ਕਸ਼ਮੀਰ ਦੀਆਂ ਚੁਣੌਤੀਆਂ ਤੋਂ ਅੱਗੇ ਦੇਖਣਾ ਪਵੇਗਾ

09/07/2019 2:05:44 AM

ਹਰੀ ਜੈਸਿੰਘ

ਪਾਕਿਸਤਾਨ ਖੁਦ ਆਪਣੇ ਵਲੋਂ ਖੜ੍ਹੇ ਕੀਤੇ ਗਏ ਜੰਗ ਦੇ ਜਨੂੰਨ ਵਿਚ ਬੁਰੀ ਤਰ੍ਹਾਂ ਜਕੜਿਆ ਗਿਆ ਹੈ। ਕਸ਼ਮੀਰ ਵਿਚ ਆਰਟੀਕਲ-370 ਹਟਾਉਣ ਅਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੁਝ ਦਿਨ ਪਹਿਲਾਂ ਭਾਰਤ ਨੂੰ ਸਿੱਧੇ ਤੌਰ ’ਤੇ ਫੌਜੀ ਸੰਘਰਸ਼ ਅਤੇ ਇਥੋਂ ਤਕ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਤਕ ਦੀ ਧਮਕੀ ਦੇ ਦਿੱਤੀ। ਕੀ ਉਨ੍ਹਾਂ ਨੂੰ ਪ੍ਰਮਾਣੂ ਜੰਗ ਦੇ ਨਤੀਜੇ ਦਾ ਪੂਰੀ ਤਰ੍ਹਾਂ ਨਾਲ ਅਹਿਸਾਸ ਹੈ? ਮੈਨੂੰ ਆਸ ਹੈ ਕਿ ਉਨ੍ਹਾਂ ਨੂੰ ਹੈ। ਫਿਰ ਇਹ ਰਾਗ ਕਿਉਂ? ਇਹ ਇਮਰਾਨ ਖਾਨ ਤੋਂ ਲੈ ਕੇ ਇਸਲਾਮਾਬਾਦ ਦੀਆਂ ਬੇਤੁਕੀਆਂ ਗੱਲਾਂ ਦੀ ਖੇਡ ਦਾ ਪਰਦਾਫਾਸ਼ ਕਰਦਾ ਹੈ ਅਤੇ ਹੁਣ ਯੂ-ਟਰਨ ਲੈਂਦੇ ਹੋਏ ਇਸਲਾਮਾਬਾਦ ਨੇ ਕਿਹਾ ਹੈ ਕਿ ਉਸ ਦੀ ਪ੍ਰਮਾਣੂ ਨੀਤੀ ’ਚ ਕੋਈ ਬਦਲਾਅ ਨਹੀਂ ਆਇਆ ਹੈ। ਕੋਈ ਨਹੀਂ ਜਾਣਦਾ ਕਿ ਕਦੋਂ ਤਕ।

ਫਿਰ ਵੀ ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਆਰਟੀਕਲ-370 ਨੂੰ ਖਤਮ ਕਰਨਾ ਇਸਲਾਮਾਬਾਦ ਲਈ ਚਿੰਤਾ ਦਾ ਵਿਸ਼ਾ ਕਿਵੇਂ ਹੋ ਗਿਆ? ਇਹ ਇਕ ਅਸਥਾਈ ਵਿਵਸਥਾ ਸੀ, ਜਦੋਂ ਜਵਾਹਰ ਲਾਲ ਨਹਿਰੂ ਨਵੀਂ ਦਿੱਲੀ ’ਚ ਸੱਤਾ ਵਿਚ ਸਨ। ਇਸ ਲਈ ਇਹ ਭਾਰਤ ਦਾ ਅੰਦਰੂਨੀ ਮਾਮਲਾ ਸੀ ਅਤੇ ਹੈ ਪਰ ਇਸਲਾਮਾਬਾਦ ਦੇ ਨਾਂ ’ਤੇ ਪਾਕਿਸਤਾਨ ਦੇ ਨੇਤਾ ਕਿਸੇ ਵੀ ਕੀਮਤ ’ਤੇ ਇਸ ਸੂਬੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪਾਕਿਸਤਾਨ ਵਲੋਂ ਸ਼ੁਰੂ ਕੀਤੇ ਗਏ ਕਬਾਇਲੀਆਂ ਦੇ ਹਮਲੇ ਇਸ ਦੀ ਵੱਡੀ ਯੋਜਨਾ ਦਾ ਹਿੱਸਾ ਸਨ, ਜੋ ਸਫਲ ਨਹੀਂ ਹੋਏ। ਉਸ ਸਥਿਤੀ ਵਿਚ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਕੋਲ ਭਾਰਤ ਤੋਂ ਫੌਜੀ ਸਹਿਯੋਗ ਲੈਣ ਅਤੇ ਸੂਬੇ ਨੂੰ ‘ਪਾਕਿਸਤਾਨ ਸਪਾਂਸਰਡ ਹਮਲੇ’ ਤੋਂ ਬਚਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ। ਉਦੋਂ ਤੋਂ ਭਾਰਤ ਜੰਮੂ-ਕਸ਼ਮੀਰ ’ਚ ਪਾਕਿਸਤਾਨ ਦੀ ‘ਗੁੱਝੀ ਜੰਗ’ ਵਿਰੁੱਧ ਸਖਤ ਸੰਘਰਸ਼ ਕਰ ਰਿਹਾ ਹੈ।

ਅੱਜ ਅਸੀਂ ਜੋ ਦੇਖ ਰਹੇ ਹਾਂ, ਉਹ ਕਸ਼ਮੀਰ ਨੂੰ ਲੈ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਘੜਿਆਲੀ ਹੰਝੂ ਹਨ। ਉਹ ਜ਼ਰੂਰ ਭੁੱਲ ਗਏ ਹੋਣਗੇ ਕਿ ਭਾਰਤ ਨੇ ਇਕ ਧਰਮ ਸ਼ਾਸਿਤ ਰਾਸ਼ਟਰ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਸ ਨਾਲ ਸਾਡੇ ਲੋਕਾਂ ਦੀ ਪ੍ਰਤਿਭਾ ਅਤੇ ਉਨ੍ਹਾਂ ਦੀਆਂ ਸੱਭਿਅਕ ਕਦਰਾਂ-ਕੀਮਤਾਂ ਨੂੰ ਗੰਭੀਰ ਸੱਟ ਪਹੁੰਚਦੀ। ਸਾਡੇ ਭਾਜਪਾ ਨੇਤਾਵਾਂ ਨੂੰ ਨਿਸ਼ਚੇ ਹੀ ਅਜਿਹੇ ਕਿਸੇ ਰਵੱਈਏ ਦੀਆਂ ਗੰਭੀਰ ਉਲਝਣਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ।

ਸਾਨੂੰ ਹਿੰਦੂ-ਪੱਖੀ ਝੁਕਾਅ ਹੋਣ ਦੇ ਬਾਵਜੂਦ ਇਕ ਧਰਮ ਨਿਰਪੱਖ, ਬਹੁ-ਜਾਤੀ ਅਤੇ ਬਹੁ-ਧਾਰਮਿਕ ਰਾਸ਼ਟਰ ਦੇ ਤੌਰ ’ਤੇ ਆਪਣੀ ਭਰੋਸੇਯੋਗਤਾ ਨੂੰ ਬਣਾਈ ਰੱਖਣਾ ਪਵੇਗਾ ਪਰ ਹਿੰਦੂਵਾਦ ਵਿਸ਼ਵ ਦਾ ਸਭ ਤੋਂ ਮਹਾਨ ਉਦਾਰ ਦਰਸ਼ਨ ਹੈ ਅਤੇ ਕੇਰਲ ਦੇ ਨਵੇਂ ਨਿਯੁਕਤ ਰਾਜਪਾਲ ਦੇ ਸ਼ਬਦਾਂ ਨੂੰ ਯਾਦ ਕਰੀਏ। ਉਹ ਕਹਿੰਦੇ ਹਨ ਕਿ ਅੱਜ ਭਾਰਤ ਵਿਚ ਰਾਮ ਏਕੀਕਰਣ ਦਾ ਸਭ ਤੋਂ ਵੱਡਾ ਕਾਰਕ ਹਨ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਾਨੂੰ ਸਹਿਣਸ਼ੀਲਤਾ ਦੀ ਭਾਵਨਾ ਅਤੇ ਇਕ ਖੁੱਲ੍ਹੇ ਮਨ ਨਾਲ ਆਪਣੀਆਂ ਸੱਭਿਅਕ ਕਦਰਾਂ-ਕੀਮਤਾਂ ਨੂੰ ਜ਼ਰੂਰ ਬਚਾਈ ਰੱਖਣਾ ਹੋਵੇਗਾ। ਇਹ ਸਹਿਣਸ਼ੀਲਤਾ ਹੀ ਹੈ, ਜੋ ਭਿੰਨਤਾ ਪੈਦਾ ਕਰਦੀ ਹੈ। ਭਿੰਨਤਾ ਦੇ ਡਰ ਨੂੰ ਆਪਣੀ ਸਹਿਣਸ਼ੀਲਤਾ ਨੂੰ ਨਸ਼ਟ ਕਰਨ ਅਤੇ ਇਕ ਅਸਹਿਣਸ਼ੀਲ ਸਮਾਜ ਬਣਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਮੈਨੂੰ ਅਫਸੋਸ ਹੈ ਕਿ ਸਾਡੇ ਨੇਤਾ ਇਕ ਕਾਲਪਨਿਕ ਜਗਤ ਵਿਚ ਰਹਿ ਰਹੇ ਹਨ ਅਤੇ ਸੰਸਾਰਕ ਨੇਤਾਵਾਂ ਕੋਲ ਆਪਣੀਆਂ ਸੱਭਿਅਕ ਕਦਰਾਂ-ਕੀਮਤਾਂ ਦਾ ਸਹੀ ਸੰਦਰਭ ’ਚ ਵਰਣਨ ਨਹੀਂ ਕਰ ਸਕੇ।

ਹਜ਼ਾਰਾਂ ਸਾਲਾਂ ਤਕ ਵਾਦੀ ਨੂੰ ਭਗਵਾਨ ਸ਼ਿਵ ਦੀ ਪਤਨੀ ਉਮਾ ਦੇ ਮੂਰਤ ਰੂਪ ਦੇ ਤੌਰ ’ਤੇ ਜਾਣਿਆ ਜਾਂਦਾ ਰਿਹਾ। ਇਸ ਦੇ ਨਾਲ ਹੀ ਸ਼੍ਰੀਨਗਰ ਵੀ ਰਿਗਵੇਦ ਵਿਚ ਵਰਣਿਤ ਵਿਤਾਸਤਰ (ਜਿਸ ਦਾ ਨਾਂ ਹੁਣ ਜੇਹਲਮ ਕਰ ਦਿੱਤਾ ਗਿਆ ਹੈ) ਦੇ ਕੰਢੇ ਵਸਿਆ ਸੀ (ਅਤੇ ਹੈ)। ਭਾਰਤ ਦੇ ਹੋਰਨਾਂ ਹਿੱਸਿਆਂ ਦੇ ਉਲਟ ਕਸ਼ਮੀਰ ਦੇ ਇਤਿਹਾਸ ਦਾ ਇਕ ਨਿਰੰਤਰ ਰਿਕਾਰਡ ਹੈ। ਇਸ ਦਾ ਪਹਿਲਾਂ ਦਾ ਜ਼ਿਆਦਾਤਰ ਹਿੱਸਾ ਪੌਰਾਣਿਕ ਹੈ, ਜਿਸ ਦਾ ਵਰਣਨ ਕਸ਼ਮੀਰ ਦੇ ਮਹਾਨ ਇਤਿਹਾਸਕਾਰ ਕਲਹਣ ਨੇ ਆਪਣੇ ਦਸਤਾਵੇਜ਼ ‘ਰਾਜਤਰੰਗਿਨੀ’ ਵਿਚ ਕੀਤਾ ਹੈ। ਕਲਹਣ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੇ ਖ਼ੁਦ ਇਤਿਹਾਸ ’ਤੇ ਲੱਗਭਗ 11 ਰਚਨਾਵਾਂ ਤੋਂ ਮਦਦ ਲਈ ਸੀ। ਉਹ ਉਪਲੱਬਧ ਨਹੀਂ ਹਨ ਪਰ ਪੰਡਿਤ ਪੋਨਰਾਜਾ ਇਸ ਇਤਿਹਾਸ ਨੂੰ 15ਵੀਂ ਸਦੀ ਤਕ ਲੈ ਗਏ, ਜਦਕਿ ਸ਼੍ਰੀਵਰ ਅਤੇ ਦੀਵਾਨ ਕਿਰਪਾ ਰਾਮ ਇਸ ਨੂੰ 1586 ਤਕ ਅੱਗੇ ਲੈ ਗਏ, ਜਦੋਂ ਵਾਦੀ ’ਤੇ ਮੁਗਲਾਂ ਨੇ ਕਬਜ਼ਾ ਕਰ ਲਿਆ ਸੀ।

ਜਿਥੇ ਸਾਨੂੰ ਅਤੀਤ ਦੇ ਉਤਰਾਅ-ਚੜ੍ਹਾਵਾਂ ਨੂੰ ਵੱਖ ਕਰਦੇ ਹੋਏ ਮੌਜੂਦਾ ਕਸ਼ਮੀਰ ਦੀਆਂ ਸੱਚਾਈਆਂ ਦਾ ਸਾਹਮਣਾ ਕਰਨ ਦੀ ਲੋੜ ਹੈ, ਉਥੇ ਹੀ ਡੂੰਘੀਆਂ ਸਮਾਈਆਂ ਆਪਣੀਆਂ ਸੱਭਿਅਕ ਕਦਰਾਂ-ਕੀਮਤਾਂ ਨੂੰ ਵੀ ਲਗਾਤਾਰ ਮਨ ਵਿਚ ਰੱਖਣਾ ਪਵੇਗਾ। ਇਸਲਾਮ ਦੇ ਆਗਮਨ ਤਕ ਕਸ਼ਮੀਰ ਸੰਸਕ੍ਰਿਤੀ ਦਾ ਇਕ ਵਧਦਾ-ਫੁੱਲਦਾ ਕੇਂਦਰ ਸੀ। ਇਥੋਂ ਤਕ ਕਿ ਅਲਬਰੂਨੀ ਨੇ ਪਾਇਆ ਸੀ ਕਿ ਇਹ ਧਰਤੀ ਮੈਡੀਕਲ, ਪੁਲਾੜ ਵਿਗਿਆਨ ਅਤੇ ਜੋਤਿਸ਼ ਵਿੱਦਿਆ ਵਰਗੇ ਵਿਸ਼ਿਆਂ ’ਚ ‘ਹਿੰਦੂ ਵਿਗਿਆਨ’ ਦਾ ਹਾਈ ਸਕੂਲ ਸੀ।

ਕਸ਼ਮੀਰ ਦੀ ਖੁਸ਼ਹਾਲ ਵਿਰਾਸਤ ਦੀਆਂ ਕੁਝ ਝਲਕੀਆਂ ਦਿਖਾਉਣ ਦੇ ਪਿੱਛੇ ਮੇਰਾ ਉਦੇਸ਼ ਇਹ ਹੈ ਕਿ ਸਾਡੇ ਸਿਆਸਤਦਾਨਾਂ ਨੂੰ ਪਾਕਿਸਤਾਨੀ ਭੰਡੀ-ਪ੍ਰਚਾਰ, ਧਾਰਮਿਕ ਅੱਤਵਾਦ ਅਤੇ ਕੱਟੜਵਾਦ ਦੇ ਗੈਰ-ਲੋੜੀਂਦੇ ਪ੍ਰਭਾਵ ਦੇ ਅਧੀਨ ਵੈਦਿਕ ਸਾਹਿਤ ਅਤੇ ਕਲਾਵਾਂ ਦੇ ਪਹਿਲੂਆਂ ਦੀ ਸਮਝ ਨੂੰ ਨਹੀਂ ਭੁਲਾਉਣਾ ਚਾਹੀਦਾ।

ਇਤਿਹਾਸ ਦੇ ਨਾਲ-ਨਾਲ ਪਾਕਿਸਤਾਨ ਨੇ 70 ਸਾਲਾਂ ਤੋਂ ਕਸ਼ਮੀਰ ’ਤੇ ਆਪਣੀ ਨੀਤੀ ਨੂੰ ਜਾਰੀ ਰੱਖਿਆ ਹੈ। ਇਹ ਭਾਰਤ ਅਤੇ ਇਸ ਦੇ ਲੋਕਾਂ ਨੂੰ ਸਵੀਕਾਰ ਨਹੀਂ ਹੈ। ਇਤਿਹਾਸ ਇਕ ਮਹਾਨ ਅਧਿਆਪਕ ਹੈ। ਜੇਕਰ ਸਹੀ ਸਬਕ ਨਾ ਸਿੱਖਿਆ ਜਾਵੇ ਜਾਂ ਉਸ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਇਹ ਘਟਨਾਚੱਕਰਾਂ ਦੀ ਰਫਤਾਰ ਨੂੰ ਵਧਾ ਦਿੰਦਾ ਹੈ। ਅਸੀਂ ਇਕ ਵਿਆਪਕ ਉਦਾਰ ਦ੍ਰਿਸ਼ਟੀਕੋਣ ਦੇ ਨਾਲ ਇਕ ਜਮਹੂਰੀ ਰਾਸ਼ਟਰ ਹਾਂ। ਸਾਨੂੰ ਲੋਕਤੰਤਰ ਦੇ ਔਜ਼ਾਰਾਂ ਦੀ ਸਮਝਦਾਰੀ ਨਾਲ ਵਰਤੋਂ ਕਰਦੇ ਹੋਏ ਸਾਰੀਆਂ ਸੰਪਰਦਾਵਾਂ ਲਈ ਸਹਿਣਸ਼ੀਲਤਾ, ਸਮਝ ਅਤੇ ਸਨਮਾਨ ਦੇ ਨਾਲ 21ਵੀਂ ਸਦੀ ਦੇ ਭਾਰਤ ਲਈ ਨਵੀਂ ਦਿੱਖ ਬਣਾਉਣੀ ਪਵੇਗੀ। ਨੀਤੀ ਨਿਰਮਾਣ ਦੇ ਮਹੱਤਵਪੂਰਨ ਖੇਤਰਾਂ ਵਿਚ ਦੇਸ਼ ਨੂੰ ਇਸ ਦੀ ਭਿੰਨਤਾ ਭਰੀ ਗੈਰ-ਜਮਹੂਰੀ ਸ਼ਕਤੀ ਦੇ ਨਾਲ ਸਮਝੌਤਾ ਕਰਦੇ ਹੋਏ ਨਹੀਂ ਦੇਖਿਆ ਜਾਣਾ ਚਾਹੀਦਾ।

ਲੋਕਤੰਤਰ ਦੀ ਸ਼ਕਤੀ ਤੋਂ ਇਲਾਵਾ ਅੱਜ ਦੀ ਸੰਸਾਰਕ ਵਿਵਸਥਾ ’ਚ ਇਹ ਯਾਦ ਰੱਖਿਆ ਜਾਣਾ ਮਹੱਤਵਪੂਰਨ ਹੈ ਕਿ ਅਸਲੀ ਤਾਕਤ ਬੰਦੂਕ ਦੀ ਨਲੀ ’ਚੋਂ ਨਹੀਂ ਨਿਕਲਦੀ, ਸਗੋਂ ਆਰਥਿਕ ਮਾਸਪੇਸ਼ੀਆਂ ਦੀ ਤਾਕਤ ’ਚੋਂ ਨਿਕਲਦੀ ਹੈ, ਜਿਨ੍ਹਾਂ ਨੂੰ ਕੋਈ ਰਾਸ਼ਟਰ ਫੜਫੜਾਉਣ ਦੇ ਸਮਰੱਥ ਹੋਵੇ। ਇਸ ਲਈ ਅੱਜ ਲੀਡਰਸ਼ਿਪ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕੰਮ ਆਰਥਿਕ ਚੁਣੌਤੀਆਂ ਨੂੰ ਪਹਿਲੀ ਤਰਜੀਹ ’ਤੇ ਰੱਖਣਾ ਹੈ।

ਦੁੱਖ ਦੀ ਗੱਲ ਇਹ ਹੈ ਕਿ ਮੋਦੀ ਸਰਕਾਰ ਨੇ ਇਸ ਗੰਭੀਰ ਕੰਮ ਨੂੰ ਨਜ਼ਰਅੰਦਾਜ਼ ਕੀਤਾ ਹੈ। ਲੋੜ ਅਰਥ ਵਿਵਸਥਾ ਨੂੰ ਨੌਕਰਸ਼ਾਹੀ ਦੇ ਚੁੰਗਲ ’ਚੋਂ ਆਜ਼ਾਦ ਕਰਵਾਉਣ ਅਤੇ ਬਿਨਾਂ ਕਿਸੇ ਡਰ ਜਾਂ ਸ਼ੱਕ ਦੇ ਅੱਗੇ ਵਧਣ ਲਈ ਨਵੇਂ ਉੱਦਮੀਆਂ ਲਈ ਮੌਕਿਆਂ ਦੀਆਂ ਸਥਿਤੀਆਂ ਤਿਆਰ ਕਰਨ ਦੀ ਹੈ।

ਸਾਡੇ ਸਿਸਟਮ ’ਚ ਬਹੁਤਾਤ ਨਾਲ ਉਪਲੱਬਧ ਸੋਮਿਆਂ ਅਤੇ ਮਨੁੱਖੀ ਕੌਸ਼ਲ ਤੋਂ ਵੱਧ ਤੋਂ ਵੱਧ ਲਾਭ ਹਾਸਿਲ ਕਰਨ ਲਈ ਸਾਨੂੰ ਆਪਣੇ ਦੇਸ਼ ’ਚ ਮੌਕਿਆਂ ਦੀਆਂ ਸ਼੍ਰੇਣੀਆਂ ਅਤੇ ਆਯਾਮਾਂ ਨੂੰ ਵਿਆਪਕ ਬਣਾਉਣਾ ਪਵੇਗਾ। ਕਸ਼ਮੀਰ ਵਿਚ ਭਾਰਤ ਸਾਹਮਣੇ ਚੁਣੌਤੀਆਂ ਅਤੇ ਇਮਰਾਨ ਖਾਨ ਦੇ ਪਾਕਿਸਤਾਨ ਅਤੇ ਇਸ ਦੇ ਜਨਰਲਾਂ ਦੀਆਂ ਬੇਵਕੂਫੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਕੌੜੀ ਸੱਚਾਈ ਨੂੰ ਪ੍ਰਧਾਨ ਮੰਤਰੀ ਮੋਦੀ ਤਕ ਪਹੁੰਚਾਉਣਾ ਪਵੇਗਾ। ਸਾਡੇ ਨੇਤਾਵਾਂ ਨੂੰ ਸਵੀਕਾਰ ਕਰਨਾ ਪਵੇਗਾ ਕਿ ਭਾਰਤ ਹੁਣ ਕੁਝ ਅਜਿਹੀਆਂ ਭੂ-ਰਾਜਨੀਤਕ ਸਥਿਤੀਆਂ ਵਿਚ ਉਲਝ ਗਿਆ ਹੈ, ਜਿਨ੍ਹਾਂ ਨੂੰ ਦੋਸਤਾਨਾ ਨਹੀਂ ਕਿਹਾ ਜਾ ਸਕਦਾ। ਚੀਨ ਦੀ ਤਾਕਤ ਬਹੁਤ ਵਧ ਰਹੀ ਹੈ, ਅਜਿਹੀ ਹਾਲਤ ’ਚ ਪਾਕਿਸਤਾਨ ਦੀ ਕੌਮਪ੍ਰਸਤੀ।

ਅਜਿਹੇ ਹਾਲਾਤ ’ਚ ਇਹ ਯਾਦ ਰੱਖਣ ਦੀ ਲੋੜ ਹੈ ਕਿ ਕੱਲ ਦੇ ਭਾਰਤ ਦੇ ਨਵੀਨੀਕਰਨ ਅਤੇ ਪੁਨਰ ਨਿਰਮਾਣ ਦੀਆਂ ਜੜ੍ਹਾਂ ਇਕਤਰਫਾ ਅਤੇ ਘਿਸੇ-ਪਿਟੇ ਨਾਅਰਿਆਂ ’ਚ ਨਹੀਂ ਹਨ। ਚੰਗਾ ਸਮਾਜ ਵਿਅਕਤੀਆਂ ਦੇ ਉੱਦਮ ਅਤੇ ਯਤਨਾਂ ਦੇ ਨਾਲ-ਨਾਲ ਸੂਬੇ ਦੇ ਸਮਝਦਾਰੀ ਭਰੇ ਅਤੇ ਸੰਵੇਦਨਸ਼ੀਲ ਦਖਲਾਂ ਨਾਲ ਸੰਚਾਲਿਤ ਕੀਤਾ ਜਾ ਸਕਦਾ ਹੈ। ਨਿਸ਼ਚਿਤ ਤੌਰ ’ਤੇ ਭਾਰਤ ਦੇ ਭਵਿੱਖ ਦੀ ਕਲਪਨਾ ਨੂੰ ਰੀਡਿਜ਼ਾਈਨ ਕਰਨ ਲਈ, ਜੰਮੂ-ਕਸ਼ਮੀਰ ਦੀਆਂ ਜ਼ਮੀਨੀ ਹਕੀਕਤਾਂ ਅਤੇ ਮੁੱਖ ਧਾਰਾ ਭਾਰਤ ਦੇ ਨਾਲ ਇਸ ਦੇ ਏਕੀਕਰਨ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਮਜ਼ਬੂਤ ਯਥਾਰਥਵਾਦ ਦੀ ਲੋੜ ਹੈ। ਬਹੁਤ ਕੁਝ ਘਾਟੀ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੇ ਨਾਲ ਸਖਤ ਬਦਲ ਚੁਣਨ ਦੀ ਪ੍ਰਧਾਨ ਮੰਤਰੀ ਮੋਦੀ ਦੀ ਸਿਆਸੀ ਇੱਛਾ-ਸ਼ਕਤੀ ’ਤੇ ਨਿਰਭਰ ਕਰੇਗਾ।

Bharat Thapa

This news is Content Editor Bharat Thapa