ਭਾਰਤ ਅਤੇ ਚੀਨ ਹੁਣ ਅੱਗੇ ਬਾਰੇ ਸੋਚਣ

06/24/2020 3:51:20 AM

ਡਾ. ਵੇਦਪ੍ਰਤਾਪ ਵੈਦਿਕ

ਭਾਰਤ ਅਤੇ ਚੀਨ ਦੇ ਕੋਰ-ਕਮਾਂਡਰਾਂ ਦੀ ਬੈਠਕ ’ਚ ਦੋਵੇਂ ਧਿਰਾਂ ਨੇ ਆਪਣੀਅਾਂ-ਆਪਣੀਅਾਂ ਫੌਜਾਂ ਨੂੰ ਪਿੱਛੇ ਹਟਾਉਣ ’ਤੇ ਸਹਿਮਤੀ ਜਤਾਈ ਹੈ। ਇਹ ਬੈਠਕ 10-11 ਘੰਟਿਅਾਂ ਤਕ ਚੱਲੀ। ਇਸ ਬੈਠਕ ’ਚ ਕੀ-ਕੀ ਗੱਲਾਂ ਤੈਅ ਹੋਈਅਾਂ ਹਨ, ਇਨ੍ਹਾਂ ਬਾਰੇ ਅਜੇ ਵਿਸਥਾਰ ’ਚ ਪਤਾ ਨਹੀਂ ਚੱਲਿਆ ਹੈ। ਕੌਣ ਕਿੰਨਾ ਪਿੱਛੇ ਹਟੇਗਾ, ਕਿਥੋਂ-ਕਿੱਥੋਂ ਹਟੇਗਾ, ਹਟਣ ਤੋਂ ਬਾਅਦ ਦੋਵਾਂ ਫੌਜਾਂ ਦਰਮਿਆਨ ਕਿੰਨੀ ਦੂਰੀ ਖਾਲੀ ਰੱਖੀ ਜਾਵੇਗੀ ਅਤੇ ਜਦ ਦੋਵਾਂ ਫੌਜਾਂ ਦੇ ਲੋਕ ਆਪਸ ’ਚ ਗੱਲ ਕਰਨਗੇ ਤਾਂ ਉਹ ਹਥਿਆਰਬੰਦ ਹੋਣਗੇ ਜਾਂ ਨਹੀਂ। ਇਨ੍ਹਾਂ ਸਾਰਿਅਾਂ ਸਵਾਲਾਂ ਦੇ ਜਵਾਬ ਹੌਲੀ-ਹੌਲੀ ਸਾਰਿਅਾਂ ਦੇ ਸਾਹਮਣੇ ਆ ਜਾਣਗੇ। ਇਕ ਗੱਲ ਤਾਂ ਇਹ ਹੋਈ, ਦੂਜੀ ਗੱਲ ਇਹ ਹੋਈ ਕਿ ਭਾਰਤ, ਰੂਸ ਅਤੇ ਚੀਨ ਦੇ ਵਿਦੇਸ਼ ਮੰਤਰੀਅਾਂ ਦੀ ਬੈਠਕ ‘ਇੰਟਰਨੈੱਟ’ ਉੱਤੇ ਹੋਈ। ਇਸ ਬੈਠਕ ’ਚ ਸਾਡੇ ਟੀ.ਵੀ. ਚੈਨਲਾਂ ਨੇ ਸਾਡੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਭਾਸ਼ਣ ਪ੍ਰਸਾਰਿਤ ਕੀਤਾ। ਇਸ ਭਾਸ਼ਣ ’ਚ ਵੀ ਜੈਸ਼ੰਕਰ ਨੇ ਚੀਨ ’ਤੇ ਕੋਈ ਸਿੱਧਾ ਹਮਲਾ ਨਹੀਂ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਦੇਸ਼ਾਂ ਨੂੰ ਆਪਸੀ ਸੰਬੰਧਾਂ ’ਚ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ। ਰੂਸ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਤ੍ਰੈ-ਪੱਖੀ ਗੱਲਬਾਤ ’ਚ ਕੋਈ ਵੀ ਦੋ-ਪੱਖੀ ਮਾਮਲਾ ਨਹੀਂ ਉੱਠੇਗਾ। ਜੇ ਜੈਸ਼ੰਕਰ ਉਸ ਨੂੰ ਉਠਾ ਦਿੰਦੇ ਤਾਂ ਉਸ ਨਾਲ ਇਹ ਸੰਦੇਸ਼ ਜਾਂਦਾ ਕਿ ਭਾਰਤ ਬਹੁਤ ਭੜਕਿਅਾ ਹੋਇਆ ਹੈ ਅਤੇ ਉਹ ਚੀਨ ਨਾਲ ਟੱਕਰ ਲੈਣ ਲਈ ਤਿਆਰ ਹੈ। ਅਜਿਹਾ ਨਹੀਂ ਹੋਇਆ। ਸ਼ਾਇਦ ਕੱਲ ਵੀ ਅਜਿਹਾ ਨਹੀਂ ਹੋਵੇਗਾ। ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਜਿਹੀ ਕੋਈ ਗੱਲ ਸ਼ਾਇਦ ਹੀ ਬੋਲਣਗੇ, ਜੋ ਚੀਨ ’ਤੇ ਸ਼ਬਦੀ ਹਮਲਾ ਮੰਨਿਆ ਜਾਵੇ। ਉਹ ਮਾਸਕੋ ਗਏ ਹਨ, ਦੂਜੀ ਵਿਸ਼ਵ ਜੰਗ ’ਚ ਰੂਸ ਦੀ ਜਿੱਤ ਦੇ 75ਵੇਂ ਸਾਲਾਨਾ ਸਮਾਰੋਹ ’ਚ। ਉਥੇ ਚੀਨ ਦੇ ਵਿਦੇਸ਼ ਮੰਤਰੀ ਨਾਲ ਵੀ ਉਹ ਕੋਈ ਬਹਿਸਬਾਜ਼ੀ ਨਹੀਂ ਕਰਨਗੇ। ਸ਼ਾਇਦ ਉਨ੍ਹਾਂ ਦੀ ਗੱਲਬਾਤ ਤਕ ਨਾ ਹੋਵੇ। ਇਨ੍ਹਾਂ ਤਿੰਨਾਂ ਘਟਨਾਵਾਂ ਤੋਂ ਤੁਸੀਂ ਕੀ ਨਤੀਜਾ ਕੱਢਦੇ ਹੋ। ਕੀ ਇਹ ਨਹੀਂ ਕਿ ਸਾਡੇ 20 ਜਵਾਨਾਂ ਦੀ ਹੱਤਿਆ ’ਤੇ ਭਾਰਤ ਸਰਕਾਰ ਆਪਣਾ ਆਪਾ ਨਹੀਂ ਗੁਆ ਰਹੀ ਹੈ। ਉਸ ਦਾ ਰਵੱਈਆ ਕਾਫੀ ਧੀਰਜ ਵਾਲਾ ਹੈ। ਇਹ ਹੱਤਿਆਕਾਂਡ ਇਕ ਤਤਕਾਲਿਕ ਅਤੇ ਸਥਾਨਕ ਫੌਜੀ ਘਟਨਾ ਸੀ। ਇਸ ’ਚ ਦੋਵਾਂ ਦੇਸ਼ਾਂ ਦੇ ਵੱਡੇ ਨੇਤਾਵਾਂ ਦੀ ਭੂਮਿਕਾ ਰਹੀ ਹੋਵੇਗੀ, ਇਸ ਦੇ ਕੋਈ ਸਬੂਤ ਨਹੀਂ ਮਿਲੇ ਹਨ। 15 ਜੂਨ ਦੀ ਰਾਤ ਉਹ ਹੱਤਿਆਕਾਂਡ ਹੋਇਆ ਅਤੇ 16 ਜੂਨ ਦੀ ਸਵੇਰ ਦੋਵੇਂ ਦੇਸ਼ਾਂ ਦੇ ਫੌਜੀ ਅਫਸਰ ਗੱਲ ਕਰਨ ਬੈਠ ਗਏ। ਫਿਰ ਸਾਡੇ ਵਿਦੇਸ਼ ਮੰਤਰੀ ਨੇ ਚੀਨੀ ਵਿਦੇਸ਼ ਮੰਤਰੀ ਨੂੰ ਫੋਨ ਕਰਨ ਦੀ ਪਹਿਲ ਕੀਤੀ। ਮੋਦੀ ਨੇ ਆਪਣੀ ਸਰਵ ਪਾਰਟੀ ਗੱਲਬਾਤ ’ਚ ਚੀਨ ਦੇ ਵਿਰੁੱਧ ਇਕ ਸ਼ਬਦ ਵੀ ਨਹੀਂ ਬੋਲਿਆ ਅਤੇ ਹੁਣ ਦੋਵਾਂ ਪਾਸਿਅਾਂ ਦੇ ਕਮਾਂਡਰ ਗੱਲ ਕਰ ਰਹੇ ਹਨ ਪਰ ਸਾਡੇ ਕੁਝ ਨਾਦਾਨ ਐਂਕਰ ਇਨ੍ਹਾਂ ਸਾਰੇ ਹਾਂ-ਪੱਖੀ ਕਦਮਾਂ ਨੂੰ ਇੰਨੇ ਭੜਕਾਊ ਢੰਗ ਨਾਲ ਪੇਸ਼ ਕਰ ਰਹੇ ਹਨ ਕਿ ਇਕ ਤਾਂ ਸਾਡੀ ਭੋਲੀ-ਭਾਲੀ ਜਨਤਾ ਭੜਕ ਰਹੀ ਹੈ ਅਤੇ ਦੂਜੇ ਪਾਸੇ ਸਿਆਸੀ ਪਾਰਟੀਅਾਂ ਇਕ ਦੂਜੇ ’ਤੇ ਮੁੱਕੇ ਵਰ੍ਹਾ ਰਹੀਅਾਂ ਹਨ। ਬਿਹਤਰ ਤਾਂ ਇਹ ਹੋਵੇਗਾ ਕਿ ਜੋ ਬੀਤ ਗਿਆ ਸੋ ਬੀਤ ਗਿਆ, ਦੋਵੇਂ ਦੇਸ਼ ਹੁਣ ਅੱਗੇ ਦੀ ਸੋਚਣ।

Bharat Thapa

This news is Content Editor Bharat Thapa