ਤਾਲਿਬਾਨ ’ਤੇ ਦਿੱਲੀ ਬੈਠਕ ਕਿੰਨੀ ਸਾਰਥਕ

11/12/2021 3:53:25 AM

ਡਾ. ਵੇਦਪ੍ਰਤਾਪ ਵੈਦਿਕ 
ਦਿੱਲੀ ’ਚ ਅਫਗਾਨਿਸਤਾਨ ਸਬੰਧੀ ਹੋਈ ਅੰਤਰਰਾਸ਼ਟਰੀ ਬੈਠਕ ਕੁਝ ਕਮੀਆਂ ਦੇ ਬਾਵਜੂਦ ਬਹੁਤ ਸਾਰਥਕ ਰਹੀ। ਜੇਕਰ ਇਸ ’ਚ ਚੀਨ ਅਤੇ ਪਾਕਿਸਤਾਨ ਵੀ ਹਿੱਸਾ ਲੈਂਦੇ ਤਾਂ ਚੰਗਾ ਹੁੰਦਾ ਪਰ ਉਨ੍ਹਾਂ ਨੇ ਜਾਣਬੁੱਝ ਕੇ ਖੁਦ ਨੂੰ ਅਛੂਤ ਬਣਾ ਲਿਆ। ਇਸ ਦੇ ਇਲਾਵਾ ਇਸ ਬੈਠਕ ਨੇ ਅਫਗਾਨਾਂ ਦੀ ਮਦਦ ਦਾ ਮਤਾ ਤਾਂ ਪਾਸ ਕੀਤਾ ਪਰ ਠੋਸ ਮਦਦ ਦਾ ਕੋਈ ਐਲਾਨ ਨਹੀਂ ਕੀਤਾ। ਭਾਰਤ ਨੇ ਜਿਵੇਂ 50,000 ਟਨ ਕਣਕ ਭਿਜਵਾਉਣ ਦਾ ਐਲਾਨ ਕੀਤਾ ਸੀ, ਉਵੇਂ ਹੀ ਇਹ ਅੱਠੇ ਰਾਸ਼ਟਰ ਮਿਲ ਕੇ ਹਜ਼ਾਰਾਂ ਟਨ ਅਨਾਜ, ਗਰਮ ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਕਾਬੁਲ ਭਿਜਵਾਉਣ ਦਾ ਐਲਾਨ ਇਸ ਬੈਠਕ ’ਚ ਕਰ ਦਿੰਦੇ ਤਾਂ ਆਮ ਅਫਗਾਨਾਂ ਦੇ ਮਨਾਂ ’ਚ ਖੁਸ਼ੀ ਦੀ ਲਹਿਰ ਦੌੜ ਜਾਂਦੀ।

ਇਸੇ ਤਰ੍ਹਾਂ ਸਾਰੇ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਨੇ ਸਰਵਸਮਾਵੇਸ਼ੀ ਸਰਕਾਰ ਅਤੇ ਅੱਤਵਾਦ ਵਿਰੋਧੀ ਅਫਗਾਨ ਨੀਤੀ ’ਤੇ ਕਾਫੀ ਜ਼ੋਰ ਿਦੱਤਾ ਪਰ ਕਿਸੇ ਵੀ ਪ੍ਰਤੀਨਿਧੀ ਨੇ ਤਾਲਿਬਾਨ ਦੇ ਅੱਗੇ ਕੂਟਨੀਤਕ ਮਾਨਤਾ ਦੀ ਗਾਜਰ ਨਹੀਂ ਲਟਕਾਈ। ਭਾਰਤ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰਾਲਾ ਅਤੇ ਸੁਰੱਖਿਆ ਸਲਾਹਕਾਰ ਤੋਂ ਮੈਂ ਇਹ ਆਸ ਕਰਦਾ ਸੀ ਕਿ ਉਹ ਜਦ ਸਾਰੇ ਸੱਤਾਂ ਪ੍ਰਤੀਨਿਧੀਆਂ ਨੂੰ ਮਿਲੇ, ਤਦ ਉਨ੍ਹਾਂ ਨੂੰ ਕਹਿੰਦੇ ਕਿ ਅਜਿਹੀਆਂ ਪਿਛਲੀਆਂ ਬੈਠਕਾਂ ਅਤੇ ਕੌਮਾਂਤਰੀ ਸੰਗਠਨਾਂ ਨੇ ਜੋ ਮਤੇ ਪਾਸ ਕਰ ਰੱਖੇ ਹਨ, ਉਨ੍ਹਾਂ ਨੂੰ ਦੁਹਰਾਉਣ ਦੇ ਨਾਲ-ਨਾਲ ਤਾਲਿਬਾਨ ਨੂੰ ਠੀਕ ਰਸਤੇ ’ਤੇ ਲਿਆਉਣ ਲਈ ਉਹ ਨਵੇਂ ਸੰਕਲਪ ਦਾ ਐਲਾਨ ਕਰਨ।

ਜੇਕਰ ਉਹ ਅਜਿਹਾ ਕਰਦੇ ਤਾਂ ਪਾਕਿਸਤਾਨ ਅਤੇ ਚੀਨ ਦਾ ਪੈਂਤੜਾ ਆਪਣੇ ਆਪ ’ਚ ਚਿੱਤ ਹੋ ਜਾਂਦਾ। ਦੋਵਾਂ ਦੇਸ਼ਾਂ ਨੂੰ ਅਫਸੋਸ ਹੁੰਦਾ ਕਿ ਉਹ ਦਿੱਲੀ ਕਿਉਂ ਨਹੀਂ ਆਏ? ਦਿੱਲੀ ਬੈਠਕ ਦੇ ਕਾਰਨ ਭਾਰਤ ਨੂੰ ਅਫਗਾਨ ਸੰਕਟ ’ਚ ਥੋੜ੍ਹੀ ਭੂਮਿਕਾ ਜ਼ਰੂਰ ਮਿਲ ਗਈ ਹੈ, ਸਗੋਂ ਮੈਂ ਇਹ ਕਹਾਂਗਾ ਕਿ ਇਸ ਮੌਕੇ ਦਾ ਲਾਭ ਉਠਾ ਕੇ ਭਾਰਤ ਨੂੰ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਸੀ। ਭਾਰਤ ਤਾਂ ਇਸ ਪਹਿਲ ’ਚ ਖੁੰਝ ਗਿਆ ਪਰ ਪਾਕਿਸਤਾਨ ਇਹੀ ਭੂਮਿਕਾ ਨਿਭਾਅ ਰਿਹਾ ਹੈ। ਉਸ ਨੇ ਆਪਣੇ ਇੱਥੇ ਅਮਰੀਕਾ, ਰੂਸ ਅਤੇ ਚੀਨ ਨੂੰ ਤਾਂ ਸੱਦ ਹੀ ਲਿਆ ਹੈ, ਤਾਲਿਬਾਨ ਪ੍ਰਤੀਨਿਧੀ ਨੂੰ ਵੀ ਜੋੜ ਲਿਆ ਹੈ।

ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਹਾਂ ਕਿ ਅਸੀਂ ਲੋਕ ਅਮਰੀਕਾ ਅਤੇ ਤਾਲਿਬਾਨ ਤੋਂ ਪ੍ਰਹੇਜ਼ ਬਿਲਕੁਲ ਨਾ ਕਰੀਏ ਅਤੇ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੱਬੀਏ ਵੀ ਨਾ। ਉਂਝ ਤਾਂ ਭਾਰਤ ਦਾ ਵਿਦੇਸ਼ ਮੰਤਰਾਲਾ ਅਮਰੀਕਾ ਦਾ ਲਗਭਗ ਹਰ ਮਾਮਲੇ ’ਚ ਪਿਛਲੱਗੂ ਜਿਹਾ ਦਿਖਾਈ ਦਿੰਦਾ ਹੈ ਪਰ ਫਿਰ ਕੀ ਕਾਰਨ ਹੈ ਕਿ ਤਾਲਿਬਾਨ ਦੇ ਸਵਾਲ ’ਤੇ ਭਾਰਤ ਅਤੇ ਅਮਰੀਕਾ ਨੇ ਇਕ-ਦੂਸਰੇ ਤੋਂ ਦੂਰੀ ਬਣਾਈ ਹੋਈ ਹੈ? ਇਹ ਖੁਸ਼ੀ ਦੀ ਗੱਲ ਹੈ ਕਿ ਦਿੱਲੀ-ਬੈਠਕ ’ਚ ਤਾਲਿਬਾਨ ਦੇ ਸਵਾਲ ’ਤੇ ਸਰਬਸੰਮਤੀ ਨਾਲ ਐਲਾਨ ਹੋ ਗਿਆ ਹੈ ਪਰ ਵੱਖ-ਵੱਖ ਰਾਸ਼ਟਰਾਂ ਦੇ ਪ੍ਰਤੀਨਿਧੀਆਂ ਦੇ ਭਾਸ਼ਣਾਂ ’ਚ ਆਪਣੇ-ਆਪਣੇ ਰਾਸ਼ਟਰਹਿੱਤ ਵੀ ਉਨ੍ਹਾਂ ਨੇ ਪ੍ਰਤੀਬਿੰਬਤ ਕੀਤੇ ਹਨ। ਇਨ੍ਹਾਂ ਭਾਸ਼ਣਾਂ ਅਤੇ ਆਪਸੀ ਗੱਲਬਾਤ ਨਾਲ ਸਾਡੇ ਅਫਸਰਾਂ ਦੇ ਗਿਆਨ ’ਚ ਵਾਧਾ ਜ਼ਰੂਰ ਹੋਇਆ ਹੋਵੇਗਾ।

ਪਾਕਿਸਤਾਨ, ਭਾਰਤ ਨਾਲ ਪਹਿਲ ਕਰਨ ’ਚ ਘਬਰਾ ਰਿਹਾ ਹੈ ਪਰ ਭਾਰਤ ਨੇ ਚੰਗਾ ਕੀਤਾ ਕਿ ਉਸ ਨੂੰ ਸੱਦਾ ਦੇ ਦਿੱਤਾ। ਭਾਰਤ ਇਹ ਨਾ ਭੁੱਲੇ ਕਿ ਉਹ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਭਰਾ ਹੈ। ਵੱਡੇ ਭਰਾ ਦੇ ਨਾਤੇ ਜੇਕਰ ਉਸ ਨੂੰ ਥੋੜ੍ਹੀ ਨਰਮੀ ਦਿਖਾਉਣੀ ਪਵੇ ਤਾਂ ਜ਼ਰੂਰ ਦਿਖਾਵੇ ਅਤੇ ਅਫਗਾਨਿਸਤਾਨ ਨਾਲ ਸਬੰਧਤ ਸਾਰੇ ਰਾਸ਼ਟਰਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰੇ।

Bharat Thapa

This news is Content Editor Bharat Thapa