ਕਾਬੁਲ : ਭਾਰਤ ਕਰੇ ਨਵੀਂ ਪਹਿਲ

08/31/2021 3:46:12 AM

ਡਾ. ਵੇਦਪ੍ਰਤਾਪ ਵੈਦਿਕ
ਕਾਬੁਲ ਦੇ ਹਵਾਈ ਅੱਡੇ ’ਤੇ ਹੋਏ ਹਮਲੇ ਦੇ ਜਵਾਬ ’ਚ ਅਮਰੀਕਾ ਨੇ ਦੋ ਹਮਲੇ ਕੀਤੇ । ਇਕ ਜਲਾਲਾਬਾਦ ’ਚ ਅਤੇ ਦੂਜਾ ਕਾਬੁਲ ’ਚ। ਅਮਰੀਕਾ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ਉਹ ਉਨ੍ਹਾਂ ਕਾਤਲਾਂ ਨੂੰ ਮਾਰੇ ਬਿਨਾਂ ਚੈਨ ਨਹੀਂ ਲੈਣਗੇ। ਅਜੇ ਤਕ ਇਹ ਪਤਾ ਨਹੀਂ ਲੱਗਾ ਕਿ ਜੋ ਡਰੋਨ ਹਮਲੇ ਅਮਰੀਕਾ ਨੇ ਕੀਤੇ ਹਨ, ਉਹ ਇਨ੍ਹਾਂ ’ਤੇ ਕੀਤੇ ਗਏ ਹਨ ਅਤੇ ਉਨ੍ਹਾਂ ’ਚ ਮਰਨ ਵਾਲੇ ਕੌਣ ਹਨ?

ਅਮਰੀਕੀ ਲੋਕਾਂ ਦੇ ਜ਼ਖਮਾਂ ’ਤੇ ਬਾਈਡੇਨ ਪ੍ਰਸ਼ਾਸਨ ਨੇ ਇਹ ਹਮਲੇ ਕਰ ਕੇ ਮਰਹਮ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਈਡੇਨ ਪ੍ਰਸ਼ਾਸਨ ਦੇ ਅਕਸ ਨੂੰ ਇਸ ਘਟਨਾ ਨੇ ਡੂੰਘਾ ਧੱਕਾ ਲਾਇਆ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਵਲੋਂ ਅਫਗਾਨਿਸਤਾਨ ਦੇ ਮਾਮਲੇ ’ਚ ਕੋਈ ਸਰਗਰਮੀ ਨਹੀਂ ਦਿਖਾਈ ਜਾ ਰਹੀ। ਜੋ ਵੀ ਸਰਗਰਮੀਆਂ ਹੋ ਰਹੀਆਂ ਹਨ, ਉਹ ਅਮਰੀਕਾ ਦੇ ਇਸ਼ਾਰਿਆਂ ’ਤੇ ਹੁੰਦੀਆਂ ਲੱਗ ਰਹੀਆਂ ਹਨ।

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮਾਰਫਤ ਭਾਰਤ ਨੇ ਜੋ ਤਾਜ਼ਾ ਬਿਆਨ ਜਾਰੀ ਕੀਤਾ ਹੈ, ਉਹ ਵੀ ਅਮਰੀਕਾ ਦੀ ਹਾਂ ’ਚ ਹਾਂ ਮਿਲਾਉਂਦਾ ਹੈ। ਕਾਬੁਲ ਹਵਾਈ ਅੱਡੇ ’ਤੇ ਹੋਏ ਹਮਲੇ ਸੰਬੰਧੀ ਤਾਲਿਬਾਨ ਨੂੰ ਅਮਰੀਕਾ ਨੇ ਬਿਲਕੁਲ ਨਿਰਦੋਸ਼ ਦੱਸਿਆ। ਭਾਰਤ ਨੇ ਸੁਰੱਖਿਆ ਕੌਂਸਲ ਦੇ ਮੁਖੀ ਹੋਣ ਦੇ ਨਾਤੇ ਜੋ ਬਿਆਨ ਜਾਰੀ ਕੀਤਾ ਹੈ, ਉਸ ’ਚ ਅੱਤਵਾਦ ਦਾ ਵਿਰੋਧ ਤਾਂ ਕੀਤਾ ਗਿਆ ਹੈ ਪਰ ਉਸ ਵਿਰੋਧ ’ਚ ਤਾਲਿਬਾਨ ਸ਼ਬਦ ਦੀ ਕਿਤੇ ਵੀ ਵਰਤੋਂ ਨਹੀਂ ਕੀਤੀ ਗਈ।

15 ਅਗਸਤ ਤੋਂ ਬਾਅਦ ਜਿਹੜਾ ਪਹਿਲਾ ਬਿਆਨ ਜਾਰੀ ਕੀਤਾ ਗਿਆ ਸੀ, ਉਸ ’ਚ ਤਾਲਿਬਾਨ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਭਾਵ ਇਹ ਹੈ ਕਿ ਭਾਰਤ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਅਫਗਾਨਿਸਤਾਨ ’ਚ ਵਾਪਰਨ ਵਾਲੀਆਂ ਸਭ ਘਟਨਾਵਾਂ ਦਾ ਉਸ ’ਤੇ ਸਿੱਧਾ ਅਸਰ ਪੈਂਦਾ ਹੈ। ਫਿਰ ਵੀ ਅਫਗਾਨਿਸਤਾਨ ਸੰਬੰਧੀ ਭਾਰਤ ਦੀ ਆਪਣੀ ਕੋਈ ਵੀ ਮੌਲਿਕ ਨੀਤੀ ਨਹੀਂ ਹੈ। ਹੋ ਸਕਦਾ ਹੈ ਕਿ ਸਾਡੀ ਸਰਕਾਰ ਕੋਲ ਅਜਿਹੀ ਕੋਈ ਅਤਿਅੰਤ ਖੁਫੀਆ ਅਤੇ ਨਾਜ਼ੁਕ ਜਾਣਕਾਰੀ ਹੋਵੇ ਜਿਸ ਕਾਰਨ ਉਹ ਤਾਲਿਬਾਨ ਨਾਲ ਸਿੱਧੀ ਗੱਲਬਾਤ ਕਰਨ ਤੋਂ ਬਚ ਰਹੀ ਹੋਵੇ।

ਅਜਿਹੀ ਸਥਿਤੀ ’ਚ ਸਰਕਾਰ ਚਾਹੇ ਤਾਂ ਆਪਣੇ ਪੁਰਾਣੇ ਵਿਦੇਸ਼ ਮੰਤਰੀਆਂ, ਕਾਬੁਲ ’ਚ ਰਹਿ ਰਹੇ ਪੁਰਾਣੇ ਰਾਜਦੂਤਾਂ ਅਤੇ ਤਜਰਬੇਕਾਰ ਮਾਹਿਰਾਂ ਨੂੰ ਪ੍ਰੇਰਿਤ ਕਰ ਸਕਦੀ ਹੈ ਕਿ ਉਹ ਪਹਿਲ ਕਰਨ। ਉਹ ਕਾਬੁਲ ’ਚ ਇਕ ਸਭ ਨੂੰ ਪ੍ਰਵਾਨਿਤ ਸਰਕਾਰ ਬਣਵਾਉਣ ਅਤੇ ਉਸ ਨੂੰ ਭਰਪੂਰ ਵਿੱਤੀ ਮਦਦ ਦੇਣ ਅਤੇ ਦਿਵਾਉਣ ਦਾ ਵਾਅਦਾ ਵੀ ਕਰਨ। ਜੇ ਉਕਤ ਵਿਅਕਤੀ ਕਾਬੁਲ ਜਾਣ ’ਚ ਖਤਰਾ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਪੇਸ਼ਾਵਰ ਭੇਜਿਆ ਜਾਵੇ। ਕਾਬੁਲ ਦੇ ਲੋਕ ਆਸਾਨੀ ਨਾਲ ਪੇਸ਼ਾਵਰ ਆ ਸਕਦੇ ਹਨ।

ਪਾਕਿਸਤਾਨ ਦੀ ਸਰਕਾਰ ਇਸ ਅਨੋਖੀ ਭਾਰਤੀ ਪਹਿਲ ਨੂੰ ਪਹਿਲਾਂ ਮਾੜੀ ਨਜ਼ਰ ਨਾਲ ਦੇਖੇਗੀ ਪਰ ਅਸੀਂ ਉਨ੍ਹਾਂ ਨੂੰ ਸਮਝਾ ਸਕਦੇ ਹਾਂ ਕਿ ਇਹ ਪਹਿਲ ਜੇ ਸਫਲ ਹੋ ਗਈ ਤਾਂ ਭਾਰਤ ਨਾਲੋਂ ਵੱਧ ਲਾਭ ਪਾਕਿਸਤਾਨ ਨੂੰ ਹੋਵੇਗਾ। ਇਹ ਕਿੰਨੀ ਖੁਸ਼ੀ ਵਾਲੀ ਗੱਲ ਹੈ ਕਿ ਤਾਲਿਬਾਨ ਦੇ ਸੀਨੀਅਰ ਨੇਤਾ ਸ਼ੇਰ ਮੁਹੰਮਦ ਅੱਬਾਸ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਹੈ ਕਿ ਤਾਲਿਬਾਨ ਸਰਕਾਰ ਭਾਰਤ ਨਾਲ ਆਪਣੇ ਸੱਭਿਆਚਾਰਕ, ਆਰਥਿਕ ਅਤੇ ਵਪਾਰਕ ਸੰਬੰਧਾਂ ਨੂੰ ਜਿਉਂ ਦੀ ਤਿਉਂ ਵਧਾਉਣਾ ਚਾਹੁੰਦੀ ਹੈ। ਉਨ੍ਹਾਂ ਭਾਰਤ ਵਲੋਂ ਈਰਾਨ ’ਚ ਬਣਾਈ ਜਾ ਰਹੀ ਚਾਬਹਾਰ ਬੰਦਰਗਾਹ ਅਤੇ ਤਾਪੀ ਗੈਸ ਪਾਈਪ ਲਾਈਨ ਸੰਬੰਧੀ ਵੀ ਸਹਿਮਤੀ ਪ੍ਰਗਟਾਈ ਹੈ। ਇਹ ਪਾਈਪ ਲਾਈਨ ਤੁਰਕਮੇਨਿਸਤਾਨ ਤੋਂ ਸ਼ੁਰੂ ਹੋ ਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਹੁੰਦੀ ਹੋਈ ਭਾਰਤ ਲਿਆਂਦੀ ਜਾਣ ਵਾਲੀ ਹੈ। ਸੰਖੇਪ ’ਚ ਕਹੀਏ ਤਾਂ ਇਹ ਮੌਕਾ ਅਜਿਹਾ ਹੈ ਜਿਸ ਦਾ ਲਾਭ ਉਠਾ ਕੇ ਭਾਰਤ ਚਾਹੇ ਤਾਂ ਪਾਕਿਸਤਾਨ ਨਾਲ ਸੰਬੰਧਾਂ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ।

Bharat Thapa

This news is Content Editor Bharat Thapa