ਜਿਤਿਨ : ਭਾਜਪਾ ਬਣ ਰਹੀ ਕਾਂਗਰਸ

06/11/2021 3:36:34 AM

ਡਾ. ਵੇਦਪ੍ਰਤਾਪ ਵੈਦਿਕ 
ਪ੍ਰਸਿੱਧ ਕਾਂਗਰਸੀ ਨੇਤਾ ਜਿਤੇਂਦਰ ਪ੍ਰਸਾਦ ਦੇ ਲੜਕੇ ਅਤੇ ਸਾਬਕਾ ਮੰਤਰੀ ਜਿਤਿਨ ਪ੍ਰਸਾਦ ਦੇ ਭਾਜਪਾ ’ਚ ਦਾਖਲੇ ਨੇ ਹਲਚਲ ਜਿਹੀ ਮਚਾ ਦਿੱਤੀ। ਸਾਨੂੰ ਇਸ ਘਟਨਾ ਨੂੰ ਪਹਿਲਾਂ ਦੋ ਨਜ਼ਰੀਏ ਨਾਲ ਦੇਖਣਾ ਹੋਵੇਗਾ। ਇਕ ਤਾਂ ਇਹ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਨੂੰ ਇਸ ਨਾਲ ਕੀ ਫਾਇਦਾ ਹੋਵੇਗਾ ਅਤੇ ਦੂਸਰਾ ਉੱਤਰ ਪ੍ਰਦੇਸ਼ ਦੀ ਕਾਂਗਰਸ ਨੂੰ ਇਸ ਨਾਲ ਕੀ ਨੁਕਸਾਨ ਹੋਵੇਗਾ? ਇਕ ਤੀਸਰਾ ਨਜ਼ਰੀਆ ਵੀ ਹੈ।

ਉਹ ਇਹ ਕਿ ਭਾਜਪਾ ਅਤੇ ਕਾਂਗਰਸ, ਇਨ੍ਹਾਂ ਦੋਵਾਂ ਪਾਰਟੀਆਂ ਦੇ ਭਵਿੱਖ ’ਤੇ ਇਸ ਘਟਨਾ ਦਾ ਕੁੱਲ ਮਿਲਾ ਕੇ ਕੀ ਅਸਰ ਪਵੇਗਾ? ਇਹ ਠੀਕ ਹੈ ਕਿ ਜਿਤਿਨ ਆਪਣੀ ਪਾਰਟੀ ਕਾਂਗਰਸ ’ਚ ਮਾਂ-ਪੁੱਤ ਅਤੇ ਭਰਾ-ਭੈਣ ਦੇ ਨੇੜੇ ਸਨ ਅਤੇ ਉਨ੍ਹਾਂ ਨੂੰ ਪੱ. ਬੰਗਾਲ ਦਾ ਚੋਣ ਇੰਚਾਰਜ ਵੀ ਬਣਾਇਆ ਗਿਆ ਸੀ, ਫਿਰ ਵੀ ਉਨ੍ਹਾਂ ਨੇ ਕਾਂਗਰਸ ਕਿਉਂ ਛੱਡੀ? ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ’ਚ ਰਹਿ ਕੇ ਜਨਤਾ ਦੀ ਸੇਵਾ ਨਹੀਂ ਕਰ ਪਾ ਰਹੇ ਸਨ। ਜਿਤਿਨ ਦੇ ਕਹਿਣ ਦਾ ਭਾਵ ਇਹ ਹੈ ਕਿ ਸਿਆਸਤ ’ਚ ਲੋਕ ਜਨਤਾ ਦੀ ਸੇਵਾ ਲਈ ਜਾਂਦੇ ਹਨ। ਇਸ ’ਤੇ ਕਾਂਗਰਸੀ ਅਤੇ ਭਾਜਪਾਈ ਦੋਵੇਂ ਹੱਸ ਦੇਣਗੇ।

ਪੈਸਾ, ਦਾਦਾਗਿਰੀ ਅਤੇ ਹੰਕਾਰ-ਤ੍ਰਿਪਤੀ ਇਹ ਤਿੰਨ ਪ੍ਰਮੁੱਖ ਲੱਛਣ ਹਨ, ਜਿਨ੍ਹਾਂ ਲਈ ਲੋਕ ਸਿਆਸਤ ’ਚ ਗੋਤਾ ਲਾਉਂਦੇ ਹਨ। ਕਾਂਗਰਸ ਅੱਜਕਲ ਝੁਲਸਦਾ ਹੋਇਆ ਰੁੱਖ ਬਣ ਗਈ ਹੈ। ਉਸ ’ਚ ਰਹਿ ਕੇ ਇਹ ਤਿੰਨੇ ਟੀਚੇ ਹਾਸਲ ਕਰਨੇ ਔਖੇ ਹਨ। ਹਾਂ, ਤੁਹਾਡੀ ਕਿਸਮਤ ਤੇਜ਼ ਹੋਵੇ ਅਤੇ ਤੁਸੀਂ ਅਸ਼ੋਕ ਗਹਿਲੋਤ ਜਾਂ ਭੂਪੇਸ਼ ਬਘੇਲ ਹੋ ਤਾਂ ਕਯਾ ਬਾਤ ਹੈ? ਅਤੇ ਫਿਰ ਜਿਤਿਨ ਪਿਛਲੀਆਂ ਦੋ ਚੋਣਾਂ ਹਾਰ ਚੁੱਕੇ ਹਨ ਅਤੇ ਬੰਗਾਲ ’ਚ ਕਾਂਗਰਸ ਦੀ ਜ਼ੀਰੋ ਪ੍ਰਾਪਤੀ ਵੀ ਉਨ੍ਹਾਂ ਦੇ ਮੱਥੇ ’ਤੇ ਚਿਪਕਾ ਦਿੱਤੀ ਗਈ। ਜਿਤਿਨ ਉਨ੍ਹਾਂ 23 ਕਾਂਗਰਸੀ ਨੇਤਾਵਾਂ ’ਚ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕਾਂਗਰਸ ਦੀ ਦੁਰਦਸ਼ਾ ਸੁਧਾਰਨ ਲਈ ਸੋਨੀਆ ਜੀ ਨੂੰ ਚਿੱਠੀ ਲਿਖੀ ਸੀ।

ਜਿਤਿਨ ਦੇ ਪਿਤਾ ਜਿਤੇਂਦਰ ਪ੍ਰਸਾਦ ਮਾਂ-ਪੁੱਤ ਲੀਡਰਸ਼ਿਪ ਨਾਲ ਇੰਨੇ ਖਫਾ ਹੋ ਗਏ ਸਨ ਕਿ ਉਨ੍ਹਾਂ ਨੇ ਸੋਨੀਆ ਗਾਂਧੀ ਵਿਰੁੱਧ ਪ੍ਰਧਾਨ ਦੇ ਅਹੁਦੇ ਦੀ ਚੋਣ ਵੀ ਲੜੀ ਸੀ। ਚੋਣ ਵਾਲੇ ਦਿਨ ਉਹ ਇੰਡੀਆ ਇੰਟਰਨੈਸ਼ਨਲ ਸੈਂਟਰ ’ਚ ਮੇਰੇ ਨਾਲ ਲੰਚ ਕਰ ਰਹੇ ਸਨ। ਉਹ ਕਾਂਗਰਸ ਦੇ ਭਵਿੱਖ ਬਾਰੇ ਬੜੇ ਚਿੰਤਿਤ ਸਨ ਪਰ ਉਨ੍ਹਾਂ ਨੇ ਸੋਨੀਆ ਜੀ ਵਿਰੁੱਧ ਮੈਨੂੰ ਇਕ ਸ਼ਬਦ ਵੀ ਨਹੀਂ ਕਿਹਾ।

ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਬਾਅਦ ’ਚ ਆਪਣਾ ਉਪ ਪ੍ਰਧਾਨ ਵੀ ਬਣਾ ਲਿਆ ਸੀ ਪਰ ਬਗਾਵਤ ਦੀ ਇਹ ਚੰਗਿਆੜੀ ਉਨ੍ਹਾਂ ਦੇ ਪੁੱਤਰ ਦੇ ਦਿਲ ’ਚ ਵੀ ਸੁਲਗ ਰਹੀ ਸੀ। ਖੈਰ, ਉਹ ਉੱਤਰ ਪ੍ਰਦੇਸ਼ ਦੀ ਸਿਆਸਤ ’ਚ ਭਾਜਪਾ ਦਾ ਬ੍ਰਾਹਮਣ ਚਿਹਰਾ ਬਣਨ ਦੀ ਕੋਸ਼ਿਸ਼ ਕਰਨਗੇ। ਉਂਝ ਰੀਤਾ ਬਹੁਗੁਣਾ, ਬ੍ਰਿਜੇਸ਼ ਪਾਠਕ ਅਤੇ ਦਿਨੇਸ਼ ਸ਼ਰਮਾ ਆਦਿ ਬ੍ਰਾਹਮਣ-ਚਿਹਰੇ ਭਾਜਪਾ ਕੋਲ ਪਹਿਲਾਂ ਤੋਂ ਹੀ ਹਨ।

ਯੋਗੀ ਆਦਿੱਤਿਆਨਾਥ ਨੂੰ ਰਾਜਪੂਤੀ ਚਿਹਰਾ ਮੰਨਿਆ ਜਾ ਰਿਹਾ ਹੈ। ਉ. ਪ. ਦੀਆਂ 13 ਫੀਸਦੀ ਬ੍ਰਾਹਮਣ ਵੋਟਾਂ ਨੂੰ ਖਿੱਚਣ ’ਚ ਜਿਤਿਨ ਦੀ ਭੂਮਿਕਾ ਕਿਹੋ ਜਿਹੀ ਰਹੇਗੀ, ਇਹ ਦੇਖਣਾ ਹੈ। ਜੇਕਰ ਯੋਗੀ ਅਤੇ ਜਿਤਿਨ ’ਚ ਖੜਕ ਗਈ ਤਾਂ ਕੀ ਹੋਵੇਗਾ? ਜਿਤਿਨ ਦੇ ਭਾਜਪਾ ’ਚ ਦਾਖਲੇ ਦੇ ਮੌਕੇ ’ਤੇ ਯੋਗੀ ਵੀ ਨਾਲ ਖੜ੍ਹੇ ਹੁੰਦੇ ਤਾਂ ਬਿਹਤਰ ਹੁੰਦਾ।

ਜਯੋਤਿਰਾਦਿੱਤਿਆ ਸਿੰਧੀਆ ਅਤੇ ਜਿਤਿਨ ਪ੍ਰਸਾਦ ਦੇ ਬਾਅਦ ਹੁਣ ਸਚਿਨ ਪਾਇਲਟ ਅਤੇ ਮਿਲਿੰਦ ਦੇਵੜਾ ਵੀ ਰੱਸਾ ਤੋੜ ਕੇ ਉਸ ਪਾਰ ਛਾਲ ਮਾਰ ਜਾਣ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਕਾਂਗਰਸ ਦੀ ਹਾਲਤ ਸੁਧਰਨ ਦੇ ਕੋਈ ਆਸਾਰ ਦਿਖਾਈ ਨਹੀਂ ਦੇ ਰਹੇ। ਹੁਣ ਤਾਂ ਭਾਜਪਾ ਹੀ ਕਾਂਗਰਸ ਬਣਦੀ ਜਾ ਰਹੀ ਹੈ। ਇਸ ’ਚ ਜੋ ਵੀ ਚਲਾ ਜਾਵੇ, ਉਸ ਦਾ ਸਵਾਗਤ ਹੈ।

Bharat Thapa

This news is Content Editor Bharat Thapa