ਕਾਬੁਲ : ਬੈਠੇ ਰਹੋ ਅਤੇ ਦੇਖਦੇ ਰਹੋ

08/27/2021 3:24:54 AM

ਡਾ. ਵੇਦਪ੍ਰਤਾਪ ਵੈਦਿਕ 
ਭਾਰਤ ਸਰਕਾਰ ਦੀ ਅਫਗਾਨ ਨੀਤੀ ’ਤੇ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਵਿਦੇਸ਼ ਨੀਤੀ ਦੇ ਮਾਹਿਰ ਕਾਫੀ ਚਿੰਤਤ ਹਨ। ਉਨ੍ਹਾਂ ਨੂੰ ਖੁਸ਼ੀ ਹੈ ਕਿ ਤਾਲਿਬਾਨ ਭਾਰਤੀਆਂ ਨੂੰ ਬਿਲਕੁਲ ਵੀ ਤੰਗ ਨਹੀਂ ਕਰ ਰਹੇ ਅਤੇ ਭਾਰਤ ਸਰਕਾਰ ਉਨ੍ਹਾਂ ਦੀ ਵਾਪਸੀ ’ਚ ਕਾਫੀ ਚੌਕਸੀ ਦਿਖਾ ਰਹੀ ਹੈ।

ਉਹ ਜੋ ਵੀ ਕਰ ਰਹੀ ਹੈ, ਉਹ ਤਾਂ ਕਿਸੇ ਵੀ ਦੇਸ਼ ਦੀ ਸਰਕਾਰ ਦਾ ਲਾਜ਼ਮੀ ਫਰਜ਼ ਹੈ ਪਰ ਉਸ ਦਾ ਫਰਜ਼ ਇੱਥੇ ਹੀ ਖਤਮ ਨਹੀਂ ਹੋ ਜਾਂਦਾ। ਅਫਗਾਨਿਸਤਾਨ ’ਚ ਭਾਰਤੀ ਰਾਸ਼ਟਰਹਿੱਤਾਂ ਦੀ ਰੱਖਿਆ ਕਰਨੀ ਉਸ ਦਾ ਪਹਿਲਾ ਧਰਮ ਹੈ। ਇਸ ਮਾਮਲੇ ’ਚ ਭਾਰਤ ਸਰਕਾਰ ਲਗਾਤਾਰ ਖੁੰਝਦੀ ਹੋਈ ਦਿਸ ਰਹੀ ਹੈ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਤਾਜ਼ਾ ਬੈਠਕ ’ਚ ਅੱਜ ਜੋ ਸਫਾਈ ਪੇਸ਼ ਕੀਤੀ, ਉਹ ਬਿਲਕੁਲ ਵੀ ਤਸੱਲੀਬਖਸ਼ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਤਾਲਿਬਾਨ ਨੇ ਦੋਹਾ ’ਚ ਜੋ ਸਮਝੌਤਾ ਕੀਤਾ ਸੀ ਉਸ ਦੀ ਪਾਲਣਾ ਨਹੀਂ ਹੋਈ ਅਤੇ ਭਾਰਤ ਸਰਕਾਰ ਨੇ ਅਜੇ ਤੱਕ ‘ਬੈਠੇ ਰਹੋ ਅਤੇ ਦੇਖਦੇ ਰਹੋ’ (ਵੇਟ ਐਂਡ ਵਾਚ) ਦੀ ਨੀਤੀ ਅਪਣਾ ਰੱਖੀ ਹੈ। ਪਤਾ ਨਹੀਂ ਉਸ ਬੈਠਕ ’ਚ ਆਏ ਨੇਤਾਵਾਂ ਨੇ ਜੈਸ਼ੰਕਰ ਦੀ ਇਸ ਮੁੱਦੇ ’ਤੇ ਖਿਚਾਈ ਕੀਤੀ ਜਾਂ ਨਹੀਂ? ਉਨ੍ਹਾਂ ਨੂੰ ਜੈਸ਼ੰਕਰ ਕੋਲੋਂ ਪੁੱਛਣਾ ਚਾਹੀਦਾ ਸੀ ਕਿ ਤਾਲਿਬਾਨ ਅਤੇ ਅਫਗਾਨ ਸਰਕਾਰ ਦਰਮਿਆਨ ਸਮਝੌਤਾ ਕਿਸ ਨੇ ਕਰਵਾਇਆ ਸੀ? ਕੀ ਭਾਰਤ ਸਰਕਾਰ ਨੇ ਕਰਵਾਇਆ ਸੀ? ਉਹ ਸਮਝੌਤਾ ਅਮਰੀਕਾ ਨੇ ਕਰਵਾਇਆ ਸੀ। ਸਮਝੌਤਾ ਲਾਗੂ ਨਾ ਹੋਣ ’ਤੇ ਅਮਰੀਕਾ ਨੇ ਨਾਰਾਜ਼ ਹੋਣਾ ਸੀ ਪਰ ਉਸ ਦੀ ਥਾਂ ’ਤੇ ਤੁਸੀਂ ਨਾਰਾਜ਼ ਹੋ ਰਹੇ ਹੋ? ਇਹ ਨਾਰਾਜ਼ਗੀ ਫਰਜ਼ੀ ਹੈ ਜਾਂ ਨਹੀਂ?

ਅਮਰੀਕਾ ਦਾ ਸਰਵਉੱਚ ਜਾਸੂਸੀ ਅਫਸਰ ਵਿਲੀਅਮ ਬਰਨਸ ਕਾਬੁਲ ਜਾ ਕੇ ਤਾਲਿਬਾਨ ਨੇਤਾਵਾਂ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਤੁਸੀਂ ਇੱਥੇ ਪੂਛ ਦਬਾਈ ਬੈਠੇ ਹੋ। ਤੁਸੀਂ ਤਾਂ ਭੱਜੇ ਹੋਏ ਰਾਸ਼ਟਰਪਤੀ ਅਸ਼ਰਫ ਗਨੀ ਨਾਲੋਂ ਵੀ ਵੱਧ ਡਰਪੋਕ ਨਿਕਲੇ। ਉਸ ਨੂੰ ਤਾਂ ਆਪਣੀ ਜਾਨ ਦੀ ਪਈ ਹੋਈ ਸੀ, ਤੁਹਾਨੂੰ ਤਾਲਿਬਾਨ ਤੋਂ ਕੀ ਖਤਰਾ ਸੀ? ਕੀ ਦੋਹਾ ਸਮਝੌਤੇ ਦੇ ਬਾਅਦ ਤਾਲਿਬਾਨ ਨੇ ਇਕ ਵੀ ਭਾਰਤ ਵਿਰੋਧੀ ਬਿਆਨ ਦਿੱਤਾ ਹੈ? ਕਾਬੁਲ ਦੀ ਆਮ ਜਨਤਾ ਤਾਲਿਬਾਨ ਤੋਂ ਜਿੰਨੀ ਡਰੀ ਹੋਈ ਹੈ, ਉਸ ਨਾਲੋਂ ਵੱਧ ਤੁਸੀਂ ਡਰੇ ਹੋਏ ਹੋ।

ਤੁਸੀਂ ਹਾਮਿਦ ਕਰਜ਼ਈ ਅਤੇ ਡਾ. ਅਬਦੁੱਲਾ ਵਰਗੇ ਭਾਰਤ ਦੇ ਪਰਮ ਮਿੱਤਰਾਂ ਦੀ ਮਦਦ ਕਰਨ ਤੋਂ ਵੀ ਡਰ ਰਹੇ ਹੋ। ਜੇਕਰ ਤੁਹਾਡੀ ਇਹ ਦੱਬੂ ਨੀਤੀ ਕੁਝ ਹਫਤੇ ਹੋਰ ਬਣੀ ਰਹੀ ਤਾਂ ਯਕੀਨਨ ਹੀ ਤਾਲਿਬਾਨ ਨੂੰ ਚੀਨ ਅਤੇ ਪਾਕਿਸਤਾਨ ਦੀ ਗੋਦ ’ਚ ਬੈਠਣ ਲਈ ਤੁਸੀਂ ਮਜਬੂਰ ਕਰ ਦਿਓਗੇ। ਜ਼ਰਾ ਧਿਆਨ ਦਿਓ ਕਿ ਕੱਲ ਲੰਦਨ ’ਚ ਹੋਈ ਜੀ-7 ਦੀ ਬੈਠਕ ਦੇ ਮੁਖੀ ਬ੍ਰਿਟਿਸ਼ ਸੰਸਦ ਮੈਂਬਰ ਟੋਮ ਟਗਨਘਾਟ ਨੇ ਕੀ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੂਹ ’ਚ ਭਾਰਤ ਨੂੰ ਵੀ ਜੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਅਫਗਾਨ ਚੁੱਕ-ਥਲ ਦਾ ਸਭ ਤੋਂ ਵੱਧ ਭੈੜਾ ਅਸਰ ਭਾਰਤ ਵਰਗੇ ਦੇਸ਼ ’ਤੇ ਪਵੇਗਾ।

ਇਹ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਵਿਦੇਸ਼ ਸੇਵਾ ਦਾ ਇਕ ਤਜਰਬੇਕਾਰ ਅਫਸਰ ਸਾਡਾ ਵਿਦੇਸ਼ ਮੰਤਰੀ ਹੈ ਅਤੇ ਸਾਡੇ ਗੁਆਂਢ ’ਚ ਹੋ ਰਹੀ ਇੰਨੀ ਗੰਭੀਰ ਚੁੱਕ-ਥਲ ਦੇ ਅਸੀਂ ਮੂਕਦਰਸ਼ਕ ਬਣੇ ਹੋਏ ਹਾਂ। ਅਫਸੋਸ ਤਾਂ ਸਾਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ’ਤੇ ਵੱਧ ਹੈ, ਜੋ ਆਪਣੇ ਵਿਵੇਕ ਦੀ ਵਰਤੋਂ ਨਹੀਂ ਕਰ ਰਹੇ। ਨੌਕਰਸ਼ਾਹੀ ਦੀ ਨੀਤੀ ਹੈ-ਬੈਠੇ ਰਹੋ ਅਤੇ ਦੇਖਦੇ ਰਹੋ ਪਰ ਨੇਤਾਵਾਂ ਦੀ ਨੀਤੀ ਹੈ ਕਿ ਬੈਠੇ ਰਹੋ ਅਤੇ ਸੌਂਦੇ ਰਹੋ।

Bharat Thapa

This news is Content Editor Bharat Thapa