ਹਿੰਦੀ ਦੀ ਦੁਰਦਸ਼ਾ ਲਈ ਖੁਦ ‘ਹਿੰਦੀ ਵਾਲੇ’ ਜ਼ਿੰਮੇਵਾਰ

06/06/2019 6:29:04 AM

ਕਸ਼ਮਾ ਸ਼ਰਮਾ
ਜੇ ਦੋ ਬੰਗਲਾ ਭਾਸ਼ੀ ਲੋਕ ਆਪਸ ’ਚ ਮਿਲਣ ਤਾਂ ਉਹ ਬੰਗਲਾ (ਬੰਗਾਲੀ) ’ਚ ਗੱਲ ਕਰਦੇ ਹਨ। ਇਹੋ ਹਾਲ ਤਮਿਲ, ਤੇਲਗੂ, ਉੜੀਆ, ਮਲਿਆਲਮ ਅਤੇ ਮਰਾਠੀ ਭਾਸ਼ੀ ਲੋਕਾਂ ਦਾ ਹੈ। ਉਹ ਆਪਣੀ ਮਾਤ੍ਰ ਭਾਸ਼ਾ ਦਾ ਬਹੁਤ ਆਦਰ ਕਰਦੇ ਹਨ ਅਤੇ ਉਸ ਨੂੰ ਨੀਵੀਂ ਨਜ਼ਰ ਨਾਲ ਨਹੀਂ ਦੇਖਦੇ। ਨਾ ਹੀ ਇਹ ਭਾਵਨਾ ਕੰਮ ਕਰਦੀ ਹੈ ਕਿ ਮਾਤ੍ਰ ਭਾਸ਼ਾ ’ਚ ਬੋਲਣ ਕਾਰਣ ਕਿਤੇ ਉਹ ਅਨਪੜ੍ਹ ਨਾ ਅਖਵਾਉਣ। ਉਹ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ ਕਿ ਉਨ੍ਹਾਂ ਦਰਮਿਆਨ ਜੇ ਕੋਈ ਅਜਿਹਾ ਵਿਅਕਤੀ ਖੜ੍ਹਾ ਹੈ, ਜਿਸ ਨੂੰ ਉਨ੍ਹਾਂ ਦੀ ਭਾਸ਼ਾ ਨਹੀਂ ਆਉਂਦੀ ਤਾਂ ਉਹ ਕਹਿੰਦੇ ਹਨ ਕਿ ਇਹ ਉਸ ਦੀ ਸਮੱਸਿਆ ਹੈ ਕਿ ਉਸ ਨੂੰ ਕਿਉਂ ਨਹੀਂ ਆਉਂਦੀ।

ਇਸ ਤੋਂ ਇਲਾਵਾ ਇਹ ਗੱਲ ਵੀ ਨਹੀਂ ਹੈ ਕਿ ਉਨ੍ਹਾਂ ਦਾ ਨੌਕਰ ਵੀ ਉਹੀ ਭਾਸ਼ਾ ਬੋਲਦਾ ਹੈ ਤਾਂ ਉਨ੍ਹਾਂ ਨੂੰ ਉਹ ਭਾਸ਼ਾ ਬੋਲਣ ਤੋਂ ਬਚਣਾ ਚਾਹੀਦਾ ਹੈ। ਹਿੰਦੀ ਵਾਲੇ ਲੋਕਾਂ ’ਚ ਇਹ ਭਾਵਨਾ ਖਾਸ ਤੌਰ ’ਤੇ ਹੁੰਦੀ ਹੈ ਕਿ ਜੋ ਭਾਸ਼ਾ ਨੌਕਰ ਬੋਲੇ, ਉਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਕ ਵਾਰ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਨੇ ਕਿਹਾ ਸੀ ਕਿ ਉਸ ਦੇ ਬੱਚੇ ਆਪਣੇ ਨੌਕਰਾਂ ਨਾਲ ਹਿੰਦੀ ’ਚ ਹੀ ਗੱਲ ਕਰਦੇ ਹਨ। ਇਹ ਉਹੀ ਮਹੇਸ਼ ਭੱਟ ਹਨ, ਜਿਨ੍ਹਾਂ ਦੀ ਕਿਸਮਤ ਹਿੰਦੀ ਫਿਲਮਾਂ ਨੇ ਹੀ ਚਮਕਾਈ ਹੈ। ਉਹੀ ਕਿਉਂ, ਸਾਰੇ ਵੱਡੇ ਫਿਲਮ ਅਭਿਨੇਤਾ, ਅਭਿਨੇਤਰੀਆਂ ਹਿੰਦੀ ਫਿਲਮਾਂ ਤੋਂ ਹੀ ਕਮਾਈ ਕਰਦੇ ਹਨ ਪਰ ਗੁਣਗਾਨ ਅੰਗਰੇਜ਼ੀ ਦਾ ਕਰਦੇ ਹਨ।

ਕੁਝ ਸਾਲ ਪਹਿਲਾਂ ਪੁਡੂਚੇਰੀ ’ਚ ਯੂਨੀਸੈਫ ਅਤੇ ਡਬਲਿਊ ਐੈੱਚ. ਓ. ਵਲੋਂ ਆਯੋਜਿਤ ਇਕ ਕਾਨਫਰੰਸ ’ਚ ਜਾਣ ਦਾ ਮੌਕਾ ਮਿਲਿਆ, ਜਿਥੇ ਮੰਚ ’ਤੇ ਵੱਡੇ-ਵੱਡੇ ਡਾਕਟਰ, ਪੱਤਰਕਾਰ ਅਤੇ ਸਮਾਜਿਕ ਸੰਗਠਨਾਂ ਨਾਲ ਜੁੜੇ ਲੋਕ ਮੌਜੂਦ ਸਨ। ਕਾਨਫਰੰਸ ਅੰਗਰੇਜ਼ੀ ’ਚ ਸ਼ੁਰੂ ਹੋਈ ਪਰ ਥੋੜ੍ਹੀ ਦੇਰ ਬਾਅਦ ਸਾਰੀ ਗੱਲਬਾਤ ਤਮਿਲ ’ਚ ਹੋਣ ਲੱਗੀ। ਹਾਲਾਂਕਿ ਕੁਝ ਦਿੱਕਤ ਹੋਈ ਕਿਉਂਕਿ ਸਮਝ ਕੁਝ ਨਹੀਂ ਆ ਰਿਹਾ ਸੀ ਪਰ ਆਪਣੀ ਭਾਸ਼ਾ ਪ੍ਰਤੀ ਉਨ੍ਹਾਂ ਲੋਕਾਂ ਦਾ ਅਜਿਹਾ ਲਗਾਅ ਦੇਖ ਕੇ ਚੰਗਾ ਵੀ ਲੱਗਾ ਤੇ ਹਿੰਦੀ ਦੇ ਦੋਇਮ ਦਰਜੇ ਦਾ ਖਿਆਲ ਆਇਆ ਕਿਉਂਕਿ ਦਿੱਲੀ ’ਚ ਮੰਚ ’ਤੇ ਬੈਠੇ ਲੋਕ ਅਕਸਰ ਹਿੰਦੀ ’ਚ ਗੱਲ ਨਹੀਂ ਕਰਦੇ। ਉਹ ਹਿੰਦੀ ਜਾਣਦੇ ਹਨ ਪਰ ਹਿੰਦੀ ’ਚ ਗੱਲਬਾਤ ਕਰਨਾ, ਬਹਿਸ ’ਚ ਹਿੱਸਾ ਲੈਣਾ ਆਪਣੀ ਤੌਹੀਨ ਸਮਝਦੇ ਹਨ।

ਕਈ ਵਾਰ ਉਹ ਬਹੁਤ ਮਾਣ ਨਾਲ ਇਹ ਕਹਿੰਦੇ ਹਨ ਕਿ ‘ਯੂ ਨੋ ਮਾਈ ਹਿੰਦੀ ਇਜ਼ ਨੌਟ ਦੈਟ ਗੁੱਡ’। ਕੀ ਇਹ ਹੈਰਾਨੀਜਨਕ ਨਹੀਂ ਕਿ ਕਿਸੇ ਭਾਸ਼ਾ ਨੂੰ ਨਾ ਜਾਣਨ ’ਤੇ ਮਾਣ ਮਹਿਸੂਸ ਕੀਤਾ ਜਾਵੇ? ਇਸ ’ਤੇ ਤਾਂ ਸ਼ਰਮ ਆਉਣੀ ਚਾਹੀਦੀ ਹੈ। ਕੀ ਕਿਸੇ ਹੋਰ ਭਾਸ਼ਾ-ਭਾਸ਼ੀ ਨੂੰ ਇਸ ਗੱਲ ’ਤੇ ਮਾਣ ਕਰਦਿਆਂ ਦੇਖਿਆ-ਸੁਣਿਆ ਹੈ ਕਿ ਉਸ ਨੂੰ ਆਪਣੀ ਭਾਸ਼ਾ ਨਹੀਂ ਆਉਂਦੀ? ਹਿੰਦੀ ਖੇਤਰਾਂ ’ਚ ਇਹ ਗੱਲ ਲੋਕਾਂ ਦੇ ਦਿਮਾਗ ’ਚ ਬਿਠਾ ਦਿੱਤੀ ਗਈ ਹੈ ਕਿ ਜ਼ਿੰਦਗੀ ’ਚ ਕੁਝ ਕਰਨਾ ਹੈ ਤਾਂ ਅੰਗਰੇਜ਼ੀ ਹੀ ਜਾਣੋ, ਹਿੰਦੀ ਦਾ ਕੀ ਹੈ, ਇਹ ਤਾਂ ਗਰੀਬ-ਗੁਰਬਿਆਂ, ਮਜ਼ਦੂਰਾਂ, ਕੰਮ ਵਾਲਿਆਂ ਅਤੇ ਰਿਕਸ਼ੇ ਵਾਲਿਆਂ ਦੀ ਭਾਸ਼ਾ ਹੈ ਅਤੇ ਘਰ ਦੀ ਮੁਰਗੀ ਦਾਲ ਬਰਾਬਰ ਹੀ ਹੁੰਦੀ ਹੈ।

ਅੱਜ ਦੇ ਦੌਰ ’ਚ ਅੰਗਰੇਜ਼ੀ ਜਾਣਨਾ ਜ਼ਰੂਰੀ ਹੈ ਪਰ ਅੰਗਰੇਜ਼ੀ ਜਾਣਦੇ ਹੋਏ ਵੀ ਹਿੰਦੀ ਭਾਸ਼ਾ ਬੋਲੀ ਅਤੇ ਵਰਤੀ ਜਾ ਸਕਦੀ ਹੈ। ਜੀਵਨ ’ਚ ਇਕ ਦੇ ਮੁਕਾਬਲੇ ਦੋ ਭਾਸ਼ਾਵਾਂ ਹਮੇਸ਼ਾ ਕਾਰਗਰ ਹੁੰਦੀਆਂ ਹਨ। ਸਰਕਾਰ ਨੇ ਤ੍ਰੈਭਾਸ਼ੀ ਫਾਰਮੂਲਾ ਇਹੋ ਸੋਚ ਕੇ ਬਣਾਇਆ ਹੋਵੇਗਾ। ਇਹ ਹਿੰਦੀ ਦੀ ਦੁਰਦਸ਼ਾ ਹੀ ਤਾਂ ਹੈ ਕਿ ਯੂ. ਪੀ. ਵਰਗੇ ਹਿੰਦੀ ਭਾਸ਼ੀ ਸੂਬੇ ’ਚ 10ਵੀਂ ਜਮਾਤ ਦੇ ਇਮਤਿਹਾਨ ’ਚ 10 ਲੱਖ ਬੱਚੇ ਹਿੰਦੀ ’ਚ ਫੇਲ ਹੋ ਗਏ।

ਲਗਭਗ 55 ਕਰੋੜ ਲੋਕਾਂ ਦੀ ਭਾਸ਼ਾ ਹਿੰਦੀ ਵਿਚਾਰੀ ਆਪਣੇ ਲੋਕਾਂ ਹੱਥੋਂ ਹੀ ਮਾਰ ਖਾਂਦੀ ਹੈ। ਸਾਰੇ ਲੋਕ ਆਪਣੀ ਭਾਸ਼ਾ ’ਤੇ ਮਾਣ ਹੋਣ ਦੀਆਂ ਗੱਲਾਂ ਕਰਦੇ ਸੁਣੇ ਜਾਂਦੇ ਹਨ ਪਰ ਸ਼ਾਇਦ ਹੀ ਕੋਈ ਹਿੰਦੀ ਵਾਲਾ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਉਸ ਨੂੰ ਹਿੰਦੀ ’ਤੇ ਮਾਣ ਹੈ। ਦੇਸ਼ ਦੇ ਇੰਨੇ ਵੱਡੇ ਹਿੱਸੇ ਦੀ ਭਾਸ਼ਾ ਹੋਣ ’ਤੇ ਵੀ ਹਿੰਦੀ ’ਤੇ ਮਾਣ ਨਾ ਹੋਣਾ ਕੀ ਸ਼ਰਮ ਵਾਲੀ ਗੱਲ ਨਹੀਂ?

ਇਕ ਪਾਸੇ ਕਿਹਾ ਜਾਂਦਾ ਹੈ ਕਿ ਹਿੰਦੀ ਲਗਾਤਾਰ ਵਧ ਰਹੀ ਹੈ ਪਰ ਇਹ ਮਾਮੂਲੀ ਗੱਲਾਂ ’ਤੇ ਮਾਤ ਵੀ ਖਾ ਰਹੀ ਹੈ। ‘ਜੱਲੀਕੱਟੂ’ ਦਾ ਮਾਮਲਾ ਦੇਖ ਲਓ, ਜਿਸ ਦਾ ਹਿੰਦੀ ਨਾਲ ਦੂਰ-ਦੂਰ ਤਕ ਕੋਈ ਲੈਣਾ-ਦੇਣਾ ਨਹੀਂ ਸੀ ਪਰ ਪਿਟਾਈ ਹਿੰਦੀ ਦੀ ਹੋਈ। ਕਰਨਾਟਕ ’ਚ ਚੋਣਾਂ ਦੌਰਾਨ ਮੈਟਰੋ ’ਚ ਹਿੰਦੀ ਲਿਖਣ ’ਤੇ ਹਿੰਦੀ ਵਿਰੁੱਧ ਪੂਰੀ ਮੁਹਿੰਮ ਚਲਾ ਦਿੱਤੀ ਗਈ। ਕੀ ਤੁਸੀਂ ਅੱਜ ਤਕ ਹਿੰਦੀ ਖੇਤਰਾਂ ’ਚ ਭਾਸ਼ਾ ਦੇ ਨਾਂ ’ਤੇ ਕਿਸੇ ਨੂੰ ਕੁੱਟ ਪੈਂਦੀ ਦੇਖੀ ਹੈ ਜਾਂ ਕੋਈ ਦੰਗਾ ਹੁੰਦਾ ਦੇਖਿਆ-ਸੁਣਿਆ ਹੈ? ਇਹ ਇਕ ਚੰਗੀ ਗੱਲ ਵੀ ਹੈ। ਜੇ ਅਸੀਂ ਇਕ ਦੇਸ਼ ਦੀ ਗੱਲ ਕਰਦੇ ਹਾਂ ਤਾਂ ਇਥੋਂ ਦੇ ਲੋਕਾਂ ਨੂੰ ਕੋਈ ਵੀ ਭਾਸ਼ਾ ਬੋਲਣ ਅਤੇ ਕਿਤੇ ਵੀ ਰਹਿਣ ਦਾ ਅਧਿਕਾਰ ਹੈ ਪਰ ਹਿੰਦੀ ਵਾਲਿਆਂ ਦੀ ਉਦਾਰਤਾ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਉਂਦੀ। ਉਹ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਦੇ ਹਨ, ਜਗ੍ਹਾ-ਜਗ੍ਹਾ ਤੋਂ ਖਦੇੜੇ ਜਾਂਦੇ ਹਨ। ਅਫਸੋਸ ਕਿ ਖੁਦ ਹਿੰਦੀ ਵਾਲੇ ਇਨ੍ਹਾਂ ਘਟਨਾਵਾਂ ’ਤੇ ਚੁੱਪ ਵੱਟੀ ਰੱਖਦੇ ਹਨ।

ਸੱਚ ਇਹੋ ਹੈ ਕਿ ਹਿੰਦੀ ਦੀ ਦੁਰਦਸ਼ਾ ਖੁਦ ਹਿੰਦੀ ਵਾਲਿਆਂ ਨੇ ਕੀਤੀ ਹੈ। ਸਾਨੂੰ ਪਹਿਲਾਂ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਕਿ ਅਸੀਂ ਆਪਣੀ ਭਾਸ਼ਾ ਦਾ ਖੁਦ ਕਿੰਨਾ ਸਨਮਾਨ ਕਰਦੇ ਹਾਂ, ਇਸ ਦੀ ਤਰੱਕੀ ਲਈ ਕੀ ਕਰਦੇ ਹਾਂ। ਹਿੰਦੀ ਬੋਲਣ ’ਚ ਅਸੀਂ ਸ਼ਰਮਾਈਏ ਅਤੇ ਦੂਜੇ ਤੋਂ ਉਮੀਦ ਰੱਖੀਏ ਕਿ ਉਹ ਹਿੰਦੀ ਬੋਲੇ ਤਾਂ ਗੱਲ ਨਹੀਂ ਬਣਦੀ। ਪਹਿਲਾਂ ਅਸੀਂ ਖੁਦ ਤਾਂ ਆਪਣੀ ਭਾਸ਼ਾ ’ਤੇ ਮਾਣ ਕਰੀਏ ਤਾਂ ਹੀ ਇਸ ਦੀ ਰਾਖੀ ਕਰ ਸਕਾਂਗੇ।
 


Related News