਈ ਅਜ਼ਾਨ ਵਰਗੀਆਂ ਧਾਰਮਿਕ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਇਲਾਵਾ ਸੂਬੇ ’ਚ ਕਈ ਥਾਵਾਂ ’ਤੇ ਵੀ ਅਜਿਹੀ ਹੀ ਪਹਿਲ ਕੀਤੀ ਗਈ ਹੈ। ਮਥੁਰਾ ’ਚ ਸ਼੍ਰੀ ਕ੍ਰਿਸ਼ਨ ਜਨਮ ਸਥਾਨ ’ਤੇ ਲਾਊਡਸਪੀਕਰ ਦੀ ਆਵਾਜ਼ ਘਟਾਏ ਜਾਣ ਦੇ ਬਾਅਦ ਉਸ ਦੇ ਨੇੜੇ ਹੀ ਸਥਿਤ ਈਦਗਾਹ ’ਚ ਜੁੰਮੇ ਦੀ ਨਮਾਜ਼ ਦੌਰਾਨ ਲਾਊਡਸਪੀਕਰ ਨਹੀਂ ਵੱਜੇ। ਇਸ ਮਾਮਲੇ ’ਚ ਸ਼ਾਹੀ ਈਦਗਾਹ ਮਸਜਿਦ, ਮਥੁਰਾ ਦੀ ਪ੍ਰਬੰਧਨ ਕਮੇਟੀ ਦੇ ਸਕੱਤਰ ਤਨਵੀਰ ਅਹਿਮਦ ਅਨੁਸਾਰ ਮਸਜਿਦ ’ਚ ਲਾਏ ਗਏ 3 ਲਾਊਡਸਪੀਕਰ ਹਟਾ ਦਿੱਤੇ ਗਏ ਜਦਕਿ ਘੱਟ ਆਵਾਜ਼ ’ਚ ਸਿਰਫ ਇਕ ਲਾਊਡਸਪੀਕਰ ਹੀ ਚਾਲੂ ਹੈ ਅਤੇ ਇਸ ਦੀ ਵਰਤੋਂ ’ਚ ਵੀ ਇਹ ਗੱਲ ਯਕੀਨੀ ਬਣਾਈ ਗਈ ਹੈ ਕਿ ਇਸ ਦੀ ਆਵਾਜ਼ ਮਸਜਿਦ ਕੰਪਲੈਕਸ ਤੋਂ ਬਾਹਰ ਨਾ ਜਾਵੇ।
ਹੁਣ ਧਰਮ ਅਸਥਾਨਾਂ ’ਚ ਹੋਣ ਵਾਲੀਆਂ ਧਾਰਮਿਕ ਸਰਗਰਮੀਆਂ ਦੀ ਗੂੰਜ ਵਧੇਰੇ ਥਾਵਾਂ ’ਤੇ ਕੰਪਲੈਕਸ ਤੋਂ ਬਾਹਰ ਨਹੀਂ ਆ ਰਹੀ, ਜਿਸ ਨਾਲ ਆਵਾਜ਼ ਪ੍ਰਦੂਸ਼ਣ ਦਾ ਪੱਧਰ ਵੀ ਕੁਝ ਘੱਟ ਹੋਇਆ ਹੈ। ਮਹਾਰਾਸ਼ਟਰ ਦੇ ਪੁਣੇ ’ਚ 5 ਮਸਜਿਦਾਂ ਦੀ ਪ੍ਰਬੰਧਕ ਕਮੇਟੀ ਅਤੇ ਮੁਸਲਿਮ ਭਾਈਚਾਰੇ ਦੇ ਸੀਨੀਅਰ ਲੋਕਾਂ ਨੇ ਈਦ ਦੇ ਦੌਰਾਨ ਡੀ. ਜੇ. ਨਾ ਵਜਾਉਣ ਅਤੇ ਇਸ ਦੇ ਲਈ ਇਕੱਠੀ ਕੀਤੀ ਗਈ ਰਾਸ਼ੀ ਦੀ ਵਰਤੋਂ ਲੋੜਵੰਦਾਂ ਲਈ ਕਰਨ ਦਾ ਫੈਸਲਾ ਕੀਤਾ ਹੈ। ਕੁਲ ਮਿਲਾ ਕੇ ਜਿੱਥੇ ਧਾਰਮਿਕ ਅਸਥਾਨਾਂ ਤੋਂ ਲਾਊਡਸਪੀਕਰ ਹਟਾਉਣ ਨੂੰ ਲੈ ਕੇ ਕੁਝ ਥਾਵਾਂ ’ਤੇ ਵਿਵਾਦ ਵੀ ਹੋਏ ਪਰ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਸਰਕਾਰ ਸਥਿਤੀ ਨੂੰ ਸੰਭਾਲ ਕੇ ਇਹ ਬੇਹੱਦ ਨਾਜ਼ੁਕ ਮੁਹਿੰਮ ਨੂੰ ਅੰਜਾਮ ਦੇ ਰਹੀ ਹੈ ਉਸ ਨਾਲ ਜਿੱਥੇ ਭਾਈਚਾਰੇ ਨੂੰ ਮਜ਼ਬੂਤੀ ਮਿਲੇਗੀ ਉੱਥੇ ਆਵਾਜ਼ ਪ੍ਰਦੂਸ਼ਣ ’ਚ ਕਮੀ ਆਵੇਗੀ। ਵਰਨਣਯੋਗ ਹੈ ਕਿ ਸਰਵ ਧਰਮ ਸਮਭਾਵ ਦੀ ਰਵਾਇਤ ਦਾ ਭਾਰਤ ’ਚ ਕਾਫੀ ਸਮੇਂ ਤੋਂ ਪਾਲਣ ਹੁੰਦਾ ਆ ਰਿਹਾ ਹੈ ਅਤੇ ਸਾਰੇ ਧਰਮਾਂ ਅਤੇ ਮਾਨਤਾਵਾਂ ਦੇ ਲੋਕ ਇਕ-ਦੂਜੇ ਦੇ ਸਮਾਗਮਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ।
ਉਦਾਹਰਣ ਵਜੋਂ, ਕਰਨਾਟਕ ’ਚ ਬੇਲਰੂ ਸਥਿਤ 900 ਸਾਲ ਪੁਰਾਣੇ ਚੇਨਾਕੇਸ਼ਵ ਮੰਦਿਰ ’ਚ ਸਾਲਾਨਾ ਰੱਥ ਉਤਸਵ ਦੀ ਸ਼ੁਰੂਆਤ ਹੀ ਮੌਲਵੀ ਵੱਲੋਂ ‘ਕੁਰਾਨ’ ਦੇ ਪਾਠ ਨਾਲ ਹੁੰਦੀ ਹੈ। ਮੁਸਲਮਾਨ ਭਰਾ ਇਸ ਮੰਦਿਰ ਨੂੰ ਨਿਯਮਿਤ ਤੌਰ ’ਤੇ ਦਾਨ ਦਿੰਦੇ ਹਨ ਅਤੇ ਮੇਲੇ ਦੇ ਮੌਕੇ ’ਤੇ ਸਟਾਲ ਵੀ ਲਾਉਂਦੇ ਹਨ। ਇਸ ਲਈ ਮੰਦਿਰਾਂ, ਮਸਜਿਦਾਂ ਤੇ ਹੋਰਨਾਂ ਧਾਰਮਿਕ ਅਸਥਾਨਾਂ ਦਾ ਇਸ ਦੇ ਲਈ ਅੱਗੇ ਆਉਣਾ ਸਮਾਜ ਲਈ ਚੰਗਾ ਸੰਦੇਸ਼ ਹੈ ਪਰ ਇਸ ਬਾਰੇ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੀ ਵੀ ਲੋੜ ਹੈ, ਤਾਂ ਕਿ ਨਿਹਿਤ ਸਵਾਰਥੀ ਤੱਤ ਇਸ ਹਾਂਪੱਖੀ ਬਦਲਾਅ ਨੂੰ ਅਸਫਲ ਕਰਨ ਲਈ ਕੋਈ ਸ਼ਰਾਰਤ ਨਾ ਕਰ ਸਕਣ।


Gurdeep Singh

Content Editor

Related News