ਮਤਭੇਦਾਂ ਦੇ ਬਾਵਜੂਦ ਮਜ਼ਬੂਤ ਹੋਏ ਹਨ ‘ਭਾਰਤ-ਬੰਗਲਾਦੇਸ਼ ਸਬੰਧ’

10/03/2019 1:54:23 AM

ਰਾਮਹਿਤ ਨੰਦਨ

‘‘1971 ’ਚ ਪਾਕਿਸਤਾਨ ਦੀ ਫੌਜ ਨੇ 30 ਲੱਖ ਲੋਕਾਂ ਦੀ ਹੱਤਿਆ ਕੀਤੀ ਤੇ 2 ਲੱਖ ਔਰਤਾਂ ਨਾਲ ਬਲਾਤਕਾਰ ਕੀਤਾ। ਦੁਨੀਆ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਭਾਰਤ ਹੀ ਸੀ, ਜਿਸ ਨੇ ਪਾਕਿਸਤਾਨ ਦੀ ਫੌਜ ਦੇ 93 ਹਜ਼ਾਰ ਫੌਜੀਆਂ ਨੂੰ ਸਮਰਪਣ ਲਈ ਮਜਬੂਰ ਕਰ ਦਿੱਤਾ ਸੀ, ਜਿਸ ਕਾਰਣ ਬੰਗਲਾਦੇਸ਼ ਦੀ ਆਜ਼ਾਦੀ ਸੰਭਵ ਹੋਈ।’’ –ਸ਼ੇਖ ਹਸੀਨਾ ਵਾਜਿਦ

ਜਿਸ ਦਿਨ ਸੰਯੁਕਤ ਰਾਸ਼ਟਰ ਮਹਾਸਭਾ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਸ਼ਮੀਰ ਬਾਰੇ ਮਨੁੱਖੀ ਅਧਿਕਾਰਾਂ ਦੀ ਦੁਹਾਈ ਅਤੇ ਪ੍ਰਮਾਣੂ ਜੰਗ ਦੀ ਧਮਕੀ ਦੇ ਰਹੇ ਸਨ, ਉਸ ਦਿਨ ਉਸੇ ਸਭਾ ’ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਉਨ੍ਹਾਂ ਨੂੰ 1971 ’ਚ ਪਾਕਿਸਤਾਨ ਵਲੋਂ ਕੀਤੇ ਅੱਤਿਆਚਾਰਾਂ ਦਾ ਚੇਤਾ ਕਰਵਾ ਕੇ ਸ਼ੀਸ਼ਾ ਦਿਖਾ ਰਹੀ ਸੀ। ਇਸ ’ਚ ਹੈਰਾਨੀ ਨਹੀਂ ਕਿ ਜਦੋਂ ਭਾਰਤ ਨੇ ਇਮਰਾਨ ਖਾਨ ਦੇ ਜਨੂੰਨੀ ਭਾਸ਼ਣ ਦਾ ਜਵਾਬ ਦਿੱਤਾ ਤਾਂ ਉਸ ’ਚ ਸ਼ੇਖ ਹਸੀਨਾ ਦੇ ਭਾਸ਼ਣ ਦਾ ਜ਼ਿਕਰ ਵੀ ਕੀਤਾ।

ਕੌਮਾਂਤਰੀ ਮੰਚਾਂ ’ਤੇ ਭਾਰਤ ਅਤੇ ਬੰਗਲਾਦੇਸ਼ ਦੀ ਇਹ ਸਦਭਾਵਨਾ ਨਵੀਂ ਨਹੀਂ ਹੈ। ਚਾਹੇ ਮੁਸਲਿਮ ਦੇਸ਼ਾਂ ਦਾ ਸੰਗਠਨ ‘ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪ੍ਰੇਸ਼ਨ’ (ਓ. ਆਈ. ਸੀ.) ਹੋਵੇ ਜਾਂ ‘ਸਾਰਕ’ ਜਾਂ ਕੋਈ ਹੋਰ ਸੰਗਠਨ, ਬੰਗਲਾਦੇਸ਼ ਨੇ ਲਗਭਗ ਹਰੇਕ ਕੌਮਾਂਤਰੀ ਮੰਚ ’ਤੇ ਭਾਰਤ ਦਾ ਸਾਥ ਦਿੱਤਾ ਹੈ।

ਪਾਕਿਸਤਾਨ ਦੇ ਹਮਲਾਵਰ ਤੇਵਰਾਂ ਅਤੇ ਜ਼ਿੱਦ ਤੋਂ ਬਾਅਦ ਜਦੋਂ ਮੋਦੀ ਸਰਕਾਰ ਨੇ ‘ਸਾਰਕ’ ਤੋਂ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ ਅਤੇ ਆਪਣੀ ‘ਲੁਕ ਈਸਟ, ਐਕਟ ਈਸਟ ਪਾਲਿਸੀ’ ਦੇ ਤਹਿਤ ‘ਬਿਮਸਟੇਕ’ ਸਮੂਹ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ, ਉਦੋਂ ਵੀ ਬੰਗਲਾਦੇਸ਼ ਨੇ ਭਾਰਤ ਦਾ ਪੂਰਾ ਸਹਿਯੋਗ ਦਿੱਤਾ। ‘ਬਿਮਸਟੇਕ’ ਪੂਰਬੀ ਏਸ਼ੀਆ ਦੇ ਸੱਤ ਦੇਸ਼ਾਂ ਦਾ ਸਮੂਹ ਹੈ, ਜਿਸ ’ਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ਼੍ਰੀਲੰਕਾ ਤੇ ਥਾਈਲੈਂਡ ਵੀ ਸ਼ਾਮਲ ਹਨ।

ਇਸ ’ਚ ਕੋਈ ਸ਼ੱਕ ਨਹੀਂ ਕਿ ਮੋਦੀ ਸਰਕਾਰ ਨੇ ਭਾਰਤ-ਬੰਗਲਾਦੇਸ਼ ਸਬੰਧਾਂ ਨੂੰ ਬਹੁਤ ਮਹੱਤਤਾ ਦਿੱਤੀ ਹੈ ਅਤੇ ਇਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਸਾਰੇ ਯਤਨ ਕੀਤੇ ਹਨ। ਸੰਨ 2014 ’ਚ ਬੰਗਲਾਦੇਸ਼ ਵਿਚ ਇਕ ਸਰਵੇਖਣ ਹੋਇਆ ਸੀ, ਜਿਸ ’ਚ 70 ਫੀਸਦੀ ਲੋਕਾਂ ਨੇ ਭਾਰਤ ਪ੍ਰਤੀ ਢੁੱਕਵੀਂ ਰਾਇ ਪ੍ਰਗਟਾਈ। ਇਸ ਪਿੱਛੇ ਖਾਸ ਵਜ੍ਹਾ ਸੀ ਤੱਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ (ਸਵ.) ਦੀ ਬੇਹੱਦ ਸਫਲ ਯਾਤਰਾ, ਜਿਸ ’ਚ ਦੋਹਾਂ ਦੇਸ਼ਾਂ ਨੇ 5 ਅਹਿਮ ਮੁੱਦਿਆਂ ’ਤੇ ਸਮਝੌਤੇ ਕੀਤੇ। ਇਨ੍ਹਾਂ ’ਚ ਅਪਰਾਧੀਆਂ ਦੀ ਹਵਾਲਗੀ ਅਤੇ ਉੱਤਰ-ਪੂਰਬੀ ਭਾਰਤ ਤਕ ਸਾਮਾਨ ਪਹੁੰਚਾਉਣ ਲਈ ਰਾਹ ਦੇਣ ਦੇ ਅਹਿਮ ਸਮਝੌਤੇ ਵੀ ਸ਼ਾਮਲ ਸਨ। ਇਸ ਤੋਂ ਬਾਅਦ ਭਾਰਤ ਤੇ ਬੰਗਲਾਦੇਸ਼ ਨੇ ਅੱਤਵਾਦ ’ਤੇ ਸ਼ਿਕੰਜਾ ਕੱਸਣ ਲਈ ਨਵੇਂ ਜੋਸ਼ ਨਾਲ ਸਹਿਯੋਗ ਸ਼ੁਰੂ ਕੀਤਾ।

ਇਸ ਤੋਂ ਬਾਅਦ 2015 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦਾ ਇਤਿਹਾਸਕ ਦੌਰਾ ਕੀਤਾ ਤੇ ਇਸ ਦੌਰਾਨ 22 ਸਮਝੌਤਿਆਂ ’ਤੇ ਦਸਤਖਤ ਹੋਏ। ਇਸ ਦੌਰੇ ’ਚ ਸਰਹੱਦੀ ਵਿਵਾਦ ਸੁਲਝਾਉਣ ’ਤੇ ਵੀ ਸਹਿਮਤੀ ਬਣੀ। ਦੋਹਾਂ ਦੇਸ਼ਾਂ ਨੇ ਆਪਸੀ ਭਰੋਸੇ ਦੀ ਮਿਸਾਲ ਸਤੰਬਰ 2018 ’ਚ ਵੀ ਪੇਸ਼ ਕੀਤੀ, ਜਦੋਂ ਬੰਗਲਾਦੇਸ਼ ਨੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਤਕ ਸਾਮਾਨ ਲਿਜਾਣ ਲਈ ਚਿਟਗਾਓਂ ਅਤੇ ਮੋਂਗਲਾ ਬੰਦਰਗਾਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਧਿਆਨ ਰਹੇ ਕਿ ਚਿਟਗਾਓਂ ਬੰਦਰਗਾਹ ’ਤੇ ਚੀਨ ਦੀ ਵੀ ਨਜ਼ਰ ਸੀ ਪਰ ਬੰਗਲਾਦੇਸ਼ ਨੇ ਭਾਰਤ ਨੂੰ ਹੀ ਤਰਜੀਹ ਦਿੱਤੀ।

ਰੋਹਿੰਗਿਆ ਸ਼ਰਨਾਰਥੀਆਂ ਦਾ ਮਾਮਲਾ

ਬੰਗਲਾਦੇਸ਼ ’ਚ ਜਦੋਂ ਰੋਹਿੰਗਿਆ ਸ਼ਰਨਾਰਥੀਆਂ ਦਾ ਹੜ੍ਹ ਆਇਆ ਤਾਂ ਭਾਰਤ ਨੇ ਇਸ ਮੁਸ਼ਕਿਲ ਸਥਿਤੀ ਨਾਲ ਨਜਿੱਠਣ ’ਚ ਉਸ ਦਾ ਪੂਰਾ ਸਾਥ ਦਿੱਤਾ ਅਤੇ ਮਿਆਂਮਾਰ ਨੂੰ ਅਪੀਲ ਵੀ ਕੀਤੀ ਕਿ ਉਹ ਰੋਹਿੰਗਿਆ ਸ਼ਰਨਾਰਥੀਆਂ ਨੂੰ ਵਾਪਸ ਲੈ ਲਵੇ। ਹਾਲਾਂਕਿ ਤਾਜ਼ਾ ਸਥਿਤੀ ਇਹ ਹੈ ਕਿ ਅਜੇ ਵੀ ਲੱਖਾਂ ਰੋਹਿੰਗਿਆ ਸ਼ਰਨਾਰਥੀ ਬੰਗਲਾਦੇਸ਼ ’ਚ ਮੌਜੂਦ ਹਨ ਅਤੇ ਕੌਮਾਂਤਰੀ ਦਬਾਅ ਦੇ ਬਾਵਜੂਦ ਮਿਆਂਮਾਰ ਇਨ੍ਹਾਂ ਨੂੰ ਵਾਪਸ ਲੈਣ ਲਈ ਤਿਆਰ ਨਹੀਂ। ਬੰਗਲਾਦੇਸ਼ ਨੇ ਰੋਹਿੰਗਿਆ ਬਹੁਲਤਾ ਵਾਲੇ ਇਲਾਕਿਆਂ ’ਚ ਕੰਡਿਆਲੀਆਂ ਤਾਰਾਂ ਦੀ ਵਾੜ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਫਿਲਹਾਲ ਮਨੁੱਖੀ ਆਧਾਰ ’ਤੇ ਇਹ ਕੰਮ ਰੋਕ ਦਿੱਤਾ ਗਿਆ।

ਸੰਨ 2017 ’ਚ ਸ਼ੇਖ ਹਸੀਨਾ ਨੇ ਭਾਰਤ ਦੌਰੇ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਪਹਿਲੀ ਵਾਰ ਦੋ ਸੁਰੱਖਿਆ ਸਮਝੌਤਿਆਂ ’ਤੇ ਵੀ ਦਸਤਖਤ ਕੀਤੇ। ਇਸ ਦੇ ਤਹਿਤ ਭਾਰਤ ਵਲੋਂ ਬੰਗਲਾਦੇਸ਼ ਦੇ ਫੌਜੀਆਂ ਨੂੰ ਸਿਖਲਾਈ ਦੇਣ ਅਤੇ ਦੋਹਾਂ ਦੇਸ਼ਾਂ ਦਾ ਸਾਂਝਾ ਫੌਜੀ ਅਭਿਆਸ ਕਰਨ ’ਤੇ ਸਹਿਮਤੀ ਹੋਈ ਸੀ। ਇਹੋ ਨਹੀਂ, ਇਹ ਵੀ ਸਮਝੌਤਾ ਹੋਇਆ ਕਿ ਬੰਗਲਾਦੇਸ਼ ’ਚ ਫੌਜੀ ਸਾਜ਼ੋ-ਸਾਮਾਨ ਬਣਾਉਣ ਲਈ ਭਾਰਤ ਕਾਰਖਾਨੇ ਲਾਏਗਾ ਅਤੇ ਉਸ ਨੂੰ ਹਥਿਆਰ ਖਰੀਦਣ ਲਈ 50 ਕਰੋੜ ਡਾਲਰ ਦੀ ਸਹਾਇਤਾ ਵੀ ਦੇਵੇਗਾ। ਭਾਰਤ ਦੇ ਗੁਆਂਢ ’ਚ ਚੀਨ ਦੇ ਵਧਦੇ ਦਖਲ ਅਤੇ ਪ੍ਰਭਾਵ ਨੂੰ ਦੇਖਦਿਆਂ ਇਹ ਸਮਝੌਤੇ ਬਹੁਤ ਅਹਿਮ ਹਨ, ਹਾਲਾਂਕਿ ਬੰਗਲਾਦੇਸ਼ ’ਚ ਚੀਨ ਵੀ ਵੱਡੇ ਪੱਧਰ ’ਤੇ ਨਿਵੇਸ਼ ਕਰ ਰਿਹਾ ਹੈ।

ਪਾਕਿਸਤਾਨ ਦੇ ਅੱਤਵਾਦ ਤੋਂ ਪੀੜਤ

ਭਾਰਤ ਅਤੇ ਬੰਗਲਾਦੇਸ਼ ਦੋਵੇਂ ਹੀ ਪਾਕਿਸਤਾਨ ਦੇ ਚਲਾਏ ਜਾਂਦੇ ਅੱਤਵਾਦ ਤੋਂ ਪੀੜਤ ਹਨ। ਪਾਕਿਸਤਾਨ ਦੀ ਫੌਜ ਤੇ ਖੁਫੀਆ ਏਜੰਸੀ ਆਈ. ਐੱਸ. ਆਈ. ਬੰਗਲਾਦੇਸ਼ ਕਈ ਅੱਤਵਾਦੀ ਸਮੂਹਾਂ ਨੂੰ ਸ਼ਹਿ ਦਿੰਦੀ ਹੈ, ਜਿਨ੍ਹਾਂ ’ਚ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇ. ਐੱਮ. ਬੀ.) ਪ੍ਰਮੁੱਖ ਹੈ। ਇਸ ਦੇ ਅੱਤਵਾਦੀ ਬੰਗਲਾਦੇਸ਼ ’ਚ ਹਿੰਸਕ ਸਰਗਰਮੀਆਂ ਨੂੰ ਅੰਜਾਮ ਦੇਣ ਤੋਂ ਬਾਅਦ ਭਾਰਤ ’ਚ ਜਾ ਲੁਕਦੇ ਹਨ ਅਤੇ ਪਾਕਿਸਤਾਨ ਦੀ ਸ਼ਹਿ ’ਤੇ ਨਕਲੀ ਨੋਟਾਂ, ਡਰੱਗਜ਼ ਦੀ ਸਮੱਗਲਿੰਗ ਕਰਦੇ ਹਨ।

ਆਈ. ਐੱਸ. ਆਈ. ਰੋਹਿੰਗਿਆ ਮੁਸਲਮਾਨਾਂ ਨੂੰ ਵੀ ਅੱਤਵਾਦੀ ਸਰਗਰਮੀਆਂ ਦੀ ਟ੍ਰੇਨਿੰਗ ਦੇ ਰਹੀ ਹੈ, ਜਿਸ ਤੋਂ ਬੰਗਲਾਦੇਸ਼ ਹੀ ਨਹੀਂ, ਭਾਰਤ ਨੂੰ ਵੀ ਖਤਰਾ ਹੈ। ਦੋਵਾਂ ਦੇਸ਼ਾਂ ਨੇ ਇਸ ਵਿਸ਼ੇ ’ਚ ਨਿੱਜੀ ਤੌਰ ’ਤੇ ਕਈ ਉਪਾਅ ਕੀਤੇ ਹਨ ਪਰ ਅਜੇ ਵੀ ਇਸ ’ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋ ਸਕਿਆ ਹੈ।

ਕੇਂਦਰ ਸਰਕਾਰ ਵਲੋਂ ਕੌਮੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ’ਤੇ ਸਖਤ ਰੁਖ਼ ਅਪਣਾਉਣ ਕਰਕੇ ਪੱਛਮੀ ਬੰਗਾਲ ਅਤੇ ਆਸਾਮ ਦੇ ਬੰਗਾਲਦੇਸ਼ੀ ਸ਼ਰਨਾਰਥੀ ਬਹੁਲਤਾ ਵਾਲੇ ਇਲਾਕਿਆਂ ’ਚ ਹੀ ਨਹੀਂ, ਬੰਗਲਾਦੇਸ਼ ’ਚ ਵੀ ਤਣਾਅ ਵਧ ਗਿਆ ਹੈ। ਭਾਰਤ ’ਚ ਇਸ ਵਿਸ਼ੇ ’ਤੇ ਖੁੱਲ੍ਹ ਕੇ ਬਿਆਨਬਾਜ਼ੀ ਅਤੇ ਸਿਆਸਤ ਹੋ ਰਹੀ ਹੈ। ਅਜਿਹੀ ਸਥਿਤੀ ’ਚ ਕੁਝ ਸਮਾਂ ਪਹਿਲਾਂ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ’ਚ ਮੋਦੀ ਤੇ ਸ਼ੇਖ ਹਸੀਨਾ ਦੀ ਮੁਲਾਕਾਤ ਹੋਈ ਤਾਂ ਸ਼ੇਖ ਹਸੀਨਾ ਨੇ ਐੱਨ. ਆਰ. ਸੀ. ’ਤੇ ਚਿੰਤਾ ਪ੍ਰਗਟਾਈ ਸੀ ਪਰ ਮੋਦੀ ਨੇ ਇਸ ’ਤੇ ਉਨ੍ਹਾਂ ਨੂੰ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ। ‘ਵਾਇਸ ਆਫ ਅਮੇਰਿਕਾ’ ਨੂੰ ਦਿੱਤੀ ਇੰਟਰਵਿਊ ’ਚ ਸ਼ੇਖ ਹਸੀਨਾ ਨੇ ਕਿਹਾ, ‘‘ਮੈਂ ਨਰਿੰਦਰ ਮੋਦੀ ਨਾਲ ਇਸ ਵਿਸ਼ੇ ’ਚ ਗੱਲ ਕੀਤੀ ਹੈ ਅਤੇ ਮੋਦੀ ਨੇ ਕਿਹਾ ਹੈ ਕਿ ਨਾਜਾਇਜ਼ ਪ੍ਰਵਾਸੀਆਂ ਨੂੰ ਵਾਪਸ ਭੇਜਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।’’

ਤੀਸਤਾ ਨਦੀ ਦਾ ਮਾਮਲਾ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਤੀਸਤਾ ਨਦੀ ਦੇ ਪਾਣੀ ਦੀ ਵੰਡ ਨੂੰ ਲੈ ਕੇ ਵੀ ਵਿਵਾਦ ਹੈ। ਜਦੋਂ ਤਕ ਪੱਛਮੀ ਬੰਗਾਲ ਸਰਕਾਰ ਸਹਿਮਤੀ ਨਹੀਂ ਦਿੰਦੀ, ਇਸ ਨੂੰ ਹੱਲ ਕਰਨਾ ਮੁਸ਼ਕਲ ਹੈ। ਫਿਲਹਾਲ ਐੱਨ. ਆਰ. ਸੀ. ਅਤੇ ਤੀਸਤਾ ਵਿਵਾਦ ਤੋਂ ਇਲਾਵਾ ਅੱਜਕਲ ਪਿਆਜ਼ ਦੀਆਂ ਕੀਮਤਾਂ ਵੀ ਬੰਗਲਾਦੇਸ਼ ’ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਕਿਉਂਕਿ ਭਾਰਤ ਵਲੋਂ ਪਿਆਜ਼ ਦੀ ਬਰਾਮਦ ’ਤੇ ਰੋਕ ਲਾਉਣ ਤੋਂ ਬਾਅਦ ਬੰਗਲਾਦੇਸ਼ ’ਚ ਪਿਆਜ਼ ਦੇ ਭਾਅ 120 ਟਕਾ ਪ੍ਰਤੀ ਕਿੱਲੋ ਤਕ ਪਹੁੰਚ ਗਏ ਹਨ।

ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਸ਼ੇਖ ਹਸੀਨਾ ਤਿੰਨ ਤੋਂ ਛੇ ਅਕਤੂਬਰ ਤਕ ਭਾਰਤ ਦੇ ਚਾਰ ਦਿਨਾ ਦੌਰੇ ’ਤੇ ਆ ਰਹੀ ਹੈ। ਭਾਰਤ ਅਤੇ ਬੰਗਲਾਦੇਸ਼ ਵਿਚ ਕੁਝ ਸਮਾਂ ਪਹਿਲਾਂ ਹੋਈਆਂ ਆਮ ਚੋਣਾਂ ਤੋਂ ਬਾਅਦ ਇਹ ਹਸੀਨਾ ਦਾ ਪਹਿਲਾ ਭਾਰਤ ਦੌਰਾ ਹੈ। ਇਸ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰੇਗੀ ਅਤੇ 5 ਅਕਤੂਬਰ ਨੂੰ ਮੋਦੀ ਨਾਲ ਦੁਵੱਲੀ ਵਾਰਤਾ ’ਚ ਹਿੱਸਾ ਲਵੇਗੀ। ਦੋਵੇਂ ‘ਵਰਲਡ ਇਕਨਾਮਿਕ ਸਮਿਟ’ ਵਲੋਂ ਆਯੋਜਿਤ ‘ਇੰਡੀਆ ਇਕਨਾਮਿਕਸ ਸਮਿਟ’ ਵਿਚ ਹਿੱਸਾ ਲੈਣਗੇ ਤੇ ਵੀਡੀਓ ਲਿੰਕ ਰਾਹੀਂ ਕਈ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਦੋਵੇਂ ਪ੍ਰਧਾਨ ਮੰਤਰੀ ਕਈ ਸਮਝੌਤਿਆਂ ’ਤੇ ਦਸਤਖਤ ਵੀ ਕਰਨਗੇ।

ਭਾਰਤੀ ਮੀਡੀਆ ਦਾ ਧਿਆਨ ਜ਼ਿਆਦਾਤਰ ਪਾਕਿਸਤਾਨ ’ਤੇ ਕੇਂਦਰਿਤ ਰਹਿੰਦਾ ਹੈ, ਜਦਕਿ ਅਸਲੀਅਤ ਇਹ ਹੈ ਕਿ ਕਦੇ ਪੂਰਬੀ ਪਾਕਿਸਤਾਨ ਅਖਵਾਉਣ ਵਾਲੇ ਬੰਗਲਾਦੇਸ਼ ਦੀ ਮਾਲੀ ਹਾਲਤ ਅੱਜ ਪਾਕਿਸਤਾਨ ਨਾਲੋਂ ਲੱਖ ਦਰਜੇ ਬਿਹਤਰ ਹੈ। ਭਾਰਤ ਨਾਲ ਸੱਭਿਆਚਾਰਕ ਵਿਰਾਸਤ ਸਾਂਝੀ ਕਰਨ ਵਾਲਾ ਬੰਗਲਾਦੇਸ਼ ਏਸ਼ੀਆ ਦੇ ਅਹਿਮ ‘ਮੈਨੂਫੈਕਚਰਿੰਗ ਹੱਬ’ ਵਜੋਂ ਉੱਭਰਿਆ ਹੈ ਅਤੇ ਇਸ ਦੇ ਤਜਰਿਬਆਂ ਤੋਂ ਭਾਰਤ ਬਹੁਤ ਕੁਝ ਸਿੱਖ ਸਕਦਾ ਹੈ।

ਮੋਦੀ ਸਰਕਾਰ ਨੇ ਉੱਤਰ-ਪੂਰਬੀ ਭਾਰਤ ਨੂੰ ਪੂਰਬੀ ਏਸ਼ੀਆ ਨਾਲ ਜੋੜਨ ਦੀਆਂ ਖਾਹਿਸ਼ੀ ਯੋਜਨਾਵਾਂ ਬਣਾਈਆਂ ਹਨ, ਜਿਨ੍ਹਾਂ ’ਚ ਬੰਗਲਾਦੇਸ਼ ਦੀ ਅਹਿਮ ਭੂਮਿਕਾ ਹੈ। ਜ਼ਾਹਿਰ ਹੈ ਕਿ ਅੱਜ ਬੰਗਲਾਦੇਸ਼ ਸਾਡਾ ਵਪਾਰਕ ਹਿੱਸੇਦਾਰ ਹੀ ਨਹੀਂ ਸਗੋਂ ਅਹਿਮ ਰਣਨੀਤਕ ਤੇ ਰੱਖਿਆ ਸਹਿਯੋਗੀ ਵੀ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸ਼ੇਖ ਹਸੀਨਾ ਦਾ ਭਾਰਤ ਦਾ ਦੌਰਾ ਦੋਹਾਂ ਦੇਸ਼ਾਂ ਤੇ ਸਮੁੱਚੇ ਪੂਰਬੀ ਏਸ਼ੀਆ ’ਚ ਸਬੰਧਾਂ ਅਤੇ ਸਹਿਯੋਗ ਨੂੰ ਇਕ ਨਵਾਂ ਰੂਪ ਦੇਵੇਗਾ।


Related News