ਪੁਲਸ ਮੁਲਾਜ਼ਮਾਂ ਨੂੰ ਤਣਾਅ ਮੁਕਤ ਰੱਖ ਕੇ ਉਨ੍ਹਾਂ ਦਾ ਮਨੋਬਲ ਬਣਾਈ ਰੱਖਣਾ ਜ਼ਰੂਰੀ

07/20/2021 3:28:40 AM

ਰਾਜਿੰਦਰ ਮੋਹਨ ਸ਼ਰਮਾ ਡੀ.ਆਈ.ਜੀ. (ਰਿਟਾਇਰਡ)

ਅੱਜ ਭਾਰਤ ਦੀ ਪੁਲਸ ਜਿਨ੍ਹਾਂ ਹਾਲਾਤ ਅਤੇ ਮਾਹੌਲ ’ਚ ਕੰਮ ਕਰ ਰਹੀ ਹੈ, ਉਹ ਤਣਾਅਪੂਰਨ ਅਤੇ ਅਸੰਤੋਸ਼ਜਨਕ ਹਨ। ਪੁਲਸ ਮੁਲਾਜ਼ਮਾਂ ਦੇ ਨਾਲ-ਨਾਲ ਪੁਲਸ ਅਧਿਕਾਰੀ ਵੀ ਤਣਾਅ ’ਚ ਰਹਿੰਦੇ ਹਨ। ਸਿੱਟੇ ਵਜੋਂ ਉਨ੍ਹਾਂ ਦਾ ਆਪਸੀ ਤਾਲਮੇਲ ਅਤੇ ਗੱਲਬਾਤ ਵੀ ਸੰਤੁਲਿਤ ਢੰਗ ਨਾਲ ਨਹੀਂ ਰਹਿ ਸਕਦੀ। ਇਸ ਕਾਰਨ ਅਨੁਸ਼ਾਸਨਹੀਣਤਾ ਦੀਆਂ ਘਟਨਾਵਾਂ ਆਮ ਤੌਰ ’ਤੇ ਵਾਪਰਦੀਆਂ ਰਹਿੰਦੀਆਂ ਹਨ। ਪੁਲਸ ਕੰਮਾਂ ’ਚ ਬੇਹਿਸਾਬਾ ਵਾਧਾ, ਅਪਰਾਧਾਂ ਅਤੇ ਸਮਾਜਿਕ ਬੁਰਾਈਆਂ ’ਚ ਵਾਧਾ, ਸਿਆਸੀ ਦਖਲਅੰਦਾਜ਼ੀ ਆਦਿ ਪੁਲਸ ਦੇ ਮਨੋਬਲ ਨੂੰ ਡੇਗਣ ਲਈ ਬਹੁਤ ਹੱਦ ਤਕ ਜਵਾਬਦੇਹ ਹਨ। ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਲੋਕਾਂ, ਪ੍ਰੈੱਸ, ਅਦਾਲਤਾਂ ਪ੍ਰਤੀ ਜਵਾਬਦੇਹ ਅਤੇ ਹਰ ਪਾਸਿਓਂ ਆਲੋਚਨਾ ਦਾ ਸ਼ਿਕਾਰ ਹੋਣਾ ਹੀ ਪੈਂਦਾ ਹੈ। ਵਿਭਾਗੀ ਸਹੂਲਤਾਂ ਦਾ ਢੁੱਕਵੀਂ ਮਾਤਰਾ ’ਚ ਨਾ ਹੋਣਾ, ਲਗਾਤਾਰ ਡਿਊਟੀ ’ਤੇ ਰਹਿਣਾ, ਲੋੜ ਅਨੁਸਾਰ ਛੁੱਟੀ ਨਾ ਮਿਲਣੀ, ਰਿਹਾਇਸ਼ ਆਦਿ ਦਾ ਢੁੱਕਵਾਂ ਪ੍ਰਬੰਧ ਨਾ ਹੋਣਾ ਆਦਿ ਕੁਝ ਅਜਿਹੀਆਂ ਮੂਲ ਸਮੱਸਿਆਵਾਂ ਹਨ, ਜਿਨ੍ਹਾਂ ਕਾਰਨ ਪੁਲਸ ਮੁਲਾਜ਼ਮ ਤਣਾਅ ਭਰੀ ਜ਼ਿੰਦਗੀ ਬਤੀਤ ਕਰਦੇ ਹਨ।

ਇਸ ਤੋਂ ਇਲਾਵਾ ਹੇਠਲੇ ਪੱਧਰ ਦੇ ਪੁਲਸ ਮੁਲਾਜ਼ਮਾਂ ਨੂੰ ਆਪਣੇ ਉੱਚ ਅਧਿਕਾਰੀਆਂ ਵਲੋਂ ਵੀ ਕਈ ਤਰ੍ਹਾਂ ਦਾ ਤਣਾਅ ਮਿਲਦਾ ਰਹਿੰਦਾ ਹੈ। ਉਸ ਦਾ ਵੇਰਵਾ ਇਸ ਤਰ੍ਹਾਂ ਹੈ :

1. ਜਦੋਂ ਕੋਈ ਗੰਭੀਰ ਅਪਰਾਧ ਜਿਵੇਂ ਜਬਰ-ਜ਼ਨਾਹ ਜਾਂ ਫਿਰ ਕਤਲ ਵਰਗੀ ਘਟਨਾ ਵਾਪਰ ਜਾਂਦੀ ਹੈ ਤਾਂ ਅਧਿਕਾਰੀਆਂ ’ਤੇ ਚਾਰੇ ਪਾਸਿਓਂ ਦਬਾਅ ਪੈਂਦਾ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਫੜਿਆ ਜਾਵੇ ਅਤੇ ਅਧਿਕਾਰੀ ਇਸ ਦਬਾਅ ਅਤੇ ਤਣਾਅ ਨੂੰ ਆਪਣੇ ਤੋਂ ਹੇਠਲੇ ਮੁਲਾਜ਼ਮਾਂ ਵੱਲ ਤਬਦੀਲ ਕਰ ਦਿੰਦੇ ਹਨ। ਇਸ ਦੌੜ-ਭੱਜ ’ਚ ਕਈ ਵਾਰ ਤਾਂ ਦੋਸ਼ ਰਹਿਤ ਵਿਅਕਤੀ ਨੂੰ ਵੀ ਪੁਲਸ ਦੀ ਵਧੀਕੀ ਸਹਿਣੀ ਪੈ ਜਾਂਦੀ ਹੈ। ਹਿਮਚਾਲ ਪ੍ਰਦੇਸ਼ ’ਚ 3-4 ਸਾਲ ਪਹਿਲਾਂ ਹੋਇਆ ਗੁੜੀਆ ਹੱਤਿਆਕਾਂਡ ਇਸ ਦੀ ਜਿਊਂਦੀ-ਜਾਗਦੀ ਉਦਾਹਰਣ ਹੈ। ਮੁਲਜ਼ਮਾਂ ਨੂੰ ਤੁਰੰਤ ਫੜਣ ਦੀ ਦੌੜ ’ਚ ਨਿਰਦੋਸ਼ ਵਿਅਕਤੀਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ। ਸਿੱਟੇ ਵਜੋਂ ਕਈ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਜੇਲ ’ਚ ਰਹਿਣਾ ਪਿਆ।

2. ਪੁਲਸ ਅਧਿਕਾਰੀਆਂ ਦੇ ਉਲਟ-ਪੁਲਟ ਹੁਕਮ ਵੀ ਪੁਲਸ ਮੁਲਾਜ਼ਮਾਂ ਨੂੰ ਮੁਸ਼ਕਲ ਭਰੀ ਸਥਿਤੀ ’ਚ ਪਾ ਦਿੰਦੇ ਹਨ। ਉਦਾਹਰਣ ਵਜੋਂ ਅਧਿਕਾਰੀਆਂ ਦੇ ਹੁਕਮ ਹੁੰਦੇ ਹਨ ਕਿ ਖਨਨ, ਆਬਕਾਰੀ ਅਤੇ ਜੰਗਲਾਤ ਮਾਫੀਆ ’ਤੇ ਸ਼ਿਕੰਜਾ ਕੱਸਿਆ ਜਾਵੇ । ਜਦੋਂ ਪੁਲਸ ਮੁਲਾਜ਼ਮ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਪਰਾਧੀਆਂ ਦੀ ਫੜੋ-ਫੜੀ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਆਕਾਵਾਂ ਦੇ ਲੋਕਾਂ ਨੂੰ ਛੱਡ ਦੇਣ ਦੇ ਹੁਕਮ ਦਿੱਤੇ ਜਾਂਦੇ ਹਨ। ਜੇ ਕੋਈ ਮੁਲਾਜ਼ਮ ਆਪਣੇ ਫਰਜ਼ਾਂ ਦੀ ਪਾਲਣਾ ਕਰਦਾ ਹੋਇਆ ਅਤੇ ਵਫਦਾਰੀ ਨਾਲ ਕੰਮ ਕਰਦਾ ਹੈ ਤਾਂ ਉਸ ਨੂੰ ਤਬਦੀਲ ਕਰ ਕੇ ਇਕ ਅਨਚਾਹੀ ਥਾਂ ’ਤੇ ਭੇਜ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਟ੍ਰੈਫਿਕ ਵਿਵਸਥਾ ਲਈ ਪਛਾਣੀਆਂ ਗਈਆਂ ਥਾਵਾਂ ’ਤੇ ਹੀ ਮੋਟਰ ਗੱਡੀਆਂ ਨੂੰ ਖੜ੍ਹੇ ਕਰਨ ਦੇ ਹੁਕਮ ਹੁੰਦੇ ਹਨ ਪਰ ਕਈ ਹੈਂਕੜ ਦਰਸਾਉਣ ਵਾਲੇ ਸਿਆਸਤਦਾਨ ਜਾਂ ਹੋਰ ਵਿਭਾਗਾਂ ਦੇ ਅਧਿਕਾਰੀ ਆਪਣਾ ਬੇਲੋੜਾ ਰੋਅਬ ਪਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਲਾਣੇ ਮੁਲਾਜ਼ਮ ਨੂੰ ਤਬਦੀਲ ਕਰਵਾ ਦੇਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ। ਅਜਿਹੇ ਹਾਲਾਤ ’ਚ ਉਸ ਮੁਲਾਜ਼ਮ ਦਾ ਤਣਾਅਪੂਰਨ ਹੋਣਾ ਸੁਭਾਵਿਕ ਹੈ।

3. ਪੁਲਸ ਮੁਲਾਜ਼ਮਾਂ ਨੂੰ ਦਿਨ ’ਚ 12 ਤੋਂ 14 ਘੰਟੇ ਆਪਣੀ ਡਿਊਟੀ ਦੇਣੀ ਪੈਂਦੀ ਹੈ। ਉਨ੍ਹਾਂ ਦਾ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਹੈ। ਉਸ ਨੂੰ ਆਪਣਾ ਮੋਬਾਇਲ ਅਤੇ ਵਾਇਰਲੈੱਸ ਸੈੱਟ ’ਤੇ ਸੰਦੇਸ਼ ਵੀ ਸੁਣਨੇ ਪੈਂਦੇ ਹਨ, ਨਾਲ ਹੀ ਕਈ ਵਿਗੜੇ ਹੋਏ ਦਿਮਾਗ ਵਾਲੇ ਲੋਕਾਂ ਅਤੇ ਬਦਮਾਸ਼ ਅਪਰਾਧੀਆਂ ਨਾਲ ਵੀ ਜੂਝਣਾ ਪੈਂਦਾ ਹੈ। ਅਜਿਹੇ ਹਾਲਾਤ ’ਚ ਉਸ ਦਾ ਸੁਭਾਅ ਚਿੜਚਿੜਾ ਹੋਣਾ ਸੁਭਾਵਿਕ ਹੈ। ਲੋਕ ਮੌਕੇ ’ਤੇ ਅਜਿਹੀਆਂ ਘਟਨਾਵਾਂ ਦੀ ਮੋਬਾਇਲ ਨਾਲ ਫੋਟੋ ਖਿੱਚ ਕੇ ਵਾਇਰਲ ਕਰ ਦਿੰਦੇ ਹਨ। ਅਧਿਕਾਰੀ ਉਨ੍ਹਾਂ ਦੀ ਗੱਲ ਨੂੰ ਸੁਣੇ ਬਿਨਾਂ ਉਨ੍ਹਾਂ ਨੂੰ ਜਾਂ ਤਾਂ ਸਸਪੈਂਡ ਕਰ ਦਿੰਦੇ ਹਨ ਜਾਂ ਫਿਰ ਉਥੋਂ ਹੀ ਕਿਤੇ ਹੋਰ ਤਬਦੀਲ ਕਰ ਦਿੰਦੇ ਹਨ।

4. ਪੁਲਸ ਦੀ ਹਿਰਾਸਤ ’ਚੋਂ ਅਪਰਾਧੀਆਂ ਦੇ ਫਰਾਰ ਹੋਣ ਦੀਆਂ ਘਟਨਾਵਾਂ ਆਮ ਤੌਰ ’ਤੇ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਕ ਪੁਲਸ ਵਾਲਾ ਜਦੋਂ ਕਿਸੇ ਗੰਭੀਰ ਅਪਰਾਧੀ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਲਿਜਾ ਰਿਹਾ ਹੁੰਦਾ ਹੈ ਤਾਂ ਉਹ ਅਪਰਾਧੀ ਪੁਲਸ ਵਾਲੇ ਦੀ ਮਜਬੂਰੀ ਦਾ ਲਾਭ ਉਠਾ ਕੇ ਕਿਸੇ ਭੀੜ ਵਾਲੀ ਥਾਂ ਜਾਂ ਫਿਰ ਟਾਇਲਟ/ਬਾਥਰੂਮ ਜਾਣ ਦੇ ਬਹਾਨੇ ਫਰਾਰ ਹੋਣ ’ਚ ਸਫਲ ਹੋ ਜਾਂਦਾ ਹੈ। ਅਧਿਕਾਰੀ ਉਸ ਨੂੰ ਬਿਨਾਂ ਕਿਸੇ ਮੁੱਢਲੀ ਜਾਂਚ ਤੋਂ ਮੁਅਤਲ ਕਰ ਦਿੰਦੇ ਹਨ, ਨਾਲ ਹੀ ਲਾਪਰਵਾਹੀ ਲਈ ਮੁਕੱਦਮਾ ਵੀ ਦਰਜ ਕਰ ਲਿਆ ਜਾਂਦਾ ਹੈ।

5. ਹੇਠਲੇ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਉਲੰਘਣਾਵਾਂ ਲਈ ਮੁਅਤਲ ਕਰ ਦਿੱਤਾ ਜਾਂਦਾ ਹੈ। ਮੁਅਤਲੀ ’ਤੇ ਉਸ ਦੀ ਆਪਣੇ ਪਰਿਵਾਰ, ਵਿਭਾਗ ਅਤੇ ਸਮਾਜ ’ਚ ਬਹੁਤ ਬਦਨਾਮੀ ਹੁੰਦੀ ਹੈ। ਗੱਲ ਇਥੇ ਹੀ ਖਤਮ ਨਹੀਂ ਹੁੰਦੀ। ਉਸ ਦੀ ਮੁਅਤਲੀ ਕਈ ਵਾਰ ਤਾਂ ਕਈ ਮਹੀਨਿਆਂ ਤਕ ਚਲਦੀ ਰਹਿੰਦੀ ਹੈ। ਵਿਭਾਗੀ ਜਾਂਚ ਵੀ ਕਈ ਮਹੀਨੇ ਪੈਂਡਿੰਗ ਪਈ ਰਹਿੰਦੀ ਹੈ। ਕਈ ਗੈਰ-ਹੁਨਰਮੰਦ ਅਧਿਕਾਰੀ ਆਪਣੇ ਜਵਾਨਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ’ਚ ਆਪਣੀ ਪ੍ਰਸਿੱਧੀ ਹਾਸਲ ਕਰਨ ਦੇ ਯਤਨਾਂ ’ਚ ਰਹਿੰਦੇ ਹਨ। ਫਰਜ਼ਾਂ ਦੀ ਪਾਲਣਾ ਲਈ ਸਜ਼ਾ ਦੇਣੀ ਜ਼ਰੂਰੀ ਹੈ ਪਰ ਇਹ ਸਜ਼ਾ ਉਸ ਦੇ ਕਦਾਚਾਰ ਮੁਤਾਬਕ ਹੀ ਹੋਣੀ ਚਾਹੀਦੀ ਹੈ ਨਾ ਕਿ ਸਾਧਾਰਨ ਅਤੇ ਗੰਭੀਰ ਅਪਰਾਧ ਲਈ ਇਕ ਹੀ ਪੈਮਾਨੇ ਦੀ ਵਰਤੋਂ ਹੋਣੀ ਚਾਹੀਦੀ ਹੈ। ਅਧਿਕਾਰੀਆਂ ਵਲੋਂ ਅਜਿਹਾ ਮਨਚਾਹਿਆ ਅਤੇ ਤਾਨਾਸ਼ਾਹੀ ਭਰਿਆ ਰੁਖ ਸੰਬੰਧਤ ਮੁਲਾਜ਼ਮਾਂ ਨੂੰ ਅਦਾਲਤਾਂ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਕਰ ਦਿੰਦਾ ਹੈ। ਅਦਾਲਤ ’ਚੋਂ ਉਹ ਮੁਲਾਜ਼ਮ ਕੁਦਰਤੀ ਨਿਆਂ ਦੇ ਸਿਧਾਂਤ ’ਤੇ ਇਨਸਾਫ ਹਾਸਲ ਕਰ ਹੀ ਲੈਂਦਾ ਹੈ। ਕੀ ਅਧਿਕਾਰੀਆਂ ਨੇ ਕਦੇ ਇਹ ਸੋਚਿਆ ਹੈ ਕਿ ਉਨ੍ਹਾਂ ਦੇ ਇਸ ਨਾਂਹਪੱਖੀ ਰਵੱਈਏ ਕਾਰਨ ਵਿਭਾਗ ਨੂੰ ਕਿੰਨਾ ਨੁਕਸਾਨ ਹੋਇਆ ਅਤੇ ਫਲਾਣੇ ਮੁਲਾਜ਼ਮ ’ਤੇ ਤਣਾਅ ਕਾਰਨ ਕਿੰਨਾ ਮਾੜਾ ਅਸਰ ਪਿਆ।

ਕਈ ਅਧਿਕਾਰੀ ਤਾਂ ਆਪਣੇ ਜਵਾਨਾਂ ਨਾਲ ਵਿਤਕਰੇ ਵਾਲਾ ਰਵੱਈਆ ਵੀ ਅਪਣਾਉਂਦੇ ਰਹਿੰਦੇ ਹਨ। ਆਪਣੇ ਮੂੰਹ-ਲੱਗ ਅਤੇ ਚਾਪਲੂਸੀ ਕਰਨ ’ਚ ਮਾਹਿਰ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਮਨਪਸੰਦ ਵਾਲੀਆਂ ਸੌਗਾਤਾਂ ਲੁਟਾਉਂਦੇ ਰਹਿੰਦੇ ਹਨ। ਸਿੱਟਾ ਇਹ ਨਿਕਲਦਾ ਹੈ ਕਿ ਮਿਹਨਤੀ ਅਤੇ ਹੁਨਰਮੰਦ ਮੁਲਾਜ਼ਮਾਂ ’ਚ ਤਣਾਅ ਦੀ ਭਾਵਨਾ ਪੈਦਾ ਹੋਣ ਲੱਗਦੀ ਹੈ। ਅੱਜ ਮਿਹਨਤੀ ਮੁਲਾਜ਼ਮਾਂ ਦੀ ਹਾਲਤ ਉਸ ਤੇਜਪੱਤਰ ਵਰਗੀ ਹੋ ਗਈ ਹੈ ਜੋ ਸਬਜ਼ੀ ਨੂੰ ਸਵਾਦੀ ਬਣਾਉਣ ਲਈ ਪਾਇਆ ਜਾਂਦਾ ਹੈ ਪਰ ਉਸ ਸਬਜ਼ੀ ਨੂੰ ਖਾਣ ਸਮੇਂ ਸਭ ਤੋਂ ਪਹਿਲਾਂ ਤੇਜਪੱਤਰ ਨੂੰ ਹੀ ਬਾਹਰ ਕੱਢਿਆ ਜਾਂਦਾ ਹੈ। ਇਸੇ ਤਰ੍ਹਾਂ ਦੂਜੇ ਪਾਸੇ ਕੁਝ ਮੁਲਾਜ਼ਮ ਹਰੇ ਧਨੀਏ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਸਬਜ਼ੀ ਤਿਆਰ ਹੋ ਜਾਣ ਤੋਂ ਬਾਅਦ ਉੱਪਰ ਰੱਖਿਆ ਜਾਂਦਾ ਹੈ। ਸਬਜ਼ੀ ਦੇ ਸਵਾਦ ਦਾ ਸਾਰਾ ਸਿਹਰਾ ਧਨੀਆ ਲੈ ਜਾਂਦਾ ਹੈ।

6. ਇਹ ਵੀ ਦੇਖਿਆ ਗਿਆ ਹੈ ਕਿ ਕਈ ਵਾਰ ਅਧਿਕਾਰੀ ਆਪਣੇ ਹੀ ਬੇਲੋੜੇ ਹੁਕਮਾਂ ਕਾਰਨ ਆਮ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਬਣ ਜਾਂਦੇ ਹਨ। ਅਜਿਹੀ ਹਾਲਤ ’ਚ ਉਹ ਇਸ ਕਮੀ ਦਾ ਠੀਕਰਾ              ਆਪਣੇ ਤੋਂ ਹੇਠਲੇ ਮੁਲਾਜ਼ਮਾਂ ਦੇ ਸਿਰ ਭੰਨ ਦਿੰਦੇ ਹਨ। ਖੁਦ ਪਾਕ-ਪਵਿੱਤਰ ਬਣਨ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕੋਈ ਮੁਲਾਜ਼ਮ ਵਧੀਆ ਕੰਮ ਕਰਦਾ ਹੈ ਤਾਂ ਉਸ ਦਾ ਸਿਹਰਾ ਅਧਿਕਾਰੀ ਖੁਦ ਲੈ ਲੈਂਦੇ ਹਨ।

7. ਕਈ ਅਧਿਕਾਰੀਆਂ ਦਾ ਮਾਫੀਆ ਦੇ ਲੋਕਾਂ ਨਾਲ ਸਿੱਧਾ ਨਿੱਜੀ ਸੰਬੰਧ ਹੁੰਦਾ ਹੈ। ਉਹ ਆਪਣੀਆਂ ਅੱਖਾਂ ਦੇ ਸਾਹਮਣੇ ਕਈ ਤਰ੍ਹਾਂ ਦੇ ਆਰਥਿਕ ਅਪਰਾਧ ਹੋਣ ਦਿੰਦੇ ਹਨ। ਜਦੋਂ ਉਨ੍ਹਾਂ ਨੂੰ ਕੋਈ ਬੁੱਧੀਜੀਵੀ ਜਾਂ ਮੀਡੀਆ ਵਾਲੇ ਜ਼ਿੰਮੇਵਾਰ ਠਹਿਰਾਉਣ ਦੀ ਗੱਲ ਕਰਦੇ ਹਨ ਤਾਂ ਉਕਤ ਅਧਿਕਾਰੀ ਕਈ ਤਰ੍ਹਾਂ ਦੇ ਕਾਨੂੰਨਾਂ ਦਾ ਹਵਾਲਾ ਦੇ ਕੇ ਆਪਣਾ ਬਚਾਅ ਕਰਦੇ ਹੋਏ ਸਾਰਾ ਦੋਸ਼ ਹੇਠਲੇ ਮੁਲਾਜ਼ਮਾਂ ਦੇ ਸਿਰ ਮੜ ਦਿੰਦੇ ਹਨ।

ਉਪਰੋਕਤ ਤੱਥਾਂ ਨੂੰ ਧਿਆਨ ’ਚ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਹੇਠਲੇ ਪੁਲਸ ਮੁਲਾਜ਼ਮਾਂ ਨੂੰ ਤਣਾਅ ਮੁਕਤ ਰੱਖਣ ਅਤੇ ਉਨ੍ਹਾਂ ਦਾ ਮਨੋਬਲ ਬਣਾਈ ਰੱਖਣ ਲਈ ਪੁਲਸ ਦੀ ਲੀਡਰਸ਼ਿਪ ਨੂੰ ਈਮਾਨਦਾਰੀ, ਵਫਾਦਾਰੀ ਅਤੇ ਨਿਰਪੱਖਤਾ ਨਾਲ ਕੰਮ ਕਰਨਾ ਹੋਵੇਗਾ। ਸਿਆਸਤਦਾਨਾਂ ਦੇ ਬੇਲੋੜੇ ਹੁਕਮਾਂ ਨੂੰ ਬੇਧਿਆਨ ਕਰਦੇ ਹੋਏ ਆਪਣੇ ਹੁਨਰ ਦਾ ਸਬੂਤ ਦੇ ਕੇ ਮੁਲਾਜ਼ਮਾਂ ਨੂੰ ਨਿਡਰ ਅਤੇ ਸੱਚੇ ਬਣਾ ਕੇ ਆਮ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨਾ ਹੋਵੇਗਾ।

Bharat Thapa

This news is Content Editor Bharat Thapa