ਕਾਸ਼ੀ ਵਿਸ਼ਵਨਾਥ ਧਾਮ: ਸਾਡੀ ਜੀਵੰਤ ਵਿਰਾਸਤ ਨੂੰ ਸਨਮਾਨ

12/23/2021 3:41:33 AM

ਸ਼੍ਰੀ ਅਨੁਰਾਗ ਸਿੰਘ ਠਾਕੁਰ
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 13 ਦਸੰਬਰ ਨੂੰ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕੀਤਾ। ਇਹ ਅਨੋਖਾ ਪ੍ਰੋਜੈਕਟ, ਕਾਸ਼ੀ ਵਰਗੇ ਸੱਭਿਅਤਾ ਦੇ ਪ੍ਰਤੀਕ ਸ਼ਹਿਰ ਅਤੇ ਇਤਿਹਾਸਿਕ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਲਈ ਪੂਰੀ ਤਰ੍ਹਾਂ ਢੁੱਕਵਾਂ ਹੈ। ਕਾਸ਼ੀ ਦੇ ਮਹੱਤਵ ਅਤੇ ਪ੍ਰਾਚੀਨਤਾ ਬਾਰੇ ਮਾਰਕ ਟਵੇਨ ਨੇ ਲਿਖਿਆ ਸੀ, “ਬਨਾਰਸ ਇਤਿਹਾਸ ਤੋਂ ਵੀ ਪੁਰਾਣਾ ਹੈ, ਪਰੰਪਰਾ ਤੋਂ ਵੀ ਪੁਰਾਣਾ ਹੈ, ਪੁਰਾਣਿਕ ਕਥਾਵਾਂ ਤੋਂ ਵੀ ਪੁਰਾਣਾ ਹੈ ਅਤੇ ਇਨ੍ਹਾਂ ਸਭ ਨੂੰ ਮਿਲਾਉਣ ਨਾਲ ਜਿੰਨੀ ਪ੍ਰਾਚੀਨਤਾ ਹੋ ਸਕਦੀ ਹੈ, ਇਹ ਸ਼ਹਿਰ ਉਸ ਤੋਂ ਵੀ ਦੁੱਗਣਾ ਪ੍ਰਾਚੀਨ ਹੈ।”

ਪ੍ਰੋਜੈਕਟ ਦੇ ਉਦਘਾਟਨ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਦੇ ਸਭ ਤੋਂ ਪ੍ਰਾਚੀਨ ਜੀਵਿਤ ਸ਼ਹਿਰਾਂ ’ਚੋਂ ਇਕ ਅਤੇ ਹਿੰਦੂ ਧਰਮ ਅਤੇ ਸਦੀਆਂ ਪੁਰਾਣੀ ਸਾਡੀ ਸੱਭਿਅਤਾ ਦੇ ਕੇਂਦਰ, ਕਾਸ਼ੀ ਜਾਂ ਵਾਰਾਣਸੀ ਨੂੰ ਦੁਨੀਆ ਨੂੰ ਫਿਰ ਤੋਂ ਸਮਰਪਿਤ ਕੀਤਾ। ਪ੍ਰਾਚੀਨਤਾ ਅਤੇ ਲਗਾਤਾਰਤਾ ਦਾ ਅਦਭੁਤ ਮਿਸ਼ਰਣ, ਕਾਸ਼ੀ ਪੂਰੀ ਮਨੁੱਖਤਾ ਦੀ ਵਿਰਾਸਤ ਹੈ ।

ਇਸ ਨੂੰ ਦੁਨੀਆ ਦਾ ਸਭ ਤੋਂ ਪ੍ਰਾਚੀਨ ਅਤੇ ਇਕ ਐਸਾ ਸ਼ਹਿਰ ਮੰਨਿਆ ਜਾਂਦਾ ਹੈ, ਜੋ ਸਦੀਆਂ ਤੋਂ ਲੋਕਾਂ ਦਾ ਨਿਵਾਸ-ਸਥਾਨ ਰਿਹਾ ਹੈ। ਜਿੱਥੇ ਦੁਨੀਆ ਦੇ ਹੋਰ ਪ੍ਰਾਚੀਨ ਸ਼ਹਿਰ ਸਾਮਰਾਜਵਾਦੀ ਅਤੇ ਬਸਤੀਵਾਦੀ ਹਮਲਿਆਂ ’ਚ ਢਹਿ-ਢੇਰੀ ਹੋ ਗਏ, ਉਥੇ ਹੀ ਕਾਸ਼ੀ ਆਪਣੇ ਵਿਸ਼ੇਸ਼ ਉਤਸ਼ਾਹ ਦੇ ਨਾਲ ਗਤੀਮਾਨ ਹੈ। ਇਹ ਸ਼ਹਿਰ ਨੂੰ ਅਸਲ ’ਚ ਮਹੱਤਵਪੂਰਨ ਅਤੇ ਅਦੁੱਤੀ ਬਣਾਉਂਦਾ ਹੈ। ਆਪਣੀ ਲਗਾਤਾਰਤਾ ਦੇ ਰਾਹੀਂ, ਇਹ ਸ਼ਹਿਰ ਜ਼ਾਲਮ ਹਮਲਿਆਂ ਦੇ ਬਾਵਜੂਦ ਆਪਣੀ ਸੱਭਿਆਚਾਰਕ, ਕਲਾਤਮਕ ਅਤੇ ਵਿੱਦਿਅਕ ਪਛਾਣ ਨੂੰ ਬਣਾਈ ਰੱਖਣ ਲਈ ਆਪਣੀ ਦ੍ਰਿੜ੍ਹ ਸਹਿਣਸ਼ੀਲਤਾ ਦਾ ਪਰੀਚੈ ਦਿੰਦਾ ਹੈ।

ਕਾਸ਼ੀ ਵਿਸ਼ਵਨਾਥ ਧਾਮ, ਇਸ ਸ਼ਹਿਰ ’ਤੇ ਹੋਏ ਜ਼ੁਲਮ ਨਾਲ ਭਰੇ ਅਤੀਤ ਤੋਂ ਉੱਪਰ ਉੱਠਣ ਦੀ ਇਕ ਪਵਿੱਤਰ ਪ੍ਰਤਿੱਗਿਆ ਨੂੰ ਦਰਸਾਉਂਦਾ ਹੈ। ਦੂਸਰੇ ਸ਼ਬਦਾਂ ’ਚ, ਇਹ ਇਸ ਭੂਮੀ ਦੀ ਸਦੀਆਂ ਪੁਰਾਣੀ ਅਧਿਆਤਮਿਕ, ਵਿੱਦਿਅਕ ਅਤੇ ਰਚਨਾਤਮਕ ਵਿਰਾਸਤ ਨੂੰ ਮੁੜ ਤੋਂ ਜਿਊਂਦਾ ਕਰਨ ਦੀ ਇਕ ਸਨਿਮਰ ਕੋਸ਼ਿਸ਼ ਹੈ। ਇਸ ਧਾਮ ਦੇ ਰੂਪ ’ਚ ਇਤਿਹਾਸ ਨੇ ਨਵਾਂ ਮੋੜ ਲਿਆ ਹੈ। ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਕ ਹਜ਼ਾਰ ਸਾਲ ਦੇ ਅਨਿਆਂ ਨੂੰ, ਬਿਨਾ ਕਿਸੇ ਤਬਾਹੀ, ਲੁੱਟ-ਖਸੁੱਟ ਜਾਂ ਬਦਲੇ ਦੀ ਭਾਵਨਾ ਦੇ, ਖਤ ਮ ਕਰਦੇ ਹੋਏ ਪਹਿਲਾਂ ਵਰਗੀ ਸਥਿਤੀ ਪ੍ਰਾਪਤ ਕੀਤੀ ਗਈ ਹੈ। ਇਸ ਨੂੰ ਸਿਰਫ ਨਿਰਮਾਣ ਅਤੇ ਸਿਰਜਣਾ ਦੇ ਰਾਹੀਂ ਹਾਸਲ ਕੀਤਾ ਗਿਆ ਹੈ।

ਕਾਸ਼ੀ ਨੂੰ ਯੁੱਗਾਂ ਤੋਂ ਮੁਕਤੀ ਦੀ ਨਗਰੀ ਦੇ ਰੂਪ ’ਚ ਜਾਣਿਆ ਜਾਂਦਾ ਰਿਹਾ ਹੈ। ਹਰ ਥਾਂ ਤੋਂ ਲੋਕ ਮੁਕਤੀ ਦੀ ਖੋਜ ’ਚ ਕਾਸ਼ੀ ਵੱਲ ਖਿੱਚੇ ਚਲੇ ਆਉਂਦੇ ਹਨ। ਹਾਲਾਂਕਿ ਇਹ ਪ੍ਰੋਜੈਕਟ ਖ਼ੁਦ ਕਾਸ਼ੀ ਦੀ ਮੁਕਤੀ ਦਾ ਉਤਸਵ ਮਨਾਉਣ ਦੀ ਇਕ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਇਸ ਦ੍ਰਿਸ਼ਟੀਕੋਣ ਅਤੇ ਯਤਨਾਂ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਸਦੀਆਂ ਪੁਰਾਣੇ ਮਾਣ ਨੂੰ ਮੁੜ ਸਥਾਪਿਤ ਕੀਤਾ ਹੈ।

ਕਾਸ਼ੀ ਵਿਸ਼ਵਨਾਥ ਧਾਮ ਸੰਪੂਰਨ ਮਨੱਖਤਾ ਦੇ ਲਈ ਇਕ ਪ੍ਰੋਜੈਕਟ ਹੈ ਕਿਉਂਕਿ ਇਹ ਸੱਭਿਅਤਾ ਦੀ ਲਗਾਤਾਰਤਾ ਦਾ ਇਕ ਉਤਸਵ ਹੈ। ਇਸ ਦ੍ਰਿਸ਼ਟੀ ਤੋਂ, ਇਹ ਪੂਰੀ ਦੁਨੀਆ ਦੇ ਲਈ ਇਕ ਪ੍ਰੋਜੈਕਟ ਹੈ। ਇਹ ਹਿੰਦੂ ਦਿਵਾਲਿਆ ਭਗਵਾਨ ਬ੍ਰਹਮਾ-ਬ੍ਰਹਿਮੰਡ ਦੇ ਰਚਣਹਾਰ, ਭਗਵਾਨ ਵਿਸ਼ਨੂੰ-ਬ੍ਰਹਿਮੰਡ ਦੇ ਰੱਖਿਅਕ ਅਤੇ ਭਗਵਾਨ ਸ਼ਿਵ-ਬ੍ਰਹਿਮੰਡ ਦੇ ਮੁਕਤੀਦਾਤਾ-ਦੀ ਪਵਿੱਤਰ ਤ੍ਰਿਮੂਰਤੀ ਨੂੰ ਮਾਨਤਾ ਮੁਹੱਈਆ ਕਰਦਾ ਹੈ । ਕਾਸ਼ੀ ਬਹੁਤ ਹੀ ਜ਼ਿਆਦਾ ਸ਼ਰਧਾ ਜਗਾਉਂਦੀ ਹੈ ਕਿਉਂਕਿ ਇਹ ਭਗਵਾਨ ਸ਼ਿਵ ਦੇ ਵੱਖ-ਵੱਖ ਨਿਵਾਸਾਂ ’ਚੋਂ ਇਕ ਹੈ । ਇਹੀ ਕਾਸ਼ੀ ਦਾ ਧਾਰਮਿਕ ਅਤੇ ਅਧਿਆਤਿਮਕ ਮਹੱਤਵ ਹੈ।

ਇਸ ਸਾਲ ਸੰਵਿਧਾਨ ਦਿਨ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਸੀ, “ਭਾਰਤ ਅਤੇ ਦੁਨੀਆ ਦੇ ਕਈ ਦੇਸ਼ਾਂ ਦੇ ਲਈ ਕਈ ਪੀੜ੍ਹੀਆਂ ਤੱਕ ਬਸਤੀਵਾਦ ਦੀਆਂ ਬੇੜੀਆਂ ’ਚ ਰਹਿਣਾ ਇਕ ਮਜਬੂਰੀ ਸੀ। ਭਾਰਤ ਦੀ ਆਜ਼ਾਦੀ ਦੇ ਬਾਅਦ ਤੋਂ, ਪੂਰੀ ਦੁਨੀਆ ’ਚ ਇਕ ਉੱਤਰ - ਬਸਤੀਵਾਦੀ ਕਾਲ ਸ਼ੁਰੂ ਹੋਇਆ ਅਤੇ ਕਈ ਦੇਸ਼ ਆਜ਼ਾਦ ਹੋਏ। ਅੱਜ ਦੁਨੀਆ ’ਚ ਅਜਿਹਾ ਕੋਈ ਦੇਸ਼ ਨਹੀਂ ਹੈ ਜੋ ਕਿਸੇ ਦੂਸਰੇ ਦੇਸ਼ ਦੇ ਉਪਨਿਵੇਸ਼ ਦੇ ਰੂਪ ’ਚ ਮੌਜੂਦ ਹੋਵੇ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਬਸਤੀਵਾਦੀ ਮਾਨਸਿਕਤਾ ਦੀ ਹੋਂਦ ਖਤਮ ਹੋ ਗਈ ਹੈ।”

ਇਸ ਲਈ, ਕਈ ਪੀੜ੍ਹੀਆਂ ਤੱਕ ਬਸਤੀਵਾਦ ਝੱਲਣ ਵਾਲੀ ਮਨੁੱਖਤਾ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਖ਼ੁਦ ਨੂੰ ਉਪਨਿਵੇਸ਼ ਤੋਂ ਮੁਕਤ ਕਰੇ, ਆਜ਼ਾਦ ਹੋਵੇ ਅਤੇ ਫਿਰ ਤੋਂ ਅੱਗੇ ਵਧੇ।

ਕਈ ਹੋਰ ਗੱਲਾਂ ਦੇ ਇਲਾਵਾ ਇਤਿਹਾਸਿਕ ਤੌਰ ’ਤੇ ਲੁੱਟ ਅਤੇ ਵਿਨਾਸ਼ ਬਸਤੀਵਾਦ ਦੇ ਮੁੱਖ ਯੰਤਰ, ਉਦੇਸ਼ ਤੇ ਸਾਧਨ ਰਹੇ ਹਨ। ਸੁਭਾਵਿਕ ਤੌਰ ’ਤੇ, ਧਨ, ਗਿਆਨ ਅਤੇ ਪੁਰਾਤੱਤਵ ਦੇ ਖਜ਼ਾਨੇ ਨਾਲ ਲੈਸ ਸੱਭਿਅਤਾਵਾਂ ਇਸ ਕਿਸਮ ਦੇ ਬਰਬਰ ਜਮ੍ਹਾਖੋਰਾਂ ਦੇ ਲਈ ਪ੍ਰਮੁੱਖ ਆਕਰਸ਼ਣ ਸਨ ।

ਆਓ , ਇਕ ਫਿਰ ਕਾਸ਼ੀ ਵੱਲ ਪਰਤੀਏ। ਇਹ ਪੁਰਾਣਿਕ ਪ੍ਰਾਚੀਨ ਸ਼ਹਿਰ ਲਗਾਤਾਰ ਲੁੱਟ-ਖਸੁੱਟ ਦਾ ਸ਼ਿਕਾਰ ਰਿਹਾ ਹੈ। ਇੱਥੇ ਹੋਈ ਬਰਬਾਦੀ ਅਤੇ ਤਬਾਹੀ, ਇਸ ਗੱਲ ਦੇ ਕਾਫੀ ਸੰਕੇਤ ਦਿੰਦੇ ਹਨ ਕਿ ਇਕ ਸਮਾਂ ਇਹ ਕਿੰਨਾ ਸ਼ਾਨਦਾਰ ਸ਼ਹਿਰ ਰਿਹਾ ਹੋਵੇਗਾ। ਇਹ ਤੱਥ ਦੁਨੀਆ ਭਰ ਦੇ ਮਿਊਜ਼ੀਅਮਾਂ ਅਤੇ ਨਿੱਜੀ ਸੰਗ੍ਰਹਿ ’ਚ ਲਿਖਰੀਆਂ ਪਈਆਂ ਕਾਸ਼ੀ ਦੀਆਂ ਮਾਣਮੱਤੀਆਂ ਪੁਰਾਤਨ ਚੀਜ਼ਾਂ ਦੇ ਨਮੂਨਿਆਂ ਤੋਂ ਵੀ ਪ੍ਰਮਾਣਿਤ ਹੁੰਦਾ ਹੈ।

ਆਮਤੌਰ ’ਤੇ ਕਾਸ਼ੀ ਸ਼ਹਿਰ ਅਤੇ ਵਿਸ਼ੇਸ਼ ਤੌਰ ’ਤੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਅਤੀਤ ’ਚ ਕਈ ਵਾਰ ਢਹਿ-ਢੇਰੀ ਕੀਤਾ ਗਿਆ ਅਤੇ ਇਸ ਦਾ ਮੁੜ-ਨਿਰਮਾਣ ਹੋਇਆ। ਸ਼ੁਰੂ ’ਚ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਤੁਰਕ ਸੁਲਤਾਨ ਕੁਤੁਬ-ਉਦ-ਦੀਨ ਐਬਕ ਨੇ ਨਸ਼ਟ ਕੀਤਾ ਸੀ ਅਤੇ ਫਿ‍ਰ ਬਾਅਦ ’ਚ ਗੁਜਰਾਤ ਦੇ ਇਕ ਵਪਾਰੀ ਨੇ ਇਸ ਦਾ ਮੁੜ-ਨਿਰਮਾਣ ਕੀਤਾ ਸੀ। ਇਸ ਮੰ‍ਦਿ‍ਰ ਦੇ ਢਹਿ-ਢੇਰੀ ਹੋਣ ਅਤੇ ਮੁੜ-ਨਿਰਮਾਣ ਦੀ ਕਹਾਣੀ ਸਾਲ 1780 ਤੱਕ ਜਾਰੀ ਰਹੀ , ਜਦੋਂ ਇਕ ਦੰਦਕਥਾ ਦੇ ਅਨੁਸਾਰ ਭਗਵਾਨ ਸ਼ਿਵ ਮਹਾਨ ਮਰਾਠਾ ਰਾਣੀ ਅਹਿੱਲਿਆਬਾਈ ਹੋਲਕਰ ਦੇ ਸੁਪਨੇ ’ਚ ਆਏ ਅਤੇ ਉਹ ਭਗਵਾਨ ਸ਼ਿਵ ਦੀ ਪਰਮ ਭਗਤ ਬਣ ਗਈ ਅਤੇ ਫਿ‍ਰ ਉਸ ਨੇ ਇਸ ਮੰਦਿਰ ਦਾ ਮੁੜਨਿਰਮਾਣ ਕੀਤਾ। ਇਕ ਹੋਰ ਦੰਦਕਥਾ ਦੇ ਅਨੁਸਾਰ ਇਸ ਸ਼ਹਿਰ ਉੱਤੇ ਕੀਤੇ ਗਏ ਹਮਲੇ ਨੇ ਹੀ ਮਹਾਨ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਤਲਵਾਰ ਚੁੱਕਣ ਲਈ ਪ੍ਰੇਰਿਤ ਕੀਤਾ ਸੀ। ਇਹ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਦੁਆਰਾ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਢਹਿ-ਢੇਰੀ ਹੋਣ ਨੇ ਸ਼ਿਵਾਜੀ ਮਹਾਰਾਜ ਦੀ ਮਾਤਾ ਜੀਜਾਬਾਈ ਨੂੰ ਇੰਨਾ ਕ੍ਰੋਧਿਤ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਮੁਗਲ ਦੇ ਕੰਟਰੋਲ ਵਾਲੇ ਇਕ ਕਿਲੇ ਸਿੰਹਗੜ੍ਹ ਉੱਤੇ ਕਬਜ਼ਾ ਕਰਨ ਦੀ ਚੁਣੌਤੀ ਦੇ ਦਿੱਤੀ। ਇਸ ਦੇ ਬਾਅਦ ਕੀ ਹੋਇਆ ਉਹ ਸਾਰੇ ਜਾਣਦੇ ਹਨ।

ਮੰਦਿਰ ਕੰਪਲੈਕਸ ਦਾ ਮੁੜਨਿਰਮਾਣ ਨਾ ਸਿਰਫ ਬਸਤੀਵਾਦੀ ਪ੍ਰਭਾਵ ਤੋਂ ਬਾਹਰ ਨਿਕਲਣ ਦੀ ਦਿਸ਼ਾ ’ਚ ਇਕ ਹੋਰ ਅਹਿਮ ਕਦਮ ਹੈ ਸਗੋਂ ਇਹ ਜ਼ੁਲਮਪੁਣੇ ਉੱਤੇ ਸੱਭਿਅਤਾ ਦੀ ਪ੍ਰਧਾਨਤਾ , ਗਿਆਨ ਦੇ ਕੇਂਦਰ ਦੀ ਮੁੜ-ਸਥਾਪਨਾ ਅਤੇ ਬੇਰਹਿਮੀ ਦੇ ਸਥਾਨ ਉੱਤੇ ਸ਼ਰਧਾ ਦਾ ਭਾਵ ਜਾਗ੍ਰਿਤ ਹੋਣ ਦਾ ਵੀ ਠੋਸ ਪ੍ਰਤੀਕ ਹੈ। ਇਹ ਪ੍ਰੋਜੈਕਟ ਪੂਰਨ ਤਾਲਮੇਲ ਯਕੀਨੀ ਬਣਾਉਂਦੇ ਹੋਏ ਰਚਨਾਤਮਕ ਦ੍ਰਿਸ਼ਟੀਕੋਣ ਦੇ ਜ਼ਰੀਏ ਇਨ੍ਹਾਂ ਪ੍ਰਸੰਸਾਯੋਗ ਟੀਚਿਆਂ ਨੂੰ ਹਾਸਲ ਕਰਨ ਦਾ ਇਕ ਅਨੋਖਾ ਯਤਨ ਹੈ। ਇਹ ਪੂਰੀ ਮਨੁੱਖਤਾ ਦੇ ਲਈ ਡੂੰਘਾ ਚਿੰਤਨ ਕਰਨ ਅਤੇ ਇਸ ਦੇ ਨਾਲ ਹੀ , ਜੇਕਰ ਸੰਭਵ ਹੋ ਸਕੇ ਤਾਂ ਮੁਲਾਕਣ ਕਰਨ ਦੀ ਵੀ ਇਕ ਉਤਮ ਉਦਾਹਰਣ ਹੈ। ਮੇਰੀ ਦਿਲੀ ਕਾਮਨਾ ਹੈ ਕਿ ਸਾਡੀ ਕਾਸ਼ੀ ਠੀਕ ਇਸੇ ਤਰ੍ਹਾਂ ਅੱਗੇ ਵੀ ਲਗਾਤਾਰ ਫਲਦੀ-ਫੁੱਲਦੀ ਰਹੇ ਅਤੇ ਖੁਸ਼ਹਾਲ ਹੁੰਦੀ ਰਹੇ ਅਤੇ ਇਸ ਦੇ ਨਾਲ ਹੀ ਭਗਵਾਨ ਸ਼ਿਵ ਸਾਨੂੰ ਸਭ ਨੂੰ ਆਪਣੀ ਦਿਵਿਅਤਾ ਅਤੇ ਮਹਿਮਾ ਮੁਹੱਈਆ ਕਰਨ।

( ਲੇਖਕ ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਹਨ )

Bharat Thapa

This news is Content Editor Bharat Thapa